ਹਰ ਰੋਜ਼ ਸਵੇਰ ਹੋਣ ਸਾਰ, ਮੇਰੇ ਬਿਸਤਰ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਖ਼ਬਾਰਾਂ ਦਾ ਢੇਰ ਲੱਗ ਜਾਂਦਾ ਹੈ, ਹਰ ਅਖ਼ਬਾਰ ਦਾ ਪਹਿਲਾ ਪੰਨਾ, ਬਦਜ਼ਨੀਆਂ, ਬੇਈਮਾਨੀਆਂ, ਖ਼ੂਨਖਰਾਬੇ ਤੇ ਹੋਰ ਘਿਨਾਉਣੇ ਅਪਰਾਧਾਂ ਦੀਆਂ ਸੁਰਖੀਆਂ ਨਾਲ ਹੀ ਭਰਿਆ ਹੁੰਦਾ ਹੈ। ਹਰ ਸੱਜਰੀ ਸਵੇਰ ਅਪਰਾਧਨਾਮਿਆ ਦੀ ਨਵੀਂ ਫ਼ਹਰਿਸ਼ਤ ਦਸਤਕ ਦਿੰਦੀ ਹੈ। ਕੁੱਝ ਅਪਰਾਧ ਤਾਂ ਇਸ ਕਦਰ ਘਿਨਾਉਣੇ ਹੁੰਦੇ ਹਨ ਕਿ ਦਿਲ ਕਰਦਾ ਹੈ ਕਿ ਇਨ੍ਹਾਂ ਖ਼ਬਰਾਂ ਵਾਲੇ ਅਖ਼ਬਾਰਾਂ ਨੂੰ ਹੀ ਸਾੜ ਸੁੱਟਾਂ। ਖ਼ਬਰਾਂ ਪੜ੍ਹ ਕੇ ਮਨ ਸੋਚਾਂ ਵਿੱਚ ਡੁੱਬ ਜਾਂਦਾ ਹੈ। ਜਦੋਂ ਹਰ ਤਰਫ਼ ਖ਼ੌਫ਼ਨਾਕ ਮੰਜ਼ਰ ਵੇਖਦਾ ਹਾਂ ਤਾਂ ਜ਼ਿੰਦਗੀ ਵਿੱਚੋਂ ਅਕੀਦਾ ਡੋਲਣ ਲੱਗ ਪੈਂਦਾ ਹੈ, ਸਮਾਜ ਵਿੱਚ ਪਸਰ ਤੇ ਪਨਪ ਰਹੇ ਕੋੜ੍ਹਾਂ ਨੂੰ ਵੇਖ ਕਈ ਵਾਰੀ ਇੰਜ ਮਹਿਸੂਸ ਹੁੰਦਾ ਹੈ, ਕਿ ਇਹ ਜ਼ਿੰਦਗੀ ਹੁਣ ਸਾਡੇ ਜਿਊਂਣ ਦੇ ਕਾਬਿਲ ਹੀ ਨਹੀਂ ਰਹੀ।ਦੁਸ਼ਯੰਤ ਕੁਮਾਰ ਨੇ ਠੀਕ ਹੀ ਆਖਿਆ ਸੀ,
\" ਯਹਾਂ ਦਰਖਤੋਂ ਕੇ ਸਾਏ ਮੇ ਭੀ ਧੂਪ ਲਗਤੀ ਹੈ,
ਚਲੋ ਯਹਾਂ ਸੇ ਚਲੇਂ ਔਰ ਉਮਰ ਭਰ ਕੇ ਲੀਏ\"
ਸਾਰੇ ਦਿਨ ਦੇ ਰੁਝੇਵਿਆਂ ਤੇ ਅਕੇਵਿਆਂ ਤੋਂ ਥੱਕ-ਟੁੱਟ ਕੇ ਤ੍ਰਿਕਾਲਾਂ ਨੂੰ ਜਦੋਂ ਆਪਣੇਂ ਘਰੀਂ ਪਰਤਦੇ ਹਾਂ ਤਾਂ ਰਹਿਰਾਸ ਦੇ ਸਮੇਂ, ਟੀ.ਵੀ ਨਾਲ ਸਾਮ੍ਹਣਾ ਹੋ ਜਾਂਦਾ ਹੈ, ਪਹਿਲਾਂ-ਪਹਿਲ ਤਾਂ ਘਰਾਂ ਵਿੱਚ ਕੇਵਲ ਇੱਕ ਹੀ ਟੈਲੀਵੀਜ਼ਨ ਸੈੱਟ ਹੁੰਦਾ ਸੀ, ਕੋਈ ਚੰਗਾ ਪ੍ਰੋਗਰਾਮ ਹੁੰਦਾ ਤਾਂ ਸਾਰਾ ਪ੍ਰੀਵਾਰ ਮਿਲ ਬੈਠ ਕੇ ਦੇਖ ਸਕਦਾ ਸੀ, ਹੁਣ ਤਾਂ ਸਰਦੇ-ਪੁਜਦੇ ਘਰਾਂ ਵਿੱਚ, ਪ੍ਰੀਵਾਰ ਦੇ ਹਰ ਮੈਂਬਰ ਦੇ ਸੌਂਣ ਕਮਰੇ ਵਿੱਚ ਟੀ.ਵੀ ਮੌਜੂਦ ਹਨ।ਜਾਣਕਾਰੀਆਂ ਤੇ ਤਕਨਾਲੋਜੀ ਦੇ ਤੇਜ਼-ਤਰਾਰ ਯੁੱਗ ਵਿੱਚ ਟੈਲੀਵੀਜ਼ਨ ਚੈਨਲ ਵੀ ਅਣਗਿਣਤ ਹੋ ਗਏ ਹਨ, ਅੰਗਰੇਜ਼ੀ ਚੈਨਲਾਂ ਤੋਂ ਬਿਨਾ, ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਲੱਗ-ਪੱਗ ਸਾਰੀਆਂ ਹੀ ਬੋਲੀਆਂ ਵਿੱਚ ਚੈਨਲ ਉਪਲਬਧ ਹਨ।ਰਾਤ ਨੂੰ ਲੱਗਪੱਗ ਤਿੰਨ ਘੰਟੇ ਸਾਰੇ ਹੀ ਨੈਸ਼ਨਲ ਨਿਊਜ਼ ਚੈਨਲ ਦੇਸ-ਵਿਦੇਸ਼ ਦੇ ਚਲੰਤ ਮਾਮਲਿਆਂ ਤੇ ਬਹਿਸ-ਮੁਬਾਸਿਆਂ ਵਿੱਚ ਸਰਗਰਮ ਹੁੰਦੇ ਹਨ। ਇਹ ਵਿਚਾਰ-ਚਰਚਾ ਕਈ ਵਾਰੀ ਤਾਂ ਬੜੀ ਉੱਚ ਪਾਏ ਦੀ ਹੁੰਦੀ ਹੈ, ਵਿਚਾਰ-ਚਰਚਾ ਵਿੱਚ ਭਾਗ ਲੈਣ ਵਾਲੇ ਗਿਆਨਵਾਨ ਵਿਸ਼ੇਸ਼ਗ ਆਪਣੇ-ਆਪਣੇ ਖੇਤਰ ਦੀਆਂ ਮਾਹਿਰ ਹਸਤੀਆਂ ਹੁੰਦੀਆਂ ਹਨ, ਉਨ੍ਹਾਂ ਦੇ ਗਿਆਨ ਭੰਡਾਰਾਂ ਵਿੱਚ ਸਮਾਈ ਜਾਣਕਾਰੀ ਅਤੇ ਵਿਸ਼ਾਲ ਅਨੁਭਵਾਂ ਦੀ ਸਾਂਝ ਸਾਡੇ ਗਿਆਨ ਭੰਡਾਰਾਂ ਵਿੱਚ ਮਹੱਤਵਪੂਰਣ ਤੇ ਕਦਰ ਯੋਗ ਵਾਧਾ ਕਰਦੀ ਹੈ। ਪ੍ਰੰਤੂ ਜੇ ਮਸਲਾ ਰਾਜਨੀਤਕ ਰੰਗਤ ਦਾ ਹੋਵੇ ਤਾਂ ਸਬੰਧਤ ਰਾਜਨੀਤਕ ਪਾਰਟੀਆਂ ਦੇ ਬੁਲਾਰਿਆਂ ਨੂੰ ਜਾਂ ਉਨ੍ਹਾਂ ਦੇ ਚੋਣਵੇਂ ਆਗੂਆਂ ਨੂੰ ਬਹਿਸ ਵਿੱਚ ਸ਼ਾਮਲ ਹੋਣ ਤੇ ਸਵਾਲ-ਜਵਾਬ ਦਾ ਸਾਮ੍ਹਣਾ ਕਰਨ ਲਈ ਬੁਲਾਇਆ ਜਾਂਦਾ ਹੈ।ਦੁੱਖ ਦੀ ਗੱਲ ਤਾਂ ਇਹ ਹੈ ਕਿ ਰਾਜਨੀਤਕ ਪਾਰਟੀਆਂ ਦੇ ਬੁਲਾਰਿਆਂ ਦਾ ਪੁੜਪੜੀ ਪਾਠ ਹਮੇਸ਼ਾਂ ਹੀ ਗ਼ੈਰ-ਸੰਜੀਦਾ ਤੇ ਤਰਕ ਵਿਹੂਣਾ ਹੁੰਦਾ ਹੈ। ਸੰਸਕਾਰਾਂ, ਵਿਹਾਰਾਂ ਅਤੇ ਸਦਾਚਾਰਾਂ ਤੋਂ ਸੱਖਣੇ ਇਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ, ਆਪਣੇ ਆਕਾਵਾਂ ਦੀ ਖ਼ੁਸ਼-ਅਸਲੂਬੀ ਹਾਸਲ ਕਰਨ ਲਈ, ਅਕਸਰ ਹੀ ਇਖ਼ਲਾਕੀ ਜ਼ਾਬਤਿਆਂ ਦੀਆਂ ਸਭ ਹੱਦਾਂ ਪਾਰ ਕਰ ਜਾਂਦੇ ਹਨ, ਇਨ੍ਹਾਂ ਦੇ ਵਿਚਾਰਾਂ ਵਿੱਚ ਸੱਚ ਅਤੇ ਤੱਥਾਂ ਤੇ ਅਧਾਰਿਤ ਦਲੀਲ ਅਤੇ ਤਰਕ ਦੇ ਅੰਸ਼ ਤਾਂ ਘੱਟ ਹੁੰਦੇ ਹਨ ਪ੍ਰੰਤੂ ਦੂਸਰਿਆਂ ਤੇ ਹਮਲਾ ਕਰਨ ਦੇ ਭੜਕੀਲੇ, ਜਵਾਬੀ ਸ਼ਬਦ ਬਾਣ ਬਥੇਰੇ ਹੁੰਦੇ ਹਨ।ਕਈ ਵਾਰੀ ਤਾਂ ਮਹੱਤਵਪੂਰਣ ਬਹਿਸ ਦਾ ਵਿਸ਼ਾ-ਵਸਤੂ ਰੌਲੇ-ਰੱਪੇ ਵਿੱਚ ਹੀ ਗੁਆਚ ਕੇ ਰਹਿ ਜਾਂਦਾ ਹੈ। ਰਾਜਨੀਤਕ ਧਿਰਾਂ ਦੇ ਬੁਲਾਰੇ ਕਦੇ ਵੀ ਆਪਣੀਆਂ ਪਾਰਟੀਆਂ ਦੇ ਮਖੌਟੇ ਉਤਾਰ ਕੇ, ਹਰ-ਰੋਜ਼ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਦੀ ਭਿਆਨਕਤਾ ਦੇ ਸਨਮੁੱਖ ਖੜ੍ਹੇ ਹੋ ਕੇ, ਇਮਾਨਦਾਰੀ ਨਾਲ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਮੁਲਾਂਕਣ ਨਹੀਂ ਕਰਦੇ।ਇਨ੍ਹਾਂ ਦੇ ਬੇਅਦਬ ਤੇ ਨਿਰਲੱਜ ਸੰਵਾਦ ਵੇਖ-ਸੁਣ ਕੇ ਤਾਂ ਮਨ ਖ਼ਾਹਮਖ਼ਾਹ ਦਿਮਾਗੀ ਤਣਾਤਣੀ ਦਾ ਸ਼ਿਕਾਰ ਹੋ ਜਾਂਦਾ ਹੈ।
ਜਦੋਂ ਦੀ ਰਾਜਨੀਤੀ ਤਿਜਾਰਤ ਬਣ ਗਈ ਹੈ ਤਦ ਤੋਂ ਹੀ ਨੇਤਾ ਤੇ ਨੀਤੀਵਾਨ ਵਪਾਰੀ ਬਣ ਗਏ ਹਨ। ਜਿਸ ਤਰ੍ਹਾਂ ਹਰ ਕਿਸਮ ਦੇ ਵਪਾਰ ਦਾ ਟੀਚਾ ਮੁਨਾਫ਼ਾ ਹੀ ਹੁੰਦਾ ਹੈ ਤੇ ਮੁਨਾਫ਼ਾ ਕਮਾਉਣ ਲਈ, ਵਪਾਰ ਦੇ ਮਿਆਰਾਂ ਤੇ ਸਲੀਕਿਆ ਵਿੱਚੋਂ, ਸਭ ਤੋਂ ਪਹਿਲਾਂ ਮਨੁੱਖ ਮਨਫ਼ੀ ਹੁੰਦਾ ਹੈ।ਜਦੋਂ ਨਿਜ ਸਵਾਰਥ, ਮਨੁੱਖੀ ਸੋਚ ਦੀ ਪਹਿਲੀ ਤਰਜੀਹ ਬਣ ਜਾਵੇ, ਫੇਰ ਉਸਦੇ ਜੀਵਨ ਢੰਗਾਂ ਤੇ ਆਦਰਸ਼ਾਂ ਦਾ ਕੋਈ ਪਹਿਰਾ ਨਹੀਂ ਰਹਿੰਦਾ। ਸਵਾਰਥੀ ਹਿੱਤਾਂ ਤੋ ਪ੍ਰੇਰਤ, ਬੇਲਗਾਮ ਮੁਨਾਫ਼ਾਵਾਦੀ ਸੋਚ, ਸਾਧਾਰਨ ਮਨੁੱਖ ਨੂੰ ਨਿਗਲਣ ਲਈ, ਦਾਨਾਈ ਕਿਰਦਾਰ ਦੀਆਂ ਸਭ ਦੀਵਾਰਾਂ ਢਾਹ-ਢੇਰੀ ਕਰ ਦਿੰਦੀ ਹੈ।ਅੰਨ੍ਹੀ ਲਾਲਸਾ, ਲੋਭ ਤੇ ਲਾਲਚ, ਮਨੱਖੀ-ਸੋਚ ਦੇ ਸੰਵੇਦਨਸ਼ੀਲ ਪਹਿਲੁਆਂ ਨੂੰ ਗ੍ਿਰਹਣ ਲਾ ਦਿੰਦੇ ਹਨ ਤੇ ਉਸਦੀ ਇਖ਼ਲਾਕੀ ਚਮਕ-ਦਮਕ ਨੂੰ ਬੇਨੂਰ ਕਰ ਛਡਦੇ ਹਨ, ਉਸਦੇ ਜੀਵਨ ਵਿੱਚੋਂ ਸਹਿਜ ਤੇ ਸੰਤੋਖ ਗਵਾਚ ਜਾਂਦੇ ਹਨ।ਅੱਜ ਦੀ ਰਾਜਨੀਤੀ ਵਿੱਚ ਆਇਆ ਨਿਘਾਰ, ਇਸੇ ਲਾਲਸਾ ਦੀ ਉਪਜ ਹੈ।ਅੱਜ ਦੀ ਰਾਜਨੀਤੀ ਤੇ ਕਾਬਜ ਸਾਰੀਆਂ ਪਾਰਟੀਆਂ ਦੇ ਸਿਰਕੱਢ ਆਗੂ ਜਾਂ ਤਾਂ ਖੁਦ ਵੱਡੇ ਵਪਾਰੀ ਹਨ ਤੇ ਜਾਂ ਵੱਡੇ-ਵੱਡੇ ਵਪਾਰਿਕ ਘਰਾਣਿਆਂ ਤੇ ਅਦਾਰਿਆਂ ਦੇ ਪੂਰਕ ਬਣੇ ਰਹਿਣ ਲਈ ਰਾਜਨੀਤੀ ਕਰਦੇ ਹਨ, ਜਿਸ ਦੇ ਇਵਜ਼ ਵਿੱਚ ਇਹ ਵਪਾਰਿਕ ਅਦਾਰੇ, ਇਨ੍ਹਾਂ ਨੇਤਾਵਾਂ ਅਤੇ ਉਨ੍ਹਾਂ ਦੀਆਂ ਰਾਜਨੀਤਕ ਪਾਰਟੀਆਂ ਲਈ ਬੇਹਿਸਾਬਾ ਪੂੰਜੀ ਨਿਵੇਸ਼ ਕਰਦੇ ਹਨ।ਸਿਆਣਿਆਂ ਦਾ ਇੱਕ ਚਿਰਕਾਲੀ ਅਖਾਂਣ ਹੈ, \'ਜਦ ਰਾਜੇ ਬਣਨ ਵਪਾਰੀ, ਤਦ ਖ਼ਲ਼ਕਤ ਬਣੇ ਭਿਖਾਰੀ\'। ਹੁਣ ਸਭ ਕੁੱਝ ਇਸੇ ਤਰਜ਼ ਤੇ ਹੋ ਰਿਹਾ ਹੈ।ਭ੍ਰਿਸ਼ਟਾਚਾਰ, ਜੀਵਨਜਾਚ ਵੱਜੋਂ, ਸਮਾਜ ਅਤੇ ਸਰਕਾਰ ਦੇ ਕਣ-ਕਣ ਵਿੱਚ ਸਮਾ ਗਿਆ ਹੈ।।ਇਸੇ ਲਈ ਅਜੋਕੇ ਰਾਜਨੀਤਕ ਸਰੋਕਾਰਾਂ ਵਿੱਚ ਬੇਈਮਾਨਾਂ ਦੀ ਇੱਜ਼ਤ ਅਫ਼ਜ਼ਾਈ ਹੋ ਰਹੀ ਹੈ ਤੇ ਉਸ ਦੇ ਬਰਅਕਸ, ਇਮਾਨਦਾਰ ਅਤੇ ਖਰੀ ਗੱਲ ਕਹਿਣ ਵਾਲੇ ਸਾਫ਼-ਸੁਥਰੇ ਬੰਦੇ ਦਰਕਿਨਾਰ ਹੋ ਰਹੇ ਹਨ ਤੇ ਇਨ੍ਹਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਵਕਤ ਆਉਣ ਤੇ ਪਹਿਲਾ ਮੌਕਾ ਲੱਭਦੇ ਹੀ ਅਜਿਹੇ ਬੰਦਿਆਂ ਨੂੰ, ਮੱਖਣ \'ਚੋਂ ਵਾਲ ਕੱਢਣ ਦੇ ਮੁਹਾਵਰੇ ਵਾਂਗ, ਸਿਸਟਮ ਵਿੱਚੋਂ ਹੀ ਬਾਹਰ ਧਕੇਲ ਦਿੱਤਾ ਜਾਂਦਾ ਹੈ।