ਵਿਕਸਿਤ ਮੁਲਕਾਂ ਵਿਚ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਜ਼ਿੰਦਗੀ ਦੇ ਹਰ ਖੇਤਰ ਵਿਚ ਆਪਣਾ ਨਾਮ ਸਥਾਪਿਤ ਕੀਤਾ ਹੈ। ਇਹਨਾਂ ਵਿਕਸਿਤ ਮੁਲਕਾਂ ਵਿਚ ਕੈਨੇਡਾ ਇਕ ਅਜਿਹਾ ਮੁਲਕ ਹੈ ਜਿਥੇ ਪਰਵਾਸੀ ਪੰਜਾਬੀਆਂ ਦੀ ਬੁਲੰਦੀ ਕੁਝ ਨਿਵੇਕਲੀ ਹੈ ਤੇ ਰਾਜਸੱਤਾ ਵਿਚ ਉਹਨਾਂ ਦੀ ਵੱਡੀ ਭਾਈਵਾਲੀ ਪ੍ਰਤੱਖ ਹੈ। ਕੈਨੇਡਾ ਵਿਚ ਪੰਜਾਬੀਆਂ ਦੀ ਭਰਵੀਂ ਵਸੋਂ ਨੂੰ ਪੰਜਾਬ ਤੋਂ ਦੂਰ ਵਸਦੇ ਇਕ ਖੁਸ਼ਹਾਲ ਪੰਜਾਬ ਵਜੋਂ ਵੇਖਿਆ ਜਾਂਦਾ ਹੈ। ਪੰਜਾਬ ਵਿਚਲੀ ਹਰ ਸਿਆਸੀ ਤੇ ਸਮਾਜਿਕ ਘਟਨਾ ਦਾ ਇਸ ਖੁਸ਼ਹਾਲ ਪੰਜਾਬ ਉਪਰ ਪ੍ਰਤੱਖ ਪ੍ਰਭਾਵ ਪੇਸ਼ ਪੇਸ਼ ਰਹਿੰਦਾ ਹੈ। ਪੰਜਾਬ ਸਰਕਾਰ ਵੱਲੋਂ ਜਦ ਵੀ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਪੰਜਾਬ ਨਾਲ ਰਿਸ਼ਤਿਆਂ ਦੀ ਮਜ਼ਬੂਤੀ ਦੀ ਗੱਲ ਤੁਰਦੀ ਹੈ ਤਾਂ ਕੈਨੇਡਾ ਦੇ ਪਰਵਾਸੀ ਪੰਜਾਬ ਨੂੰ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਵਿਚ ਕਰਵਾਏ ਗਏ ਪਰਵਾਸੀ ਪੰਜਾਬੀ ਸੰਮੇਲਨਾਂ ਵਿਚ ਵੀ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੀ ਸਭ ਤੋਂ ਵਧੇਰੇ ਸ਼ਮੂਲਤੀਅਤ ਰਹੀ ਹੈ। ਇਹਨਾਂ ਸੰਮੇਲਨਾਂ ਦੌਰਾਨ ਹੀ ਪਰਵਾਸੀਆਂ ਪੰਜਾਬੀਆਂ ਨਾਲ ਹੋਰ ਵਾਅਦਿਆਂ ਤੋਂ ਇਲਾਵਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਕੈਨੇਡਾ ਦੌਰੇ ਦਾ ਵਾਅਦਾ ਕੀਤਾ ਸੀ। ਇਸੇ ਵਾਅਦੇ ਦੀ ਪੂਰਤੀ ਤਹਿਤ ਸ ਸੁਖਬੀਰ ਸਿੰਘ ਬਾਦਲ ਦਾ ਇਸ ਵਾਰ ਪ੍ਰਸਤਾਵਿਤ ਕੈਨੇਡਾ ਦੌਰਾ ਸਤੰਬਰ ਦੇ ਤੀਸਰੇ ਹਫਤੇ ਰੱਖਿਆ ਗਿਆ ਸੀ। ਇਸ ਪ੍ਰਸਤਾਵਿਤ ਦੌਰੇ ਦੀ ਸਫਲਤਾ ਲਈ ਪੰਜਾਬ ਦੇ ਸੀਨੀਅਰ ਆਗੂਆਂ ਦੀਆਂ ਬਾਕਾਇਦਾ ਡਿਊਟੀਆਂ ਲਗਾਈਆਂ ਗਈਆਂ ਸਨ। ਇਹ ਆਗੂ ਕੈਨੇਡਾ ਵਿਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਤਿੰਨ ਪ੍ਰਮੁੱਖ ਸ਼ਹਿਰਾਂ ਟੋਰਾਂਟੋ, ਕੈਲਗਰੀ ਤੇ ਵੈਨਕੂਵਰ ਵਿਚ ਜਨਤਕ ਇਕੱਠ ਕਰਨ ਲਈ ਅਜੇ ਕੈਨੇਡਾ ਲਈ ਉਡਾਣਾਂ ਲੈਣ ਦੀਆਂ ਤਿਆਰੀਆਂ ਹੀ ਕਰ ਰਹੇ ਸਨ ਕਿ ਇਹ ਦੌਰਾ ਰੱਦ ਹੋਣ ਦੀਆਂ ਖਬਰਾਂ ਆ ਗਈਆਂ। ਸੁਰੱਖਿਆ ਨੂੰ ਮੁੱਦਾ ਬਣਾਕੇ ਇਹ ਦੌਰਾ ਲਗਾਤਾਰ ਦੂਸਰੀ ਵਾਰ ਰੱਦ ਤਾਂ ਹੋਇਆ ਹੀ ਪਰ ਇਸ ਨਾਲ ਇਕ ਭਰਵੀਂ ਬਹਿਸ ਵੀ ਛਿੜ ਗਈ। ਦੌਰਾ ਰੱਦ ਹੋਣ ਨੂੰ ਲੈਕੇ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ਵਿਚਾਲੇ ਤਿੱਖੀ ਬਿਆਨਬਾਜ਼ੀ ਸਾਹਮਣੇ ਆਈ । ਪੰਜਾਬ ਕਾਂਗਰਸ ਵੱਲੋਂ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਦੂਸਰੀ ਵਾਰ ਕੈਨੇਡਾ ਦੌਰਾ ਰੱਦ ਹੋਣ ਦਾ ਅਰਥ ਹੈ ਕਿ ਅਕਾਲੀ ਦਲ ਵਿਦੇਸ਼ੀ ਸਿੱਖਾਂ ਵਿਚ ਆਪਣੀ ਸਾਖ ਗਵਾ ਚੁੱਕਾ ਹੈ ਅਤੇ ਇਸ ਨਾਲ ਸੁਖਬੀਰ ਬਾਦਲ ਇਕ ਡਰਪੋਕ ਤੇ ਕਮਜ਼ੋਰ ਨੇਤਾ ਸਾਬਿਤ ਹੋਇਆ ਹੈ। ਦੂਸਰੇ ਪਾਸੇ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਬਿਆਨ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖ ਅਤੇ ਪੰਜਾਬੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਸਹਿਮਤ ਹਨ। ਇਹੀ ਵਜਾਹ ਹੈ ਕਿ ਵੱਖ-ਵੱਖ ਸੰਸਥਾਵਾਂ ਅਤੇ ਅਕਾਲੀ ਦਲ ਦੀਆਂ ਵਿਦੇਸ਼ੀ ਇਕਾਈਆਂ ਨੇ ਸ ਸੁਖਬੀਰ ਸਿੰਘ ਬਾਦਲ ਨੂੰ ਕੈਨੇਡਾ ਦੌਰੇ ਦਾ ਸੱਦਾ ਦਿੱਤਾ ਸੀ ਤੇ ਉਹਨਾਂ ਨੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਪ੍ਰਾਂਤਕ ਸਰਕਾਰਾਂ ਨਾਲ ਆਪਸੀ ਸਹਿਯੋਗ ਅਤੇ ਦੁਵੱਲੇ ਵਪਾਰ ਲਈ ਕਈ ਸਮਝੌਤੇ ਕਰਨੇ ਸਨ ਜਿਸ ਨਾਲ ਪੰਜਾਬ ਦੀ ਤਰੱਕੀ ਅਤੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਹੋਣੀ ਸੀ। ਇਸ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿਚ ਨਿਵੇਸ਼ ਲਈ ਜਿੱਥੇ ਉਤਸ਼ਾਹ ਮਿਲਣਾ ਸੀ ਉਥੇ ਉਹਨਾਂ ਦੀ ਵਿਦੇਸ਼ਾਂ ਵਿਚ ਸਥਿਤੀ ਹੋਰ ਮਜ਼ਬੂਤ ਹੋਣੀ ਸੀ ਪਰ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਇਹ ਸਭ ਮਨਜ਼ੂਰ ਨਹੀਂ। ਅਕਾਲੀ ਦਲ ਦਾ ਦੋਸ਼ ਹੈ ਕਿ ਕੇਂਦਰ ਵਿਚਲੀ ਸੱਤਾਵਾਨ ਪਾਰਟੀ ਕਾਂਗਰਸ ਦੇ ਇਸ਼ਾਰੇ \'ਤੇ ਹੀ ਸ ਬਾਦਲ ਦੇ ਦੌਰੇ ਨੂੰ ਰੱਦ ਕਰਵਾਉਣ ਦੀ ਸਾਜਿਸ਼ ਰਚੀ ਗਈ ।
ਜ਼ਿਕਰਯੋਗ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦਾ ਇਹ ਕੈਨੇਡਾ ਦੌਰਾ ਇਸ ਵਾਰ 20 ਸਤੰਬਰ ਤੋਂ ਟੋਰਾਂਟੋ ਤੋਂ ਸ਼ੁਰੂ ਹੋਣ ਵਾਲਾ ਸੀ। ਡਿਪਟੀ ਮੁੱਖ ਮੰਤਰੀ ਦੇ ਇਸ ਦੌਰੇ ਸਬੰਧੀ ਭਾਵੇਂਕਿ ਪੰਜਾਬ ਸਰਕਾਰ ਵੱਲੋਂ ਕੋਈ ਬਾਕਾਇਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਮੀਡੀਆ ਵਿਚ ਚਰਚਾ ਹੋਣ ਉਪਰੰਤ ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸਿਖਸ ਫਾਰ ਜਸਟਿਸ ਅਤੇ ਯੂਨਾਈਟਡ ਸਿੱਖ ਆਫ ਕੈਨੇਡਾ ਪ੍ਰਮੁੱਖ ਹਨ, ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ। ਸਿੱਖਸ ਫਾਰ ਜਸਟਿਸ ਵੱਲੋਂ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਨਾਲ ਆ ਰਹੇ ਮੰਤਰੀਆਂ ਨੂੰ ਪੰਜਾਬ ਵਿਚ ਮਾਨਵੀ ਹੱਕਾਂ ਦੀ ਉਲੰਘਣਾ ਅਤੇ ਮਾਨਵੀ ਹੱਕਾਂ ਦਾ ਘਾਣ ਕਰਨ ਵਾਲੇ ਅਧਿਕਾਰੀਆਂ ਜਿਹਨਾਂ ਵਿਚ ਪੰਜਾਬ ਦੇ ਡੀ ਜੀ ਪੀ ਸ੍ਰੀ ਸੁਮੇਧ ਸੈਣੀ ਸ਼ਾਮਿਲ ਹਨ, ਨੂੰ ਉੱਚ ਅਹੁਦਿਆਂ ਨਾਲ ਨਵਾਜੇ ਜਾਣ ਦੇ ਮੁੱਦੇ ਨੂੰ ਲੈ ਕੇ ਕਨੂੰਨੀ ਨੋਟਿਸ ਦਿੱਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਇਹ ਵੀ ਆਧਾਰ ਬਣਾਇਆ ਜਾ ਰਿਹਾ ਸੀ ਕਿ ਕੈਨੇਡੀਅਨ ਸ਼ਹਿਰੀਆਂ ਨੂੰ ਵੀ ਪੰਜਾਬ ਵਿਚ ਪੁਲਸ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਗਿਆ ਹੈ, ਇਸ ਲਈ ਜ਼ਿੰਮੇਵਾਰ ਸਿਆਸਤਦਾਨਾਂ ਤੇ ਅਧਿਕਾਰੀਆਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਹੋਣੇ ਚਾਹੀਦੇ ਹਨ। ਸਿੱਖ ਜਥੇਬੰਦੀਆਂ ਵੱਲੋਂ ਇਮੀਗ੍ਰੇਸ਼ਨ ਮੰਤਰੀ ਤੱਕ ਵੀ ਇਸ ਸਬੰਧੀ ਪਟੀਸ਼ਨ ਦਿੱਤੀ ਗਈ ਸੀ। ਕਿਹਾ ਗਿਆ ਕਿ ਖਾੜਕੂ ਧਿਰਾਂ ਦੇ ਇਸ ਦੌਰੇ ਪ੍ਰਤੀ ਤਿੱਖੇ ਵਿਰੋਧ ਨੂੰ ਵੇਖਦਿਆਂ ਕੈਨੇਡਾ ਸਰਕਾਰ ਵੱਲੋਂ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਵਫ਼ਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇਕ ਪੱਤਰ ਰਾਹੀਂ ਦੱਸਿਆ ਗਿਆ ਕਿ ਖਾੜਕੂ ਧਿਰਾਂ ਦੇ ਵਿਰੋਧ ਕਾਰਣ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਸੁਰੱਖਿਆ ਦੇ ਮਾਮਲੇ \'ਤੇ ਇਹ ਵੀ ਕਿਹਾ ਗਿਆ ਕਿ ਉਪ ਮੁੱਖ ਮੰਤਰੀ ਸੂਬੇ ਦੇ ਮੁਖੀ ਨਹੀਂ ਹਨ ਕਿਉਂਕਿ ਅਸਲ ਵਿਚ ਸੂਬਾ ਮੁਖੀ ਮੁੱਖ ਮੰਤਰੀ ਹਨ, ਜਿਹਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਇਕ ਸਰਕਾਰ ਦੇ ਮੁਖੀ ਵਜੋਂ ਸੁਰੱਖਿਆ ਮੁਹੱਈਆ ਕਰਵਾਉਣਾ ਤਾਂ ਮੁਮਕਿਨ ਹੈ ਪਰ ਇਕ ਡਿਪਟੀ ਮੁੱਖ ਮੰਤਰੀ ਨੂੰ ਸਰਕਾਰੀ ਪੱਧਰ \'ਤੇ ਵੱਡਾ ਖਰਚਾ ਕਰਕੇ ਇਹ ਸੁਰੱਖਿਆ ਮੁਹੱਈਆ ਕਰਵਾਉਣਾ ਕਰਦਾਤਿਆਂ ਪ੍ਰਤੀ ਜਵਾਬਦੇਹੀ ਦਾ ਮੁੱਦਾ ਬਣ ਸਕਦਾ ਸੀ। ਪਰ ਦੌਰਾ ਰੱਦ ਹੋਣ ਦਾ ਅਸਲ ਕਾਰਣ ਕੈਨੇਡਾ ਦੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕਰਨਾ ਹੀ ਦੱਸਿਆ ਗਿਆ ਹੈ। ਇਥੇ ਇਹ ਪਹਿਲੂ ਵੀ ਦਿਲਚਸਪ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਕਾਂਗਰਸ ਦੇ ਆਗੂ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੌਰੇ \'ਤੇ ਆਏ ਸਨ ਤਾਂ ਉਹਨਾਂ ਦਾ ਖਾੜਕੂ ਧਿਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ। ਉਹ ਗਰਮ ਦਲੀਆਂ ਦੇ ਕਬਜ਼ੇ ਵਾਲੇ ਗੁਰੂ ਘਰਾਂ ਵਿਚ ਵੀ ਗਏ ਸਨ ਜਿਹਨਾਂ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਉਕਰੇ ਹੋਏ ਹਨ। ਇਸ ਦੌਰਾਨ ਉਹਨਾਂ ਨਾਲ ਖਾੜਕੂਵਾਦ ਦੌਰਾਨ ਚਰਚਿਤ ਰਹੇ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਉਚ ਪੁਲਿਸ ਅਧਿਕਾਰੀ ਖੂਬੀ ਰਾਮ ਵੀ ਉਹਨਾਂ ਦੇ ਮੁੱਖ ਸੁਰੱਖਿਆ ਅਧਿਕਾਰੀ ਵਜੋਂ ਉਹਨਾਂ ਦੇ ਨਾਲ ਸਨ। ਪਰ ਉਸ ਸਮੇਂ ਕਿਸੇ ਖਾੜਕੂ ਧਿਰ ਨੇ ਉਹਨਾਂ ਦਾ ਵਿਰੋਧ ਨਹੀਂ ਸੀ ਕੀਤਾ।
ਉਧਰ ਖਬਰਾਂ ਮੁਤਾਬਿਕ ਕੈਨੇਡਾ ਸਰਕਾਰ ਨੇ ਗਰਮ ਦਲੀਆਂ ਵੱਲੋਂ ਦੌਰੇ ਦੀ ਤਿੱਖੀ ਵਿਰੋਧਤਾ ਅਤੇ ਸਰਗਰਮੀਆਂ ਨੂੰ ਵੇਖਦਿਆਂ ਸੁਖਬੀਰ ਬਾਦਲ ਅਤੇ ਉਹਨਾਂ ਦੇ ਵਫਦ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਅਸਮਰਥਾ ਜ਼ਾਹਰ ਕੀਤੀ ਸੀ। ਪਰ ਇਸੇ ਦੌਰਾਨ ਇਕ ਮੀਡੀਆ ਗਰੁੱਪ ਵੱਲੋਂ ਕੈਨੇਡੀਅਨ ਵਿਦੇਸ਼ ਵਿਭਾਗ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਜਵਾਬ ਆਇਆ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਨਾਲ ਉਪ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਸਬੰਧੀ ਸੁਰੱਖਿਆ ਦੀ ਮੰਗ ਸਬੰਧੀ ਕੋਈ ਰਾਬਤਾ ਹੀ ਨਹੀਂ ਕੀਤਾ ਗਿਆ। ਅਗਰ ਕੈਨੇਡੀਅਨ ਸਰਕਾਰ ਕੋਲ ਅਜਿਹੀ ਮਨਸ਼ਾ ਵਾਲਾ ਕੋਈ ਪੱਤਰ ਪੁੱਜਾ ਹੁੰਦਾ ਤਾਂ ਇਸ ਉਪਰ ਅਵੱਸ਼ ਗੌਰ ਕੀਤਾ ਜਾਂਦਾ। ਹੁਣ ਇਹ ਸਵਾਲ ਉਠਦਾ ਹੈ ਕਿ ਅਗਰ ਸੁਰੱਖਿਆ ਮੰਗੀ ਹੀ ਨਹੀਂ ਗਈ ਤਾਂ ਸੁਰੱਖਿਆ ਦੇ ਬਹਾਨੇ ਦੌਰਾ ਰੱਦ ਕਰਨ ਦਾ ਕੀ ਮਤਲਬ? ਆਲ੍ਹਾ ਮਿਆਰੀ ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਨੇ ਉਪ ਮੁੱਖ ਮੰਤਰੀ ਦੇ ਦੌਰੇ ਲਈ ਸੁਰੱਖਿਆ ਪ੍ਰਬੰਧ ਲਈ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਸੀ ਪਰ ਅੱਗੋਂ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨਾਲ ਸੰਪਰਕ ਨਹੀਂ ਕੀਤਾ। ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨੇ ਕੈਨੇਡਾ ਸਥਿਤ ਆਪਣੇ ਦੂਤਾਵਾਸ ਅਤੇ ਖੁਫੀਆ ਏਜੰਸੀ ਤੋਂ ਇਸ ਦੌਰੇ ਸਬੰਧੀ ਰਿਪੋਰਟ ਮੰਗੀ। ਕੈਨੇਡਾ ਸਥਿਤ ਭਾਰਤੀ ਦੂਤਾਵਾਸ ਅਤੇ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਦੇ ਦੌਰੇ ਦੌਰਾਨ ਗਰਮ ਦਲੀਆਂ ਦੀਆਂ ਸਰਗਰਮੀਆਂ ਉਹਨਾਂ ਦੇ ਦੌਰੇ ਨੂੰ ਜ਼ੋਖਮ ਵਿਚ ਪਾ ਸਕਦੀਆਂ ਹਨ। ਆਈ ਬੀ ਨੇ ਤਾਂ ਇਹ ਦੌਰਾ ਬਿਲਕੁਲ ਹੀ ਨਾ ਕਰਨ ਦੀ ਸਲਾਹ ਦਿੱਤੀ। ਭਾਰਤ ਸਰਕਾਰ ਨੇ ਆਪਣੇ ਦੂਤਾਵਾਸ ਅਤੇ ਖੁਫੀਆ ਏਜੰਸੀ ਦੀ ਰਿਪੋਰਟ ਉਪਰੰਤ ਕੈਨੇਡਾ ਸਰਕਾਰ ਨਾਲ ਰਾਬਤਾ ਨਾ ਕਰਨ ਦਾ ਫੈਸਲਾ ਕਰਦਿਆਂ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਕਿ ਇਸ ਦੌਰੇ ਦੌਰਾਨ ਉਪ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਗਰ ਭਾਰਤੀ ਦੂਤਾਵਾਸ ਤੇ ਖੁਫੀਆ ਏਜੰਸੀਆਂ ਹੀ ਨਹੀਂ ਚਾਹੁੰਦੇ ਕਿ ਇਹ ਦੌਰਾ ਹੋਵੇ ਤਾਂ ਉਪ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਆਪਣੇ ਤੌਰ \'ਤੇ ਕੌਮਾਂਤਰੀ ਪੱਧਰ ਦਾ ਕੋਈ ਪ੍ਰੋਗਰਾਮ ਕਿਵੇਂ ਉਲੀਕ ਸਕਦੇ ਹਨ? ਅਜਿਹੀ ਸਥਿਤੀ ਨੂੰ ਵੇਖਦਿਆਂ ਸ੍ਰੋੋਮਣੀ ਅਕਾਲੀ ਦਲ ਦੇ ਬੁਲਾਰੇ ਦੇ ਬਿਆਨ ਵਿਚ ਕਾਫੀ ਹੱਦ ਤੱਕ ਸੱਚਾਈ ਝਲਕਦੀ ਹੈ ਕਿ ਉਪ ਮੁੱਖ ਮੰਤਰੀ ਦਾ ਦੌਰਾ ਰੱਦ ਕਰਵਾਉਣ ਪਿੱਛੇ ਕਾਂਗਰਸ ਦੀ ਗਹਿਰੀ ਸਾਜਿਸ਼ ਹੈ।
ਪਰ ਇਸਦੇ ਨਾਲ ਹੀ ਇਸ ਦੌਰੇ ਦੇ ਦੂਸਰੀ ਵਾਰ ਰੱਦ ਹੋਣ ਨੂੰ ਜਿਥੇ ਖਾੜਕੂ ਧਿਰਾਂ ਆਪਣੀ ਜਿੱਤ ਕਰਾਰ ਦੇ ਰਹੀਆਂ ਹਨ,ਉਥੇ ਅਕਾਲੀ ਦਲ ਨਾਲ ਜੁੜੇ ਸਥਾਨਕ ਆਗੂਆਂ ਨੂੰ ਨਮੋਸ਼ੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿਨ੍ਹਾਂ ਸ਼ੱਕ ਇਹ ਤੱਥ ਸਾਹਮਣੇ ਹਨ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਅਤੇ ਭਾਰਤੀ ਖੁਫੀਆ ਏਜੰਸੀਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੈਨੇਡਾ ਦੌਰੇ ਨੂੰ ਪ੍ਰਵਾਨਗੀ ਦੇਣ ਲਈ ਤਿਆਰ ਨਹੀਂ ਤੇ ਇਸਨੂੰ ਰੋਕਣ ਲਈ ਸੁਰੱਖਿਆ ਦਾ ਬਹਾਨਾ ਬਣਾਇਆ ਗਿਆ ਹੈ ਪਰ ਇਸ ਦੌਰੇ ਨੂੰ ਉਲੀਕਣ ਅਤੇ ਪ੍ਰਚਾਰਨ ਵਾਲੀ ਬਚਗਾਨਾ ਨੀਤੀ ਨੇ ਅਕਾਲੀ ਸਰਕਾਰ ਦੀ ਦੂਰ ਅੰਦੇਸ਼ੀ ਅਤੇ ਸਿਆਣਪ ਦਾ ਵੀ ਪਾਜ ਉਘੇੜਿਆ ਹੈ। ਭਾਵੇਂਕਿ ਪੰਜਾਬ ਸਰਕਾਰ ਨੇ ਇਸ ਦੌਰੇ ਦਾ ਅੱਜ ਤੱਕ ਕਦੇ ਕੋਈ ਸਰਕਾਰੀ ਪੱਧਰ \'ਤੇ ਐਲਾਨ ਨਹੀਂ ਸੀ ਕੀਤਾ ਪਰ ਮੀਡੀਆ ਰਾਹੀਂ ਪੁੱਜਣ ਵਾਲੀਆਂ ਖਬਰਾਂ ਨੇ ਦੌਰੇ ਨੂੰ ਇਕ ਮਜ਼ਾਕ ਬਣਾ ਛੱਡਿਆ। ਮੀਡੀਆ ਰਾਹੀਂ ਇਹ ਖਬਰਾਂ ਫੈਲਾਅ ਕੇ ਪੰਜਾਬ ਸਰਕਾਰ ਨੇ ਪਤਾ ਨਹੀਂ ਕੀ ਵਾਚਣ ਅਤੇ ਪਰਖਣ ਦਾ ਯਤਨ ਕੀਤਾ ਪਰ ਇਹਨਾਂ ਖਬਰਾਂ ਨੇ ਇਹ ਪ੍ਰਭਾਵ ਜ਼ਰੂਰ ਦਿੱਤਾ ਹੈ ਕਿ ਪੰਜਾਬ ਸਰਕਾਰ ਜਾਂ ਉਪ ਮੁੱਖ ਮੰਤਰੀ ਪ੍ਰਵਾਸੀ ਪੰਜਾਬੀਆਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਪ੍ਰਤੀ ਉਤਨੇ ਜ਼ਿਆਦਾ ਸੰਜੀਦਾ ਨਹੀਂ ਜਿਤਨਾ ਕਿ ਵਿਖਾਵਾ ਕੀਤਾ ਜਾਂਦਾ ਹੈ।
-
ਸੁਖਵਿੰਦਰ ਸਿੰਘ ਚੋਹਲਾ. 100, ਬਰਚ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.