ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਰਵਾ ਚੌਥ ਵਰਤ ਕਤੱਕ ਵਦੀ ਚੌਥ ਨੂੰ ਸੁਹਾਗਣ ਇਸਤਰੀਆਂ ਵੱਲੋਂ ਇੱਕ ਦਿਨ ਲਈ ਰੱਖਿਆ ਜਾਂਦਾ ਹੈ। ਮਹਿਲਾਵਾਂ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪੇਕਿਆਂ ਤੋਂ ਸਰਗੀ ਵਿੱਚ ਆਏ ਖਾਣ-ਪਾਣ ਦੀ ਵਰਤੋਂ ਕਰਦਿਆਂ ਵਰਤ ਸ਼ੁਰੂ ਕਰਿਆ ਕਰਦੀਆਂ ਹਨ । ਫਿਰ ਸਾਰਾ ਦਿਨ ਕੁੱਝ ਨਹੀਂ ਖਾਧਾ ਜਾਂਦਾ । ਰਾਤ ਵੇਲੇ ਚੰਦ੍ਰਮਾ ਨੂੰ ਕਰੂਏ (ਮਿੱਟੀ ਦਾ ਛੋਟਾ ਜਿਹਾ ਲੋਟਾ) ਨਾਲ ਅਰਗ ਦਿੰਦੀਆਂ ਹਨ ਅਤੇ ਪਤੀ ਦਾ ਮੂੰਹ ਵੇਖ ਕੇ ਵਰਤ ਖੋਹਲਦੀਆਂ ਹਨ। ਕੋਰੇ ਕਰਵੇ (ਮਿੱਟੀ ਦਾ ਲੋਟਾ) ਨਾਲ ਹਰ ਸਾਲ ਇਹ ਭਾਵ ਦਰਸਾਉਂਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਹ ਵਿਆਹ ਸਮੇਂ ਵੀ ਇਸ ਕਰੂਏ ਵਾਂਗ ਕੋਰੀ ਸੀ,ਅਤੇ ਅੱਜ ਵੀ ਉਹ ਵਫਾਦਾਰ ਪਤੀਬਰਤਾ ਹੈ । ਇਸ ਉਪਰੰਤ ਇਹ ਸਵਾਲ ਸਿਰ ਚੁੱਕਦਾ ਹੈ ਕਿ ਸਿਰਫ ਇਸਤਰੀ ਹੀ ਇਹ ਸਬੂਤ ਕਿਉਂ ਦੇਵੇ, ਇਹ ਅਸੂਲ ਤਾਂ ਮਰਦ ਉਪਰ ਵੀ ਬਰਾਬਰ ਲਾਗੂ ਹੁੰਦਾ ਹੈ ਕਿ ਉਹ ਵੀ ਪਵਿੱਤਰ ਇਖ਼ਲਾਕ ਅਤੇ ਵਫ਼ਾਦਾਰੀ ਦਾ ਪ੍ਰਮਾਣ ਦੇਵੇ । ਅਸਲ ਵਿੱਚ ਇਹ ਰੀਤ ਇਸਤਰੀ ਨੂੰ ਪੁਰਸ਼ ਤੋਂ ਨੀਵਾਂ ਦਰਸਾਉਂਣ ਵਾਲੀ ਹੈ । ਪੁਰਸ਼ ਦੀ ਦਾਸੀ ਬਣਕੇ ਰਹਿਣ ਨੂੰ ਪ੍ਰੇਰਿਤ ਕਰਦੀ ਹੈ ।
