ਸ੍ਰੀ ਗੁਰੂ ਨਾਨਕ ਦੇਵ ਜੀ ਇਕ ਉੱਚੀ-ਸੁੱਚੀ ਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰੂ ਜੀ ਇਕ ਮਹਾਨ ਚਿੰਤਕ, ਪ੍ਰਭਾਵਸ਼ਾਲੀ ਸਮਾਜਿਕ ਨੇਤਾ, ਨਿਡਰ ਸੁਧਾਰਕ, ਸੁਹਿਰਦ ਉਪਦੇਸ਼ਕ, ਅਦੁੱਤੀ ਰਹੱਸਵਾਦੀ, ਅਣਥੱਕ ਸੈਲਾਨੀ ਅਤੇ ਉੱਚ ਕੋਟੀ ਦੇ ਸ਼ਾਇਰ ਸਨ। ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆਂ ਜਦੋਂ ਭਾਰਤ ਦੀ ਅਵਸਥਾ ਬਹੁਤ ਖਰਾਬ ਚੱਲ ਰਹੀ ਸੀ। ਭਾਰਤ ਦੇ ਸਮਾਜਿਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਿਕ ਢਾਂਚੇ ਵਿਚ ਉਥਲ-ਪੁੱਥਲ ਮੱਚੀ ਹੋਈ ਸੀ। ਹਰ ਪਾਸੇ ਕੂੜ ਦਾ ਬੋਲਬਾਲਾ ਸੀ। ਭੈੜੀਆਂ ਰਸਮਾਂ ਤੇ ਕੁਰੀਤੀਆਂ ਧਰਮ ਦਾ ਅੰਗ ਬਣ ਚੁੱਕੀਆਂ ਸਨ। ਹਾਕਮ ਲੋਕ ਆਮ ਲੋਕਾਂ \'ਤੇ ਬਹੁਤ ਜ਼ੁਲਮ ਕਰ ਰਹੇ ਸਨ। ਇਸਤਰੀ ਸ਼੍ਰੇਣੀ ਦੀ ਦਸ਼ਾ ਤਰਸਯੋਗ ਸੀ। ਸਭ ਪਾਸੇ ਹਾਕਮਾਂ ਦੇ ਅੱਤਿਆਚਾਰ ਹੋ ਰਹੇ ਸਨ, ਭ੍ਰਿਸ਼ਟਾਚਾਰ, ਧੋਖਾ, ਫਰੇਬ ਜ਼ੋਰਾਂ \'ਤੇ ਸੀ। ਹਾਕਮ ਸ਼੍ਰੇਣੀ ਭੋਗ ਵਿਲਾਸ ਵਿਚ ਗ੍ਰਸੀ ਹੋਈ ਸੀ। ਭਾਈ ਗੁਰਦਾਸ ਜੀ ਨੇ ਉਸ ਅਵਸਥਾ ਨੂੰ ਬੜੀ ਚੰਗੀ ਤਰ੍ਹਾਂ ਵਰਣਨ ਕੀਤਾ ਹੈ:
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ। (ਵਾਰ 1:30)
ਇਸ ਤਰ੍ਹਾਂ ਭਾਰਤੀ ਸਮਾਜ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਜਨ ਸਧਾਰਨ ਲੋਕ ਸਾਹਸਹੀਣ, ਨਿਰਾਸ਼ਾਵਾਦੀ ਤੇ ਕਾਇਰ ਬਣ ਚੁੱਕੇ ਸਨ। ਆਤਮ ਵਿਸ਼ਵਾਸ, ਸ੍ਵੈਮਾਨ ਛੱਡ ਚੁੱਕੇ ਸਨ। ਜ਼ਬਰਦਸਤੀ ਧਰਮ ਪਰਿਵਰਤਨ, ਗਊਆਂ ਦਾ ਕਤਲ ਅਤੇ ਮੰਦਿਰ ਤੋੜ ਕੇ ਮਸੀਤਾਂ ਉਸਾਰੀਆਂ ਜਾ ਰਹੀਆਂ ਸਨ। ਭਾਈ ਗੁਰਦਾਸ ਜੀ ਲਿਖਦੇ ਹਨ:
ਠਾਕੁਰ ਦੁਆਰੇ ਢਾਹਿ ਕੈ ਤਿਹਿ ਠਉੜੀ ਮਾਸੀਤ ਉਸਾਰਾ
ਮਾਰਨਿ ਗਊ ਗਰੀਬ ਨੋ ਧਰਤੀ ਉਪਰਿ ਪਾਪੁ ਬਿਥਾਰਾ। (ਵਾਰ 1:20)
