ਸਰਸ ਮੇਲੇ ਵਿੱਚ ਗੁਰਪ੍ਰੀਤ ਨਾਮਧਾਰੀ ਤੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਨੇ ਖਿੱਚਿਆ ਦਰਸ਼ਕਾਂ ਦਾ ਧਿਆਨ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਅਕਤੂਬਰ 2024 - ਬੀਤੀ 18 ਅਕਤੂਬਰ ਤੋਂ ਸੈਕਟਰ 88, ਮੋਹਾਲੀ ਦੇ ਖੁਲ੍ਹੇ ਗਰਾਊਂਡ ’ਚ ਸ਼ੁਰੂ ਹੋਇਆ ਸਰਸ ਮੇਲਾ 2024 ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਅੱਗੇ ਵੱਧ ਰਿਹਾ ਹੈ। ਮੇਲੀਆਂ ਨੂੰ ਮੇਲੇ ਵਿੱਚ ਹਰ ਰੰਗ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਜਿੱਥੇ ਵੱਖ-ਵੱਖ ਕਾਰੀਗਰਾਂ ਦੇ ਹੱਥਾਂ ਨਾਲ਼ ਤਰਾਸ਼ੀਆਂ ਕਲਾਕ੍ਰਿਤਾਂ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਉੱਥੇ ਸੱਭਿਆਚਾਰਕ ਗਤੀਵਿਧੀਆਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਉੱਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ (ਰਾਸ਼ਟਰਪਤੀ ਅਵਾਰਡੀ) ਦੇ ਬਣਾਏ ਤੇਲ ਚਿੱਤਰ ਅਤੇ ਪੈਂਸਿਲ ਸਕੈੱਚ ਦਰਸ਼ਕਾਂ ਨੂੰ ਆਪਣੇ ਵੱਲ ਮੋਹ ਰਹੇ ਹਨ।
ਆਰਟਿਸਟ ਗੁਰਪ੍ਰੀਤ ਨਾਮਧਾਰੀ ਜਿਨ੍ਹਾਂ ਦੇ ਬਣਾਏ ਕੰਧ ਚਿੱਤਰ ਲੋਕ ਸਭਾ ਚੋਣਾਂ ਵੇਲ਼ੇ ਵੀ ਬਹੁਤ ਮਸ਼ਹੂਰ ਹੋਏ ਸਨ, ਆਪਣੇ ਚਿੱਤਰਾਂ ਰਾਹੀਂ ਨੌਜਵਾਨਾਂ ਨੂੰ ਵੋਟ ਬਣਵਾਉਣ ਦੀ ਅਪੀਲ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਬਣਾਇਆ ਪੰਜਾਬੀ ਫਿਲਮਾਂ ਦੀ ‘ਪਦਮ ਸ੍ਰੀ ’ ਅਵਾਰਡ ਨਾਲ ਸਨਮਾਨਿਤ ਸਿਰਮੌਰ ਕਲਾਕਾਰ ਨਿਰਮਲ ਰਿਸ਼ੀ ਦਾ ਚਿੱਤਰ ਮੇਲੀਆਂ ਵਿੱਚ ਬਹੁਤ ਮਕਬੂਲੀਅਤ ਹਾਸਿਲ ਕਰ ਰਿਹਾ ਹੈ।
ਪ੍ਰੋ. ਗੁਰਬਖਸ਼ੀਸ਼ ਅੰਟਾਲ ਦੇ ਪੈਂਸਿਲ ਸਕੈੱਚ ਜਿਨ੍ਹਾਂ ਵਿੱਚ ਮਧੂਬਾਲਾ ਅਤੇ ਜ਼ਿੰਦਗੀ ਦੀ ਖੇਡ ਨੂੰ ਦਰਸਾਉਂਦਾ ਪੈਂਸਿਲ ਸਕੈੱਚ ਮੇਲੀਆਂ ਨੂੰ ਸਟਾਲ ਨੰ. 11 ਉੱਤੇ ਰੁਕਣ ਲਈ ਮਜਬੂਰ ਕਰ ਰਿਹਾ ਹੈ। ਸਹਾਇਕ ਮੇਲਾ ਅਫਸਰ ਕਮ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਬਲਾਕ ਡਿਵਲੈਪਮੈਂਟ ਅਫਸਰ ਧਨਵੰਤ ਸਿੰਘ ਰੰਧਾਵਾ ਵੱਲੋਂ ਵੀ ਇਨ੍ਹਾਂ ਚਿੱਤਰਾਂ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਗਈ।