ਮੁਕਤਸਰ ਪੁਲਿਸ ਵੱਲੋਂ ਮੁਕਾਬਲੇ ਦੌਰਾਨ ਲਾਰੈਂਸ ਗਰੁੱਪ ਦੇ ਤਿੰਨ ਬਦਮਾਸ਼ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ2025: ਸ੍ਰੀ ਮੁਕਤਸਰ ਸਾਹਿਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਠੇਕੇਦਾਰ ਕੋਲੋਂ ਕਰੋੜ ਰੁਪਏ ਫਿਰੌਤੀ ਮੰਗਣ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਹ ਮੁਕਾਬਲਾ ਅੱਜ ਵੱਡੇ ਤੜਕੇ ਹੋਇਆ ਜਿਸ ’ਚ ਇੱਕ ਬਦਮਾਸ਼ ਨੂੰ ਗੋਲੀ ਵੀ ਲੱਗੀ ਹੈ ਜਿਸ ਦੀ ਗ੍ਰਿਫਤਾਰੀ ਫਿਲਹਾਲ ਬਾਕੀ ਹੈ ।ਮੁਲਜਮਾਂ ਦੀ ਪਛਾਣ ਲਖਵੀਰ ਸਿੰਘ ਉਰਫ ਸੋਨੂੰ ਪੁੱਤਰ ਬਲਵੰਤ ਸਿੰਘ, ਉਮਰ ਕਰੀਬ 40 ਸਾਲ ਅਤੇ ਸਰਬਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਅਨ ਪਿੰਡ ਰੁਪਾਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਸੁਖਮੰਦਰ ਸਿੰਘ ਉਰਫ ਬਿੰਦੀ ਪੁੱਤਰ ਬਿਹਾਰੀ ਲਾਲ ਵਾਸੀ ਪਿੰਡ ਰੁਪਾਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਗ੍ਰਿਫਤਾਰੀ ਬਾਕੀ ਹੈ।
ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ ਸੀਆਈਏ ਸਟਾਫ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਰੇਂਜ਼ ਬਠਿੰਡਾ ਦੀਆਂ ਟੀਮਾਂ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੋ ਆਪਣੇ-ਆਪ ਨੂੰ ਲਾਰੈਂਸ ਗੁਰੱਪ ਦੇ ਮੈਂਬਰ ਦੱਸ ਕੇ ਫਿਰੌਤੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਖੁਦ ਨੂੰ ਪੁਲਿਸ ਪਾਰਟੀ ਵੱਲੋਂ ਘੇਰਿਆ ਦੇਖ ਮੁਲਜਮਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਦੇ ਜਵਾਬ ’ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਇੱਕ ਪਿਸਟਲ 32 ਬੋਰ ,ਦੋ ਕਾਰਤੂਸ , ਦੋ ਖੋਲ, ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਜਨਵਰੀ ਨੂੰ ਮੁਦਈ ਹਰਜਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਰੁਪਾਣਾ ਨੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਕਾਇਤ ਦਿੱਤੀ ਸੀ।
ਸ਼ਕਾਇਤ ’ਚ ਦੱਸਿਆ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਵੱਟਸਐਪ ਕਾਲ ਰਾਂਹੀ ਉਹਨਾਂ ਨੂੰ ਡਰਾ ਧਮਕਾ ਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਕਾਇਤ ਦੇ ਅਧਾਰ ਤੇ ਮੁੱਕਦਮਾ ਦਰਜ ਕੀਤਾ ਗਿਆ ਸੀ। ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਤਕਨੀਕੀ ਸਹਾਇਤਾ ਨਾਲ ਫਿਰੌਤੀ ਮੰਗਣ ਵਾਲੇ ਤਿੰਨਾਂ ਵਿਅਕਤੀਆਂ ਦੀ ਸੂਹ ਲਾਈ ਗਈ । ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਮੁਲਜਮਾਂ ਵੱਲੋਂ ਦੱਸੀ ਗਈ ਜਗ੍ਹਾ ਪਿੰਡ ਲਬਾਣਿਆ ਨੇੜੇ ਪੁੱਲ ਸੂਆ ਤੇ ਫਿਰੌਤੀ ਦੀ ਰਕਮ ਦੇਣ ਪੁੱਜਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਮੁਲਜਮਾਂ ਨੇ ਗੋਲੀ ਚਲਾ ਦਿੱਤੀ। ਇਸ ਮੌਕੇ ਦੁਵੱਲੀ ਫਾਇਰਿੰਗ ’ਚ ਇੱਕ ਮੁਲਜਮ ਜਖਮੀ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਅਤੇ ਸਰਬਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।