ਇਸ ਤਰ੍ਹਾਂ ਦੇ ਹਾਲਾਤਾਂ ਵਿਚ ਸੰਸਾਰ ਨੂੰ ਅਜਿਹੀ ਸ਼ਖ਼ਸੀਅਤ ਦੀ ਲੋੜ ਸੀ ਜੋ ਲੋਕਾਂ ਨੂੰ ਹਾਕਮਾਂ ਦੇ ਜੁਲਮਾਂ ਤੋਂ ਛੁਟਕਾਰਾ ਦਿਵਾ ਸਕੇ। ਇਸ ਤਰ੍ਹਾਂ ਜਗਤ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਨਾਜ਼ੁਕ ਦੌਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਸੁਹਿਰਦਤਾ ਨਾਲ ਭਾਰਤੀ ਲੋਕਾਂ ਨੂੰ ਆਤਮਕ ਤੌਰ ਤੇ ਜਾਗ੍ਰਿਤ ਕੀਤਾ, ਤੇ ਉਨ੍ਹਾਂ ਨੂੰ ਇਸ ਜ਼ੁਲਮ ਦਾ ਡਟ ਕੇ ਟਾਕਰਾ ਕਰਨ ਦੀ ਪ੍ਰੇਰਨਾ ਦਿੱਤੀ। ਧਾਰਮਿਕ ਤੇ ਸਮਾਜਿਕ ਜਾਗ੍ਰਿਤੀ ਲਿਆਉਣ ਤੋਂ ਬਿਨਾਂ ਉਨ੍ਹਾਂ ਨੇ ਲੋਕਾਂ ਵਿਚ ਰਾਜਨੀਤਿਕ ਚੇਤੰਨਤਾ ਵੀ ਪੈਦਾ ਕੀਤੀ। ਇਸ ਮਹਾਨ ਸ਼ਖ਼ਸੀਅਤ (ਗੁਰੂ ਨਾਨਕ ਦੇਵ ਜੀ) ਨੇ ਭਾਰਤ ਦਾ ਭਵਿੱਖ ਬਦਲ ਕੇ ਰੱਖ ਦਿੱਤਾ ਅਤੇ ਸਦੀਆਂ ਤੋਂ ਸੁੱਤੀ ਹੋਈ ਕੌਮ ਨੂੰ ਜਗਾ ਦਿੱਤਾ। ਇਸ ਸੰਬੰਧੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਇਸ ਤਰ੍ਹਾਂ ਸੰਕੇਤ ਕਰਦੇ ਹਨ:
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿੱਖਾਂ ਪੀਲਾਇਆ। (ਵਾਰ 1:23)
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੁਦੀ ਤਿੰਨ ਸੰਮਤ 1526, ਭਾਵ 15 ਅਪ੍ਰੈਲ, 1469 ਈ: ਨੂੰ ਜਿਲ੍ਹਾ ਸੇਖੂਪੁਰਾ ਦੇ ਨਿੱਕੇ ਜਿਹੇ ਪਿੰਡ ਰਾਇ-ਭੋਇ ਦੀ ਤਲਵੰਡੀ ਵਿਚ ਹੋਇਆ ਜੋ ਪਿੱਛੋਂ ਜਾ ਕੇ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਸਿਰਜਨਾ ਵਿਚ ਉਨ੍ਹਾਂ ਦੇ ਪਰਿਵਾਰ ਦਾ ਕਾਫੀ ਹਿੱਸਾ ਸੀ। ਉਨ੍ਹਾਂ ਦੇ ਬਚਪਨ ਸਮੇਂ ਦੀਆਂ ਕਈ ਘਟਨਾਵਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਸ਼ੁਰੂ ਤੋਂ ਹੀ ਦੁਨੀਆਂ ਨਾਲੋਂ ਕੁਝ ਅਲੱਗ ਤੇ ਅਨੋਖੇ ਸਨ। ਵੰਡ ਕੇ ਛਕਣਾ ਤੇ ਸਭ ਨਾਲ ਹਮਦਰਦੀ ਭਰਿਆ ਮਨ ਉਨ੍ਹਾਂ ਦੇ ਵਿਸ਼ੇਸ਼ ਗੁਣ ਸਨ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਨਮ ਸਾਖੀਆਂ ਵਿਚ ਮਿਲ ਜਾਂਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਇਕਲੌਤੇ ਪੁੱਤਰ ਹੋਣ ਕਰਕੇ ਸਾਰੇ ਪਰਿਵਾਰ ਵੱਲੋਂ ਆਪ ਨੂੰ ਬਹੁਤ ਲਾਡ ਪਿਆਰ ਮਿਲਿਆ ਅਤੇ ਆਪ ਦੀ ਵਿਦਿਆ ਲਈ ਹਰ ਪ੍ਰਕਾਰ ਦਾ ਪ੍ਰਬੰਧ ਕੀਤਾ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਿੰਡ ਦੀ ਹੀ ਪਾਠਸ਼ਾਲਾ ਵਿਚ ਪੰਡਿਤ ਗੋਪਾਲ ਦਾਸ ਪਾਸ ਹਿੰਦੀ ਪੜਨ ਲਈ ਭੇਜਿਆ, ਫਿਰ ਪੰਡਿਤ ਬ੍ਰਿਜ ਲਾਲ ਪਾਸ ਸੰਸਕ੍ਰਿਤ ਅਤੇ ਅਖੀਰ ਵਿਚ ਮੌਲਵੀ ਕੁਤਬਦੀਨ ਪਾਸ ਫ਼ਾਰਸੀ ਪੜਨ ਬਿਠਾਇਆ ਗਿਆ। ਪਰੰਤੂ ਆਪ ਇਨ੍ਹਾਂ ਤਿੰਨਾਂ ਉਸਤਾਦਾਂ ਤੋਂ ਪੜਨ ਦੀ ਥਾਂ ਉਨ੍ਹਾਂ ਨੂੰ ਹੀ ਪੜਾਉਣ ਲੱਗ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਵਿਦਿਆ ਦਾ ਅਸਲ ਮਹੱਤਵ ਦੱਸ ਕੇ ਆਪਣੀ ਪ੍ਰਤਿਭਾ ਦੁਆਰਾ ਹੈਰਾਨ ਕਰ ਦਿੱਤਾ। ਇਸ ਤਰ੍ਹਾਂ ਆਪ ਦੇ ਅਧਿਆਤਮਿਕ ਗਿਆਨ ਅੱਗੇ ਤਿੰਨਾਂ ਵਿੱਚੋਂ ਕੋਈ ਵੀ ਨਾ ਠਹਿਰ ਸਕਿਆ।
ਇਸ ਤਰ੍ਹਾਂ ਕੁਝ ਸਮੇਂ ਬਾਅਦ ਕੁੱਲ ਦੀ ਮਰਿਆਦਾ ਮੁਤਾਬਕ ਗੁਰੂ ਸਾਹਿਬ ਨੂੰ ਜਨੇਊ ਪਹਿਨਣ ਲਈ ਘਰ ਦੇ ਪਰੋਹਿਤ ਪੰਡਿਤ ਹਰਦਿਆਲ ਨੂੰ ਬੁਲਾਇਆ ਗਿਆ। ਜਦ ਪੰਡਿਤ ਗੁਰੂ ਸਾਹਿਬ ਨੂੰ ਜਨੇਊ ਪਾਉਣ ਦੀ ਰਸਮ ਕਰਨ ਲੱਗਾ ਤਾਂ ਗੁਰੂ ਸਾਹਿਬ ਨੇ ਬੜੀ ਦਲੇਰੀ ਤੇ ਦ੍ਰਿੜਤਾ ਨਾਲ ਜਨੇਊ ਦੇ ਸਹੀ ਅਰਥ ਸਮਝਾਉਂਦਿਆਂ ਹੋਇਆ ਇਸ ਤਰ੍ਹਾਂ ਕਿਹਾ:
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ (ਪੰਨਾ 471)
ਗੁਰੂ ਸਾਹਿਬ ਦਾ ਕਹਿਣਾ ਸੀ ਕਿ ਮੈਨੂੰ ਤਾਂ ਉਹ ਜਨੇਊ ਪਹਿਨਾਉ ਜੋ ਦੁਬਾਰਾ ਨਾ ਪਾਉਣਾ ਪਵੇ, ਜੋ ਮੇਰੇ ਹੱਥਾਂ ਪੈਰਾਂ ਨੂੰ ਨਿਯੰਤ੍ਰਿਤ ਕਰਕੇ, ਸੁਕਿਰਤ ਵੱਲ ਮੋੜ ਸਕੇ, ਜੋ ਮੇਰੀ ਜੀਭ ਨੂੰ ਮਾੜਾ ਬੋਲਣ ਤੋਂ ਰੋਕ ਸਕੇ। ਜੇ ਇਹ ਜਨੇਊ ਏਨੀ ਸਮਰੱਥਾ ਵਾਲਾ ਨਹੀਂ, ਤਾਂ ਇਹ ਕੇਵਲ ਚਹੁੰ ਕੌਡੀਆਂ ਦੇ ਮੁੱਲ ਦੀ ਸੂਤ ਦੀ ਅੱਟੀ ਮਾਤਰ ਹੈ। ਗੁਰੂ ਸਾਹਿਬ ਉਸ ਵੇਲੇ ਕੇਵਲ ਨੌ ਸਾਲ ਦੇ ਸਨ। ਇਸ ਤਰ੍ਹਾਂ ਉੱਥੇ ਜੋ ਲੋਕ ਬੈਠੇ ਸਨ, ਸਭ ਹੈਰਾਨ ਹੋ ਗਏ ਤੇ ਬ੍ਰਾਹਮਣਾਂ ਤੇ ਪੰਡਿਤਾਂ ਨੂੰ ਹੁਣ ਕੋਈ ਉੱਤਰ ਨਾ ਸੁਝਿਆ। ਪੰਡਿਤਾਂ ਨੂੰ ਹੁਣ ਹਿੰਦੂ ਧਰਮ ਦੀ ਸਦੀਆਂ ਤੋਂ ਖੜੀ ਦੀਵਾਰ ਹਿਲਦੀ ਜਾਪੀ।
ਗੁਰੂ ਸਾਹਿਬ ਦੇ ਸਮੇਂ ਹਿੰਦੁਸਤਾਨ ਵਿਚ ਬ੍ਰਾਹਮਣਾਂ, ਕਾਜ਼ੀਆਂ ਤੇ ਜੋਗੀਆਂ ਦਾ ਬੋਲ-ਬਾਲਾ ਸੀ। ਇਹ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਗਰਦਾਨਦੇ ਸਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਅਨੁਸਾਰ ਇਹ ਅਸਲੋਂ ਧਰਮ ਤੋਂ ਸੱਖਣੇ ਸਨ। ਇਨ੍ਹਾਂ ਨੇ ਆਪਣੇ ਸੁਆਰਥ ਦੀ ਖ਼ਾਤਰ ਧਾਰਮਿਕ ਭੇਖ ਨੂੰ ਅਪਣਾਇਆ ਹੋਇਆ ਸੀ। ਇਸ ਦਾ ਜ਼ਿਕਰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਕੀਤਾ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ ਜੀਆ ਘਾਇ
ਜੋਗੀ ਜੁਗਤਿ ਨ ਜਾਣੈ ਅੰਧੁ£ ਤੀਨੇ ਓਜਾੜੇ ਕਾ ਬੰਧੁ (ਪੰਨਾ 662)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਇਸਤਰੀ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਅਜਿਹੀ ਹਾਲਤ ਵਿਚ ਇਸਤਰੀ ਨੇ ਵੀ ਅਧੀਨਗੀ ਨੂੰ ਆਪਣੇ ਜੀਵਨ ਦਾ ਜਮਾਂਦਰੂ ਅੰਗ ਸਵੀਕਾਰ ਕਰ ਲਿਆ ਸੀ। ਉਨ੍ਹਾਂ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ \'ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜਾ ਕਰ ਦਿੱਤਾ। ਇਸਤਰੀ ਦੇ ਮਾਣ-ਸਤਿਕਾਰ ਅਤੇ ਵਡਿਆਈ ਦੇ ਹੱਕ ਵਿਚ ਬੁਲੰਦ ਕੀਤੀ ਆਵਾਜ਼ ਆਪ ਜੀ ਦੀ ਬਾਣੀ ਵਿੱਚੋਂ ਨਿਹਾਰੀ ਜਾ ਸਕਦੀ ਹੈ। ਆਪ ਜੀ ਦਾ ਫ਼ੁਰਮਾਨ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (ਪੰਨਾ 473)
