ਇਸ ਮਹੀਨੇ ਦੀ ਸ਼ੁਰੂਆਤ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਹੋ ਰਹੀ ਹੈ। ਪਹਿਲੀ ਸਤੰਬਰ, 1604 ਈਸਵੀ ਦੇ ਦਿਨ ਇਸ ਮਹਾਨ ਰਚਨਾ ਦਾ ਪ੍ਰਕਾਸ਼ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ।
ਵੱਖ-ਵੱਖ ਵਿਦਵਾਨਾਂ ਨੇ ਇਸ ਗ੍ਰੰਥ ਦੀ ਮਹਾਨਤਾ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਉਲੀਕੀ ਹੈ। ਕੁਝ ਲਈ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਰਚਨਾਵਾਂ ਦਾ ਸੰਗ੍ਰਹਿ ਹੈ ਅਤੇ ਕੁਝ ਲਈ ਇਸ ਦੀ ਮਹਾਨਤਾ ਇਸ ਵਿਚ ਦਰਜ 12ਵੀਂ ਤੋਂ 17ਵੀਂ ਸਦੀ ਤਕ ਦੇ ਇਤਿਹਾਸ ਕਾਰਣ ਹੈ। ਕੁਝ ਵਿਦਵਾਨ ਇਸ ਗ੍ਰੰਥ ਨੂੰ ਇਸ ਦੀ ਭਾਸ਼ਾਈ ਵਿਵਧਤਾ ਕਾਰਣ ਮਹਾਨ ਗਿਣਦੇ ਹਨ ਤਾਂ ਕੁਝ ਲਈ ਇਸ ਦੀ ਸੰਪਾਦਨਾ ਅਮੋਲਕ ਹੈ ਪਰ ਸਾਡੇ, ਸਿੱਖਾਂ ਲਈ ਇਹ ਗ੍ਰੰਥ ਸਰਬ ਗੁਣ ਸੰਪਨ, ਹਰ ਪੱਖੋਂ ਸੰਪੂਰਨ, ਅਲੌਕਿਕ ਅਤੇ ਸਰਬ ਸਮਰਥ ਹੈ। ਸਿੱਖ ਵਿਦਵਾਨ ਕ੍ਰਿਪਾਲ ਸਿੰਘ ਬੰਡੂਗਰ ਦੇ ਸ਼ਬਦਾਂ ਵਿਚ ਇਹ ਸਿੱਖ ਧਰਮ ਦਾ ਆਧਾਰ ਸਰੂਪ, ਸਿੱਖ ਸਭਿਆਚਾਰ ਦਾ ਮੂਲ ਸੋਮਾ, ਖਾਲਸਾ ਪੰਥ ਦੀ ਸੰਚਾਲਨ ਸ਼ਕਤੀ, ਖਾਲਸੇ ਦੇ ਸਿੰਘਤਵ ਦੇ ਜਜ਼ਬੇ ਦਾ ਆਧਾਰ, ਸਰਬ ਲੋਕਾਈ ਦਾ ਓਟ ਆਸਰਾ ਅਤੇ ਸੰਪੂਰਨ ਜੀਵਨ ਸਿਧਾਂਤ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਇਸ ਦੇ 1430 ਅੰਗਾਂ ਵਿਚ 5765 ਸਲੋਕ ਹਨ। ਇਸ ਵਿਚ ਦਰਜ ਬਾਣੀ 31 ਰਾਗਾਂ ਵਿਚ ਹੈ ਅਤੇ ਇਸ ਦਾ ਸੰਪਾਦਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਉਨ੍ਹਾਂ ਨੇ ਇਸ ਗ੍ਰੰਥ ਨੂੰ ਪੋਥੀ ਸਾਹਿਬ ਦਾ ਨਾਂ ਦਿੱਤਾ ਸੀ ਪਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਵਿਚ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਇਸ ਨੂੰ ਗ੍ਰੰਥ ਸਾਹਿਬ ਕਿਹਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਇਸ ਮਹਾਨ ਗ੍ਰੰਥ ਨੂੰ ਗੁਰੂ ਰੂਪ ਵਿਚ ਸਥਾਪਤ ਕਰ ਦਿੱਤਾ। ਇਸ ਲਈ ਅਸੀਂ ਸਭ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਜੋਂ ਸੰਬੋਧਨ ਕਰਦੇ ਹਾਂ।
ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਕਿਸੇ ਵੀ ਬਿਆਨ ਤੋਂ ਬਾਹਰ ਹੈ। ਕਿਸੇ ਅਖ਼ਬਾਰ ਜਾਂ ਰਸਾਲੇ ਦੇ ਦੋ ਚਾਰ ਪੰਨਿਆਂ ਵਿਚ ਤਾਂ ਇਹ ਸਮੇਟੀ ਹੀ ਨਹੀਂ ਜਾ ਸਕਦੀ। ਰਸਮੀ ਤੌਰ \'ਤੇ ਕਹੀਏ ਤਾਂ ਇਸ ਗ੍ਰੰਥ ਦੀ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਇਸ ਦਾ ਗੁਰੂ ਰੂਪ, ਜਾਗਤ ਜੋਤਿ ਹੋਣਾ ਹੈ। ਦੁਨੀਆਂ ਭਰ ਵਿਚ ਇਹ ਇਕੋ ਇਕ ਗ੍ਰੰਥ ਹੈ ਜਿਸ ਨੂੰ ਗੁਰੂ ਰੂਪ ਵਿਚ ਜਾਣਿਆਂ ਅਤੇ ਸਤਿਕਾਰਿਆ ਜਾਂਦਾ ਹੈ। ਇਸ ਦੀ ਬਾਣੀ ਨੂੰ ਗੁਰਮਤਿ ਦੇ ਪੈਰੋਕਾਰ ਅਟੱਲ ਮੰਨਦੇ ਹਨ, ਇਸ ਦਾ ਅੰਮ੍ਰਿਤ ਵੇਲੇ ਬਾਕਾਇਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਇਸ ਦਾ ਹੁਕਮ ਲੈਣ ਦਾ ਵਿਸ਼ੇਸ਼ ਵਿਧੀ ਵਿਧਾਨ ਹੈ ਅਤੇ ਹਰ ਸ਼ਾਮ ਇਸ ਨੂੰ ਸੰਤੋਖਿਆ ਵੀ ਜਾਂਦਾ ਹੈ। ਹਰ ਦੁੱਖ ਸੁੱਖ ਵੇਲੇ ਗੁਰਮਤਿ ਦੇ ਧਾਰਨੀ ਇਸ ਦੀ ਓਟ ਲੈਂਦੇ ਹਨ। ਕੋਈ ਵੀ ਕਾਰਜ ਇਸ ਜਾਗਤ ਜੋਤਿ ਦਾ ਆਸਰਾ ਲਏ ਬਿਨਾਂ ਨਹੀਂ ਕੀਤਾ ਜਾਂਦਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਦੂਸਰੀ ਵਿਸ਼ੇਸ਼ਤਾ ਇਸ ਦੀ ਬਾਣੀ ਦਾ ਮੌਲਿਕ ਹੋਣਾ ਹੈ। ਦੂਸਰੇ ਧਰਮ ਗ੍ਰੰਥਾਂ ਦੇ ਉਲਟ ਇਸ ਗ੍ਰੰਥ ਦੀ ਸੰਪਾਦਨਾ ਧਰਮ ਦੇ ਬਾਨੀਆਂ ਵੱਲੋਂ ਹੀ ਕੀਤੀ ਗਈ। ਕਿਸੇ ਨੂੰ ਵੀ ਇਸ ਵਿਚ ਦਰਜ ਬਾਣੀ ਦੀ ਲਗਾ ਮਾਤਰਾ ਤਕ ਬਦਲਣ ਦੀ ਆਗਿਆ ਨਹੀਂ ਹੈ। ਇਸ ਤਰ੍ਹਾਂ ਇਸ ਗ੍ਰੰਥ ਦੀ ਮੌਲਿਕਤਾ ਚਾਰ ਸੌ ਸਾਲ ਬੀਤ ਜਾਣ ਉਤੇ ਵੀ ਬਰਕਰਾਰ ਹੈ। ਗੁਰੂ ਗ੍ਰੰਥ ਸਾਹਿਬ ਬੇਸ਼ਕ ਗੁਰੂ ਸਾਹਿਬਾਨ, ਗੁਰਮਤਿ ਵਿਚ ਵਿਸ਼ਵਾਸ ਰਖਣ ਵਾਲੇ ਭਗਤਾਂ, ਸੰਤਾਂ, ਭੱਟਾਂ ਅਤੇ ਸਿੱਖਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਪਰ ਇਸ ਦੀ ਮਹਾਨਤਾ ਇਸ ਵਿਚ ਦਰਜ ਬਾਣੀ ਕਰਕੇ ਹੈ, ਇਸ ਦੇ ਪੁਸਤਕ ਹੋਣ ਕਰਕੇ ਨਹੀਂ। ਗੁਰੂ ਸਾਹਿਬਾਨ ਨੇ ਵੀ ਸ਼ਬਦ ਗੁਰੂ ਦੀ ਵਿਸ਼ੇਸ਼ਤਾ ਹੀ ਪ੍ਰਵਾਣ ਕੀਤੀ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇਗ਼
ਗੁਰੁ ਬਾਣੀ ਕਹੈ ਸੇਵਕੁ ਜਨ ਮਾਨੈ
ਪਰਤਖਿ ਗੁਰੂ ਨਿਸਤਾਰੇਗ਼
(ਗੁ. ਗ੍ਰੰ. ਸਾ.: ਅੰਗ 982)
ਇਸ ਦਾ ਨਤੀਜਾ ਗੁਰਬਾਣੀ ਵਿਚ ਬਿਆਨੇ ਗਏ ਸਿਧਾਂਤਾਂ ਉਤੇ ਅਮਲ ਵਿਚ ਨਿਕਲਦਾ ਹੈ। ਗੁਰਮਤਿ ਸਿਰਫ਼ ਪੂਜਾ ਕਰਨ ਦਾ ਨਾਂ ਨਹੀਂ ਹੈ ਸਗੋਂ ਇਹ ਸਿਧਾਂਤਾਂ ਉਤੇ ਅਮਲ ਕਰਨ ਲਈ ਹੈ। ਇਸ ਨੇ ਮਨੁੱਖ ਨੂੰ ਉਜ਼ਤਮ ਮਨੁੱਖ ਬਨਾਉਣ ਵਿਚ ਵੱਡਾ ਰੋਲ ਅਦਾ ਕੀਤਾ ਹੈ।
ਇਸ ਮਹਾਨ ਗ੍ਰੰਥ ਦੀ ਪਦਵੀ ਹੀ ਵਿਲੱਖਣ ਨਹੀਂ, ਇਸ ਦਾ ਵਿਸ਼ੇ ਵਸਤੂ ਵੀ ਨਿਆਰਾ ਹੈ। ਪ੍ਰਮਾਤਮਾ ਨੂੰ ਭਲੀ ਭਾਂਤ ਪ੍ਰੀਭਾਸ਼ਤ ਕੀਤਾ ਗਿਆ ਹੈ: ਉਹ ਨਿਰੰਕਾਰ ਹੈ, ਅਕਾਲ ਹੈ, ਅਜੂਨੀ ਹੈ, ਨਿਰਵੈਰ ਅਤੇ ਨਿਰਭਉ ਹੈ, ਸਰਬ-ਵਿਆਪਕ ਹੈ, ਮਨੁੱਖ ਦੇ ਅੰਗ ਸੰਗ ਹੈ, ਉਸ ਦੇ ਅੰਦਰ ਵੱਸਦਾ ਹੈ। ਉਸ ਨੂੰ ਪ੍ਰਸੰਨ ਕਰਨ ਦੀ ਨਹੀਂ, ਪਛਾਨਣ ਦੀ ਲੋੜ ਹੈ। ਉਸ ਦੀ ਪ੍ਰਾਪਤੀ ਲਈ ਕਿਸੇ ਕਰਮ ਕਾਂਡ, ਭੇਖ ਧਾਰਨ ਦੀ ਲੋੜ ਨਹੀਂ, ਉਸ ਦੇ ਬਣਾਏ ਨਿਯਮਾਂ ਨੂੰ ਮੰਨਣ, ਹੁਕਮ ਦੀ ਪਾਲਣਾ ਕਰਨਾ ਲਾਜ਼ਮੀ ਹੈ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿਗ਼
