ਵਾਤਾਵਰਨ ਦੀ ਸ਼ੁੱਧਤਾ ਲਈ ਹਰੇਕ ਕਿਸਾਨ ਨੁੰ ਛਾਂਦਾਰ ਬੂਟੇ ਲਾਉਣੇ ਚਾਹੀਦੇ : ਮੁੱਖ ਖੇਤੀਬਾੜੀ ਅਫ਼ਸਰ
- ਪਿੰਡ ਕਲੀਜਪੁਰ ਵਿੱਚ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 06 ਜੂਨ 2025 - ਵਿਸ਼ਵ ਵਾਤਾਵਰਣ ਦਿਵਸ ਮੌਕੇ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਵਲੋਂ ਵੱਖ ਪਿੰਡਾਂ ਵਿਚ ਵਿਕਸਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਇਨਾਂ ਕੈਂਪਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖ਼ੇਤੀਬਾੜੀ ਅਧਿਕਾਰੀਆਂ ਵਲੋਂ ਪਾਣੀ,ਮਿੱਟੀ ਅਤੇ ਹਵਾ ਦੇ ਵਧ ਰਹੇ ਪ੍ਰਦੂਸ਼ਣ ਨੁੰ ਘੱਟ ਕਰਨ ਲਈ ਝੋਨੇ ਹੇਠੋਂ ਰਕਬਾ ਘਟਾ ਕੇ ਮੱਕੀ ਅਤੇ ਹੋਰ ਘੱਟ ਪਾਣੀ ਖਪਤ ਕਰਨ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੁੰ ਪ੍ਰੇਰਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਹਰ ਇਕ ਨਾਗਰਿਕ ਨੂੰ ਸਾਫ ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਹਰੇਕ ਕਿਸਾਨ ਨੁੰ ਆਪਣੇ ਟਿਊਬਵੈੱਲ ਉੱਪਰ ਛਾਂਦਾਰ ਬੂਟੇ ਲਾਉਣੇ ਚਾਹੀਦੇ ਹਨ।ਉਨਾਂ ਕਿਹਾ ਕਿ ਵਿਅਕਤੀ ਦੀ ਚੰਗੀ ਮਾਨਸਿਕ ਅਤੇ ਸ਼ਰੀਰਕ ਤੰਦਰੁਸਤੀ ਲਈ ਸਾਫ ਸੁਥਰਾ ਵਾਤਾਵਰਨ ਹੋਣਾ ਬਹੁਤ ਲਾਜ਼ਮੀ ਹੈ ਅਤੇ ਇਹ ਸਾਡੇ ਸਾਰਿਆ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਨ ਦੀ ਸਾਫ ਸਫਾਈ ਪ੍ਰਤੀ ਵੱਚਨਬੱਧ ਰਹੀਏ।
ਉਨਾਂ ਕਿਹਾ ਕਿ ਸਾਲ 2025 ਦੀ ਵਿਸ਼ਵ ਵਾਤਾਵਰਣ ਦਿਵਸ ਦੀ ਥੀਮ “ਬੀਟ ਪਲਾਸਟਿਕ ਪਾਲਿਊਸ਼ਨ” ਹੈ ਜਿਸ ਦਾ ਮਤਲਬ ਪਲਾਸਟਿਕ ਰਾਹੀਂ ਵੱਧ ਰਹੇ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਨੂੰ ਪਲਾਸਟਿਕ ਦੇ ਸਮਾਨ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਸਹਾਈ ਹੋ ਸਕੀਏ। ਉਨਾਂ ਕਿਹਾ ਕਿ ਪਲਾਸਟਿਕ ਨਸ਼ਟ ਹੋਣ ਵਿੱਚ ਬਹੁਤ ਸਮਾਂ ਲਗਾਉਂਦਾ ਹੈ ਅਤੇ ਇਸ ਨਾਲ ਸਾਡਾ ਵਾਤਾਵਰਣ ਬੁਰੀ ਤਰਾਂ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ ਝੋਨੇ ਦੀ ਬਿਜਾਏ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 17500/- ਰੁਪਏ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਅਤੇ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਣੀ ਯਕੀਨੀ ਬਣਾਈ ਜਾਵੇਗੀ।
ਡਾ. ਹਰਪ੍ਰੀਤ ਸਿੰਘ ਨੇ ਝੋਨੇ ਦੀ ਸਫਲ ਕਾਸ਼ਤ ਲਈ ਤਕਨੀਕੀ ਨੁਕਤੇ ,ਡਾਕਟਰ ਸੰਦੀਪ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ,ਡਾਕਟਰ ਦਿਲਰਾਜ ਸਿੰਘ ਨੇ ਪੀ ਐਮ ਕਿਸਾਨ ਸਕੀਮ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਮਤੀ ਪ੍ਰਭਜੀਤ ਕੌਰ ਖ਼ੇਤੀਬਾੜੀ ਵਿਸਥਾਰ ਅਫ਼ਸਰ ਨੇ ਬਾਖੂਬੀ ਨਿਭਾਈ। ਇਸ ਮੌਕੇ ਅਮਿਤ ਕੁਮਾਰ,ਰਵਿੰਦਰ ਕੁਮਾਰ, ਸਰਪੰਚ ਮਨਜੀਤ ਸਿੰਘ ,ਸ਼ਿਵ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।