ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਪੜਦਿਆਂ ਹਮੇਸ਼ਾ ਜਨਾਬ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ ਦੀ ਪੁਸਤਕ \'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ\' ਦਾ ਹਵਾਲਾ ਤਾਂ ਮਿਲਦਾ ਰਿਹਾ ਪਰ ਪੁਸਤਕ ਕਦੇ ਨਸੀਬ ਨਾ ਹੋਈ। ਬਹੁਤ ਮਗਰੋਂ ਜਾ ਕੇ ਪਤਾ ਲੱਗਾ ਕਿ ਇਹ ਪੁਸਤਕ ਤਾਂ ਦੇਸ਼ ਦੀ ਵੰਡ ਤੋਂ ਕਾਫ਼ੀ ਚਿਰ ਪਹਿਲਾਂ ਲਿਖੀ ਜਾਣੀ ਸ਼ੁਰੂ ਹੋਈ ਸੀ ਅਤੇ 1955 ਵਿਚ ਜਨਾਬ ਕੁਸ਼ਤਾ ਜੀ ਦੀ ਮੌਤ ਤੋਂ ਬਾਅਦ ਉਨਾਂ ਦੇ ਬੇਟੇ ਦੀ ਹਿੰਮਤ ਨਾਲ ਇਸ ਨੂੰ ਸ਼ਾਹਮੁਖੀ ਅੱਖਰਾਂ ਵਿਚ ਪੁਸਤਕ ਜਾਮਾ 1960 ਵਿਚ ਨਸੀਬ ਹੋਇਆ। ਪਾਕਿਸਤਾਨ ਵਿਚ ਛਪੀ ਇਸ ਪੁਸਤਕ ਦੇ ਇਤਿਹਾਸਕ ਮੁਲ ਨੂੰ ਪਛਾਣਦੇ ਹੋਏ ਸਾਡੇ ਪੰਜਾਬੀ ਲਿਖਾਰੀ ਅਤੇ ਆਲੋਚਕਾਂ ਨੇ ਰੁਦਨ ਤਾਂ ਬਥੇਰਾ ਕੀਤਾ, ਪ੍ਰੰਤੂ ਕਿਸੇ ਨੇ ਵੀ ਇਸ ਨੂੰ ਗੁਰਮੁਖੀ ਅੱਖਰਾਂ ਵਿਚ ਢਾਲਣ ਦੀ ਕੋਸ਼ਿਸ਼ ਨਾ ਕੀਤੀ। ਸਾਡਾ ਧੰਨਭਾਗ ਹੈ ਕਿ ਇਹ ਕਾਰਜ ਬਜ਼ੁਰਗ ਪੰਜਾਬੀ ਲੇਖਕ ਸ. ਰਘਬੀਰ ਸਿੰਘ ਭਰਤ ਨੇ ਆਪਣੇ ਜ਼ਿੰਮੇਂ ਲਿਆ ਅਤੇ ਬੜੀ ਕਾਮਯਾਬੀ ਦੇ ਨਾਲ ਇਸ ਨੂੰ ਸੰਪੂਰਨ ਕੀਤਾ।
ਮੌਲਾ ਬਖ਼ਸ਼ ਕੁਸ਼ਤਾ ਪੰਜਾਬੀ ਦੇ ਉਨਾਂ ਮੁਢਲੇ ਖੋਜੀਆਂ ਵਿਚੋਂ ਹੈ, ਜਿਨਾਂ ਨੇ ਫ਼ਿਰਕੂ ਤੁਅੱਸਬ ਤੋਂ ਮੁਕਤ ਹੋ ਕੇ ਮਾਂ ਬੋਲੀ ਦਾ ਕਰਜ਼ ਚੁਕਾਇਆ ਹੈ। ਉਹ ਪੰਜਾਬੀ ਗ਼ਜ਼ਲ ਦੇ ਨੈਣ ਨਕਸ਼ ਸੁਆਰਣ ਅਤੇ ਪੰਜਾਬੀ ਵਿਚ ਸਾਹਿਤ ਖੋਜ ਅਤੇ ਆਲੋਚਨਾ ਦਾ ਪਿੜ ਬੰਨਣ ਵਾਲੇ ਵਿਦਵਾਨਾਂ ਵਿਚੋਂ ਵੀ। ਉਸ ਨੇ ਪੰਜਾਬੀ ਗ਼ਜ਼ਲ ਨੂੰ ਠੇਠ ਦੇਸੀ ਮੁਹਾਵਰਾ ਤੇ ਪੰਜਾਬੀ ਪੁੱਠ ਦਿੱਤੀ। ਉਸ ਦੀ ਗ਼ਜ਼ਲ ਦੇ ਰੁਮਾਨੀ ਤੇ ਰਿੰਦਾਨਾ ਜੁੱਸੇ ਵਿਚ ਤਿੱਖੀ ਸਿਆਸੀ ਚੇਤਨਾ ਵਾਲੇ ਸ਼ਿਅਰਾਂ ਦੀ ਲਿਸ਼ਕ ਵੀ ਵੇਖਣ ਵਾਲੀ ਹੈ। ਜਦੋਂ ਉਸ ਨੇ ਕਲਮ ਸੰਭਾਲੀ ਉਦੋਂ ਬਰਤਾਨਵੀ ਬਸਤੀਵਾਦ ਸਾਡੇ ਕੌਮੀ ਸੁਤੰਤਰਤਾ ਸੰਗਰਾਮ ਦੇ ਜਲੌਅ ਨੂੰ ਮੱਠਾ ਕਰਨ ਖਾਤਰ ਪੰਜਾਬੀ ਭਾਈਚਾਰੇ ਨੂੰ ਵੰਡਣ ਦੀ ਫ਼ਿਰਕੂ ਖੇਡ ਖੇਡ ਰਿਹਾ ਸੀ। ਕੁਝ ਪੰਜਾਬੀ ਵਿਦਵਾਨ ਅਚੇਤ ਹੀ ਇਸ ਸ਼ਤਰੰਜੀ ਚਾਲ ਦੇ ਸ਼ਿਕਾਰ ਹੋ ਕੇ ਸਾਂਝੇ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਪਛਾਨਣ ਤੋਂ ਟਪਲਾ ਖਾ ਰਹੇ ਸਨ। ਮੌਲਾ ਬਖ਼ਸ਼ ਕੁਸ਼ਤਾ ਨੇ ਇਸ ਰਾਜਸੀ ਛੜ-ਯੰਤਰ ਨੂੰ ਬੇਨਕਾਬ ਕਰਦਿਆਂ ਇਸ ਸਥਾਪਿਤ ਕੀਤਾ ਕਿ ਪੰਜਾਬੀ ਕਿਸੇ ਇਕ ਵਿਸ਼ੇਸ਼ ਫ਼ਿਰਕੇ ਦੀ ਜ਼ਬਾਨ ਨਹੀਂ ਸਗੋਂ ਸਮੂਹ ਪੰਜਾਬੀਆਂ ਦੀ ਵਡਮੁੱਲੀ ਅਮਰ ਵਿਰਾਸਤ ਹੈ।
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਤੇ ਤਜ਼ਕਰਾ ਨਿਗਾਰੀ ਕਰਦੇ ਸਮੇਂ ਉਨਾਂ ਨੇ ਪੰਜਾਬੀ \'ਚ ਲਿਖਣ ਵਾਲੇ ਸਾਰੇ ਸਾਹਿਤਕਾਰਾਂ ਨੂੰ ਸਨਮਾਨ-ਪੂਰਵਕ ਬਣਦੀ ਥਾਂ ਦਿੱਤੀ। 20ਵੀਂ ਸਦੀ ਦੇ ਤੀਜੇ ਦਹਾਕੇ ਵਿਚ ਪੰਜਾਬੀ ਦੀ ਲਹਿਰ ਉਸਾਰਨ ਲਈ ਜਿਹੜਾ ਮੁਹਾਜ ਸਿਰਜਿਆ ਗਿਆ, ਉਹ ਉਹਦੀਆਂ ਮੂਹਰਲੀਆਂ ਸਫ਼ਾਂ ਵਿਚ ਪੇਸ਼-ਪੇਸ਼ ਰਹੇ। \'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ\' ਕੁਸ਼ਤਾ ਦਾ ਇਤਿਹਾਸਕ ਤੇ ਕੌਮੀ ਮਹੱਤਤਾ ਵਾਲਾ ਨਾਯਾਬ ਗ੍ਰੰਥ ਹੈ। ਇਸ ਵਿਚ ਲਗਪਗ 242 ਸ਼ਾਇਰਾਂ ਦੀ ਸਿਰਜਨਾ ਅਤੇ 1955 ਤੱਕ ਦੇ ਕਾਵਿ ਸਫ਼ਰ ਦਾ ਹਵਾਲਾ ਮਿਲਦਾ ਹੈ। ਪੰਜਾਬੀ ਸਾਹਿਤ ਦੀ ਖੋਜਕਾਰੀ ਅਤੇ ਆਲੋਚਨਾ \'ਚ ਸਰੋਤ ਗ੍ਰੰਥ ਦਾ ਰੁਤਬਾ ਰੱਖਣ ਵਾਲੀ ਇਹ ਰਚਨਾ ਉਸ ਦੇ \'ਲੱਜਾਪਾਲ ਪੁੱਤਰ\' ਦੇ ਸਹਿਯੋਗ ਤੇ ਉੱਦਮ ਨਾਲ ਨੇਪਰੇ ਚੜੀ। ਸ਼ਾਹਮੁਖੀ ਲਿੱਪੀ ਵਿਚ ਹੋਣ ਕਰਕੇ ਇਹ ਰਚਨਾ ਹੁਣ ਤੀਕ ਨਵੀਂ ਪੀੜੀ ਦੀ ਪਹੁੰਚ ਤੋਂ ਬਾਹਰ ਸੀ।
ਪਾਕਿਸਤਾਨ ਤੁਰ ਗਏ ਆਪਣੇ ਪੁਰਖ਼ਿਆਂ ਦੇ ਕੰਮ ਨੂੰ ਚੇਤੇ ਕਰਨ ਦੀ ਲੜੀ ਵਿਚ ਹੀ ਅਕਾਡਮੀ ਵਲੋਂ ਫ਼ੈਜ਼ ਅਹਿਮਦ ਫ਼ੈਜ਼ ਬਾਰੇ ਵਿਸ਼ੇਸ਼ ਪੁਸਤਕ ਸ. ਹਰਭਜਨ ਸਿੰਘ ਹੁੰਦਲ ਜੀ ਤੋਂ ਲਿਖਵਾ ਕੇ ਪ੍ਰਕਾਸ਼ਿਤ ਕੀਤੀ ਹੈ। ਉਰਦੂ ਕਵੀ ਹਬੀਬ ਜਾਲਿਬ ਜੀ ਦਾ ਪੰਜਾਬੀ ਕਲਾਮ ਵੀ ਸ. ਹਰਭਜਨ ਸਿੰਘ ਹੁੰਦਲ ਜੀ ਨੇ ਲਿੱਪੀਅੰਤਰ ਕੀਤਾ ਹੈ। ਇਸ ਸਭ ਕੁਝ ਲਈ ਜਿਥੇ ਪ੍ਰਬੁੱਧ ਪੰਜਾਬੀ ਲੇਖਕ ਮੁਹੱਬਤੀ ਸਹਿਯੋਗ ਲਈ ਧੰਨਵਾਦ ਦੇ ਹੱਕਦਾਰ ਹਨ ਉਥੇ ਅਕਾਡਮੀ ਦੇ ਸਮੂਹ ਅਹੁਦੇਦਾਰ ਵੀ ਮੁਬਾਰਕ ਯੋਗ ਹਨ ਜਿਨਾਂ ਨੇ ਹਰ ਸ਼ੁਭ ਕਾਰਜ ਵਿਚ ਇਕ ਦੂਜੇ ਨਾਲੋਂ ਅੱਗੇ ਹੋ ਕੇ ਇਨਾਂ ਪੁਸਤਕਾਂ ਦੇ ਪ੍ਰਕਾਸ਼ਨ ਲਈ ਤਨ-ਮਨ ਅਤੇ ਧਨ ਲਗਾਇਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਬਣਨ ਸਾਰ ਮੇਰੇ ਮਨ ਵਿਚ ਇਸ ਗਲ ਬਾਰੇ ਬੜੀ ਸਪੱਸ਼ਟਤਾ ਸੀ ਕਿ ਅਕਾਡਮੀ ਨੂੰ ਵੱਧ ਤੋਂ ਵੱਧ ਅਕਾਦਮਿਕ ਕੰਮਾਂ ਕਾਰਾਂ ਵਿਚ ਅੱਗੇ ਵਧਾਇਆ ਜਾਵੇ। ਸ੍ਰੀ ਰਵਿੰਦਰ ਨਾਥ ਟੈਗੋਰ ਦੀਆਂ ਬਾਰਾਂ ਪੁਸਤਕਾਂ ਦਾ ਸੈੱਟ ਭਾਰਤੀ ਸਾਹਿਤ ਅਕਾਦੇਮੀ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਵਾ ਕੇ ਉਸ ਨੂੰ ਸ਼ਾਂਤੀ ਨਿਕੇਤਨ ਕੋਲਕਾਤਾ ਵਿਖੇ ਲੋਕ ਅਰਪਣ ਕਰਵਾਉਣਾ ਇਸੇ ਦਿਸ਼ਾ ਵਿਚ ਪੱਕਾ ਪਕੇਰਾ ਕਦਮ ਸੀ। ਹੁਣ ਮੌਲਾ ਬਖ਼ਸ਼ ਕੁਸ਼ਤਾ ਜੀ ਦੀ ਇਸ ਪੁਸਤਕ ਨੂੰ ਪੰਜਾਬੀ ਪਿਆਰਿਆਂ ਦੇ ਹਵਾਲੇ ਕਰਦਿਆਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਖ਼ੁਸ਼ੀ ਹੀ ਨਹੀਂ ਹੋ ਰਹੀ ਸਗੋਂ ਜ਼ਿੰਮੇਂਵਾਰੀ ਨਿਭਾਉਣ ਦਾ ਅਹਿਸਾਸ ਵੀ ਹੋ ਰਿਹਾ ਹੈ। ਇਹ ਪੁਸਤਕ ਨਾਲ ਨਵੇਂ ਖੋਜਕਾਰਾਂ ਲਈ ਨਵੇਂ ਗਿਆਨ ਦਾ ਪ੍ਰਕਾਸ਼ ਹੋਵੇਗਾ। ਜਿਹੜੇ ਨੌਜਵਾਨ ਖੋਜਕਾਰ ਸਿਰਫ਼ ਗੁਰਮੁਖੀ ਅੱਖਰ ਜਾਣਦੇ ਹਨ ਉਨਾਂ ਲਈ ਇਸ ਪੁਸਤਕ ਵਿਚਲੀ ਜਾਣਕਾਰੀ ਯਕੀਨਨ ਲਾਹੇਵੰਦ ਬਣੇਗੀ।
-
ਪ੍ਰੋ. ਗੁਰਭਜਨ ਸਿੰਘ ਗਿੱਲ. ਪ੍,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.