ਇੰਜ ਸੱਚੇ ਤੇ ਖਰੇ ਬੰਦੇ ਇਸ ਸਾਰੇ ਤੰਤਰ ਵਿੱਚ ਅਲੱਗ-ਥਲੱਗ ਹੋ ਕੇ ਰਹਿ ਜਾਂਦੇ ਹਨ।ਜਦੋਂ ਦੁਰਾਚਾਰੀ ਲੋਕ ਨੈਤਿਕਤਾ ਦੇ ਬੁਰਕੇ ਪਹਿਨ ਕੇ, ਸਮੁੱਚੀ ਰਾਜਨੀਤਕ ਸਰਗਰਮੀ ਨੂੰ ਹੀ ਉਧਾਲ ਲੈਣ, ਫਿਰ ਦੇਸ ਦਾ ਬੇੜਾ ਗ਼ਰਕ ਨਹੀਂ ਹੋਵੇਗਾ ਤਾਂ ਹੋਰ ਕੀ ਹੋਵੇਗਾ? ਅੱਜ ਦੀ ਰਾਜਨੀਤੀ ਵਿੱਚੋਂ ਸੱਚ, ਜੀਵਨ ਦੀ ਸਾਦਗੀ ਤੇ ਆਦਰਸ਼ਾ ਦੀ ਪਾਕੀਜ਼ਗੀ, ਬਹੁਤ ਸਮਾਂ ਪਹਿਲਾਂ ਵਰਤ ਚੁੱਕੇ ਵਰਤਾਰੇ ਹੀ ਲਗਦੇ ਹਨ।
ਦੇਸ਼ ਵਿੱਚ ਪੰਜਤਾਰਾ ਹਸਪਤਾਲਾਂ ਦੈ ਆਮਦ ਨਾਲ ਇੱਕ ਨਵਾਂ ਸੱਭਿਆਚਾਰ ਉਭੱਰ ਰਿਹਾ ਹੈ ਜਿਸ ਨੂੰ ਮੈਡੀਕਲ-ਟੂਰਿਜ਼ਮ ਦਾ ਨਾਮ ਦਿੱਤਾ ਜਾ ਰਿਹਾ ਹੈ। ਇਹ ਪੰਜਤਾਰਾ ਹਸਪਤਾਲ ਦੇਸ ਵਿੱਚ ਇੱਕ ਨਵੀਂ ਸ਼੍ਰੈਣੀ ਵੰਡ ਦੇ ਪ੍ਰਤੀਕ ਹਨ। ਇਹ ਪੰਜਤਾਰਾ ਹਸਪਤਾਲ ਭਾਰਤੀ ਸਮਾਜ ਦੀ ਕੇਵਲ ਉਸ ਸ੍ਰੇਸ਼ਟ ਸ਼੍ਰੈਣੀ ਦੀ ਸਿਹਤ ਸੇਵਾ ਲਈ ਹੀ ਉਪਲਬਦ ਹਨ ਜੋ ਲੋਕ ਪੰਜਤਾਰਾ ਹੋਟਲਾਂ ਵਿੱਚ ਜਾਂ ਆਪਣੇ ਘਰਾਂ ਵਿੱਚ ਵੀ ਪੰਜਤਾਰਾ ਸੱਭਿਆਚਾਰ ਦਾ ਜੀਵਨ ਜਿਉਂਣ ਦੇ ਆਦੀ ਹੋਣ।ਸਮਾਜ ਵਿੱਚ ਦੌਲਤਾਂ ਦੀ ਕਾਣੀ ਵੰਡ ਵਿੱਚੋਂ ਉਪਜਿਆ ਇਹ ਸੱਭਿਆਚਾਰ ਚਿਰਾਂ ਤੋਂ ਆਜ਼ਾਦ ਭਾਰਤ ਨੂੰ ਨਵਬਸਤੀਵਾਦ ਦੀ ਪ੍ਰਯੋਗਸ਼ਾਲਾ ਵੱਜੋਂ, ਮੁੜ ਤੋਂ ਉਭਾਰ ਰਿਹਾ ਹੈ।ਆਮ ਆਦਮੀ ਸਹਿਮਿਆ ਹੋਇਆ ਇਨ੍ਹਾਂ ਸਾਰੇ ਵਰਤਾਰਿਆਂ ਨੂੰ ਗੁੱਸੇ ਤੇ ਧ੍ਰਿਕਾਰ ਦੀ ਨਜ਼ਰ ਨਾਲ ਦੇਖ ਰਿਹਾ ਹੈ। ਆਮ ਆਦਮੀ, ਅੋਰਤਾਂ ਅਤੇ ਬੱਚੇ ਹਰ ਰੋਜ਼ ਸਰਕਾਰੀ ਸ਼ਫ਼ਾਖਾਨਿਆ ਵਿੱਚ ਬੇਹਤਰ ਇਲਾਜ ਤੇ ਦਵਾ-ਦਾਰੂ ਦੀ ਅਣਹੋਂਦ ਕਾਰਨ ਦਮ ਤੋੜ ਰਹੇ ਹਨ।ਭਾਰਤ ਸਰਕਾਰ ਦੀ ਪ੍ਰੀਭਾਸ਼ਾ ਅਨੁਸਾਰ ਗਰੀਬੀ ਦੀ ਰੇਖਾ ਹੇਠ ਜੀਵਨ ਗੁਜ਼ਾਰ ਰਹੇ ਕ੍ਰੋੜਾਂ ਭਾਰਤੀਆਂ ਲਈ ਤਾਂ ਜੀਵਨ ਹੀ ਸਰਾਪ ਬਣਿਆ ਹੋਇਆ ਹੈ।ਇਲਾਜ ਕਰਵਾ ਲੈਣਾਂ ਤਾਂ ਦਰਕਿਨਾਰ, ਜੀਵਨ ਜਿਉਣ ਦੀ ਲਾਲਸਾ ਨਾਲ ਗਰੀਬ ਲੋਕ ਤਾਂ ਇਨ੍ਹਾਂ ਪੰਜਤਾਰਾ ਹਸਪਤਾਲਾਂ ਵੱਲ ਸੱਧਰ ਦੀ ਨਜ਼ਰ ਨਾਲ ਦੇਖ ਵੀ ਨਹੀਂ ਸਕਦੇ ।ਆਜ਼ਾਦੀ ਦੇ ੬੬ ਵਰ੍ਹਿਆਂ ਬਾਦ ਵੀ ਭਾਰਤ ਦੇ ਆਮ ਨਾਗਰਿਕ ਨੂੰ ਉਸ ਦੀ ਆਰਥਿਕ ਪਹੁੰਚ ਅਨੁਸਾਰ, ਉੱਚ ਪਾਏ ਦੀਆਂ ਸਿਹਤ ਸੁਵਿਧਾਵਾਂ ਵੀ ਉਪਲਬਦ ਨਹੀਂ, ਜੇ ਹਸਪਤਾਲ ਹਨ ਤਾਂ ਡਾਕਟਰ ਨਹੀਂ, ਜੇ ਡਾਕਟਰ ਹਨ ਤਾਂ ਨਰਸਾਂ ਤੇ ਹੋਰ ਪੈਰਾਮੈਡੀਕਲ ਅਮਲਾ ਨਹੀਂ।