20ਵੀਂ ਸਦੀ ਦੇ ਮਰਹੂਮ ਸਿਆਸਤਦਾਨ ਸ੍ਰ. ਬਸੰਤ ਸਿੰਘ ਖਾਲਸਾ ਨੂੰ ਸਾਡੇ ਕੋਲੋਂ ਵਿਛੜਿਆ ਅੱਜ ਭਾਵੇਂ 17 ਵਰੇ ਹੋ ਗਏ ਨੇ ਪਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਮੈਨੂੰ ਕੱਲ ਵਾਂਗ ਚੇਤੇ ਆਉਂਦੀਆ ਨੇ ਖਾਸਕਰ ਉਦੋਂ ਜਦੋਂ ਇੱਕੀਵੀਂ ਸਦੀ ਵਾਲੇ ਸਿਆਸਤਦਾਨਾਂ ਦਾ ਵਰਕਰਾਂ ਨਾਲ ਵਾਹ ਵਾਸਤਾ ਦੇਖੀਦਾ ਹੈ। 1994-95 ਵਿੱਚ ਟੈਲੀਫੋਨ ਮਹਿਕਮੇ ਦੇ ਇੱਕ ਅਫਸਰ ਨੇ ਕਿਸੇ ਖੁੰਦਕ ਖਾਤਰ ਮੁੱਲਾਂਪੁਰ ਦਾਖਾ ਟੈਲੀਫੋਨ ਐਕਸਚੇਂਜ ਦੇ ਪੰਜ ਪਿੰਡਾਂ ਰਕਬਾ,ਢੱਟ, ਪੰਡੋਰੀ,ਮੋਰਕਰੀਮਾ ਅਤੇ ਮੰਡਿਆਣੀ ਨੂੰ ਗੈਰ ਅਸੂਲਨ ਤਰੀਕੇ ਨਾਲ ਜਗਰਾਵਾਂ ਕੋਡ ਵਾਲੇ ਪਾਸੇ ਤਬਦੀਲ ਕਰ ਦਿੱਤਾ ਤਾਂ ਕਿ ਇਨ੍ਹਾਂ ਪਿੰਡਾਂ ਨੂੰ ਨਵੇਂ ਕੁਨੈਕਸ਼ਨ ਮਿਲਣ ਵਿੱਚ ਹੋਰ ਦੇਰ ਹੋਵੇ। ਲੁਧਿਆਣਾ ਦੇ ਜਿਲਾ ਦਫਤਰ ਅਤੇ ਅੰਬਾਲੇ ਦੇ ਸੂਬਾਈ ਹੈੱਡਕੁਆਟਰ ਦੇ ਕਈ ਗੇੜੇ ਮਾਰਨ ਤੋਂ ਬਾਅਦ ਜਦੋਂ ਕੋਈ ਗੱਲ ਨਾ ਬਣੀ ਤਾਂ ਇਸ ਕੰਮ ਦੀ ਪੈਰਵੀਂ ਕਰ ਰਹੇ ਪਿੰਡ ਰਕਬਾ ਦੇ ਸਰਪੰਚ ਅਮਰਜੀਤ ਸਿੰਘ ਨੇ ਉਨ੍ਹਾਂ ਦੇ ਪਿੰਡ ਤੋਂ ਲੋਕ ਸਭਾ ਦੀ ਚੋਣ ਲੜੇ ਸ੍ਰ ਸਿਮਰਨਜੀਤ ਸਿੰਘ ਮਾਨ ਤੋਂ ਕੇਂਦਰੀ ਮੰਤਰੀ ਸ੍ਰ. ਬਲਵੰਤ ਸਿੰਘ ਰਾਮੂੰਵਾਲੀਆ ਦੇ ਨਾਂ ਇੱਕ ਚਿੱਠੀ ਲਿਖਾ ਲਈ ਜਿਸ ਵਿੱਚ ਤਾਕੀਦ ਕੀਤੀ ਗਈ ਸੀ ਕਿ ਇਹ 5 ਪਿੰਡਾਂ ਦਾ ਸਾਂਝਾ ਅਤੇ ਜਾਇਜ ਕੇਸ ਹੋਣ ਕਰਕੇ ਹੋਣ ਕਰਕੇ ਟੈਲੀਫੋਨ ਮਹਿਕਮੇ ਤੋਂ ਇਹ ਕੰਮ ਕਰਾਉਣ ਲਈ ਖੇਚਲ ਕੀਤੀ ਜਾਵੇ। ਉਦੋਂ ਪਿੰਡ ਰਕਬਾ ਸੰਗਰੂਰ ਲੋਕ ਸਭਾ ਹਲਕੇ ਵਿੱਚ ਪੈਂਦਾ ਸੀ। ਉਦੋਂ ਐਚ ਡੀ ਦੇਵਗੌੜਾ ਦੀ ਕੇਂਦਰ ਵਿੱਚ ਨਵੀਂ-ਨਵੀਂ ਸਰਕਾਰ ਬਣੀ ਸੀ ਸ੍ਰ ਬਸੰਤ ਸਿੰਘ ਖਾਲਸਾ ਸਣੇ ਅਕਾਲੀ ਦਲ ਦੇ 8 ਐਮ ਪੀ ਲੋਕ ਸਭਾ ਪੁੱਜੇ ਸੀ। ਗੱਲ ਅਗਸਤ 1996 ਦੀ ਹੈ ਰਕਬੇ ਦੇ ਸਰਪੰਚ ਅਮਰਜੀਤ ਸਿੰਘ, ਮਾਸਟਰ ਹਰਚੰਦ ਸਿੰਘ ਸਿੱਧੂ ਰਕਬਾ, ਮੈਂ ਅਤੇ ਇੱਕ ਹੋਰ ਸੱਜਣ ਸ੍ਰ ਮਾਨ ਸਾਹਿਬ ਦੀ ਚਿੱਠੀ ਲੈ ਕੇ ਦਿੱਲੀ ਦੇ ਰਾਹ ਪੈ ਗਏ। ਸਾਨੂੰ ਇਹ ਵੀਂ ਨਹੀਂ ਸੀ ਪਤਾ ਕਿ ਰਾਮੂੰਵਾਲੀਆ ਦੀ ਕੋਠੀ ਕਿੱਥੇ ਹੈ। ਰਾਇ ਹੋਈ ਕਿ ਪੰਜਾਬ ਭਵਨ ਜਾ ਕੇ ਹੀ ਸਭ ਕੁੱਝ ਪਤਾ ਲੱਗੂਗਾ। ਆਥਣ ਦੇ ਟੈਂਮ ਜਦੋਂ ਅਸੀ ਪੰਜਾਬ ਭਵਨ ਅੱਪੜੇ ਤਾਂ ਪੰਜਾਬ ਦੇ ਐਮ ਪੀ ਵੀ ਲੋਕ ਸਭਾ ਤੋਂ ਉੱਥੇ ਪੁੱਜਣੇ ਸ਼ੁਰੂ ਹੋ ਗਏ ਸਨ। ਉਦੋਂ ਤੱਕ ਐਮ ਪੀਆਂ ਨੂੰ ਅਜੇ ਸਰਕਾਰੀ ਕੋਠੀਆ ਅਲਾਟ ਨਹੀਂ ਸੀ ਹੋਈਆ ਜਿਸ ਕਰਕੇ ਪੰਜਾਬ ਦੇ ਐਮ ਪੀਆਂ ਦਾ ਕਿਆਮ ਅਜੇ ਪੰਜਾਬ ਭਵਨ ਵਿੱਚ ਹੀ ਸੀ। ਇੱਕ ਅਕਾਲੀ ਐਮ ਪੀ ਗੱਡੀ ਚੋ ਉਤਰਿਆ ਜੋ ਕਿ ਮੇਰਾ ਚੰਗਾ ਜਾਣੂੰ ਸੀ। ਮੈਂ ਉਹਨੂੰ ਅਗਾਹ ਵੱਧ ਕੇ ਮਿਲਿਆ ਤੇ ਉਹਨੇ ਵੀਂ ਮੇਰਾ ਨਾਂ ਲੈ ਕੇ ਹਾਲ-ਚਾਲ ਪੁੱਛਣ ਦੀ ਚੰਗੀ ਫਾਰਮੈਲਿਟੀ ਕੀਤੀ ਅਤੇ ਭਵਨ ਵਿਚਲੇ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ। ਮੇਰੇ ਨਾਲ ਦੇ ਮੈਨੂੰ ਆਖਣ ਲੱਗੇ ਤਾਂ ਇਹ ਐਮ ਪੀ ਤੇਰਾ ਚੰਗਾ ਵਾਕਫ ਹੈ, ਆਪਣਾ ਕੰਮ ਤਾਂ ਇਹੀ ਕਰਾ ਸਕਦਾ ਹੈ। ਨਾਲੇ ਰਾਮੂੰਵਾਲੀਆ ਤਾਂ ਮੰਤਰੀ ਹੈ ਉਹਦੇ ਕੋਲੇ ਸਾਡੀ ਗੱਲ ਸੁਣਨ ਦਾ ਐਮ ਪੀ ਨਾਲੋਂ ਟੈਮ ਥੋੜਾ ਹੋਊਗਾ। ਮੈਂ ਕਿਹਾ ਠੀਕ ਆ। ਅਸੀਂ ਜਦੇ ਐਮ ਪੀ ਦੇ ਕਮਰੇ ਵਿੱਚ ਵੜ ਗਏ ਅਤੇ ਆਪਣੇ ਕੰਮ ਦੀ ਇੰਟਰੋਡਕਸ਼ਨ ਦਿੱਤੀ। ਐਮ ਪੀ ਸਾਹਿਬ ਕਹਿਣ ਲੱਗੇ ਕਿ ਤੁਸੀ ਹਾਲੇ ਇੱਥੇ ਬੈਠੋ ਮੈਂ 15-20 ਮਿੰਟ ਥਾਈਂ ਆਉਨਾ। ਐਮ ਪੀ ਸਾਹਿਬ ਨਾਲ ਦੇ ਕਮਰੇ ਵਿੱਚ ਜਲੰਧਰ ਕਿਸੇ ਅਖਬਾਰ ਦੇ ਦਫਤਰ ਨੂੰ ਟੈਲੀਫੋਨ ਤੇ ਆਪਣਾ ਬਿਆਨ ਲਿਖਾ ਰਹੇ ਸਨ। ਸਿਆਸਤਦਾਨਾਂ ਨਾਲ ਵਾਹ ਵਾਸਤੇ ਵਿੱਚੋਂ ਨਿਕਲੇ ਤਜਰਬੇ ਕਰਕੇ ਮੇਰੇ ਮਨ ਵਿੱਚ ਦਇਬਾ ਹੋਇਆ ਕਿ ਇਸ ਐਮ ਪੀ ਨੇ ਕੰਮ ਦੀ ਸਾਡੀ ਤਸੱਲੀ ਮੁਤਾਬਿਕ ਪੈਰਵੀਂ ਨਹੀਂ ਕਰਨੀ। ਮੈਂ ਉੱਥੇ ਤੁਰੇ ਜਾਂਦੇ ਪੰਜਾਬ ਭਵਨ ਦੇ ਇੱਕ ਮੁਲਾਜਮ ਤੋਂ ਪੁਛਿਆ ਕਿ ਐਮ ਪੀ ਸ੍ਰ ਬਸੰਤ ਸਿੰਘ ਖਾਲਸਾ ਜੀ ਇੱਥੇ ਹੀ ਠਹਿਰੇ ਹੋਏ ਨੇ ? ਜਵਾਬ ਮਿਲਿਆ ਹਾਂ ਜੀ ! ਉਹ ਹੁਣੇ-ਹੁਣੇ ਆਏ ਨੇ ਫਲਾਣੇ ਕਮਰੇ \'ਚ ਨੇ। ਮੈਂ ਫਟਾਫਟ ਸ੍ਰ ਖਾਲਸਾ ਨੂੰ ਜਾ ਮਿਲਿਆ ਤੇ ਤਾਕੀਦ ਕੀਤੀ, \'\' ਖਾਲਸਾ ਜੀ , ਮੇਰੇ ਨਾਲ ਹਲਕੇ ਦੇ ਬੰਦੇ ਨੇ, ਫਲਾਣੇ ਐਮ ਪੀ ਦੇ ਕਮਰੇ ਵਿੱਚ ਬੈਠੇ ਨੇ, ਮੈਂ ਉਨ੍ਹਾਂ ਨੂੰ ਹੁਣੇ ਥੋਡੇ ਕੋਲ ਲਿਅਉਨਾ ਕੰਮ ਬਾਅਦ \'ਚ ਦੱਸਦਾਂ।