ਇਸ ਵਰਤ ਨੂੰ ਖੋਹਲਣ ਤੋਂ ਪਹਿਲਾ ਪੂਰੀਆਂ ਸਜ ਧਜ ਕੇ ਇਹ ਸੁਹਾਗਣਾਂ ਆਪਣੇ ਆਪਣੇ ਹੱਥਾਂ ਵਿੱਚ ਮੱਠੀਆਂ, ਬਦਾਮ, ਛੁਹਾਰੇ, ਪੈਸੇ ਆਦਿ ਰੱਖੇ ਵਾਲੇ ਥਾਲ ਲੈ ਕੇ ਗੋਲ ਚੱਕਰ ਵਿੱਚ ਬੈਠਦੀਆਂ ਹਨ,ਜਿਸ ਨੂੰ ਬੇਆ ਵੀ ਕਹਿੰਦੇ ਹਨ । ਬੇਆ ਦੇ ਵਟਾਂਦਰੇ ਸਮੇਂ \'\'ਕਰਵੜਾ ਨੀ ਕਰਵੜਾ ਲੈ ਨੀ ਭੈਣੇ ਕਰਵੜਾ, ਲੈ ਵੀਰੋ ਕੁੜੀਏ ਕਰਵੜਾ, ਲੈ ਸਰਬ ਸੁਹਾਗਣ ਕਰਵੜਾ, ਲੈ ਇੱਛਾਵੰਤੀ ਕਰਵੜਾ, ਲੈ ਭਾਈਆਂ ਦੀ ਭੈਣੇ ਕਰਵੜਾ, ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀਂ ਨਾ, ਸੁੱਤੇ ਨੂੰ ਜਗਾਈਂ ਨਾ, ਰੁੱਸੇ ਨੂੰ ਮਾਨਈਂ ਨਾ, ਪਾਟੜਾ ਸੀਵੀਂ ਨਾ ਕਰਵੜਾ ਵਟਾਇਆ, ਜਿਵੰਦਾ ਝੋਲੀ ਪਾਇਆ \" ਗਾਉਂਦੀਆਂ ਨੂੰ ਸੱਤ ਭਰਾਵਾਂ ਦੀ ਇੱਕ ਭੈਣ ਵਾਲੀ,ਪਤੀ ਦੇ ਸਰੀਰ ਵਿੱਚ 365 ਕੰਡੇ ਖੁੱਭਣ ਵਾਲੀ ਜਾਂ ਹੋਰ ਪ੍ਰਚਲਤ ਮਿਥਿਹਾਸਕ ਕਹਾਣੀਆਂ ਵਿੱਚੋਂ ਕੋਈ ਇੱਕ ਕਹਾਣੀ ਪੰਡਤਾਣੀ ਵੱਲੋਂ ਸੁਣਾ ਕੇ ਹਊਆ ਪੈਦਾ ਕੀਤਾ ਜਾਂਦਾ ਹੈ ।
ਸੁਣਾਈਆਂ ਜਾਂਦੀਆਂ ਕਹਾਣੀਆਂ ਦਾ ਜੇ ਪੋਸਟ ਮਾਰਟਮ ਕਰੀਏ ਤਾਂ ਕਈ ਤਰਾਂ ਦੇ ਸਵਾਲ ਪੈਦਾ ਹੋ ਜਾਂਦੇ ਹਨ। ਕੰਡੇ ਖੁੱਬਿਆਂ ਵਾਲਾ ਰਾਜਾ ਕੌਣ ਸੀ ? ਇਹ ਕਦੋਂ ,ਕਿੱਥੇ ਰਾਜ ਕਰਦਾ ਸੀ ? ਉਸ ਦੀਆਂ ਸੂਈਆਂ ਕੱਢਣ ਲਈ ਕਿਸੇ ਵੈਦ ਨੂੰ ਕਿਉਂ ਨਾ ਸੱਦਿਆ ਗਿਆ ? ਇੱਕ ਜਾਂ ਦੋ ਦਿਨ ਵਿੱਚ ਸੂਈਆਂ ਕੱਢਣ ਦੀ ਬਜਾਇ ਇੱਕ ਸਾਲ ਕਿਓਂ ਲਗਾਇਆ ਗਿਆ ? ਅਖੀਰਲੀ ਸੂਈ ਕੱਢਣ ਤੇ ਹੀ ਰਾਜੇ ਨੂੰ ਹੋਸ਼ ਕਿਉਂ ਆਈ ? ਕੀ ਉਹ 364 ਸੂਈਆਂ ਨਿਕਲਣ ਉਪਰੰਤ ਠੀਕ ਨਹੀਂ ਸੀ ਹੋਇਆ ? ਠੀਕ ਹੋਣ \'ਤੇ ਉਹ ਆਪਣੀ ਪੱਤਨੀ ਦੀ ਪਹਿਚਾਣ ਕਿਵੇਂ ਭੁੱਲ ਗਿਆ ?
