ਅਕਸਰ ਸਿੱਟਾ ਲੇਖ ਲਿਖਣ ਵੇਲੇ ਲੇਖ ਦੇ ਆਖਿਰ ਵਿਚ ਕੱਢਿਆ ਜਾਂਦਾ ਹੈ ਪਰ ਆਪਾਂ ਸਿੱਟਾ ਸਿਰਲੇਖ \'ਚ ਹੀ ਕੱਢ ਦਿੱਤਾ ਕਿ \'\'ਹਾਣੀ ਫ਼ਿਲਮ ਦੇਖਣ \'ਚ ਕੋਈ ਹਾਨੀ ਨਹੀਂ\'\'।
ਮਤਲਬ ਅੱਜ ਕੱਲ ਜ਼ਿਆਦਾਤਰ ਫ਼ਿਲਮਾਂ ਦੇਖਣ ਤੋਂ ਬਾਅਦ ਬਹੁਤਿਆਂ ਦੇ ਮੂੰਹੋਂ ਇਹ ਹੀ ਨਿਕਲਦਾ ਹੈ ਕਿ ਐਵੇਂ ਪੈਸੇ ਅਤੇ ਵਕਤ ਦੀ ਬਰਬਾਦੀ ਕੀਤੀ, ਮਤਲਬ ਨੁਕਸਾਨ ਖਾਧਾ, ਨੁਕਸਾਨ ਮਤਲਬ ਹਾਨੀ। ਸੋ ਹੁਣ ਤੁਸੀਂ ਭਾਵੇਂ ਫ਼ਿਲਮ ਦੀ ਸਾਰੀ ਸਮੀਖਿਆ ਪੜ੍ਹ ਕੇ ਫ਼ਿਲਮ ਦੇਖਣ ਜਾਇਓ ਭਾਵੇਂ ਇਕੱਲਾ ਸਿਰਲੇਖ ਪੜ੍ਹ ਕੇ, ਮੈਨੂੰ ਨਹੀਂ ਲਗਦਾ ਕਿ ਤੁਹਾਨੂੰ ਆਖੀਰ \'ਚ ਹਾਨੀ ਉਠਾਉਣੀ ਪਵੇ। ਮੈਂ ਭਾਵੇਂ ਸਿੱਟਾ ਇਸ ਲੇਖ ਦੇ ਸ਼ੁਰੂ \'ਚ ਕੱਢ ਦਿੱਤਾ ਪਰ ਫ਼ਿਲਮ ਸਾਰੀ ਦੇਖ ਕੇ ਕੱਢਿਆ।
ਦੁਨੀਆਂ \'ਚ ਹਰ ਇਕ ਦਾ ਨਜ਼ਰੀਆ ਵੱਖਰਾ ਹੁੰਦਾ ਹੈ, ਸੋ ਬਹੁਤਿਆਂ ਨੂੰ ਇਹ ਫ਼ਿਲਮ ਚੰਗੀ ਵੀ ਨਹੀਂ ਲੱਗਣੀ। ਪਰ ਅਖੀਰ \'ਚ ਬਹੁਤਾਤ ਪਸੰਦ ਕਰਨ ਵਾਲਿਆ ਦੀ ਹੋਵੇਗੀ। ਸ਼ੁਰੂ ਤੋਂ ਹੀ ਗਲਾਸ ਅੱਧਾ ਭਰਿਆ ਦੇਖਣ ਦੀ ਆਦਤ ਹੈ ਸੋ ਹੋ ਸਕਦਾ ਕਿ ਮੈਨੂੰ ਗਲਾਸ ਦਾ ਖ਼ਾਲੀ ਪਾਸਾ ਨਾ ਦਿਸਿਆ ਹੋਵੇ, ਤਾਂਹੀਓਂ ਕਹਿਣਾ ਹਾਂ ਕਿ ਆਪੋ ਆਪਣਾ ਨਜ਼ਰੀਆ।
