ਬੱਚਿਆਂ ਵਿੱਚ ਮਾਨਸਿਕ ਉਤਸ਼ਾਹ ਭਰਦੀ ਡਾਇਟ ਦਿਉਣ ਬਠਿੰਡਾ -ਅੰਮ੍ਰਿਤ ਕਲੇਰ
ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ 2026:ਡਾਇਟ ਦਿਉਣ ਬਠਿੰਡਾ (ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਿਉਣ) ਜ਼ਿਲ੍ਹੇ ਦੀ ਸਿੱਖਿਆ ਦੇ ਖੇਤਰ ਵਿੱਚ ਉੱਘੀ ਸੰਸਥਾ ਹੈ। ਇਸ ਸੰਸਥਾ ਵਿੱਚ ਰਾਸ਼ਟਰ ਦੇ ਨਿਰਮਾਤਾਵਾਂ ਨੂੰ ਯੋਗ ਅਗਵਾਈ ਅਤੇ ਸਿਖਲਾਈ ਦੇ ਕੇ ਚੰਗੇ ਰਾਸ਼ਟਰ ਦੇ ਨਿਰਮਾਣ ਲਈ ਤਿਆਰ ਕੀਤਾ ਜਾਂਦਾ ਹੈ। ਡਾਇਟ ਦਿਉਣ ਬਠਿੰਡਾ ਇਸ ਕਾਰਜ ਨੂੰ ਬੜੀ ਸੁਹਿਰਦਤਾ ਨਾਲ ਨਿਭਾਅ ਰਹੀ ਹੈ।ਡਾਇਟ ਦਿਉਣ ਬਠਿੰਡਾ ਵਿਖੇ ਪ੍ਰਿੰਸੀਪਲ ਮੈਡਮ ਡਾ.ਸਤਵਿੰਦਰਪਾਲ ਸਿੱਧੂ ਦੀ ਦੇਖ ਰੇਖ ਹੇਠ ਐਕਸ਼ਨ ਰਿਸਰਚ ਦਾ ਕੰਮ ਚੱਲ ਰਿਹਾ ਹੈ ਜਿਸ ਵਿੱਚ ਸੰਸਥਾ ਦੇ ਪ੍ਰੋਫੈਸਰ ਡਾ. ਕ੍ਰਿਸ਼ਨ ਗੋਪਾਲ ਕਾਂਸਲ ਅਤੇ ਸ਼੍ਰੀ ਨਰੇਸ਼ ਅਰੋੜਾ ਐਕਸ਼ਨ ਰਿਸਰਚ ਦੇ ਖੋਜਕਰਤਾਵਾਂ ਦੀ, ਮਿਹਨਤ ਅਤੇ ਸਲੀਕੇ ਨਾਲ ਯੋਗ ਅਗਵਾਈ ਕਰ ਰਹੇ ਸਨ। ਇਹ ਸ਼ਬਦ ਅਧਿਆਪਕਾ ਅੰਮ੍ਰਿਤਪਾਲ ਕਲੇਰ (ਜਨਰਲ ਸਕੱਤਰ -ਸਾਹਿਤਕ ਮੰਚ ਭਗਤਾ) ਨੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇਹ ਕਾਰਜ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਮਹੱਤਵਪੂਰਨ ਹੈ। ਅਸਲ ਵਿੱਚ ਇਹ ਬੱਚਿਆਂ ਦੇ ਮਾਨਸਿਕ ਪੱਧਰ ਦੀਆਂ ਪਰਤਾਂ ਅਤੇ ਸਿੱਖਣ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੈ। ਉਹਨਾਂ ਕਿਹਾ ਕਿ ਇਸ ਐਕਸ਼ਨ ਰਿਸਰਚ ਨਾਲ ਭਵਿੱਖ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਨੂੰ ਯੋਗ ਅਗਵਾਈ ਮਿਲੇਗੀ।