ਮਨੋਰੰਜਨ ਦੇ ਹੋਰ ਸਾਧਨਾ ਦੇ ਨਾਲ ਨਾਲ ਸਿਨੇਮਾ ਇੱਕ ਐਸਾ ਮਾਧਿਅਮ ਹੈ ਜਿਸ ਨਾਲ ਬਹੁਤ ਸਾਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਿਨੇਮਾ ਸਮਾਜ ਸੁਧਾਰਕ ਵੀ ਹੋ ਸਕਦਾ ਹੈ ਇਸ ਨਾਲ ਚੰਗਾ ਸਮਾਜ ਵੀ ਸਿਰਜਿਆ ਜਾ ਸਕਦਾ ਹੈ। ਇਸ ਨਾਲ ਚੰਗੀ ਅਤੇ ਗਿਆਨ ਭਰਪੂਰ ਜਾਣਕਾਰੀ ਘੱਟ ਸਮੇਂ ਵਿਚ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ ਅਤੇ ਸਮਾਜ ਵਿਚ ਹੋ ਰਹੀਆਂ ਬੁਰੀਆਂ ਗੱਲਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ। ਸਿਨੇਮਾ ਅਜਿਹਾ ਚੰਗਾ ਕੰਮ ਬਾਖ਼ੂਬੀ ਨਿਭਾਉਂਦਾ ਵੀ ਆਇਆ ਹੈ। ਇਤਿਹਾਸ ਵਿਚ ਸਿਨੇਮੇ ਦਾ ਨਾਮ ਬਹੁਤ ਸਾਰੀਆਂ ਚੰਗੀਆਂ ਫ਼ਿਲਮਾਂ ਕਰਕੇ ਜਾਣਿਆ ਵੀ ਜਾਂਦਾ ਹੈ। ਕਈ ਲੋਕ ਪੱਖੀ ਇਨਕਲਾਬਾਂ ਵਿੱਚ ਸਿਨੇਮੇ ਨੇ ਲੋਕਾਂ ਦਾ ਸਾਥ ਦਿੱਤਾ ਅਤੇ ਲੋਕਾਂ ਦੇ ਚੰਗੇ ਕੰਮ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਇਆ। ਪਰ ਬਦਲਦੇ ਵਕਤ ਦੇ ਨਾਲ ਨਾਲ ਇਸ ਵਿਚ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ। ਹਿੰਦੀ ਸਿਨੇਮਾ ਪਹਿਲਾਂ ਮਾਰ ਧੜ, ਫੇਰ ਗਲੈਮਰ, ਫੇਰ ਨੰਗੇਜ ਤੋਂ ਵਧਦਾ ਵਧਦਾ ਅੱਜ ਆਪਣੀਆਂ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਹੈ। ਹੁਣ ਆਲਮ ਇਹ ਹੈ ਕਿ ਪਰੋਂਨ ਸਟਾਰ ਇਸ ਦੀਆਂ ਹੀਰੋਇਨ ਹਨ ਜਿੰਨਾ ਨੂੰ ਦਰਸ਼ਕਾਂ ਸਾਹਮਣੇ ਰੋਲ ਮਾਡਲ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਅੱਜ-ਕੱਲ੍ਹ ਦੀਆਂ ਫ਼ਿਲਮਾਂ ਪਰਿਵਾਰ ਸਮੇਤ ਦੇਖਣਾ ਤਾਂ ਦੂਰ ਦੀ ਗੱਲ ਤੁਸੀਂ ਘਰ ਬੈਠੇ ਇਸ ਦੀ ਇੱਕ ਝਲਕ ਵੀ ਨਹੀ ਦੇਖ ਸਕਦੇ ਇੱਥੋਂ ਤੱਕ ਕਿ ਤੁਸੀਂ ਫ਼ਿਲਮ ਦੀ ਸੀ.ਡੀ. ਦਾ ਕਵਰ ਵੀ ਘਰ ਨਹੀ ਲਿਆ ਸਕਦੇ।
ਜੇ ਗੱਲ ਕਰੀਏ ਪੰਜਾਬੀ ਫ਼ਿਲਮਾਂ ਦੀ ਤਾਂ ਇਸ ਵਿਚ ਸ਼ੁਰੂ ਤੋਂ ਹੀ ਬਹੁਤ ਸਾਰੇ ਪ੍ਰਭਾਵਸ਼ਾਲੀ ਚਿਹਰੇ ਕੰਮ ਕਰਦੇ ਰਹੇ ਹਨ। ਜਿੰਨਾ ਆਪਣੀ ਸ਼ੁਰੂਆਤ ਪੰਜਾਬੀ ਫ਼ਿਲਮਾਂ ਤੋਂ ਕੀਤੀ ਅਤੇ ਫਿਰ ਬਾਲੀਵੁੱਡ ਦੇ ਹਸੀਨ ਪਰਦੇ ਤੇ ਸ਼ਾਹ ਗਏ। ਇੱਕ ਵਕਤ ਅਜਿਹਾ ਵੀ ਆਇਆ ਜਦੋਂ ਹਿੰਦੀ ਫ਼ਿਲਮ ਇੰਡਸਟਰੀ ਤੇ ਪੰਜਾਬੀਆਂ ਦਾ ਰਾਜ ਸੀ ਅਤੇ ਉਸ ਵੇਲੇ ਪੰਜਾਬੀ ਦੀਆਂ ਅਜਿਹੀਆਂ ਬਿਹਤਰੀਨ ਅਤੇ ਯਾਦਗਾਰੀ ਫ਼ਿਲਮਾਂ ਬਣੀਆਂ ਜੋ ਹੁਣ ਤੱਕ ਲੋਕਾਂ ਨੂੰ ਯਾਦ ਹਨ। ਫਿਰ ਹੌਲੀ ਹੌਲੀ ਪੰਜਾਬੀ ਫ਼ਿਲਮਾਂ ਵਾਲੇ ਹਿੰਦੀ ਫ਼ਿਲਮਾਂ ਵਿਚ ਸ਼ਾਮਿਲ ਹੁੰਦੇ ਗਏ ਅਤੇ ਪੰਜਾਬੀ ਸਿਨੇਮਾ ਬਹੁਤ ਸਾਰੇ ਵਿੰਗੇ ਟੇਢੇ ਰਸਤਿਆਂ ਰਾਹੀਂ ਅੱਗੇ ਵਧਦਾ ਰਿਹਾ। ਇਸ ਦਰਮਿਆਨ ਇਸ ਨੂੰ ਬਹੁਤ ਹੀ ਭਿਆਨਕ ਮੰਜਰ ਵੀ ਦੇਖਣੇ ਪਏ ਇੱਕ ਵਕਤ ਤਾਂ ਐਸਾ ਵੀ ਆਇਆ ਜਦੋਂ ਪੰਜਾਬੀ ਫ਼ਿਲਮ ਇੰਡਸਟਰੀ ਲਗਭਗ ਬੰਦ ਹੀ ਹੋ ਗਈ। ਚੰਗੇ ਮਾੜੇ ਤਜਰਬਿਆਂ ਚੋਂ ਨਿਕਲੇ ਪੰਜਾਬੀ ਸਿਨੇਮੇ ਦੇ ਅੱਜਕੱਲ੍ਹ ਹਾਲਾਤ ਇਹ ਹਨ ਕਿ ਪੰਜਾਬੀ ਫ਼ਿਲਮਾਂ ਵਾਲੇ ਇੱਕ ਵਾਰ ਫੇਰ ਜੱਟਾਂ ਮਗਰ ਹੱਥ ਧੋ ਕੇ ਪੈ ਗਏ ਹਨ, ਫ਼ਲਾਣਾ ਜੱਟ, ਧਮਕਾਣਾ ਜੱਟ, ਹੁਣ ਜੱਟਾਂ ਦੇ ਨਾਮ ਦੀ ਆਏ ਦਿਨ ਕੋਈ ਨਾ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ। ਇਹਨਾਂ ਦੇ ਭਾਅ ਦੀ ਜੱਟ ਕਦੇ ਲੰਡਨ ਘੁੰਮਦਾ, ਕਦੇ ਕੈਨੇਡਾ, ਕਦੇ ਆਸਟ੍ਰੇਲੀਆ। ਕਾਮੇਡੀ ਦੇ ਨਾਮ ਤੇ ਜੋ ਦਰਸ਼ਕਾਂ ਨੂੰ ਪਰੋਸਿਆ ਜਾ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪਰ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਫ਼ਿਲਮਾਂ ਵਾਲਿਆਂ ਨੂੰ ਜੱਟ ਖੇਤਾਂ ਵਿਚ ਮੋਨੋ ਸਪਰੇਅ ਪੀ ਪੀ ਮਰਦੇ ਪਤਾ ਨੀ ਕਿਉਂ ਨੀ ਦਿਸਦੇ, ਆੜ੍ਹਤੀਆਂ ਅਤੇ ਬੈਂਕਾਂ ਵਾਲਿਆਂ ਹੱਥੋਂ ਜੱਟਾਂ ਦੀ ਲੁੱਟ ਖਸੁੱਟ ਕਿਉਂ ਅੱਖੋਂ ਉਹਲੇ ਹੋ ਜਾਂਦੀ ਹੈ। ਉਹ ਦੋਸਤੋ ਕਦੇ ਜੱਟ ਨੂੰ ਖਾ ਗਿਆ ਆੜ੍ਹਤੀਆ, ਜੱਟ ਰੁਲਦਾ ਮੰਡੀਆਂ \'ਚ, ਜੱਟ ਖਾ ਗਿਆ ਸਲਫਾਸ, ਨਾਮ ਦੀਆਂ ਫ਼ਿਲਮਾਂ ਵੀ ਬਣਾ ਦਿਆ ਕਰੋ। ਉੱਤੋਂ ਸਿਤਮ ਇਹ ਹੈ ਕਿ ਦਰਸ਼ਕ ਵਰਗ ਢਾਈ ਤਿੰਨ ਘੰਟੇ ਹਿੜ ਹਿੜ ਕਰਕੇ ਮੁੜ ਆਉਂਦਾ। ਕਦੇ ਕਿਸੇ ਨੇ ਆਮ ਜੱਟਾਂ ਦੇ ਜਹਾਜ਼ ਚਲਦੇ ਦੇਖੇ ਨੇ ਜਾਂ ਕੋਈ ਜੱਟ ਆਸ਼ਕੀ ਕਰਨ ਬਾਹਰਲੇ ਮੁਲਕ ਜਾਂਦਾ ਦੇਖਿਆ। ਇਸ ਸਾਰੀ ਅਜੋਕੀ ਸਥਿਤੀ ਵਿਚ ਕਿਤੇ ਨਾ ਕਿਤੇ ਕਸੂਰ ਸਾਡੇ ਦਰਸ਼ਕਾਂ ਦਾ ਵੀ ਹੈ। ਭਾਵੇਂ ਪੰਜਾਬੀ ਫ਼ਿਲਮਾਂ ਵਿਚ ਇੱਕਾ ਦੁੱਕਾ ਚੰਗੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਪੁੱਛਦਾ ਕੋਈ ਨੀ, ਫੇਰ ਘਰ ਫ਼ੂਕ ਤਮਾਸ਼ਾ ਕੋਣ ਦੇਖੇ, ਇੱਕ ਅੰਦਾਜ਼ੇ ਮੁਤਾਬਿਕ ਇਸ ਵੇਲੇ ਪੰਜਾਬੀ ਦੀਆਂ ਸੈਂਕੜੇ ਦੇ ਹਿਸਾਬ ਨਾਲ ਫ਼ਿਲਮਾਂ ਬਣ ਰਹੀਆਂ ਹਨ ਪਰ ਅਫ਼ਸੋਸ ਲਗਭਗ ਸਾਰੀਆਂ ਦੀਆਂ ਸਾਰੀਆਂ ਹੀ ਬਿਨਾਂ ਕਿਸੇ ਸਮਾਜਿਕ ਸੇਧ ਦੇ ਕਾਮੇਡੀ ਫ਼ਿਲਮਾਂ ਹਨ ਬਾਰ ਬਾਰ ਉਹੀ ਦੋ ਚਾਰ ਹਸਾਉਣ ਵਾਲੇ ਚਿਹਰੇ ਅਤੇ ਉਹੀ ਦੋ ਅਰਥੀ ਕਾਮੇਡੀ, ਕਿਤੇ ਕੋਈ ਪਿਉ ਪੁੱਤਾਂ ਨੂੰ ਆਸ਼ਕੀ ਕਰਨ ਦੇ ਢੰਗ ਦਸ ਰਿਹਾ ਹੈ ਕਿਤੇ ਪੁੱਤ ਪਿਉ ਲਈ ਕੁੜੀ ਫਸਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਤੇ ਕੋਈ ਭਰਾ ਕਹਿ ਰਿਹਾ ਹੈ ਮੇਰੀ ਭੈਣ ਨੂੰ ਜਿਸਨੇ ਭਜਾਉਣਾ ਭਜਾ ਕੇ ਲੈ ਜੋ। ਬੇਸ਼ੱਕ ਹੱਸਣਾ ਜਿੰਦਗੀ ਦਾ ਜ਼ਰੂਰੀ ਹਿੱਸਾ ਹੈ ਪਰ ਇਸਦੀ ਵੀ ਕੋਈ ਹੱਦ ਹੁੰਦੀ ਹੈ। ਸਿਨੇਮਾ ਲੋਕਾਂ ਨੂੰ ਸੇਧ ਦੇਣ ਵਿਚ ਸਹਾਈ ਹੋ ਸਕਦਾ, ਸਰਕਾਰਾਂ ਤੱਕ ਆਮ ਲੋਕਾਂ ਦੀ ਗੱਲ ਪੁਚਾ ਸਕਦਾ ਪਰ ਨਹੀਂ। ਹੁਣ ਇੱਕ ਦਿਨ ਫ਼ਿਲਮ ਰੀਲੀਜ਼ ਹੁੰਦੀ ਹੈ ਦੂਜੇ ਦਿਨ ਪੁੱਛਦਾ ਕੋਈ ਨੀ, ਇਸ ਨਾਲੋਂ ਤਾਂ ਕੁਝ ਪਹਿਲਾਂ ਵਾਲੇ ਸਮੇਂ ਹੀ ਚੰਗੇ ਸੀ ਵਰਿੰਦਰ, ਪ੍ਰੀਤੀ ਸਪਰੂ ਦੀ ਜੋੜੀ, ਗੁਰਚਰਨ ਪੋਹਲ਼ੀ ਦੀ ਵੈਨ, ਸੁਖਜਿੰਦਰ ਸ਼ੇਰੇ ਦਾ ਫੋਰਡ ਟਰੈਕਟਰ, ਸਤੀਸ਼ ਕੌਲ ਦਾ ਮਹਾਜਨੀ ਸਟਾਈਲ, ਦਿਲਜੀਤ ਕੌਰ ਦਾ ਹੁਸਨ। ਉਸ ਵੇਲੇ ਜਦੋਂ ਕਿਸੇ ਘਰ ਨੇ ਵੀ. ਸੀ. ਆਰ. ਲੈ ਆਉਣਾ ਤਾਂ ਆਂਢ ਗਵਾਂਢ ਵਿਚ ਮੇਲੇ ਵਰਗਾ ਮਾਹੌਲ ਬਣ ਜਾਣਾ, ਉਦੋਂ ਕਿਸੇ ਦੇ ਘਰ ਵੀ. ਸੀ. ਆਰ. ਤੇ \"ਪੁੱਤ ਜੱਟਾਂ ਦੇ\" ਦੇਖਣ ਲਈ ਉਨ੍ਹਾਂ ਦੇ ਵਿਆਹ ਦੀਆਂ ਤਿੰਨ ਚਾਰ ਮੂਵੀਆਂ ਵੀ ਦੇਖਣੀਆਂ ਪੈਂਦੀਆਂ, ਜੇ ਕਿਸੇ ਘਰ ਨੇ ਗੇਟ ਨਾ ਖੋਲ੍ਹਣਾ ਤਾ ਕੰਧ ਟੱਪ ਕੇ ਚਲੇ ਜਾਣਾ ਜੇ ਫੇਰ ਵੀ ਕਿਸੇ ਨੇ ਘਰੋਂ ਕੱਢ ਦੇਣਾ ਤਾਂ ਜਾ ਕੇ ਟਰਾਂਸਫਾਰਮ ਦੀ ਸੁੱਚ ਕੱਟ ਦੇਣੀ। ਅੱਜ ਵੀ ਯਾਦ ਹਨ ਪੁਰਾਣੀਆਂ ਫ਼ਿਲਮਾਂ ਦੇ ਇਹ ਬੋਲ...
1. ਉਹ ਕੰਜਰੀ ਪੈਰਾਂ ਚ ਡਿੱਗਿਆ ਨੋਟ ਨਾ ਚੱਕੇ ਜ਼ੈਲਦਾਰ ਜੰਗ ਸਿੰਘ ਓਸ ਪੁੱਤਰ ਨੂੰ ਗਲ ਲਾ ਲਵੇ ਜੋ ਮਾਰ ਖਾ ਕੇ ਆ ਗਿਆ।
2. ਵੈਸੇ ਤਾਂ ਜਿਹੜੀ ਕੁੜੀ ਸਾਨੂੰ ਪਸੰਦ ਆ ਜਾਵੇ ਅਸੀਂ ਚੱਕ ਲੈ ਜਾਨੇ ਆ ਬੱਲਿਆ।
3. ਚੰਗਾ ਬਈ ਮੱਖਣਾ ਆ ਜੀ ਫਿਰ ਸ਼ਿੰਦੇ ਦੇ ਡੇਰੇ ਤੇ
4. ਜੱਟ ਨਿਉਂਦਾ ਮੋੜਨ ਨੀ ਭਾਜੀ ਮੋੜਨ ਆਇਆ ਉਏ।
5. ਜ਼ਮੀਨ ਤਾ ਜੱਟ ਦੀ ਮਾਂ ਹੁੰਦੀ ਐ ਜੱਗਿਆ।
6. ਤੂੰ ਜਿੱਤ ਗਈ ਹੈਂ ਗੁਲਾਬੋ ਤੇ ਜ਼ੈਲਦਾਰ ਜੰਗ ਸਿੰਘ ਹਾਰ ਗਿਆ ਈ.
7. ਭਰਤਪੁਰ ਦੇ ਚਾਲੀ ਪਿੰਡਾਂ ਚ ਸਾਡੀ ਇਜਾਜ਼ਤ ਤੋਂ ਬਿਨਾਂ ਪੱਤਾ ਨੀ ਹਿੱਲਦਾ ਮੱਖਣਾ।
ਉਦੋਂ ਤਾਂ ਗਲੀਆਂ ਵਿਚ ਖੇਡਦੇ ਜਵਾਕ ਮਹੀਨਿਆਂ ਬੱਧੀ ਨੰਗੇ ਢਿੱਡ ਤੇ ਹੱਥ ਫੇਰਦੇ ਗੁੱਗੂ ਗਿੱਲ ਅਤੇ ਯੋਗਰਾਜ ਦੇ ਗਰੁੱਪ ਬਣਾ ਕੇ ਇੱਕ ਦੂਜੇ ਦੇ ਢੂਏ ਸੇਕਦੇ ਰਹਿੰਦੇ ਸਨ। ਜਵਾਕ ਗਲੀਆਂ \'ਚ ਨੰਗੇ ਪੈਰੀ ਟਾਇਰ ਭਜਾਉਂਦੇ ਕਹਿੰਦੇ ਸਨ ਆ ਗਿਆ \"ਜੱਟ ਜਿਓਣਾ ਮੋੜ\" ਇਸ ਤਰ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ਬਣਨ ਜੋ ਲੋਕ ਚਿਰਾਂ ਤੱਕ ਯਾਦ ਰੱਖਣ। ਪਰ ਹੁਣ ਦੀਆਂ ਫ਼ਿਲਮਾਂ ਵਿਚ ਹੱਸਦਿਆਂ ਹਸਾਉਂਦਿਆਂ ਦੀ ਇੱਕ ਦੀ ਕਹਾਣੀ ਦੂਜੀ ਵਿਚ ਰਲਗੱਡ ਹੋ ਜਾਂਦੀ ਹੈ ਅਤੇ ਪਤਾ ਹੀ ਨਹੀ ਚਲਦਾ ਕਿ ਕਿਹੜੀ ਫ਼ਿਲਮ ਵਿਚ ਕੀ ਦੇਖਿਆ ਸੀ। ਉਹੀ ਚਿਹਰੇ ਵਾਰ ਵਾਰ ਹਸਾਈ ਜਾਂਦੇ ਹਨ। ਹੱਸਣਾ ਹਸਾਉਣਾ ਕੋਈ ਮਾੜੀ ਗੱਲ ਨਹੀਂ ਪਰ ਜੇ ਇਸ ਵਿਚ ਕੋਈ ਸੁਨੇਹਾ ਵੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇ। ਇਹਨਾਂ ਕਾਮੇਡੀ ਫ਼ਿਲਮਾਂ ਦੇ ਦੌਰ ਵਿਚ ਚੰਗੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ ਕੁਝ ਚਿਹਰੇ (ਗੁਰਦਾਸ ਮਾਨ, ਹਰਭਜਨ ਮਾਨ ,ਅਮਰਦੀਪ ਗਿੱਲ, ਸਰਬਜੀਤ ਚੀਮਾ) ਇਸ ਚੰਗੇ ਪਾਸੇ ਨਿਰੰਤਰ ਯਤਨਾਂ ਵਿੱਚ ਲੱਗੇ ਰਹਿੰਦੇ ਹਨ ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਹੈ। ਪੰਜਾਬੀ ਸਿਨੇਮੇ ਨੂੰ ਲੋੜ ਹੈ ਜਾਣਕਾਰੀ ਭਰਪੂਰ ਫ਼ਿਲਮਾਂ ਦੀ ਜਿਹਨਾ ਵਿੱਚ ਆਮ ਲੋਕਾਂ ਦੀ ਗੱਲ ਹੋਵੇ, ਕੋਈ ਸੁਨੇਹਾ ਹੋਵੇ ਤਾਂ ਕਿ ਇਹਨਾਂ ਫ਼ਿਲਮਾਂ ਨੂੰ ਦੇਖ ਕੇ ਨੌਜਵਾਨ ਚੰਗੇ ਪਾਸੇ ਲੱਗ ਸਕਣ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਦਰਸ਼ਕ ਨਿਰਾਸ਼ ਨਹੀਂ ਹੋਣਗੇ ਚੰਗੀਆਂ ਅਤੇ ਅਰਥ ਭਰਪੂਰ ਚੰਗਾ ਸੁਨੇਹਾ ਦੇਣ ਵਾਲੀਆਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ।
-
ਕਰਨ ਬਰਾੜ (ਐਡੀਲੇਡ) (brar00045@gmail.com) +61430850045,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.