ਫ਼ਿਲਮ ਦੇ ਸਾਰੇ ਪੱਖ ਦੇਖ ਕੇ ਮੈਂ ਆਪਣੀ ਬੁੱਧੀ ਅਨੁਸਾਰ ੧੦ ਵਿਚੋਂ ੯ ਅੰਕ ਦਿੱਤੇ ਹਨ। ਪਹਿਲਾਂ ਮਨ ਕਹੇ ਕੀ ੮ ਕੁ ਦੀ ਹੱਕਦਾਰ ਹੈ ਫ਼ਿਲਮ। ਪਰ ਫੇਰ ਜਦੋਂ ਸੋਚਿਆ ਕਿ ਸੀਮਤ ਸਾਧਨਾਂ ਨਾਲ ਪੰਜਾਹ ਸਾਲ ਮਗਰ ਜਾ ਕੇ ਫ਼ਿਲਮ ਬਣਾਉਣੀ ਵੀ ਇਕ ਹੌਸਲੇ ਦਾ ਤੇ ਚੁਨੌਤੀ ਦਾ ਕੰਮ ਸੀ। ਸੋ ਇਸੇ ਦੀ ਦਾਦ \'ਚ ੯ ਪੁਆਇੰਟ ਦੇ ਦਿੱਤੇ। ਕਿਉਂਕਿ ੧੦ ਚੋਂ ੧੦ ਜਿਨ੍ਹਾਂ ਪਰਫੈਕਟ ਹੋਣਾ ਹਰ ਇਕ ਲਈ ਮੁਸ਼ਕਿਲ ਹੈ।
ਫ਼ਿਲਮ ਦੀ ਸ਼ੁਰੂਆਤ ਵਿਚ ਪੁਰਾਣੇ ਜ਼ਮਾਨੇ ਦੇ ਫਿਲਮਾਏ ਗਏ ਵਿਆਹ ਅਤੇ ਪਿੰਡ ਦੇ ਸੀਨ ਜਿੱਥੇ ਚਾਲੀ ਕੁ ਵਰ੍ਹਿਆਂ ਤੋਂ ਉੱਤੋਂ ਦੇ ਦਰਸ਼ਕਾਂ ਦੀ ਧੁੰਦਲੀ ਹੋ ਰਹੀ ਸੋਚ ਨੂੰ ਸਾਫ਼ ਕਰਦੇ ਹਨ ਉਥੇ ਨੌਜਵਾਨਾਂ ਨੂੰ ਸੋਚਣ ਲਈ ਇਕ ਵਿਸ਼ਾ ਵਸਤੂ ਮਿਲਦੀ ਹੈ। ਅਸੀਂ ਅਕਸਰ ਦੋਸ਼ ਲਾਉਂਦੇ ਹਾਂ ਕਿ ਅੱਜ ਦੀ ਪੀੜੀ ਆਪਣਾ ਅਮੀਰ ਵਿਰਸਾ ਭੁੱਲਦੀ ਜਾ ਰਹੀ ਹੈ। ਪਰ ਉਸ ਨੂੰ ਪੁਰਾਣਾ ਵਿਰਸਾ ਮਿਲੇ ਕਿਥੋਂ ? ਅੱਜ ਜਦੋਂ ਹੱਟੀ ਤੇ ਇਕ ਹੀ ਚੀਜ਼ ਮਿਲਦੀ ਹੈ ਤਾਂ ਨੌਜਵਾਨ ਨੇ ਤਾਂ ਉਹੀ ਲੈਣੀ ਹੈ। ਇਸ ਫ਼ਿਲਮ ਨਾਲ ਨੌਜਵਾਨਾਂ ਨੂੰ ਇਕ ਵਿਕਲਪ ਮਿਲੇਗਾ ਜਿਸ ਵਿਚੋਂ ਉਹ ਚੁਣ ਸਕਦੇ ਹਨ। ਹੈਰਾਨੀ ਨਹੀਂ ਹੋਣੀ ਚਾਹੀਦੀ ਜੇ ਆਉਣ ਵਾਲੇ ਦਿਨਾਂ \'ਚ ਫੇਰ ਇਕ ਬਾਰ ਟੌਰੇ ਵਾਲੀ ਪੱਗ ਬੰਨ੍ਹੀ ਫਿਰਦੇ ਨੌਜਵਾਨ ਤੁਹਾਡੇ ਨਜ਼ਰੀਂ ਪੈ ਜਾਣ।
