ਬਾਦਲ ਗਰੁੱਪ ਨੇ ਬੀਤੇ ਸਮੇਂ ਤੋਂ ਕੋਈ ਸਬਕ ਨਹੀਂ ਸਿੱਖਿਆ: ਗਿਆਨੀ ਹਰਪ੍ਰੀਤ ਸਿੰਘ
- ਬਾਦਲ ਗਰੁੱਪ ਪੰਜ ਮੈਂਬਰੀ ਕਮੇਟੀ ਨੂੰ ਚਾਹੁੰਦੇ ਆ ਭੰਗ ਕਰਵਾਉਣਾ
- ਨਿਰਮੈਲ ਸਿੰਘ ਜੌਲਾ ਕਲਾ ਦੀ ਅਗਵਾਈ ਹੇਠ ਹੋਇਆ ਵੱਡਾ ਇਕੱਠ
ਮਲਕੀਤ ਸਿੰਘ ਮਲਕਪੁਰ
ਲਾਲੜੂ 31 ਮਈ 2025: ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਅਣਦੇਖਿਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਪੇਸ਼ ਕਰਦਿਆਂ ਅੱਜ ਸਥਾਨਕ ਗਲਾਸ ਪੈਲੇਸ ਘੋਲੂਮਾਜਰਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਹਲਕਾ ਡੇਰਾਬੱਸੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਨਿਰਮੈਲ ਸਿੰਘ ਜੌਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਕਰਵਾਏ ਇਸ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਬਣਾਈ ਕਮੇਟੀ ਵਿੱਚ ਸ਼ਾਮਲ ਮਨਪ੍ਰੀਤ ਸਿੰਘ ਇਆਲੀ ਤੇ ਇਕਬਾਲ ਸਿੰਘ ਝੂੰਦਾ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਦਲ ਗਰੁੱਪ ਨੇ ਹਾਲੇ ਵੀ ਬੀਤੇ ਤੋਂ ਸਬਕ ਨਹੀਂ ਸਿੱਖਿਆ ਹੈ ਅਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਰਾਹੀਂ 5 ਮੈਂਬਰੀ ਕਮੇਟੀ ਨੂੰ ਭੰਗ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਉਹ ਸੰਗਤ ਨੂੰ ਅਪੀਲ ਕਰਦੇ ਹਨ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਹਿੱਤ ਅਸੀਂ ਤੁਰਦੇ ਰਹਿਣਾ ਹੈ ਅਤੇ ਕਿਸੇ ਵੀ ਚਾਲ ਵਿੱਚ ਆ ਕੇ ਰੁਕਣਾ ਨਹੀਂ ਹੈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਪੰਜਾਬ ਦੇ ਸਾਰੇ ਵਰਗਾਂ ਨੂੰ ਪੰਜਾਬ ਪੱਖੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਪਹਿਚਾਣ ਵਜੋਂ ਪੰਜਾਬ ਦੀਆਂ ਪੰਥਕ ਰਵਾਇਤਾਂ, ਪੰਜਾਬ ਯੂਨੀਵਰਸਿਟੀ ,ਪੰਜਾਬ ਦੇ ਪਾਣੀ ਅਤੇ ਪੰਜਾਬ ਦੀਆਂ ਸੰਸਥਾਵਾਂ ਹੀ ਨਾ ਬਚੀਆਂ ਤਾਂ ਫਿਰ ਅਸੀਂ ਵੀ ਨਹੀਂ ਬਚਣਾ। ਅੱਜ ਦੇ ਸਮਾਗਮ ਦੌਰਾਨ ਕਈਂ ਸਾਲਾਂ ਬਾਅਦ ਹਲਕੇ ਵਿੱਚ ਪੰਥਕ ਰੰਗ ਵੇਖਣ ਨੂੰ ਮਿਲਿਆ। ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਭਰਤੀ ਸਬੰਧੀ ਉਨ੍ਹਾਂ ਦੇ ਰਾਹ ਵਿੱਚ ਅੜਿੱਕੇ ਅੜਾਏ ਗਏ ਤਾਂ ਉਹ ਦੁੱਗਣੀ ਤਾਕਤ ਨਾਲ ਲੋਕਾਂ ਦੇ ਵਿੱਚ ਜਾਣਗੇ।