ਆਮ ਲੋਕਾਂ ਲਈ ਬਣੇ ਹਸਪਤਾਲਾਂ ਵਿੱਚ ਅਧੁਨਿਕ ਉਪਕਰਣ, ਦਾਈਆਂ, ਦਵਾਈਆਂ ਤੇ ਸਫ਼ਾਈਆਂ ਸਮੇਤ ਸਾਰੇ ਦੀ ਸਾਰੀ ਆਧਾਰਕ ਸੰਰਚਨਾ ਹੀ ਨਿਰਾਸ਼ਾਜਨਕ, ਨਿਕੰਮੀ ਤੇ ਅਧੂਰੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਹਸਪਤਾਲ ਤਾਂ ਆਪ ਹੀ ਬੀਮਾਰ ਹਨ। ਅਜੇਹੀ ਦਸ਼ਾ ਹੈ ਸਾਡੇ ਸਰਕਾਰੀ ਹਸਪਤਾਲਾ ਦੀ, ਜਿਨ੍ਹਾਂ ਦੇ ਤਰਸ ਤੇ, ਆਮ ਆਦਮੀ, ਬੇਹਤਰ ਇਲਾਜ ਦੀ ਆਸ ਉਮੀਦ ਲਾਈਂ ਬੈਠਾ ਹੈ।
ਕਿੰਨਾ ਅਫ਼ਸੋਸਨਾਕ ਮੰਜ਼ਰ ਹੈ ਕਿ ਆਜ਼ਾਦੀ ਦੇ ੬੬ ਵਰ੍ਹਿਆਂ ਬਾਦ ਵੀ ਭਾਰਤ ਦੇ ਗਰੀਬ ਨਾਗਰਿਕਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ, ਇੱਕ ਰੁਪਏ ਕਿਲੋ ਆਟਾ, ਇੱਕ ਰੁਪਏ ਕਿਲੋ ਚਾਵਲ ਤੇ ਦਾਲ ਦੇ ਛਲਾਵਿਆਂ ਵਿੱਚ ਹੀ ਉਲਝਾ ਰੱਖਿਆ ਹੈ।੬੬ ਵਰ੍ਹਿਆਂ ਵਿੱਚ ਗਰੀਬ ਲੋਕਾਂ ਲਈ ਰੋਜ਼ਗਾਰ ਦੇ ਯੋਗ ਮੌਕੇ ਪੈਦਾ ਕਰਕੇ, ਕਿਸੇ ਵੀ ਸਰਕਾਰ ਨੇ, ਗਰੀਬ ਦੀ ਖਰੀਦ ਸਮਰੱਥਾ ਨੂੰ ਵਧਾਉਣ ਬਾਰੇ ਨਾ ਹੀ ਸੋਚਿਆ ਤੇ ਨਾ ਹੀ ਕੋਈ ਕਾਰਗਰ ਕਦਮ ਹੀ ਉਠਾਏ ਹਨ।ਫ਼ੈਜ਼ ਅਹਿਮਦ ਫ਼ੈਜ਼ ਸਾਹਿਬ ਦੀਆਂ ਇਹ ਸਤਰਾਂ, ਭਾਰਤ ਦੇ ਗਰੀਬ ਵਰਗ ਦੀ ਉਦਾਸੀਨਤਾ ਦੀ ਸਹੀ ਤਰਜ਼ਮਾਨੀ ਕਰਦੀਆਂ ਹਨ।
\" ਯੇ ਦਾਗ਼-ਦਾਗ਼ ਉਜਾਲਾ, ਯੇ ਸ਼ਬ ਗੁਜ਼ੀਦਾ ਸਹਰ,
ਵੋ ਇੰਤਜ਼ਾਰ ਥਾ ਜਿਸਕਾ, ਯੇ ਵੋ ਸਹਰ ਤੋ ਨਹੀਂ \"
ਭਾਵੇਂ ਅਸੀਂ ਕਿੰਨੇ ਵੀ ਆਸ਼ਾਵਾਦੀ ਸੋਚ ਦੇ ਧਾਰਨੀ ਹੋਈਏ, ਸੱਚੀ ਗੱਲ ਤਾਂ ਇਹ ਹੈ ਜਦੋਂ ਚੁਫ਼ੇਰੇ ਹਾਲਾਤ ਤੇ ਨਜ਼ਰ ਮਾਰਦੇ ਹਾਂ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਭਾਰਤ ਦੀ ਅਰਥ ਵਿਵਸਥਾ ਤੇ ਜਿਹੜਾ ਵਿਕਾਸ ਮਾਡਲ, ਸੰਮਿਲਿਤ ਵਿਕਾਸ ਦੇ ਮਖੌਟੇ ਹੇਠ ਠੋਸਿਆ ਜਾ ਰਿਹਾ ਹੈ, ਵਾਸਤਵਿਕ ਵਿੱਚ ਉਹ ਦੇਸ ਦੇ ਕੁੱਝ ਕੁ ਫ਼ੀਸਦੀ ਚੋਣਵੇਂ ਲੋਕਾਂ ਲਈ ਰਾਖਵਾਂ, ਅਤੇ ਆਮ ਲੋਕਾਂ ਲਈ ਨਾਲਾਹੇਵੰਦ ਵਿਕਾਸ ਮਾਡਲ ਹੈ।ਆਮ ਲੋਕ ਜਦੋਂ ਇਸ ਵਿਕਾਸ ਮਾਡਲ ਦੇ ਜ਼ਹੂਰ ਵੱਜੋਂ ਸਥਾਪਿਤ, ਅੰਬਰਾਂ ਨੂੰ ਛੂੰਹਦੀਆਂ ਬਹੁਮੰਜ਼ਲੀ ਇਮਾਰਤਾਂ ਦੇ ਪ੍ਰਛਾਵਿਆਂ ਦੀ ਛਾਂ ਹੇਠੋਂ ਲੰਘਦੇ ਹਨ ਤਾਂ ਉਨ੍ਹਾਂ ਸਾਧਾਰਨ ਲੋਕਾਂ ਨੂੰ, ਬੁਲੰਦ ਬੁਰਜਾਂ ਦੇ ਅਕਸਾਂ ਵਿੱਚੋਂ, ਆਪਣੇ ਅੱਥਰਾਏ ਚਿਹਰਿਆਂ ਤੇ ਮੁਹਾਂਦਰਿਆਂ ਦੇ ਨਕਸ਼ ਨਹੀਂ ਲੱਭਦੇ ਤੇ ਨਾਂ ਹੀ ਇਨ੍ਹਾਂ ਇਮਾਰਤਾਂ ਦੀ ਬੁਲੰਦੀ ਉਨ੍ਹਾਂ ਦੇ ਜੀਵਨ ਦੇ ਸਰੋਕਾਰਾਂ ਵਿੱਚ ਸ਼ਾਮਲ ਹੈ। ਅਜਿਹੇ ਵਰਤਾਰਿਆਂ ਤੇ ਇਸ ਸ਼ਾਇਰ ਦੀ ਤਨਜ਼ ਬੜੀ ਹੀ ਢੁਕਵੀਂ ਹੈ,
\'ਰੌਸ਼ਨੀ ਤੋ ਬਾਂਟ ਲੀ ਉਭਰੇ ਹੂਏ ਮੀਨਾਰੋਂ ਨੇ, ਪਸਤ ਖੱਡੋਂ ਕੇ ਮੁਕੱਦਰ ਮੇਂ ਵਹੀ ਰਾਤ ਰਹੀ\'
ਸਭ ਤੋਂ ਜ਼ਿਆਦਾ ਦਿਲਗੀਰੀ ਤਾਂ ਇਸ ਗੱਲ ਦੀ ਹੈ ਕਿ ਭਾਰਤ ਵਿੱਚ ਪਾਰਲੀਮਾਨੀ ਪਰਜਾਤੰਤਰ ਦੇ ਪ੍ਰਮਾਣਿਤ ਤਿੰਨੋ ਹੀ ਸਤੰਭ ਤੇ ਓਟ-ਆਸਰੇ ਭਾਵ ਵਿਧਾਨ-ਮੰਡਲ, ਨਿਆਂਪਾਲਿਕਾ ਅਤੇ ਕਾਰਜਪਾਲਕਾ, ਸਮੇਂ ਦੇ ਦੌਰ ਨਾਲ ੬੩ ਸਾਲਾਂ ਦੇ ਅਰਸੇ ਅੰਦਰ ਹੀ ਜਰਜਰੇ ਤੇ ਨਖਿੱਧ ਸਾਬਤ ਹੁੰਦੇ ਹੋਏ, ਪਤਨ ਵੱਲ ਚਲੇ ਗਏ।ਅਸੀਂ ਦੇਖ ਰਹੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਕੇਵਲ ਵੱਡੇ-ਵੱਡੇ ਘੁਟਾਲਿਆਂ ਜਾਂ ਦਿਲ ਕੰਬਾਊ ਕੁਕਰਮਾਂ ਨੂੰ ਲੈ ਕੇ ਹੀ ਸ਼ੋਰ-ਸ਼ਰਾਬਾ ਮੱਚਿਆ ਰਹਿੰਦਾ ਹੈ, ਇਹ ਕਾਨੂੰਨ-ਸਾਜ਼ ਅਸੈਂਬਲੀਆਂ ਨਵੇਂ ਉਸਾਰੂ ਅਤੇ ਇਨਕਲਾਬੀ ਕਾਨੂਨਾਂ ਦੇ ਨਿਰਮਾਣ ਤੇ ਸੰਜੀਦਾ ਬਹਿਸ ਕਰਨ, ਤੇ ਉਨ੍ਹਾਂ ਦੇ ਹਰ ਪਹਿਲੂ ਨੂੰ ਬਰੀਕੀ ਨਾਲ ਵਿਚਾਰਨ ਵਿੱਚ ਕੋਈ ਦਿਲਚਸਪੀ ਨਹੀਂ ਰਖਦੇ, ਇਸੇ ਲਈ ਅਤੀ ਮਹੱਤਵਪੂਰਨ ਕਾਨੂੰਨ ਜਾਂ ਸੰਸ਼ੋਧਨ ਬਿਨਾਂ ਬਹਿਸ ਹੀ ਰੌਲੇ-ਰੱਪੇ ਵਿੱਚ ਹੀ ਪਾਸ ਹੋ ਜਾਂਦੇ ਹਨ। ਇਸ ਤੋਂ ਵੀ ਵਧੇਰੇ ਦੁੱਖ ਇਸ ਗੱਲ ਦਾ ਹੈ ਕਿ ਰਾਜਨੀਤਕ ਸਿਧਾਂਤਾਂ ਵਿੱਚ ਆ ਰਹੀ ਲਗਾਤਾਰ ਗਿਰਾਵਟ ਨੂੰ, ਕੋਈ ਸਾਰਥਿਕ ਮੋੜਾ ਦੇਣ ਲਈ, ਰਾਜਨੀਤੀਵਾਨਾਂ ਦੇ ਬੁੱਧੀ-ਵਿਵੇਕ ਤੋਂ ਪ੍ਰੇਰਿਤ ਕੋਈ ਨਿਸ਼ਚਿਤ ਤੇ ਸਪੱਸ਼ਟ ਰਵੱਈਆ ਜਾਂ ਪਹਿਲ ਕਦਮੀ ਸਾਮ੍ਹਣੇ ਨਹੀ ਆ ਰਹੀ। ਕਿਰਦਾਰਾਂ ਦੀ ਪਸਤੀ ਦੇ ਹਮਾਮ ਵਿੱਚ ਸਭ ਨੰਗੇ ਹਨ।ਜਦੋਂ ਦੇਸ ਦੀ ਸਰਬਉੱਚ ਅਦਲੀਆ ਨੇ ਰਾਜਨੀਤਕ ਪਾਰਟੀਆਂ ਨੂੰ ਸੂਚਨਾ ਅਧਿਕਾਰ ਦੇ ਦਾਇਰੇ ਅੰਦਰ ਨਿਯੰਤਰਿਤ ਕਰਨ ਦੀ ਗੱਲ ਆਖੀ ਤਾਂ ਸਾਰੀਆਂ ਰਾਜਨੀਤਕ ਪਾਰਟੀਆਂ ਹੀ ਤਿਲਮਿਲਾ ਉੱਠੀਆਂ ਤੇ ਇੱਕਜੁੱਟ ਹੋ ਗਈਆਂ, ਸਭ ਦੇ ਮਖੌਟੇ ਉਤਰ ਗਏ, ਸਭ ਦੇ ਚਿਹਰੇ ਨੰਗੇ ਹੋ ਗਏੇ । ਜਿਸ ਦੇਸ ਦਾ ਸਮੁੱਚਾ ਰਾਜਤੰਤਰ ਹੀ, ਵੱਡੇ-ਵੱਡੇ ਵਪਾਰਿਕ ਘਰਾਣਿਆਂ ਤੇ ਅਦਾਰਿਆਂ ਦੇ ਕਾਲੇ ਧਨ ਦੇ ਠੁੰਮਣੇ ਤੇ ਖੜ੍ਹਾ ਹੋਵੇ ਉੱਥੇ ਰਾਮ-ਰਾਜ ਜਾਂ ਆਦਰਸ਼ ਰਾਜ ਦੀ ਵਿਵਸਥਾ ਦੀ ਆਸ ਕਰਨੀ ਵੱਡੀ ਭੁੱਲ ਹੈ।
ਭਾਰਤ ਦੇ ਸੰਵਿਧਾਨ ਦੀ ਉਥਾਨਕਾ ਵਿੱਚ ਧਰਮ ਨਿਰਪੱਖ ਭਾਰਤ ਦਾ ਉਲੇਖ ਸਾਫ਼ ਸ਼ਬਦਾਂ ਵਿੱਚ ਮੌਜੂਦ ਹੈ, ਪ੍ਰੰਤੂ ਵਾਸਤਵਿਕ ਵਰਤਾਰਿਆਂ ਵਿੱਚ ਫਿਰਕਾਪ੍ਰਸਤੀ ਹੀ ਪ੍ਰਧਾਨ ਹੈ। ਹਰ ਰਾਜਨੀਤਕ ਪਾਰਟੀ ਆਪਣੇ ਫ਼ੈਸਲੇ ਫਿਰਕਾਪ੍ਰਸਤੀ ਦੀ ਕਸਵੱਟੀ ਤੇ ਪਰਖ ਕੇ ਹੀ ਕਰਦੀ ਹੈ। ਉਮੀਦਵਾਰਾਂ ਦੀ ਚੋਣ ਹੋਵੇ ਜਾਂ ਨੀਤੀਆਂ ਦਾ ਨਿਰਧਾਰਣ, ਬੁਨਿਆਦੀ ਸੇਧ ਤਾਂ ਫਿਰਕਾਪ੍ਰਸਤੀ ਦੇ ਅਧਾਰ ਹੀ ਤਹਿ ਕਰਦੇ ਹਨ ।ਪਾਰਲੀਮਾਨੀ ਪ੍ਰਜਾਤੰਤਰ ਦੀ ਬੁਨਿਆਦ ਬਹੁਵਾਦ ਦੇ ਮਾਪਦੰਡਾਂ ਤੇ ਨਿਰਭਰ ਹੈ, ਅਜਿਹੇ ਬਹੁਵਾਦੀ ਪਾਰਲੀਮਾਨੀ ਪ੍ਰਜਾਤੰਤਰ ਵਿੱਚ, ਘੱਟਗਿਣਤੀਆਂ ਦੀ ਕੋਈ ਲਾਹੇਵੰਦ ਭਾਗੇਦਾਰੀ ਤੇ ਗੌਰਵਮਈ ਭੂਮਿਕਾ ਦੀ ਕੋਈ ਸਪਸ਼ਟ ਜ਼ਾਮਨੀ ਨਹੀਂ ਲੱਭਦੀ। ਬਹੁਵਾਦ ਅਤੇ ਧਰਮ ਨਿਰਪੱਖ ਪਰਜਾਤੰਤਰ, ਦੋਵ੍ਹੇਂ ਪਰਸਪਰ ਵਿਰੋਧੀ ਧਾਰਨਾਵਾਂ ਹਨ, ਇਨ੍ਹਾਂ ਦੇ ਸਿਰਲੇਖ ਤੇ ਉਲੇਖ ਤਾਂ ਸਹੀ ਹਨ ਪਰ ਵਾਸਤਿਵ ਵਿੱਚ ਇਸ ਨੂੰ ਅਮਲੀ ਰੂਪ ਦੇਣ ਦੀ ਕਿਰਿਆ ਅਸੰਗਤੀਆਂ ਭਰਪੂਰ ਹੈ।ਸ਼ਾਇਦ ਇਸੇ ਕਾਰਨ ਹੀ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਤੁਰੰਤ ਬਾਦ ਹੀ, ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਬੜੀ ਅਨੁਭਵੀ ਦ੍ਰਿਸ਼ਟੀ ਨਾਲ ਇੱਕ ਇਤਹਾਸਿਕ ਟਿਪਣੀ ਕਰਦਿਆਂ ਆਖ਼ਿਆ ਸੀ ਕਿ \" ਭਾਰਤ ਦੀ ਰਾਜਨੀਤੀ ਵਿੱਚ ਇੱਕ ਨਵੇਂ ਸਿਧਾਂਤ ਦਾ ਅਵਿਸ਼ਕਾਰ ਹੋਇਆ ਹੈ, ਉਹ ਇਹ ਕਿ ਜੇ ਦੇਸ ਦੀ ਬਹੁਗਿਣਤੀ, ਦੇਸ਼ ਦੀਆਂ ਘੱਟ ਗਿਣਤੀਆਂ ਤੇ ਆਪਣੀ ਕੋਈ ਮਰਜ਼ੀ ਠੋਸਣਾ ਚਾਹੇ ਤਾਂ ਉਸਨੂੰ ਰਾਸ਼ਟਰਵਾਦ ਦਾ ਨਾਮ ਦੇ ਕੇ ਸਤਕਾਰਿਆਂ ਅਤੇ ਫਿਰ ਠੋਸ ਦਿੱਤਾ ਜਾਂਦਾ ਹੈ ਤੇ ਜੇ ਘੱਟਗਿਣਤੀਆਂ ਦੇਸ਼ ਦੇ ਰਾਜ ਭਾਗ ਵਿੱਚ ਸਹੀ ਤੇ ਲਾਹੇਵੰਦ ਭਾਗੇਦਾਰੀ ਦੀ ਗੱਲ ਕਰਨ, ਤਾਂ ਉਸਨੂੰ ਫਿਰਕਾ-ਪ੍ਰਸਤੀ ਆਖ ਕੇ ਭੰਡ ਦਿੱਤਾ ਜਾਂਦਾ ਹੈ\"।ਅੱਜ ਵੀ ਹਾਲਾਤ ਦੇ ਵਰਤਾਰੇ, ਦੇਸ਼ ਦੀਆਂ ਘੱਟਗਿਣਤੀਆਂ ਲਈ ਕੋਈ ਸਾਰਥਿਕ ਅਤੇ ਸੁਰੱਖਿਅਤ ਮਾਹੌਲ ਸਿਰਜਣ ਵੱਲ ਨਹੀਂ ਜਾ ਰਹੇ।ਠੀਕ ਉਸੇ ਤਰਜ਼ ਤੇ ਦੇਸ ਵਿੱਚ ਸਾਰੇ ਦਾ ਸਾਰਾ ਰਾਜਨੀਤਕ ਵਾਤਾਵਰਣ ਤੇ ਘਟਨਾਕ੍ਰਮ ਫਿਰਕਾਦਾਰਾਨਾ ਨੀਤੀਆਂ ਤੇ ਫਿਰਕਾਪ੍ਰਸਤੀ ਦੇ ਅਧਾਰ ਤੇ ਹੀ ਕਿਰਿਆਸ਼ੀਲ ਹੁੰਦਾ ਹੈ। ਇਸ ਸਿਧਾਂਤ ਦੀ ਪੂਰਤੀ ਅਤੇ ਫ਼ਲਸਰੂਪ ਹੀ ਮਜ਼ਬ੍ਹੀ ਦੰਗੇ ਫਸਾਦ ਹੁੰਦੇ ਹਨ, ਮਾਸੂਮਾ ਦੇ ਸ਼ਮਸ਼ਾਨ ਬਲਦੇ ਹਨ ਅਨੇਕਾਂ ਬੇਗੁਨਾਹ ਲੋਕ ਦਫ਼ਨ ਹੁੰਦੇ ਹਨ। ਮਖੌਟਿਆਂ ਦੀ ਰਾਜਨੀਤੀ ਵਿੱਚ, ਮਾਸੂਮ ਲੋਕਾਂ ਦੀ ਚੀਖ਼ੋਪੁਕਾਰ ਦੇ ਕੋਈ ਅਰਥ ਨਹੀਂ, ਇਹ ਤਾਂ ਬੇਗੁਨਾਹਾਂ ਦੀਆਂ ਸਿਸਕੀਆਂ ਤੇ ਮਾਤਮਾਂ ਵਿੱਚੋਂ ਵੀ ਵੋਟਾਂ ਭਾਲਦੀ ਹੈ।ਲਾਸ਼ਾਂ ਦੀਆਂ ਗਿਣਤੀਆਂ-ਮਿਣਤੀਆਂ ਦੇ ਸੂਖ਼ਮ ਵਿਸ਼ਲੇਸ਼ਣਾਂ ਵਿੱਚੋਂ ਵੀ ਰਾਜਨੀਤਕ ਸਵਾਰਥਾਂ ਦੇ ਅਰਥ ਕਰਦੀ ਲੱਭਦੀ ਹੈ।ਸਫ਼-ਏ-ਮਾਤਮ ਤੇ ਬਹਿ ਕੇ ਵੇ, ਤਪਕਾਤੀ ਨਫ਼ਰਤਾਂ ਦੇ ਬੀਜ ਬੀਜਣਾ ਇਸ ਦੀ ਫ਼ਿਤਰਤ ਬਣ ਚੁੱਕੀ ਹੈ, ਬਸਤੀਆਂ ਉਜਾੜਨਾ, ਸ਼ਮਸ਼ਾਨਾਂ ਅਤੇ ਕਬਰਾਂ ਵਿੱਚ ਲਿਬਾਸ ਬਦਲ-ਬਦਲ ਕੇ ਖੇਖਨ ਕਰਨੇ, ਇਸ ਧਰਮ ਨਿਰਪੱਖ ਦੇਸ ਦੀ, ਰਾਜਨੀਤਕ ਵਿਉਂਤ ਬੰਦੀ ਦਾ ਹਿੱਸਾ ਹੀ ਬਣ ਚੁੱਕਾ ਹੈ , ਇਹ ਕਦੇ ਬੁਰਕੇ ਪਹਿਨ ਕੇ ਬਸਤੀਆਂ ਉਜਾੜਦੀ ਹੈ ਕਦੇ ਬੁਰਕੇ ਉਤਾਰ ਕੇ ਘੱਟ ਗਿਣਤੀਆਂ ਦੇ ਫ਼ਿਰਕਿਆਂ ਦੀ ਵਿਲੱਖਣ ਪਹਿਚਾਣ ਦੇ ਗਲਾਂ ਵਿੱਚ ਟਾਇਰ ਪਾ ਕੇ ਨੂੰ ਜਲਾ ਦਿੰਦੀ ਹੈ । ਜਿੱਥੇ ਦੇਸ ਦੀ ਅਦਲੀਆ ਅੰਨ੍ਹੀ, ਕਾਣੀ ਤੇ ਬੋਲੀ ਹੋਵੇ, ਜਿੱਥੇ ਇਨਸਾਫ਼ ਮੂਕ ਦਰਸ਼ਕ ਹੋਵੇ, ਉੱਥੇ ਘੱਟ ਗਿਣਤੀਆਂ ਦੇ ਸਿਵੇ ਤਾਂ ਬਲਦੇ ਹੀ ਰਹਿਣਗੇ ।ਅਜੇਹੀ ਪ੍ਰਚੱਲਤ ਵਿਵਸਥਾ ਨੂੰ ਧਰਮ ਨਿਰਪੱਖਤਾ ਦਾ ਨਾਮ ਦੇਣਾ, ਦੇਸ਼ ਦੀਆਂ ਘੱਟ ਗਿਣਤੀਆਂ ਦੇ ਅੱਲੇ ਜ਼ਖ਼ਮਾਂ ਨਾਲ ਇਸ ਤੋਂ ਵੱਡਾ ਭੱਦਾ ਤੇ ਘਿਨਾਉਂਣਾ ਮਜ਼ਾਕ ਹੋਰ ਕੀ ਹੋ ਸਕਦਾ ਹੈ? ਬੇਗੁਨਹਾਂ ਦੀ ਮਈਅਤ ਚੁੱਕੀਂ ਕਬਰਾਂ ਨੂੰ ਜਾ ਰਹੇ, ਚੀਖ਼ਦੇ ਕਾਫ਼ਿਲਿਆਂ ਦੇ ਕੰਨਾਂ ਵਿੱਚ, ਸ਼ਇਰੇ ਮਸ਼ਰਿਕ ਸਰ ਮੁਹੰਮਦ ਇਕਬਾਲ ਦੇ ਇਹ ਸਦੀਵੀ ਬੋਲ ਗੂੰਜ ਰਹੇ ਹਨ,
\" ਮੈਂ ਨਾ-ਖ਼ੁਸ਼ ਬੇਜ਼ਾਰ ਹੂੰ ਮਰਮਰ ਕੀ ਸਿਲੋਂ ਸੇ,
ਮੇਰੇ ਲਿਏ ਮਿੱਟੀ ਕਾ ਹਰਮ ਔਰ ਬਨਾ ਦੋ\"
-
ਬੀਰ ਦਵਿੰਦਰ ਸਿੰਘ, ਸਾਬਕਾ ਡਿĄ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.