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿਗ਼
(ਗੁ. ਗ੍ਰੰ. ਸਾ.: ਅੰਗ 1)
ਪ੍ਰਮਾਤਮਾ ਬਾਰੇ ਹੀ ਨਹੀਂ, ਇਸ ਸ੍ਰਿਸ਼ਟੀ ਸਬੰਧੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਪਸ਼ਟਤਾ ਹੈ। ਗੁਰਬਾਣੀ ਅਨੁਸਾਰ ਸ੍ਰਿਸ਼ਟੀ ਦਾ ਆਧਾਰ ਰੱਬ ਹੈ, ਉਸ ਤੋਂ ਗੈਸਾਂ ਪੈਦਾ ਹੋਈਆਂ, ਗੈਸਾਂ ਤੋਂ ਜਲ ਅਤੇ ਜਲ ਤੋਂ ਸਾਰੀ ਬਨਸਪਤੀ, ਜੀਵ-ਜੰਤੂ ਪੈਦਾ ਹੋਏ। ਜਲ ਹੀ ਜੀਵਨ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇਗ਼
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇਗ਼
(ਗੁ. ਗ੍ਰੰ. ਸਾ.: ਅੰਗ 19)
ਸ੍ਰਿਸ਼ਟੀ ਵਿਚ ਵਿਚਰਣ ਸਬੰਧੀ ਵੀ ਗੁਰਬਾਣੀ ਦਾ ਸੰਦੇਸ਼ ਸਪਸ਼ਟ ਹੈ। ਸਮਾਜ ਵਿਚੋਂ ਊਚ-ਨੀਚ, ਵਰਣ-ਵੰਡ, ਜਾਤ-ਪਾਤ, ਛੂਤ-ਛਾਤ, ਲੁੱਟ ਖਸੁੱਟ ਦਾ ਖਾਤਮਾ ਕਰਕੇ ਇਕਸਾਰਤਾ ਨਾਲ ਜੀਊਣ ਦੀ ਹਦਾਇਤ ਹੈ। ਦਸਾਂ ਨਹੁੰਆਂ ਦੀ ਕਿਰਤ ਨੂੰ ਵਡਿਆਇਆ ਗਿਆ ਹੈ: ਲੁੱਟ ਖਸੁੱਟ ਨੂੰ ਨਿੰਦਿਆ ਗਿਆ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇਗ਼
(ਗੁ. ਗ੍ਰੰ. ਸਾ.: ਅੰਗ 141)
ਅਤੇ
ਘਾਲਿ ਖਾਇ ਕਿਛੁ ਹਥਹੁ ਦੇਇਗ਼
ਨਾਨਕ ਰਾਹੁ ਪਛਾਣਹਿ ਸੇਇਗ਼
(ਗੁ. ਗ੍ਰੰ. ਸਾ.: ਅੰਗ 1245)
ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਰਬ ਵਿਆਪੀ ਹੈ। ਦੁਨਿਆਵੀ ਹੱਦ ਬੰਨਿਆਂ ਨੂੰ ਪਛਾੜਦੇ ਹੋਏ ਇਸ ਵਿਚ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿਗ਼
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿਗ਼
(ਗੁ. ਗ੍ਰੰ. ਸਾ.: ਅੰਗ 853)
ਸਭ ਨੂੰ ਬਰਾਬਰੀ ਦਾ ਸਥਾਨ ਦਿੱਤਾ ਗਿਆ ਹੈ: ਸਾਰੇ ਇਕ ਪ੍ਰਮਾਤਮਾ ਦੀ ਰਚਨਾ ਹਨ, ਭਾਈ ਭਾਈ ਹਨ:
ਸਭੇ ਸਾਝੀਵਾਲ ਸਦਾਇਨਿ
ਤੂੰ ਕਿਸੈ ਨ ਦਿਸਹਿ ਬਾਹਰਾ ਜੀਉਗ਼
(ਗੁ. ਗ੍ਰੰ. ਸਾ.: ਅੰਗ 97)
ਵਿਅਕਤੀ ਵਿਅਕਤੀ ਵਿਚ ਹੀ ਬਰਾਬਰੀ ਦਾ ਸੰਦੇਸ਼ ਨਹੀਂ, ਰੰਗ, ਲਿੰਗ, ਇਲਾਕੇ ਦੇ ਭੇਦ ਨੂੰ ਵੀ ਨਕਾਰਿਆ ਗਿਆ ਹੈ। ਇਸਤਰੀ ਨੂੰ ਸਨਮਾਨ ਦੇਣ ਲਈ ਉਸ ਨੂੰ ਰਾਜਿਆਂ ਰਾਣਿਆਂ ਦੀ ਜਨਨੀ ਕਹਿ ਕੇ ਵਡਿਆਇਆ ਗਿਆ ਹੈ:
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨਗ਼
(ਗੁ. ਗ੍ਰੰ. ਸਾ.: ਅੰਗ 473)
ਉਸ ਨਾਲ ਹੁੰਦੀਆਂ ਵਧੀਕੀਆਂ ਦੀ ਨਿੰਦਾ ਕੀਤੀ ਗਈ ਹੈ। ਸਤੀ ਦੀ ਰਸਮ ਦਾ ਵਿਰੋਧ ਕੀਤਾ ਗਿਆ ਹੈ:
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨਿ੨ਗ਼
ਨਾਨਕ ਸਤੀਆ ਜਾਣੀਅਨਿ੨
ਜਿ ਬਿਰਹੇ ਚੋਟ ਮਰੰਨਿ੨ਗ਼
(ਗੁ. ਗ੍ਰੰ. ਸਾ.: ਅੰਗ 787)
ਗੁਰੂ ਗ੍ਰੰਥ ਸਾਹਿਬ ਅਧਿਆਤਮਿਕਤਾ ਦਾ ਸੋਮਾ ਹੈ ਪਰ ਮਨੁੱਖ ਨੂੰ ਸਮਾਜਿਕ ਤੌਰ \'ਤੇ ਪੂਰੀ ਸੇਧ ਦਿੱਤੀ ਗਈ ਹੈ। ਹਾਕਮ ਸ਼੍ਰੇਣੀ ਵੱਲੋਂ ਢਾਹੇ ਜਾਂਦੇ ਜ਼ੁਲਮ, ਜ਼ਬਰ, ਲੁੱਟ ਖਸੁੱਟ ਆਦਿ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਅਤੇ ਇਨ੍ਹਾਂ ਵਿਰੁੱਧ ਜੂਝਣ ਦੀ ਪ੍ਰੇਰਨਾ ਦਿੱਤੀ ਗਈ ਹੈ:
ਰਾਜੇ ਸੀਹ ਮੁਕਦਮ ਕੁਤੇਗ਼
ਜਾਇ ਜਗਾਇਨਿ ਬੈਠੇ ਸੁਤੇਗ਼
(ਗੁ. ਗ੍ਰੰ. ਸਾ.: ਅੰਗ 1288)
ਜੋ ਰਤੁ ਪੀਵਹਿ ਮਾਣਸਾ
ਤਿਨ ਕਿਉ ਨਿਰਮਲੁ ਚੀਤੁਗ਼
(ਗੁ. ਗ੍ਰੰ. ਸਾ.: ਅੰਗ 140)
ਰਾਜਸੀ ਖੇਤਰ ਵਿਚ ਵੀ ਗੁਰਬਾਣੀ ਅਗਵਾਈ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹਲੇਮੀ ਰਾਜ ਦੀ ਸਥਾਪਨਾ ਦਾ ਸੰਕਲਪ ਦਿੱਤਾ ਗਿਆ ਹੈ: ਅਤੇ ਹਾਕਮ ਦੇ ਗੁਣ ਵੀ ਦਸੇ ਗਏ ਹਨ:
