ਬਾਬਾ ਹਰਨਾਮ ਸਿੰਘ ਧੁੰਮਾ, ਰਾਮੇਸ਼ਵਰ ਨਾਇਕ ਅਤੇ ਬਾਬਾ ਬਲਵਿੰਦਰ ਸਿੰਘ ਨੂੰ 'ਮਹਾਰਾਸ਼ਟਰ ਭੂਸ਼ਣ' ਦੇਣ ਦੀ ਮੰਗ
ਬਾਬਾ ਹਰਨਾਮ ਸਿੰਘ ਧੁੰਮਾ, ਰਾਮੇਸ਼ਵਰ ਨਾਇਕ, ਬਾਬਾ ਬਲਵਿੰਦਰ ਸਿੰਘ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ-ਦੀਪਕ ਸਿੰਘ ਗਲੀਵਾਲੇ
ਰਵਿੰਦਰ ਸਿੰਘ ਢਿੱਲੋਂ,. ਖੰਨਾ
ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਦਿਵਸ ਮੌਕੇ ਮਹਾਰਾਸ਼ਟਰ ਸਰਕਾਰ ਦੇ ਘੱਟ ਗਿਣਤੀ ਵਿਭਾਗ ਵਲੋਂ ਬੀਤੇ ਦਿਨੀਂ ਨਾਂਦੇੜ ਦੇ ਕੌਠਾ ਖ਼ੇਤਰ ਦੇ ਮੈਦਾਨ ਵਿਖੇ ਇੱਕ ਵਿਸ਼ਾਲ ਪੰਡਾਲ ਵਿੱਚ 'ਹਿੰਦ ਕੀ ਚਾਦਰ' ਸਬੰਧੀ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹੈਲੀਕਾਪਟਰ ਰਾਹੀਂ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੂਰੇ ਰਸਤੇ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ। ਜਿਸ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਵਿਧਾਇਕ ਬਾਬੂ ਸਿੰਘ ਮਹਾਰਾਜ ਅਤੇ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਦਿੱਤੀ ।
ਪੂਰਾ ਪ੍ਰੋਗਰਾਮ ਰਾਮੇਸ਼ਵਰ ਨਾਇਕ ਦੀ ਅਗਵਾਈ ਹੇਠ ਯੋਜਨਾਬੱਧ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਖ਼ੇਤਰੀ ਕਮੇਟੀਆਂ, ਸੰਤ ਸਮਾਜ, ਜ਼ਿਲ੍ਹਾ ਮੈਜਿਸਟਰੇਟ ਦਫ਼ਤਰ, ਪੁਲਿਸ ਸੁਪਰਡੈਂਟ ਦਫ਼ਤਰ ਅਤੇ ਜ਼ਿਲ੍ਹਾ ਸੂਚਨਾ ਵਿਭਾਗ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਨਾਲ-ਨਾਲ ਵਣਜਾਰਾ, ਲੁਭਾਣਾ, ਸਿਕਲੀਗਰ, ਮੋਹਿਆਲ, ਸਿੰਧੀ, ਉਦਾਸੀ ਅਤੇ ਵਾਰਕਰੀ ਸੰਪਰਦਾਵਾਂ ਦੇ ਸਾਧੂ ਸੰਤਾਂ ਅਤੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕੋਆਰਡੀਨੇਟਰ ਰਾਮੇਸ਼ਵਰ ਨਾਇਕ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਕੰਮ ਕੀਤਾ। ਸੋਸ਼ਲ ਮੀਡੀਆ 'ਤੇ ਲੇਖਾਂ ਦੀ ਲੜੀ ਰਾਹੀਂ, ਦੀਪਕ ਸਿੰਘ ਰਤਨ ਸਿੰਘ ਗਲੀਵਾਲੇ (ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਮਜ਼ਦੂਰ ਸੰਘ, ਨਾਂਦੇੜ ਜ਼ਿਲ੍ਹਾ) ਨੇ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਰਾਮੇਸ਼ਵਰ ਨਾਇਕ ,ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਜਿਨ੍ਹਾਂ ਵਲੋਂ ਇਸ ਸਮਾਗਮ ਵਿੱਚ ਲੱਖਾਂ ਲੋਕਾਂ ਲਈ ਲੰਗਰਾਂ ਵਿੱਚ ਸੇਵਾਵਾਂ ਨਿਭਾਈਆਂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੀ ਨੇ ਦਸ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਮਹਾਰਾਸ਼ਟਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਹੈ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇਸ਼ ਦੇ ਹਰੇਕ ਨਾਗਰਿਕ ਨੂੰ ਪ੍ਰੇਰਿਤ ਕਰ ਸਕੇ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਨੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਅਤੇ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾ ਕੇ ਸਮਾਜਿਕ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਕਾਬਿਲੇ ਤਾਰੀਫ਼ ਯਤਨ ਕੀਤੇ ਹਨ। ਇਸ ਲਈ ਉਕਤਿ ਸ਼ਖ਼ਸੀਅਤਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਹਨਾਂ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ।