ਵਿਦੇਸ਼ ਨੀਤੀ ਉਹ ਸ਼ੀਸ਼ਾ ਹੁੰਦੀ ਹੈ ਜਿਸ ਵਿਚ ਸਾਡਾ ਚਿਹਰਾ- ਮੁਹਰਾ , ਸਾਨੂੰ ਨਹੀਂ , ਬਾਕੀ ਦੁਨੀਆ ਨੂੰ ਦਿਸਦਾ ਹੈ | ਦੁਨੀਆ ਇਸ ਵਿਚੋਂ ਸਾਡੇ ਨਕਸ਼ ਤਲਾਸ਼ਦੀ ਹੈ | ਸਾਡੀ ਸਮਝਦਾਰੀ, ਸਾਡੀ ਸਿਆਣਪ , ਸਾਡੀ ਪਰਪੱਕਤਾ , ਸਾਡੀ ਗੰਭੀਰਤਾ, ਸਾਡਾ ਤਜਰਬਾ .... ਸਭ ਕੁਝ ਸਾਡੀ ਵਿਦੇਸ਼ ਨੀਤੀ ਵਿਚੋਂ ਝਲਕਨਾ ਚਾਹੀਦਾ ਹੈ | ਸਾਡੇ ਦੇਸ਼ ਦਾ ਵਿਦੇਸ਼ ਮੰਤਰੀ ਜਦ ਕੁਝ ਬੋਲੇ ਤਾਂ ਪੂਰੀ ਦੁਨੀਆ ਉਸ ਨੂੰ ਟਿਕਟਿਕੀ ਲਾ ਕੇ ਵੇਖੇ ਤੇ ਸਾਹ ਰੋਕ ਕੇ ਸੁਣੇ.. ਕਿ ਕੋਈ ਸਮਝਦਾਰ ਆਦਮੀ ਬੋਲ ਰਿਹਾ ਹੈ , ਕਿ ਕੋਈ ਸਿਆਸੀ ਭਵਿਖਬਾਣੀ ਹੋ ਰਹੀ ਹੈ , ਕਿ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਆਕਾਸ਼ਵਾਣੀ ਹੋ ਰਹੀ ਹੈ |
ਪਰ,.......... ਹੁੰਦਾ ਕੀ ਹੈ ????
ਦੁਨੀਆ ਇਹ ਵੇਖ ਕੇ ਹੈਰਾਨ ਹੁੰਦੀ ਹੈ ਤੇ ਮੁਸਕੜੀਏ ਹੱਸਦੀ ਵੀ ਹੈ ਕਿ ਭਾਰਤ ਦਾ ਵਿਦੇਸ਼ ਮੰਤਰੀ s . m . ਕ੍ਰਿਸ਼ਨਾ, UNO ਵਿਚ ਭਾਸ਼ਣ ਦੇਣ ਵੇਲੇ ਆਪਣੇ ਦੇਸ਼ ਦਾ ਭਾਸ਼ਣ ਪੜ੍ਹਨ ਦੀ ਬਜਾਇ, ਪੁਰਤਗਾਲ ਦੇਸ਼ ਦੇ ਭਾਸ਼ਣ ਵਾਲੀ ਸਲਿੱਪ ਹੀ ਪੜ੍ਹ ਜਾਂਦਾ ਹੈ ਤੇ ਫਿਰ ਭੋਰਾ ਵੀ ਸ਼ਰਮਿੰਦਾ ਨਹੀਂ ਹੁੰਦਾ , ਉਲਟਾ ਕਹਿੰਦਾ ਹੈ ਕਿ ਫਿਰ ਕੀ ਹੋਇਆ ? ਸਾਰੇ ਭਾਸ਼ਣ ਇੱਕੋ ਜਿਹੇ ਹੀ ਤਾਂ ਹੁੰਦੇ ਹਨ | ਕਿਹੋ ਜਿਹੇ absent minded ਲੋਕ, ਦੁਨੀਆ ਦੇ ਸਾਹਮਣੇ ਸਾਡਾ ਪਖ ਰਖਣ ਲਈ ਭੇਜੇ ਜਾਂਦੇ ਹਨ ?
ਗੱਲ ਸਿਰਫ ਅੱਜ ਦੀ ਹੀ ਨਹੀਂ ਹੈ | ਆਜ਼ਾਦੀ ਤੋਂ ਲੈ ਕੇ 17 ਵਰ੍ਹੇ ਤੱਕ , ਸਾਡੀ ਵਿਦੇਸ਼ ਨੀਤੀ ਨਹਿਰੂ ਦੇ ਆਦਰਸ਼ਵਾਦ ਦੀ ਭੇਟ ਚੜ੍ਹੀ ਰਹੀ | ਕਦੇ ਪੰਚਸ਼ੀਲ ਦਾ ਸਿਧਾਂਤ , ਕਦੇ ਹਿੰਦੀ- ਚੀਨੀ ਭਾਈ ਭਾਈ , ਸਾਰੇ ਹਥਿਆਰ ਸਮੁੰਦਰ ਵਿਚ ਸੁੱਟ ਦੇਣ ਦੇ ਨਾਅਰੇ | ਗੱਲ ਕੀ , ਨਹਿਰੂ ਸਾਹਿਬ ਨੇ ਵਿਦੇਸ਼ ਨੀਤੀ ਨੂੰ ਪਰੀ ਕਹਾਣੀਆਂ ਵਰਗੀ ਬਣਾ ਕੇ ਰਖ ਦਿੱਤਾ |ਨਤੀਜਾ : ਚੀਨ ਨੇ ਸਾਡਾ ਰਗੜਾ ਬੰਨ੍ਹ ਕੇ ਰਖ ਦਿੱਤਾ | ਅੱਜ ਤਕ ਅਸੀਂ ਉਸ ਤੋਂ ਆਪਣਾ ਖੋਹਿਆ ਇਲਾਕਾ ਵਾਪਸ ਨਹੀਂ ਲੈ ਸਕੇ |ਪਾਕਿਸਤਾਨ ਦੇ ਮਾਮਲੇ ਵਿਚ ਫੌਜੀ ਰਣਨੀਤਕਾਂ ਦੀ ਗੱਲ ਨਹੀਂ ਮੰਨੀ , ਕਸ਼ਮੀਰ ਮਸਲੇ ਨੂੰ UNO ਵਿਚ ਲਿਜਾ ਕੇ ਅਧਾ ਕਸ਼ਮੀਰ ਗਵਾ ਲਿਆ ਤੇ ਦੇਸ਼ ਦੀ ਹਿੱਕ ਤੇ ਸਦਾ ਲਈ ਪਿੱਪਲ ਲਗਵਾ ਦਿੱਤਾ | ਉਸਤ੍ਰਿਆਂ ਦੀ ਮਾਲਾ ਗਲ ਪਾ ਲਈ |
ਇਹੀ ਕੰਮ ਇੰਦਰਾ ਗਾਂਧੀ ਕਰਦੀ ਰਹੀ | ਸੋਚ ਤਾਂ ਪੂੰਜੀਵਾਦੀ ਸੀ ਪਰ ਦੋਸਤੀ ਸਮਾਜਵਾਦੀ ਰੂਸ ਨਾਲ ਰਖੀ | ਪੂੰਜੀਵਾਦੀ ਅਮਰੀਕਾ ਨੂੰ ਪਾਕਿਸਤਾਨ ਵੱਲ ਤੋਰ ਦਿੱਤਾ | ਫਿਰ 1991 ਵੇਲੇ ਨਤੀਜਾ ਤਾਂ ਦੇਸ਼ ਨੂੰ ਹੀ ਭੁਗਤਨਾ ਪਿਆ | ਰੂਸ ਤਬਾਹ ਹੋ ਗਿਆ ਤੇ ਸਾਨੂੰ ਅਮਰੀਕਾ ਤੋਂ ਉਧਾਰ ਮੰਗ ਕੇ ਘਰ ਚਲਾਉਣਾ ਪੈ ਗਿਆ | ਪਹਿਲਾਂ ਇੰਨੇ ਸਾਲ ਕਿਹੜਾ ਅਮਰੀਕੀ ਡਾਲਰ ਕੌੜੇ ਸੀ, ਉਦੋਂ ਕਿਉਂ ਨਾ ਲਏ ? ਉਦੋਂ ਕਿਉਂ ਆਪਣੇ ਆਪ ਨੂੰ ਧੱਕੇ ਨਾਲ ਹੀ ਸਮਾਜਵਾਦੀ ਸਿਧ ਕਰਦੇ ਰਹੇ ? ਕਿੰਨੇ ਮੌਕੇ ਖੁੰਝਾ ਦਿੱਤੇ , ਕਦੇ ਲਾਇਆ ਹਿਸਾਬ ?
ਮਿਆਂਮਾਰ (ਬਰਮਾ ) ਵਿਚਲੇ ਫੌਜੀ ਰਾਜ ਦਾ ਵਿਰੋਧ ਕਰਕੇ ਵੀ ਅਸੀਂ ਆਪਣੇ ਆਦਰਸ਼ਵਾਦ ਦੀ FANTASY ਵਿਚ ਹੀ ਜਿਉਂਦੇ ਰਹੇ | ਇਸ ਨਾਲ ਮਿਆਂਮਾਰ ਵਾਸੀਆਂ ਦਾ ਅਸੀਂ ਕੀ ਸਵਾਰ ਦਿੱਤਾ ? ਉਲਟਾ ਚੰਗੇ ਭਲੇ ਗੁਆਂਢੀ ਦੇਸ਼ ਨੂੰ ਚੀਨ ਦੀ ਝੋਲੀ ਵਿਚ ਸੁੱਟ ਦਿੱਤਾ | ਅੱਜ ਫਿਰਦੇ ਹਾਂ ਉਥੇ ਸੌ -ਸੌ ਜੁਗਾੜ ਲਾਉਂਦੇ | ਪਰ ਚੀਨ ਦੀ ਲਾਬੀ ਉਸ ਦੇਸ਼ ਵਿਚ ਸਾਡੇ ਪੈਰ ਨਹੀਂ ਲੱਗਣ ਦੇ ਰਹੀ | ਬੰਗਲਾ ਦੇਸ਼ ਨੂੰ ਪਾਕਿਸਤਾਨ ਤੋਂ ਵਖਰਾ ਤਾਂ ਕਰਵਾ ਦਿੱਤਾ ਪਰ ਆਪਣੇ ਨਾਲ ਜੋੜਨਾ ਭੁੱਲ ਗਏ | ਉਹ ਸ਼ੇਖ ਹਸੀਨਾ ਦੀ ਸਰਕਾਰ ਵੇਲੇ ਤਾਂ ਸਾਡਾ ਹੁੰਦਾ ਹੈ ਪਰ ਖਾਲਿਦਾ ਜ਼ਿਆ ਦੀ ਸਰਕਾਰ ਵੇਲੇ ਦੁਸ਼ਮਨਾਂ ਦੀ ਕਤਾਰ ਵਿਚ ਖੜਾ ਹੁੰਦਾ ਹੈ | ਸ਼੍ਰੀਲੰਕਾ ਅੱਜ ਪਾਕਿਸਤਾਨ ਤੇ ਚੀਨ ਦਾ ਪਖ ਵਧ ਪੂਰਦਾ ਹੈ | ਮਾਲਦੀਵ ਵੀ ਚੀਨ ਨੂੰ ਫੌਜੀ ਅੱਡੇ ਦਿੰਦਾ ਫਿਰਦਾ ਹੈ |
ਅਫਗਾਨਿਸਤਾਨ ਵਿਚ ਵੀ ਅਸੀਂ ਤਾਂ ਸੜਕਾਂ ਬਣਾਉਂਦੇ ਹੀ ਰਹਿ ਜਾਣਾ ਹੈ | ਖਣਿਜ ਪਦਾਰਥਾਂ ਵਾਲੀ ਮੇਥੀ ਤਾਂ ਚੀਨ ਨੇ ਹੀ ਮੁਛ ਜਾਣੀ ਹੈ | ਅਫਰੀਕਾ ਵਿਚ ਵੀ ਚੀਨੀ ਕੰਪਨੀਆਂ ਨੇ ਸਾਡੀ ਭੂਤਨੀ ਭੁਲਾ ਰਖੀ ਹੈ |
ਇੱਕ ਸਾਡੇ ਅੱਜ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਜੀ ਹਨ | ਫਾਰੂਖਾਬਾਦ ਵਿਚ ਤਾਂ ਕੇਜਰੀਵਾਲ ਨੂੰ ਦਬਕੇ ਮਾਰਦੇ ਹਨ ਤੇ ਪਾਕਿਸਤਾਨ ਬਾਰੇ ਬਿਆਨ ਦੇਣ ਲੱਗਿਆਂ ਸ਼ਾਹਰੁਖ ਖਾਨ ਵਾਂਗੂ ਜ਼ੁਬਾਨ ਥ੍ਥਲਾਉਣ ਲੱਗ ਜਾਂਦੀ ਹੈ |
ਦੁਨੀਆ ਵੇਖ ਰਹੀ ਹੈ ਸਾਡੀ \'ਪਰਪੱਕ\' ਵਿਦੇਸ਼ ਨੀਤੀ ਨੂੰ ਕਿ ਇਹ ਉਹ ਦੇਸ਼ ਹੈ ਜਿਹੜਾ ਅਗਲੀ ਸੁਪਰ ਪਾਵਰ ਬਣਨ ਦੇ ਸੁਪਨੇ ਲੈਂਦਾ ਹੈ |
ਸੁਪਰ ਪਾਵਰ ਹਥਿਆਰਾਂ ਨਾਲ ਨਹੀਂ, ਵਿਦੇਸ਼ ਨੀਤੀ ਨਾਲ ਬਣਿਆ ਜਾਂਦਾ ਹੈ .
-
By G.S. Gurdit ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.