ਜਰਨੈਲ ਸਿੰਘ
ਸ਼੍ਰਿਸ਼ਟੀ ਦੇ ਮੁੱਢ ਤੋਂ ਹੀ ਸਾਰੇ ਸੰਸਾਰ ਦੀ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਵਿਵਸਥਾ ਅੰਕੜਿਆਂ ਨਾਲ ਜੁੜੀ ਹੋਈ ਹੈ। ਡੂੰਘਾਈ ਨਾਲ ਅਧਿਐਨ ਕਰਨ ’ਤੇ ਇਹ ਪ੍ਰਤੱਖ ਹੁੰਦਾ ਹੈ ਕਿ ਹਰ ਖੇਤਰ ਅਤੇ ਹਰ ਗਿਣਤੀ ਵਿੱਚ 10 ਨੰਬਰ ਅੰਕ ਦਾ ਅਹਿਮ ਯੋਗਦਾਨ ਹੈ। ਆਰਥਿਕਤਾ ਦੀ ਗਿਣਤੀ-ਮਿਣਤੀ ਵਿੱਚ ਇਸ ਅੰਕ ਨੂੰ ਆਧਾਰ ਮੰਨਿਆ ਜਾਂਦਾ ਹੈ। ਧਾਰਮਿਕ ਪੱਖ ਤੋਂ ਵੇਖਿਆ ਜਾਵੇ ਤਾਂ ਸਿੱਖ ਧਰਮ ਵਿੱਚ 10 ਗੁਰੂ ਸਾਹਿਬਾਨ ਦੀ ਹੋਂਦ ਨੂੰ ਸਿੱਖ ਪੈਰੋਕਾਰ ਹੀ ਨਹੀਂ ਬਲਕਿ ਸਾਰੇ ਸੰਸਾਰ ਦੇ ਲੋਕ ਸਤਿਕਾਰ ਨਾਲ ਸੀਸ ਨਿਵਾਉਂਦੇ ਹਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਅਤੇ ਅਨਿਆਂ ਖ਼ਤਮ ਕਰ ਕੇ ਮਨੁੱਖੀ ਭਾਈਚਾਰਾ, ਸਾਂਝ ਅਤੇ ਮਹਾਨ ਸਮਾਜਿਕ ਕਦਰਾਂ-ਕੀਮਤਾਂ ਸਥਾਪਤ ਕੀਤੀਆਂ ਸਨ। ਹਿੰਦੂ ਧਰਮ ਅਨੁਸਾਰ ਨੌਂ ਨਰਾਤਿਆਂ ਤੋਂ ਬਾਅਦ ਦਸਵੇਂ ਦਿਨ ‘ਵਿਜੈ ਦਸ਼ਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਈਸਾਈ ਧਰਮ ਵਿੱਚ ਵੀ ਜੀਵਨ ਨੂੰ ਸਹੀ ਸੇਧ ਦੇਣ ਲਈ 10 ਸੁਨਹਿਰੀ ਅਸੂਲਾਂ ਨੂੰ ਅਪਣਾਉਣ ਦੀ ਨਸੀਹਤ ਦਿੱਤੀ ਗਈ ਹੈ। ਇਸਲਾਮ ਵਿੱਚ ਵੀ ਮੁਸਲਿਮਾਂ ਨੂੰ ਲੜਾਈ ਦੌਰਾਨ ਇਨਸਾਨੀਅਤ ਦੀ ਰਾਖੀ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ 10 ਨਿਯਮਾਂ ਦੀ ਪਾਲਣਾ ਦੀ ਹਦਾਇਤ ਦਰਜ ਹੈ।
ਗੁਰਬਾਣੀ ਵਿੱਚ ਵੀ ਮਨੁੱਖ ਦੇ ਭੌਤਿਕ ਸਰੀਰ ਵਿੱਚ ਨੌਂ ਦਰਵਾਜ਼ਿਆਂ ਤੋਂ ਬਾਅਦ ਦਸਵੇਂ ਦੁਆਰ ’ਤੇ ਪ੍ਰਮਾਤਮਾ ਦੇ ਵਾਸ ਦਾ ਜ਼ਿਕਰ ਆਉਂਦਾ ਹੈ। ਮਹਾਂਪੁਰਸ਼ਾਂ ਵੱਲੋਂ ਨੇਕ ਕਮਾਈ ਦੀ ਬਰਕਤ ਲਈ ਆਪਣੀ ਆਮਦਨ ਦਾ 10ਵਾਂ ਹਿੱਸਾ ਦਸਵੰਦ ਕੱਢਣ ਲਈ ਕਿਹਾ ਜਾਂਦਾ ਹੈ ਅਤੇ ਨਾਲ ਹੀ ਦਿਨ-ਰਾਤ ਦੇ 24 ਘੰਟਿਆਂ ਵਿੱਚੋਂ ਢਾਈ ਘੰਟੇ, ਭਾਵ ਦਸਵਾਂ ਹਿੱਸਾ ਪ੍ਰਭੂ ਦੀ ਭਜਨ-ਬੰਦਗੀ ਵਿੱਚ ਗੁਜ਼ਾਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਇੱਥੇ ਹੀ ਬਸ ਨਹੀਂ, ਇਨਸਾਨ ਦੇ ਸਰੀਰ ਦੀ ਬਣਤਰ ਨੂੰ ਲੈ ਲਈਏ ਤਾਂ ਹੱਥਾਂ-ਪੈਰਾਂ ਦੀਆਂ ਦਸ ਉਂਗਲਾਂ ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਸਾਧਨ ਬਣਦੀਆਂ ਹਨ। ਇਸੇ ਤਰ੍ਹਾਂ ਹੀ ਸਰੀਰ ਦੇ ਅਹਿਮ ਦਸ ਮੋੜ ਰਿਸ਼ਟ-ਪੁਸ਼ਟ ਸਰੀਰ ਦੀ ਨਿਸ਼ਾਨੀ ਹਨ।
ਸਮਾਜਿਕ ਤੌਰ ’ਤੇ ਵੀ ਇਸ ਅੰਕ ਦਾ ਘੱਟ ਮਹੱਤਵ ਨਹੀਂ ਹੈ। ਇੱਕ ਬਜ਼ੁਰਗ ਨੇ ਕਿਸੇ ਮਹਿਫਿਲ ਵਿੱਚ 10 ਅੰਕ ਨੂੰ ਜ਼ਿੰਦਗੀ ਦੇ ਪਹਾੜੇ ਨਾਲ ਬੜੇ ਹੀ ਰੌਚਕ ਅੰਦਾਜ਼ ਵਿੱਚ ਜੋੜ ਕੇ ਇਸ ਦੀ ਜੀਵਨ ਵਿੱਚ ਮਹੱਤਤਾ ਨੂੰ ਨਵਾਂ ਮੋੜ ਦਿੱਤਾ ਹੈ:
‘ਇੱਕ ਦਾਹਿਆ ਦਾਹਿਆ, ਬਚਪਨ ਖੇਡ ਕੇ ਗਵਾਇਆ।
ਦੋ ਦਾਹਿਆ ਵੀਹ, ਜਿਵੇਂ ਬੇਲੇ ਵਿੱਚ ਸੀਂਹ।
ਤਿੰਨ ਦਾਹਿਆ ਤੀਹ, ਮੰਗੇ ਪੁੱਤ ਤੇ ਜੰਮੇ ਧੀ।
ਚਾਰ ਦਾਹਿਆ ਚਾਲੀ, ਗਲ਼ ਪੈ ਗਈ ਪੰਜਾਲੀ।
ਪੰਜ ਦਾਹਿਆ ਪੰਜਾਹ, ਗਲ ਵਿੱਚ ਪੈ ਗਿਆ ਫਾਹ।
ਛੇ ਦਾਹਿਆ ਸੱਠ, ਹੱਥ ਵਿੱਚ ਫੜ ਲਈ ਲੱਠ।
ਸੱਤ ਦਾਹਿਆ ਸੱਤਰ, ਅਕਲ ਹੋ ਗਈ ਗਈ ਬਹੱਤਰ।
ਅੱਠ ਦਾਹਿਆ ਅੱਸੀ, ਮੰਗੇ ਦੁੱਧ, ਮਿਲਦੀ ਲੱਸੀ।
ਨੌ ਦਾਹਿਆ ਨੱਬੇ, ਗੱਲ ਕੋਈ ਨਾ ਫੱਬੇ।
ਦਸ ਦਾਹਿਆ ਸੌ, ਹੁਣ ਤਾਂ ਬੁੱਢਿਆ ਮਗਰੋਂ ਲਹੁ।’
ਇਸ ਦੇ ਬਾਵਜੂਦ 10 ਅੰਕ ਦੀ ਅੰਗਰੇਜ਼ਾਂ ਦੇ ਸਮੇਂ ਤੋਂ ਪ੍ਰਚੱਲਤ ਪੁਲੀਸ ਸ਼ਬਦਾਵਲੀ ਵਿੱਚ ਸਥਿਤੀ ਬਿਲਕੁਲ ਉਲਟ ਜਾਪਦੀ ਹੈ। ਪੁਲੀਸ ਕ੍ਰਿਮੀਨਲ ਰਿਕਾਰਡ ਵਿੱਚ 10 ਨੰਬਰੀ ਲਫ਼ਜ਼ ਨੂੰ ਬਹੁਤ ਹੀ ਮਾੜੀ ਦ੍ਰਿਸ਼ਟੀ ਨਾਲ ਪੇਸ਼ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨਾਲ ਗੱਲ ਕਰਨ ’ਤੇ ਪਤਾ ਲੱਗਿਆ ਕਿ ਸਮਾਜ ਦੇ ਸਭ ਤੋਂ ਮਾੜੇ ਅਨਸਰ, ਭਗੌੜੇ ਅਤੇ ਬਦਮਾਸ਼ ਪ੍ਰਵਿਰਤੀ ਦੇ ਲੋਕਾਂ ਦੇ ਨਾਮ 10 ਨੰਬਰ ਰਜਿਸਟਰ ਵਿੱਚ ਦਰਜ ਕੀਤੇ ਜਾਂਦੇ ਹਨ ਤੇ ਉਨ੍ਹਾਂ ਦੀ ਸਮੇਂ-ਸਮੇਂ ਸਿਰ ਥਾਣੇ ਵਿੱਚ ਹਾਜ਼ਰੀ ਲੱਗਦੀ ਹੈ। ਜਦੋਂ ਵੀ ਕਿਸੇ ਇਲਾਕੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ 10 ਨੰਬਰੀ ਰਜਿਸਟਰ ’ਤੇ ਨਜ਼ਰ ਜਾਂਦੀ ਹੈ ਅਤੇ ਉਨ੍ਹਾਂ ਲੋਕਾਂ ਦੀ ਛਾਣਬੀਣ ਸ਼ੁਰੂ ਹੋ ਜਾਂਦੀ ਹੈ। ਸ਼ਾਇਦ ਇਸੇ ਹੀ ਪਰਿਭਾਸ਼ਾ ਕਾਰਨ ਸੈਕਟਰ 2 ਸਥਿਤ ਪੰਜਾਬ ਮੰਤਰੀ ਮੰਡਲ ਦੇ ਮੈਂਬਰਾਂ ਲਈ ਬਣੀਆਂ ਰਿਹਾਇਸ਼ਾਂ ਵਿੱਚ ਕੋਠੀ ਨੰਬਰ: 10 ਅਲਾਟ ਕਰਵਾਉਣ ਲਈ ਹਰ ਮੰਤਰੀ ਵੱਲੋਂ ਹਿਚਕਿਚਾਹਟ ਵਿਖਾਈ ਦਿੰਦੀ ਹੈ। ਸਰਕਾਰੀ ਹਲਕਿਆਂ ਅਨੁਸਾਰ ਇਸੇ ਕਾਰਨ ਰਿਕਾਰਡ ਵਿੱਚ ਇਸ ਕੋਠੀ ਦਾ ਨੰਬਰ 9- ਏ ਦਰਸਾ ਦਿੱਤਾ ਗਿਆ ਹੈ। ਜੇ ਭੂਤਕਾਲ ਵੱਲ ਵੇਖਿਆ ਜਾਵੇ ਤਾਂ ਇਹ ਧਾਰਨਾ ਠੀਕ ਨਹੀਂ ਜਾਪਦੀ ਕਿਉਂਕਿ ਇਸ ਰਿਹਾਇਸ਼ ’ਤੇ ਕਈ ਮੰਤਰੀ ਸਾਹਿਬਾਨ ਬਹੁਤ ਹੀ ਨੇਕ ਨੀਤੀ ਅਤੇ ਈਮਾਨਦਾਰ ਅਕਸ ਵਾਲੇ ਰਹੇ ਹਨ। ਮੈਨੂੰ ਯਾਦ ਹੈ ਕਿ ਸੰਨ 1977 ਦੇ ਸਮੇਂ ਅਕਾਲੀ ਸਰਕਾਰ ਦੌਰਾਨ ਇਸ ਕੋਠੀ ਵਿੱਚ ਰਹੇ ਇੱਕ ਸੀਨੀਅਰ ਕੈਬਨਿਟ ਮੰਤਰੀ ਨੇ ਆਪਣੀ ਈਮਾਨਦਾਰੀ ਅਤੇ ਸ਼ੋਹਰਤ ਦੀ ਅਜਿਹੀ ਛਾਪ ਛੱਡੀ ਸੀ, ਜਿਸਦੀ ਹੁਣ ਵੀ ਸਰਕਾਰੀ ਹਲਕਿਆਂ ਵਿੱਚ ਅਕਸਰ ਚਰਚਾ ਹੁੰਦੀ ਹੈ।
ਹੁਣ ਜਦੋਂ ਕਿ ਪੁਲੀਸ ਵਿਭਾਗ ਦੇ ਕਾਨੂੰਨਾਂ ਵਿੱਚ ਸੋਧ ਦੀ ਗੱਲ ਚੱਲੀ ਹੈ ਤਾਂ ਇਹ ਕੋਸ਼ਿਸ਼ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਕਿ 10 ਨੰਬਰੀ ਰਜਿਸਟਰ ਨੂੰ ਕ੍ਰਿਮੀਨਲ ਰਜਿਸਟਰ ਜਾਂ ਹੋਰ ਉਚਿਤ ਨਾਮ ਦੇ ਦਿੱਤਾ ਜਾਵੇ ਅਤੇ ਇਸ ਅੰਕ ਦੀ ਮਹਾਨ ਤੇ ਪਵਿੱਤਰ ਇਤਿਹਾਸਕ ਹੋਂਦ ਨੂੰ ਤੌਹੀਨ ਤੋਂ ਬਚਾਉਣ ਲਈ ਉਪਰਾਲਾ ਕੀਤਾ ਜਾਵੇ।
-
ਜਰਨੈਲ ਸਿੰਘ (jsbudhal@gmail.com) +91-98551-80688,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.