ਕਿਸਾਨਾਂ ਅਤੇ ਜਾਇਦਾਦਾਂ ਦੇ ਮਾਲਕਾਂ ਨੂੰ ਲੈਂਡ ਪੂਲਿੰਗ ਸਕੀਮ ਪ੍ਰਤੀ ਵਿਰੋਧੀ ਤਾਕਤਾਂ ਗੁੰਮਰਾਹ ਨਾ ਕਰਨ : ਚੇਅਰਮੈਨ ਢਿੱਲੋਂ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 5 ਜੂਨ 2025 - ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਅਨਾਊਂਸਮੈਂਟ ਨਾਲ ਵਿਰੋਧੀ ਪਾਰਟੀਆਂ ਹੱਕੀਆਂ ਬੱਕੀਆਂ ਰਹਿ ਗਈਆਂ ਹਨ।ਇਹ ਪਾਲਿਸੀ ਪਾਰਦਰਸ਼ੀ ਤੇ ਕਿਸਾਨਾਂ ਦੇ ਹਿੱਤਾਂ ਲਈ ਬਹੁਤ ਲਾਹੇਵੰਦ ਹੈ। ਇੱਕ ਏਕੜ ਪਿੱਛੇ ਇੱਕ ਹਜ਼ਾਰ ਗਜ਼ ਦਾ ਇੱਕ ਪਲਾਟ ਜਾਂ ਪੰਜ ਪੰਜ ਸੌ ਗਜ਼ ਦੇ ਦੋ ਪਲਾਟ ਰਿਹਾਇਸ਼ੀ ਤੇ ਇੱਕ ਦੋ ਸੌ ਗਜ਼ ਦਾ ਸ਼ੋ ਰੂਮ ਲਈ ਪਲਾਟ ਇੱਕ ਏਕੜ ਜ਼ਮੀਨ ਨਾਲੋਂ ਚਾਰ ਪੰਜ ਗੁਣਾ ਵੱਧ ਕੀਮਤ ਦੇ ਹੋਣਗੇ ਜੋ ਕਿਸਾਨ ਆਪਣੀ ਮਰਜ਼ੀ ਨਾਲ ਕਦੇ ਵੀ ਤੇ ਕਿਸੇ ਨੂੰ ਵੀ ਵੇਚ ਸਕੇਗਾ।ਕੋਈ ਵੀ ਭੂ ਮਾਫੀਆ ਕਿਸੇ ਕਿਸਾਨ ਜਾਂ ਜਾਇਦਾਦ ਦੇ ਮਾਲਕ ਨਾਲ ਠੱਗੀ ਠੋਰੀ ਨਹੀਂ ਮਾਰ ਸਕੇਗਾ।ਕਿਉਂਕਿ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਇਸ ਤਰੀਕੇ ਨਾਲ ਦਿਮਾਗ਼ ਦੀ ਵਰਤੋਂ ਨਹੀਂ ਕੀਤੀ।ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਆਪਣੀ ਸਰਕਾਰ ਹੈ।
ਕਿਸੇ ਵੀ ਤਰ੍ਹਾਂ ਨਾਲ ਜ਼ਿਮੀਂਦਾਰ ਦਾ ਨੁਕਸਾਨ ਨਹੀਂ ਹੋਣ ਦੇਵੇਗੀ।ਜੋ ਵੀ ਜ਼ਮੀਨ ਵਿਕਸਿਤ ਕਰਨ ਲਈ ਚੁਣੀ ਜਾਵੇਗੀ ਤਾਂ ਜ਼ਮੀਨ ਮਾਲਕਾਂ ਨਾਲ ਐਗਰੀਮੈਂਟ ਜਾਂ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਵੇਗੀ। ਕੋਈ ਕਿਸਾਨ ਜੇ ਆਪ ਵਿਕਸਤ ਕਰਕੇ ਪਲਾਟ ਵੇਚਣ ਲਈ ਕਹੇਗਾ ਤਾਂ ਉਹ ਆਪ ਵੀ ਵੇਚ ਸਕੇਗਾ। ਨੌਂ ਏਕੜ ਜ਼ਮੀਨ ਦੇਣ ਵਾਲੇ ਨੂੰ ਵਿਕਸਤ ਤਿੰਨ ਏਕੜ ਜ਼ਮੀਨ ਜਿਸ ਵਿਚ ਬਿਜਲੀ, ਸੜਕਾਂ, ਸੀਵਰੇਜ, ਪਾਣੀ ਆਦਿ ਦੀ ਸਹੂਲਤ ਸਮੇਤ ਦਿੱਤੀ ਜਾਵੇਗੀ ਜੋ ਗਜ਼ਾਂ ਵਿੱਚ ਵੇਚਕੇ ਕਿਸਾਨ ਕਈ ਗੁਣਾ ਵੱਧ ਕੀਮਤ ਵਸੂਲ ਸਕਣਗੇ।
ਕਈ ਕਿਸਾਨ ਆਪਸ ਵਿੱਚ ਮਿਲਕੇ ਇਕੱਠੇ ਪੰਜਾਹ ਏਕੜ ਦੇਣਗੇ ਤਾਂ ੳਹਨਾਂ ਨੂੰ ਤੀਹ ਏਕੜ ਵਿਕਸਤ ਰਕਬਾ ਦਿੱਤਾ ਜਾਵੇਗਾ ਜਿਸਨੂੰ ਉਹ ਸਾਰੇ ਮਿਲਕੇ ਪਲਾਟਾਂ ਵਿੱਚ ਵੇਚ ਸਕਣਗੇ। ਸਾਰੀਆਂ ਜ਼ਮੀਨਾਂ ਵਿਕਸਤ ਕਰਕੇ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੋਵੇਗੀ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨਾਂ ਜਾਂ ਜਾਇਦਾਦ ਮਾਲਕਾਂ ਨੂੰ ਵਿਰੋਧੀ ਪਾਰਟੀਆਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਜ਼ਮੀਨਾਂ ਦੇ ਮਾਲਕਾਂ ਦੀਆਂ ਦੁਸ਼ਮਣ ਬਣਕੇ ਵਿਰੋਧ ਕਰ ਰਹੀਆਂ ਹਨ।