ਸਮਾਗਮ ਦੌਰਾਨ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ, ਸੁਰਜੀਤ ਸਿੰਘ ਰੱਖੜਾ ਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਰਤੀ ਕਮੇਟੀ ਮੂਹਰੇ ਦੋ ਵੱਡੀਆਂ ਜਿੰਮੇਵਾਰੀਆਂ ਹਨ, ਜਿਨ੍ਹਾਂ ਵਿੱਚ ਪੰਥਕ ਪ੍ਰੰਪਰਾਵਾਂ ਦੀ ਬਹਾਲੀ ਅਤੇ ਸਰਵਉੱਚਤਾ ਕਾਇਮ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਰਾਹੀਂ ਪੰਜਾਬ ਅਤੇ ਪੰਥ ਦੀ ਝੋਲੀ ਵਿੱਚ ਮਜ਼ਬੂਤ ਲੀਡਰਸ਼ਿਪ ਪਾਉਣਾ ਵੀ ਸ਼ਾਮਿਲ ਹੈ। ਉਕਤ ਆਗੂਆਂ ਨੇ ਕਿਹਾ ਕਿ ਹੁਣ ਬਾਦਲ ਗਰੁੱਪ ਸਿੱਖ ਅਤੇ ਕਿਸਾਨ ਪੱਖੀ ਹੋਣ ਦੇ ਦਾਅਵੇ ਕਰ ਰਿਹਾ ਹੈ, ਜਦਕਿ ਇਨ੍ਹਾਂ ਨੇ ਸੱਤਾ ਵਿੱਚ ਹੁੰਦਿਆਂ ਸਭ ਤੋਂ ਵੱਧ ਨੁਕਸਾਨ ਸਿੱਖੀ ਅਤੇ ਕਿਸਾਨੀ ਦਾ ਹੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ੋਹਰਤਾਂ ਬਦਲੇ ਪੰਜਾਬ ਦੇ ਪਾਣੀ ਨੂੰ ਦਾਅ ਉਤੇ ਲਾਇਆ ਗਿਆ ਹੈ । ਅੱਜ ਦੇ ਇਸ ਸਮਾਗਮ ਵਿੱਚ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ,ਜਦਕਿ ਸਮਾਗਮ ਵਿੱਚ ਸੁਰਿੰਦਰ ਸਿੰਘ ਧਰਮਗੜ੍ਹ, ਹਰਵਿੰਦਰ ਸਿੰਘ ਕਸੌਲੀ, ਜਸਵਿੰਦਰ ਸਿੰਘ ਧੀਰੇਮਾਜਰਾ, ਸੁਰਜੀਤ ਸਿੰਘ ਤਸਿੰਬਲੀ, ਦਵਿੰਦਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਜਲਾਲਪੁਰ, ਨੈਬ ਸਿੰਘ ਬਾਜਵਾ, ਤਰਲੋਚਨ ਸਿੰਘ, ਜਸਵਿੰਦਰ ਮਲਕਪੁਰ, ਗੁਰਮੀਤ ਸਿੰਘ, ਦਵਿੰਦਰ ਸਿੰਘ ਵਜੀਦਪੁਰ, ਹਰਪ੍ਰੀਤ ਸਿੰਘ ਅਮਲਾਲਾ, ਅਰਵਿੰਦਰ ਸਿੰਘ ਬਾਵਾ, ਅਵਤਾਰ ਸਿੰਘ ਜਵਾਹਰਪੁਰ, ਮਨਜੀਤ ਸਿੰਘ ਜੰਡਲੀ, ਕੁਲਦੀਪ ਸਿੰਘ ਮਾਲਣ, ਦਵਿੰਦਰ ਸਿੰਘ ਚਡਿਆਲਾ ਤੇ ਮਨਜੀਤ ਜਲਾਲਪੁਰ ਦੇ ਨਾਲ-ਨਾਲ ਇਲਾਕੇ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਮੈਂਬਰ ,ਪੰਚ -ਸਰਪੰਚ ਅਤੇ ਇਲਾਕਾ ਵਾਸੀ ਹਾਜ਼ਰ ਸਨ।