ਤਿੰਨ ਪੀੜ੍ਹੀਆਂ ਦੀ ਕਹਾਣੀ ਸਮੇਟੀ ਇਹ ਫ਼ਿਲਮ ਕੀਤੇ ਕੀਤੇ ਥੋੜ੍ਹੀ ਜਿਹੀ ਢਿੱਲੀ ਪੈਂਦੀ ਲਗਦੀ ਹੈ ਪਰ ਛੇਤੀ ਹੀ ਲੀਹ ਤੇ ਆ ਜਾਂਦੀ ਹੈ। ਪੰਜਾਬੀ ਫ਼ਿਲਮ ਦੇਖਦਿਆਂ ਪਿੰਡੇ ਚੋਂ ਤੁੜ-ਤੜੀ ਘੱਟ ਹੀ ਨਿਕਲਦੀ ਹੁੰਦੀ ਹੈ ਪਰ ਇਸ ਫ਼ਿਲਮ \'ਚ ਤਿੰਨ-ਚਾਰ ਬਾਰ ਇਹੋ ਜਿਹਾ ਵੇਲਾ ਵੀ ਆਉਂਦਾ ਜਦੋਂ ਇਹ ਦਰਸ਼ਕਾਂ ਨੂੰ ਸੱਤਰ ਦੇ ਦਹਾਕੇ ਦੀਆਂ ਹਿੰਦੀ ਫ਼ਿਲਮਾਂ ਵਾਂਗ ਜਜ਼ਬਾਤੀ ਬਹਿਨ \'ਚ ਵੀ ਬਹਾ ਲੈਂਦੀ ਹੈ। ਕਾਮੇਡੀ ਦੇ ਦੌਰ \'ਚ ਇਕ ਪੂਰੇ ਵਿਸ਼ੇ ਤੇ ਫ਼ਿਲਮ ਬਣਾਉਣਾ ਕਾਫ਼ੀ ਜੋਖ਼ਮ ਭਰਿਆ ਕਦਮ ਸੀ। ਜੋ ਅਮਿਤੋਜ ਮਾਨ ਨੇ ਚੁੱਕਿਆ ਤੇ ਜਿਸ ਵਿਚ ਉਹ ਕਾਮਯਾਬ ਵੀ ਹੋ ਗਏ ਹਨ।
ਹਰਭਜਨ ਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਉਮਰ ਦੇ ਇਸ ਦੌਰ \'ਚ \'ਰਣਜੀਤ ਸਿੰਘ ਮਰਾੜਾਂ\' ਵਾਲੇ ਤੋਂ ਵਧੀਆ ਕਿਰਦਾਰ ਮਿਲਣਾ ਮੁਸ਼ਕਿਲ ਹੈ ਜਿਸ ਨੂੰ ਉਹ ਨਿਭਾਉਣ \'ਚ ਵੀ ਕਾਮਯਾਬ ਹੋਏ ਹਨ। ਹਰਭਜਨ ਦੀ ਐਕਟਿੰਗ ਤੇ ਉਂਗਲ ਚੁੱਕਣ ਵਾਲੇ ਸ਼ਾਇਦ ਇਸ ਕਿਰਦਾਰ ਵਿਚ ਖੁੱਭੇ ਹਰਭਜਨ ਨੂੰ ਦੇਖ ਕੇ ਆਪਣੇ ਵਿਚਾਰ ਬਦਲ ਲੈਣ। ਮੁੱਢੋਂ ਨਵੀਂ, ਫ਼ਿਲਮ ਦੀ ਨਾਇਕਾ \'ਮਹਰੀਨ ਕਾਲੇਕਾ\' ਜਿੱਥੇ ਪੰਜਾਹ ਵਰ੍ਹੇ ਪੁਰਾਣੇ ਵੇਲੇ ਦੀ ਮੁਟਿਆਰ ਦੇ ਕਿਰਦਾਰ ਨਾਲ ਇਨਸਾਫ਼ ਕਰਦੀ ਨਜ਼ਰ ਆਉਂਦੀ ਹੈ ਉਥੇ ਉਸ ਨੇ ਬੁਢਾਪੇ ਵਾਲੇ ਰੋਲ \'ਚ ਵੀ ਪਰਪੱਕਤਾ ਦਿਖਾਈ ਹੈ। ਫ਼ਿਲਮ ਦੀ ਦੂਜੀ ਜੋੜੀ ਅਨੁਜ ਸਚਦੇਵਾ ਅਤੇ ਸੋਨੀਆ ਮਾਨ ਦੀ ਗੱਲ ਕੀਤੀ ਜਾਵੇ ਤਾਂ ਮੈਂ ਇਹੀ ਕਹਾਂਗਾ ਕਿ ਜੇ ਇਸ ਫ਼ਿਲਮ ਦਾ ਸਭ ਤੋਂ ਵੱਧ ਫ਼ਾਇਦਾ ਕਿਸੇ ਨੂੰ ਮਿਲਣ ਵਾਲਾ ਹੈ ਤਾਂ ਉਹ ਇਸ ਨੌਜਵਾਨ \'ਅਨੁਜ\' ਨੂੰ ਮਿਲੇਗਾ। ਜਿੱਥੇ ਉਸ ਦੀ ਦਿੱਖ \'ਚ ਸਟਾਰਡਮ ਹੈ ਉਥੇ ਉਸ ਦੀ ਕਿਰਦਾਰ ਤੇ ਪਕੜ ਉਸ ਦੇ ਚੰਗੇ ਭਵਿੱਖ ਦੀ ਗਵਾਹੀ ਭਰਦੀ ਹੈ। ਅਸ਼ੀਸ਼ ਦੁੱਗਲ ਨੇ ਵੀ ਗੁਰਜੰਟ ਸਿੰਘ ਦੇ ਕਿਰਦਾਰ \'ਚ ਜਾਣ ਪਾਈ ਹੈ।
ਜੇ ਹੁਣ ਗੱਲ ਕੀਤੀ ਜਾਵੇ ਸਰਬਜੀਤ ਚੀਮੇ ਦੀ ਤਾਂ ਦੋਸਤੋ ਸੱਚ ਦੱਸਾਂ! ਮੈਨੂੰ ਸਰਬਜੀਤ ਤੋਂ ਐਨੀ ਆਸ ਨਹੀਂ ਸੀ। ਮੈਂ ਤਾਂ ਸੋਚਦਾ ਸੀ ਕਿ ਉਹ ਦੇਖੋ ਦੇਖੀ ਗਾਉਣ ਵਾਲਿਆਂ ਦੇ ਫ਼ਿਲਮਾਂ \'ਚ ਆਉਣ ਦੇ ਰੁਝਾਨ ਵਿਚ ਹੀ ਫ਼ਿਲਮਾਂ \'ਚ ਹੱਥ ਪੈਰ ਮਾਰ ਰਿਹਾ ਹੈ। ਪਰ ਉਸ ਨੇ ਤਾਂ ਇਸ ਫ਼ਿਲਮ \'ਚ ਆਪਣੇ ਕਿਰਦਾਰ ਨੂੰ ਜਿਉਂਦਾ ਕਰ ਦਿੱਤਾ। ਮੈਨੂੰ ਉਨ੍ਹਾਂ ਦਾ ਇਹ ਕਿਰਦਾਰ ਦੇਖ ਕੇ ਲਗਿਆ ਕਿ ਚੀਮਾ ਇਕ ਗ਼ਲਤੀ ਕਰ ਗਿਆ! ਉਸ ਨੂੰ ਆਪਣੀ ਫ਼ਿਲਮ \'ਪੰਜਾਬ ਬੋਲਦਾ\' ਹਾਣੀ ਤੋਂ ਬਾਅਦ ਰਿਲੀਜ਼ ਕਰਨੀ ਚਾਹੀਦੀ ਸੀ। ਹਾਣੀ ਤੋਂ ਬਾਅਦ ਉਸ ਦੇ ਫ਼ਿਲਮੀ ਸਫ਼ਰ ਨੂੰ ਨਵਾਂ ਮੋੜ ਮਿਲਦਾ ਦਿਖਾਈ ਦੇ ਰਿਹਾ ਹੈ। ਸਰਦਾਰ ਸੋਹੀ ਦਾ ਕਿਰਦਾਰ ਭਾਵੇਂ ਬਹੁਤ ਛੋਟਾ ਸੀ ਪਰ ਉਸ ਦੀ ਕਲਮ ਚੋਂ ਨਿਕਲੇ ਸੰਵਾਦ ਉਸਾਰੂ ਸਨ। ਆਪਣੇ ਪੁਰਾਣੇ ਇਕ ਜੁੰਡੀ ਦੇ ਯਾਰ \'ਦਿਲਖ਼ੁਸ਼ ਥਿੰਦ\' ਜਿਸ ਨੂੰ ਕੀ ਮੈਂ ਦੱਸ ਕੁ ਵਰ੍ਹੇ ਪਹਿਲਾਂ ਰਾਗ ਅਲਾਪਦੇ ਨੂੰ ਛੱਡ ਕੇ ਆਇਆ ਸੀ ਨੂੰ ਇਸ ਫ਼ਿਲਮ \'ਚ ਇਕ ਛੋਟੇ ਜਿਹੇ ਕਿਰਦਾਰ \'ਚ ਕੁੱਟ ਖਾਂਦੀਆਂ ਦੇਖ ਕੇ ਚੰਗਾ ਲੱਗਿਆ।
ਫ਼ਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਦਾ ਬਹੁਤ ਹੀ ਮਜ਼ਬੂਤ ਪੱਖ ਹੈ। ਕਿਉਂਕਿ ਇਸ ਪਿੱਛੇ ਬਾਬੂ ਸਿੰਘ ਮਾਨ ਮਰਾੜਾਂ ਜਿਹੇ ਤਜਰਬੇਕਾਰ ਇਨਸਾਨ ਦਾ ਹੱਥ ਹੋਵੇ ਉਹ ਪੱਖ ਕਮਜ਼ੋਰ ਕਿਵੇਂ ਹੋ ਸਕਦਾ। ਇਕ ਪੱਖ ਜਿਸ ਤੇ ਕੁਝ ਕੁ ਉਂਗਲ਼ਾਂ ਆਉਣ ਵਾਲੇ ਦਿਨਾਂ \'ਚ ਉੱਠ ਸਕਦੀਆਂ ਹਨ ਉਹ ਹੈ ਰੂਹਾਂ ਦੀ ਗੱਲ ਪਰ ਮੇਰੇ ਨਜ਼ਰੀਏ \'ਚ ਇਹ ਇਕ ਸੂਤਰਧਾਰ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ ਜੋ ਕਹਾਣੀ ਨੂੰ ਅੱਗੇ ਤੋਰਦਾ ਨਾ ਕਿ ਕਿਸੇ ਵਹਿਮ ਭਰਮ ਨਾਲ।
ਆਖ਼ਿਰ \'ਚ ਵਧਾਈ ਦੇਣੀ ਚਾਹਾਂਗਾ ਇਸ ਫ਼ਿਲਮ ਨਾਲ ਜੁੜੇ ਹਰ ਇਕ ਸ਼ਖ਼ਸ ਨੂੰ ਜਿਨ੍ਹਾਂ ਕਾਮੇਡੀ ਦੇ ਝੱਖੜ ਮੂਹਰੇ ਦੀਵਾ ਬਾਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਲਮ ਦੇ ਐਸੋਸੀਏਟ ਡਾਇਰੈਕਟਰ ਮਨਪ੍ਰੀਤ ਸਿੰਘ ਗਿੱਲ ਦਾ ਵੀ ਧੰਨਵਾਦ ਜਿਨ੍ਹਾਂ ਦੇ ਯਤਨਾਂ ਸਦਕਾ ਸਾਨੂੰ ਆਸਟ੍ਰੇਲੀਆ ਬੈਠਿਆਂ ਨੂੰ ਸਭ ਤੋਂ ਪਹਿਲਾਂ ਫ਼ਿਲਮ ਦੇਖਣ ਨੂੰ ਮਿਲੀ। ਜਾਂਦੇ ਜਾਂਦੇ ਫ਼ਿਲਮ ਦੇਖਣ ਤੋਂ ਪਹਿਲਾਂ ਇਕ ਹੱਡਬੀਤੀ ਵੀ ਸੁਣਦੇ ਜਾਇਓ;
ਦੋਸਤੋ ਅੱਜ ਇਕ ਅਜੀਬ ਇਤਫ਼ਾਕ ਬਣਿਆ ਜਦੋਂ ਮੈਂ ਕੰਮ ਦੇ ਸਿਲਸਿਲੇ \'ਚ ਇਕ ਬਜ਼ੁਰਗ ਜੋੜੇ ਦੇ ਬੁਸ਼ ਵਿੱਚ ਬਣੇ ਇੱਕ ਖ਼ੂਬਸੂਰਤ ਘਰ ਵਿਚ ਗਿਆ ਤਾਂ ਉਨ੍ਹਾਂ ਅੱਜ ਹੀ ਇਕ ਬਹੁਤ ਹੀ ਖ਼ੂਬਸੂਰਤ ਤੋਤਾ ਲਿਆਂਦਾ ਸੀ। ਉਹ ਦੋਵੇਂ ਉਸ ਨਵੇਂ ਆਏ ਮਹਿਮਾਨ ਦੀ ਸੇਵਾ ਸੰਭਾਲ \'ਚ ਲੱਗੇ ਹੋਏ ਸਨ ਤਾਂ ਮੈਨੂੰ ਅਚਾਨਕ ਬੀ.ਐੱਮ.ਜੀ. ਫਿਲਮਜ਼ ਤੋਂ ਮਨਪ੍ਰੀਤ ਗਿੱਲ ਸਾਹਿਬ ਦਾ ਫ਼ੋਨ ਆ ਗਿਆ। ਉਹ ਸ਼ਾਮ ਨੂੰ \'ਹਾਣੀ\' ਫ਼ਿਲਮ ਦੇ ਪਹਿਲੇ ਸ਼ੋਅ \'ਚ ਆਉਣ ਲਈ ਮੈਨੂੰ ਯਾਦ ਕਰਵਾ ਰਹੇ ਸਨ। ਜਦੋਂ ਸਾਡੀ ਗੱਲਬਾਤ ਖ਼ਤਮ ਹੋਈ ਤਾਂ ਮੈਂ ਉਸ ਬਜ਼ੁਰਗ ਜੋੜੇ ਤੋਂ ਮਾਫ਼ੀ ਮੰਗੀ ਕਿ ਮੈਂ ਆਪਣੀ ਭਾਸ਼ਾ ਪੰਜਾਬੀ \'ਚ ਗੱਲ ਕਰ ਰਿਹਾ ਸੀ। ਉਹ ਕਹਿੰਦੇ ਕੋਈ ਗੱਲ ਨਹੀ, ਪਰ ਪੁੱਛਣ ਲੱਗੇ ਕਿ ਕਿਸ ਵਿਸ਼ੇ ਤੇ ਤੁਹਾਡੀ ਗੱਲ ਹੋ ਰਹੀ ਸੀ! ਮੈਂ ਕਿਹਾ ਕਿ ਅਸੀਂ ਅੱਜ ਨਵੀਂ ਆ ਰਹੀ ਫ਼ਿਲਮ ਦੇਖਣ ਜਾਣ ਦਾ ਪਲਾਨ ਬਣਾ ਰਹੇ ਸਾਂ। ਉਨ੍ਹਾਂ ਫ਼ਿਲਮ ਦਾ ਨਾਂ ਜਾਣਨਾ ਚਾਹਿਆ। ਮੇਰੇ \'ਹਾਣੀ\' ਦੱਸਣ ਤੇ ਉਨ੍ਹਾਂ ਉਸ ਦੇ ਮਾਅਨੇ ਪੁੱਛੇ ਤਾਂ ਮੈਂ ਦੱਸਿਆ ਕਿ ਜਿਵੇਂ ਆਸਟ੍ਰੇਲੀਆ \'ਚ \'ਬਡੀ\' ਜਾਂ \'ਮੇਟ\' ਹੁੰਦਾ ਬੱਸ ਓਵੇਂ ਸਾਡੇ \'ਹਾਣੀ\' ਹੁੰਦਾ। ਉਹ ਦੋਵੇਂ ਇਹ ਸੁਣ ਕੇ ਬੜੇ ਖ਼ੁਸ਼ ਹੋਏ ਤੇ ਕਹਿਣ ਲੱਗੇ ਕਿ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਅਸੀਂ ਆਪਣੇ ਇਸ ਨਵੇਂ ਮਹਿਮਾਨ ਦਾ ਨਾਂ \'ਹਾਣੀ\' ਰੱਖ ਲਈਏ? ਸਾਨੂੰ ਬਹੁਤ ਵਧੀਆ ਲੱਗਿਆ ਇਹ ਨਾਮ। ਮੇਰੇ ਅੰਦਰ ਵੀ ਤੁੜ-ਤੜੀ ਜਿਹੀ ਨਿਕਲੀ ਅਤੇ ਸੋਚਾਂ \'ਚ ਡੁੱਬ ਗਿਆ ਕਿ ਚੰਗੇ ਅਰਥ ਰੱਖਣ ਵਾਲੀ ਚੀਜ਼ ਨੂੰ ਕੋਈ ਲਿਪੀ ਜਾਂ ਭਾਸ਼ਾ ਦਬਾ ਨਹੀਂ ਸਕਦੀ, ਨਾ ਹੱਦਾਂ-ਸਰਹੱਦਾਂ ਰੋਕ ਸਕਦੀਆਂ ਹਨ, ਪਿਆਰ ਤਾਂ ਹਰ ਇਕ ਦੇ ਦਿਲ ਨੂੰ ਟੁੰਬ ਜਾਂਦਾ ਹੈ। ਸੋ ਹਾਲੇ \'ਹਾਣੀ\' ਫ਼ਿਲਮ ਤਾਂ ਸ਼ਾਮ ਨੂੰ ਦੇਖਣ ਜਾਣਾ ਹੈ, ਪਰ ਅੱਜ ਇਕ ਪਿਆਰੇ ਜਿਹੇ ਤੋਤੇ ਨੂੰ \'ਹਾਣੀ\' ਨਾਂ ਦੇ ਕੇ ਮਨ ਬਹੁਤ ਖ਼ੁਸ਼ ਹੈ।
-
ਮਿੰਟੂ ਬਰਾੜ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.