ਇਸ ਤਰ੍ਹਾਂ ਸਤਿਗੁਰੂ ਜੀ ਨੇ ਊਚ ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੇ ਨਿਖੇਧੀ ਕੀਤੀ। ਇਹ ਨਹੀਂ ਕਿ ਗੁਰੂ ਜੀ ਨੇ ਸਮਾਜ ਦੇ ਲੋਕਾਂ ਨੂੰ ਹੀ ਉਪਦੇਸ਼ ਕੀਤਾ, ਸਗੋਂ ਇਸ \'ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ। ਆਪ ਫ਼ੁਰਮਾਉਂਦੇ ਹਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ (ਪੰਨਾ 15)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਮੂਲ ਮੰਤਰ ਵਿਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ। ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਨੇ ਸਚਿਆਰ ਮਨੁੱਖ ਦੀ ਅਵਸਥਾ ਬਿਆਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਾਮ ਸਿਮਰਨ ਦੁਆਰਾ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਮਨ ਜਾਗ੍ਰਿਤ ਹੋ ਜਾਂਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਆਪਣੇ ਮਨ ਨੂੰ ਟਿਕਾਈ ਰੱਖਦੇ ਹਨ, ਉਹ ਉਸੇ ਵਿਚ ਅਭੇਦ ਹੋ ਜਾਂਦੇ ਹਨ ਅਤੇ ਨਾਮ ਮਾਰਗ ਉੱਪਰ ਚੱਲ ਕੇ ਸਰਬੱਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ। ਗੁਰੂ ਸਾਹਿਬ ਫ਼ੁਰਮਾਉਂਦੇ ਹਨ:
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ (ਪੰਨਾ 8)
ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਪਵਿੱਤਰ ਕਮਾਈ ਉਹੀ ਹੈ, ਜਿਹੜੀ ਇਮਾਨਦਾਰੀ ਨਾਲ ਕੀਤੀ ਗਈ ਹੋਵੇ। ਝੂਠ ਬੋਲ ਕੇ ਅਤੇ ਠੱਗੀ ਮਾਰ ਕੇ ਕੀਤੀ ਕਮਾਈ ਹੱਕ-ਸੱਚ ਦੀ ਕਮਾਈ ਨਹੀਂ ਕਹੀ ਜਾ ਸਕਦੀ। ਰਿਸ਼ਵਤ ਲੈ ਕੇ ਜਾਂ ਭ੍ਰਿਸ਼ਟ ਤਰੀਕੇ ਨਾਲ ਕੀਤੀ ਕਮਾਈ ਲੋਕਾਂ ਦਾ ਖੁਨ ਚੂਸਣ ਦੇ ਬਰਾਬਰ ਹੈ। ਇੱਥੇ ਹੀ ਬੱਸ ਨਹੀਂ, ਹੱਕ-ਸੱਚ ਦੀ ਕੀਤੀ ਕਮਾਈ ਨੂੰ ਵੰਡ ਛਕਣ ਦਾ ਉਪਦੇਸ਼ ਵੀ ਗੁਰੂ ਜੀ ਦਾ ਵਿਲੱਖਣ ਸਿਧਾਂਤ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ (ਪੰਨਾ 1245)
ਕਿਛੁ ਹਥਹੁ ਦੇਇ ਦਾ ਸਿਧਾਂਤ ਦੂਜੇ ਧਾਰਮਿਕ ਮੱਤਾਂ ਦੇ ਦਾਨ ਆਦਿ ਦੇ ਸਿਧਾਂਤ ਨਾਲੋਂ ਵਿਲੱਖਣ ਅਰਥ ਰੱਖਦਾ ਹੈ, ਕਿਉਂਕਿ ਦੂਜੇ ਮੱਤਾਂ ਵਿਚ ਦਾਨ ਆਪਣੇ ਨਿੱਜੀ ਹਿੱਤ ਜਾਂ ਅਗਲੇ ਜਨਮ \'ਚ ਚੰਗੇ ਫਲ ਦੀ ਕਾਮਨਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ, ਪਰ ਗੁਰੂ ਸਾਹਿਬ ਨੇ ਦਾਨ ਦੇ ਅਰਥ ਨੂੰ ਕਿਸੇ ਮਕਸਦ ਦੀ ਪੂਰਤੀ ਜਾਂ ਵਿਅਕਤੀਗਤ ਲਾਭ ਨੂੰ ਮੁੱੱਖ ਰੱਖ ਕੇ ਨਹੀਂ ਕੀਤੇ, ਸਗੋਂ ਉਨ੍ਹਾਂ ਦੇ ਇਸ ਸਿਧਾਂਤ ਵਿੱਚੋਂ ਸਰਬੱਤ ਦੇ ਭਲੇ ਦੀ ਖਾਹਿਸ਼ ਉਜਾਗਰ ਹੁੰਦੀ ਹੈ। ਵੰਡ ਛਕਣ ਜਾਂ ਲੋੜਵੰਦਾਂ ਦੀ ਸਹਾਇਤਾ ਕਰਨ ਬਾਰੇ ਗੁਰੂ ਜੀ ਦੇ ਹੁਕਮ ਨਾਲ ਸ਼ਰਤ ਇਹ ਹੈ ਕਿ ਸਹਾਇਤਾ ਮਿਹਨਤ ਅਥਵਾ ਘਾਲਿ ਦੀ ਕਮਾਈ ਵਿੱਚੋਂ ਹੋਣੀ ਚਾਹੀਦੀ ਹੈ।
ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿਚ ਸਰਬੱਤ ਦੇ ਭਲੇ ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ-ਦਰਸ਼ਨ ਕਰਕੇ ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਸਾਨੂੰ ਵੀ ਲੋੜ ਹੈ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਦੀ, ਤਾਂ ਹੀ ਸਾਡਾ ਮਨੁੱਖਾ ਜੀਵਨ ਸਫਲਾ ਹੋ ਸਕਦਾ ਹੈ।
-
ਜੱਥੇਦਾਰ ਅਵਤਾਰ ਸਿੰਘ, ਪ੍ਰਧਾ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.