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈਗ਼
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈਗ਼
(ਗੁ. ਗ੍ਰੰ. ਸਾ.: ਅੰਗ 1088)
ਮਨੁੱਖ ਨੂੰ ਇਜ਼ਤ ਮਾਣ ਨਾਲ ਜੀਊਣ ਦਾ ਸੰਦੇਸ਼ ਦਿੱਤਾ ਗਿਆ ਹੈ। ਉਸ ਦਾ ਆਦਰਸ਼ ਜੀਵਨ ਨਾ ਡਰਨ ਅਤੇ ਨਾ ਡਰਾਉਣ ਵਿਚ ਹੈ:
ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨਗ਼
ਕਹੁ ਨਾਨਕ ਸੁਨਿ ਰੇ ਮਨਾ
ਗਿਆਨੀ ਤਾਹਿ ਬਖਾਨਿਗ਼
(ਗੁ. ਗ੍ਰੰ. ਸਾ.: ਅੰਗ 1427)
ਅਧਿਆਤਮ ਮਾਰਗ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸੂਰਮਗਤੀ ਕਾਰਜ ਮੰਨਿਆ ਗਿਆ ਹੈ:
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤਗ਼
(ਗੁ. ਗ੍ਰੰ. ਸਾ.: ਅੰਗ 1105)
ਸੱਚ ਦੇ ਮਾਰਗ \'ਤੇ ਚਲਣ ਨਾਲ ਹੀ ਮਨੁੱਖੀ ਜੀਵਨ ਦਾ ਕਲਿਆਣ ਹੈ, ਕਲਾ ਕਲੇਸ਼ਾਂ ਦਾ ਨਾਸ ਹੋ ਸਕਦਾ ਹੈ:
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇਗ਼
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇਗ਼
(ਗੁ. ਗ੍ਰੰ. ਸਾ.: ਅੰਗ 468)
ਅਸੀਂ ਆਰੰਭ ਵਿਚ ਹੀ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਕਿਸੇ ਦੇ ਵੱਸ ਵਿਚ ਨਹੀਂ, ਏਨਾਂ ਹੀ ਕਿਹਾ ਜਾ ਸਕਦਾ ਹੈ:
ਗੁਰ ਕੀ ਮਹਿਮਾ ਅਗਮ ਹੈ
ਕਿਆ ਕਥੇ ਕਥਨਹਾਰੁਗ਼
(ਗੁ. ਗ੍ਰੰ. ਸਾ.: ਅੰਗ 52)
- ਮਨਜੀਤ ਸਿੰਘ ਜੀ.ਕੇ.
ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
-
ਮਨਜੀਤ ਸਿੰਘ ਜੀ.ਕੇ. ਪ੍ਰਧਾਨ, ਦ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.