ਇਸ ਤੋਂ ਇਲਾਵਾ ਆਪਣੀ ਕਿਸੇ ਮਨੌਤ ਨੂੰ ਮਨਵਾਉਣ ਲਈ ਜਾਂ ਇੱਛਾ ਦੀ ਪੂਰਤੀ ਲਈ ਭੁੱਖੇ ਪਿਆਸੇ ਰਹਿ ਕੇ ਹੱਠ ਕਰਨਾ ਇਸ ਪ੍ਰਕਿਰਿਆ ਦਾ ਜ਼ਰੂਰੀ ਅੰਗ ਹੈ, ਜਿਸਦਾ ਤੱਥਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਦੂਜੀ ਗੱਲ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦਿਆਂ ਅਜਿਹਾ ਕਰਨਾ ਕੁਦਰਤੀ ਅਸੂਲ ਤੋਂ ਪੂਰੀ ਤਰ੍ਹਾਂ ਉਲਟ ਹੈ। ਕੀ ਅਜਿਹੀ ਕਿਰਿਆ ਰੱਬ ਤੋਂ ਆਪਣੀ ਮੰਗ ਮਨਵਾਉਣ ਲਈ ਭੁੱਖ ਹੜਤਾਲ ਵਾਂਗ ਨਹੀਂ ਹੈ ? ਕੀ ਅਜਿਹੀ ਜ਼ਿਦ ਅਤੇ ਹੱਠ ਨਾਲ ਕੁਦਰਤ ਆਪਣਾ ਨਿਯਮ ਬਦਲ ਸਕਦੀ ਹੈ ? ਇਸ ਬਾਰੇ ਇਹ ਕਿਵੇਂ ਪਤਾ ਲਗਦਾ ਹੈ ਕਿ ਵਰਤਣ ਇਸਤਰੀ ਦੇ ਪਤੀ ਦੀ ਉਮਰ ਵਿੱਚ ਕਿੰਨਾਂ ਵਾਧਾ ਹੋਇਆ ਹੈ ਅਤੇ ਪਹਿਲਾਂ ਉਸ ਨੇ ਕਿੰਨੀ ਉਮਰ ਬਿਤਾਉਂਣੀ ਸੀ ? ਜਰਾ ਸੋਚੋ ਜੇਕਰ ਭੁੱਖੇ ਰਹਿਣ ਨਾਲ ਉਮਰ ਦੇ ਵਾਧੇ ਦਾ ਕੋਈ ਸਬੰਧ ਹੋਵੇ ਤਾਂ ਇਸ ਦੇਸ਼ ਵਿੱਚ ਹੀ ਕਿੰਨੇ ਲੋਕ ਹਨ ਜਿਹਨਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਕੀ ਉਹ ਚਿਰੰਜੀਵੀ ਬਣ ਗਏ ਹਨ ?
ਇਸ ਰੀਤ ਵਿੱਚ ਚੰਦ੍ਰਮਾ ਨੂੰ ਦੇਵਤਾ ਮੰਨ ਕੇ ਸਾਰਾ ਕਰਮਕਾਂਡ ਵਾਪਰਦਾ ਹੈ,ਚੰਦ੍ਰਮਾ ਨੂੰ ਵੇਖ ਕੇ ਵਰਤ ਤੋੜਨਾ, ਉਸ ਨੂੰ ਜਲ ਅਰਪਿਤ ਕਰਨਾ, ਉਸ ਦੀ ਪੂਜਾ ਕਰਨੀ, ਆਦਿ ਇਸ ਰਸਮ ਦੇ ਅਹਿਮ ਹਿੱਸੇ ਹਨ। ਪਰ ਚੰਨ ਤਾਂ ਖੁਦ ਹੀ ਇੱਕ ਧਰਤੀ ਹੈ । ਵਰਤ ਰੱਖਣ ਦਾ ਇੱਕ ਵਿਸ਼ੇਸ਼ ਲਾਭ ਇਹ ਜਰੂਰ ਹੈ ਕਿ ਇਸ ਨਾਲ ਬਹੁਤ ਅਨਾਜ ਅਤੇ ਹੋਰ ਸਮਾਨ ਦੀ ਬੱਚਤ ਹੋ ਜਾਂਦੀ ਹੈ । ਸਰੀਰਕ ਸਥਿੱਤੀ ਲਈ ਵੀ ਹਰੇਕ ਨੂੰ ਹਫਤੇ ਵਿੱਚ ਇੱਕ ਦਿਨ ਦਾ ਵਰਤ ਰੱਖਣਾ ਲਾਭਕਾਰੀ ਹੈ । ਪਰ ਇਸ ਦਿਨ ਕੀਤੀ ਜਾਂਦੀ ਗਲਤ ਖਰੀਦਦਾਰੀ ਅਤੇ ਰੀਸੋ ਰੀਸੀ ਖਰਚਾ ਕਰਨਾ ਲਾਭਕਾਰੀ ਨਹੀਂ ਕਿਹਾ ਜਾ ਸਕਦਾ । ਅੱਜ ਬਹੁਤੇ ਕਤਲ ਕੇਸਾਂ ਵਿੱਚ ਇਸਤਰੀ ਦਾ ਹੱਥ ਹੋਣ ਦੇ ਵੀ ਪੁਖਤਾ ਸਬੂਤ ਮਿਲਦੇ ਹਨ ,ਇਸ ਸੰਦਰਭ ਵਿੱਚ ਕਰਵਾ ਚੌਥ ਦੇ ਵਰਤ ਦੀ ਸਥਿੱਤੀ ਕੀ ਛੰਨੇ ਵਿਚਲੇ ਪਾਣੀ ਵਰਗੀ ਨਹੀਂ ਜਾਪਦੀ ?
-
ਰਣਜੀਤ ਸਿੰਘ ਪ੍ਰੀਤ ਮੋਬਾਈਲ: 9815,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.