\'\' ਖਾਲਸਾ ਜੀ ਆਖਣ ਲੱਗੇ ਤੂੰ ਲਿਆ ਤਾਂ ਸਈ, ਤੂੰ ਕਿਤੇ ਨਿੱਤ-ਨਿੱਤ ਖਾਲਸੇ ਨੂੰ ਕੰਮ ਕਹਿਣੇ ਆਂ।
15-20 ਮਿੰਟ ਬਾਅਦ ਪਹਿਲੇ ਐਮ ਪੀ ਸਾਹਿਬ ਕਮਰੇ ਵਿੱਚ ਆ ਕੇ ਪੁੱਛਣ ਲੱਗੇ ਕਿ ਦੱਸੋ ਕੀ ਕੰਮ ਆਂ। ਅਸੀਂ ਕੰਮ ਦੀ ਜਾਣਕਾਰੀ ਦਿੱਤੀ ਤਾਂ ਉਹ ਕਹਿਣ ਲੱਗੇ ਤੁਸੀ ਮੈਨੂੰ ਆਪਦੀ ਦਰਖਾਸ ਦੇ ਦਿਉ ਮੈਂ ਦੇਖ ਲੂੰਗਾ। ਅਸੀ ਕਿਹਾ ਕਿ ਅੱਛਾ, ਅਸੀ ਦਰਖਾਸ ਲਿਖਾ ਕੇ ਭਲਕੇ ਥੋਨੂੰ ਦੇ ਜਾਵਾਂਗੇ। ਉਥੋਂ ਇਜਾਜਤ ਲੈ ਕੇ ਅਸੀ ਖਾਸਲਾ ਜੀ ਦੇ ਕਮਰੇ ਵਿੱਚ ਚਲੇ ਗਏ। ਮੈਂ ਆਪਣੇ ਸਾਥੀਆ ਨਾਲ ਜਾਣ-ਪਛਾਣ ਕਰਾ ਕੇ ਕੰਮ ਬਾਰੇ ਦੱਸਣ ਲੱਗਿਆ ਤਾਂ ਖਾਲਸਾ ਜੀ ਨੇ ਮੈਨੂੰ ਰੋਕ ਕੇ ਕਿਹਾ ਅਜੇ ਕੰਮ ਦੀ ਗੱਲ ਨਾ ਛੇੜੋਂ ਪਹਿਲਾ ਚਾਹ-ਪਾਣੀ ਛਕੋ। ਸਾਡੇ ਨਾ-ਨਾ ਕਰਦਿਆ ਦੀ ਉਨ੍ਹਾਂ ਨੇ ਚਾਹ-ਪਕੌੜਿਆ ਨਾਲ ਸਾਡੀ ਸੇਵਾ ਕੀਤੀ। ਜਦੋਂ ਫਿਰ ਕੰਮ ਦੀ ਗੱਲ ਛੇੜਨ ਲੱਗੇ ਤਾਂ ਫਿਰ ਟੋਕ ਕੇ ਪੁਛਿਆ, \'\' ਪਹਿਲਾਂ ਇਹ ਦੱਸੋ ਰਿਹਾਇਸ਼ ਦਾ ਕੀ ਇੰਤਜਾਮ ਹੈ?\'\' ਅਸੀ ਕਿਹਾ ਕਿ ਕੋਈ ਨਾ ਜੀ, ਰਿਹਾਇਸ਼ ਦਾ ਇੰਤਜਾਮ ਹੋ ਹੀ ਜਾਊਗਾ, ਤਾਂ ਜਵਾਬ ਮਿਲਿਆ, \'\' ਨਹੀਂ ਨਹੀਂ ਤੁਸੀਂ ਇਨ•ੀ ਦੂਰ ਆਪਣੇ ਐਮ ਪੀ ਨੂੰ ਮਿਲਣ ਪੁੱਜੇ ਹੋ ਹੁਣ ਤੁਸੀਂ ਹੋਟਲਾਂ \'ਚ ਕਿਉਂ ਪੈਸੇ ਖਰਚੋਂ\'\'। ਨਾਲ ਦੀ ਨਾਲ ਉਨ੍ਹਾਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਾਲੀ ਸਰਾਂ ਦੇ ਮੈਨੇਜਰ ਨੂੰ ਕਮਰੇ ਖਾਤਰ ਫੋਨ ਕੀਤਾ ਅਤੇ ਕੰਮ ਹੋਰ ਪੱਕਾ ਕਰਨ ਲਈ ਉਨ੍ਹਾਂ ਨੇ ਆਪਣੇ ਵਿਜ਼ਟਿੰਗ ਕਾਰਡ ਦੇ ਪਿਛਲੇ ਪਾਸੇ ਮੈਨੇਜਰ ਦੇ ਨਾਂ ਆਪਣੀ ਸਿਫਾਰਸ਼ ਵੀਂ ਲਿਖ ਦਿੱਤੀ। ਕਾਰਡ ਸਾਡੇ ਹੱਥ ਵਿੱਚ ਫੜ•ਾ ਕੇ ਆਖਣ ਲੱਗੇ ਹਾਂ! ਹੁਣ ਦੱਸੋ ਕੀ ਕੰਮ ਹੈ। ਖਾਲਸਾ ਜੀ ਦਾ ਵਿਹਾਰ ਦੇਖ ਕੇ ਅਸੀਂ ਸਾਰੇ ਅੱਖਾਂ-ਅੱਖਾਂ ਵਿੱਚ ਮਨ ਬੈਠੇ ਸਾਂ ਕਿ ਸਾਡੇ ਕੰਮ ਦੀ ਪੈਰਵੀਂ ਖਾਲਸਾ ਜੀ ਨਾਲੋਂ ਵਧੀਆ ਕੋਈ ਵਜੀਰ ਵੀਂ ਨਹੀਂ ਕਰ ਸਕਦਾ। ਤਾਂ ਉਨ੍ਹਾਂ ਨੇ ਅਗਲੇ ਦਿਨ ਪਾਰਲੀਮੈਂਟ ਹਾਊਸ ਸੱਦ ਲਿਆ। ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਅਸੀ ਖਾਲਸਾ ਜੀ ਦੇ ਨਾਂ ਅੰਦਰ ਚਿੱਟ ਭੇਜੀ ਤਾਂ ਉਹ 15 ਕੁ ਮਿੰਟ ਬਾਅਦ ਅੰਦਰੋਂ ਸਾਡੇ ਕੋਲੇ ਪਹੁੰਚ ਗਏ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮੈਂ ਟੈਲੀਫੋਨ ਮਹਿਕਮੇ ਦੇ ਵਜੀਰ ਸ੍ਰੀ ਬੈਨੀ ਪ੍ਰਸ਼ਾਦ ਵਰਮਾ ਨੂੰ ਲੋਕ ਸਭਾ ਦੇ ਹਾਲ ਅੰਦਰ ਹੀ ਮਿਲ ਲਿਆ ਹਾਂ ਉਨ੍ਹਾਂ ਨੇ ਆਪਣਾ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਵਜੀਰ ਨੂੰ ਮਿਲਣ ਤੋਂ ਪਹਿਲਾ ਮੈਂ ਮਹਿਕਮੇ ਦੇ ਸਾਬਕਾ ਵਜੀਰ ਸ੍ਰੀ ਸੁਖ ਰਾਮ ਤੋਂ ਇਹ ਕੰਮ ਕਰਾਉਣ ਦੇ ਤਰੀਕਾ-ਏ-ਕਾਰ ਬਾਰ•ੇ ਜਾਣਕਾਰੀ ਲੈ ਲਈ ਸੀ। ਸੁਖ ਰਾਮ ਨੂੰ ਮਿਲਣ ਖਾਤਰ ਉਨ੍ਹਾਂ ਮਗਰ ਪੌੜੀਆ ਵਿੱਚ ਭੱਜਦਿਆ ਠੋਕਰ ਖਾ ਕੇ ਖਾਲਸਾ ਜੀ ਦੇ ਪੈਰ ਦਾ ਅਗੂੰਠਾ ਵੀਂ ਠੁਕ ਗਿਆ ਸੀ। ਕੁੱਝ ਦਿਨਾਂ ਬਾਅਦ ਟੈਲੀਫੋਨ ਮਹਿਕਮੇ ਦੇ ਦਫਤਰ ਵਲੋਂ ਸਾਨੂੰ ਇੱਕ ਚਿੱਠੀ ਮਿਲੀ ਜਿਸ ਵਿੱਚ ਸ੍ਰ ਬਸੰਤ ਸਿੰਘ ਖਾਲਸਾ ਅਤੇ ਵਜੀਰ ਬੈਨੀ ਪ੍ਰਸ਼ਾਦ ਵਰਮਾ ਵਿਚਕਾਰ ਸਾਡੇ ਕੰਮ ਖਾਤਰ ਹੋਈ ਮੁਲਾਕਾਤ ਦਾ ਜਿਕਰ ਸੀ। ਉਨੀ ਦਿਨੀ ਕੋਈ ਮੋਬਾਇਲ ਫੋਨ ਨਹੀਂ ਸੀ ਹੁੰਦਾ ਅਤੇ ਨਾ ਹੀ ਵਰਕਰਾਂ ਕੋਲੇ ਗੱਡੀਆ ਹੁੰਦੀਆ ਸਨ। ਬਹੁਤੀ ਵਾਰੀ ਕੰਮ ਕਰਾਉਣ ਗਿਆ ਨੂੰ ਚੰਡੀਗੜ ਰਾਤ ਕੱਟਣੀ ਬਹੁਤ ਮਹਿੰਗੀ ਪੈਂਦੀ ਸੀ। ਮੈਂ ਪਹਿਲੀ ਵਾਰ ਕਿਸੇ ਸਿਆਸਤਦਾਨ ਨੂੰ ਵਰਕਰ ਦੀ ਰਿਹਾਇਸ਼ ਬਾਰ•ੇ ਫਿਕਰਮੰਦ ਹੁੰਦਾ ਦੇਖਿਆ ਤਾਂ ਹੀ ਮੈਂ ਖਾਲਸਾ ਜੀ ਵਲੋਂ ਦਿੱਲੀ ਵਿੱਚ ਸਾਡੀ ਰਿਹਾਇਸ਼ ਬਾਰੇ ਲਿਖੀ ਸਿਫਾਰਸ਼ੀ ਚਿੱਠੀ ਅਜੇ ਤੱਕ ਬੜੇ ਸਤਿਕਾਰ ਨਾਲ ਸਾਂਭ ਕੇ ਰੱਖੀ ਹੈ।
-
Gurpreet Singh Mandiani, email: gurpreetmandiani@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.