ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੀ ਸ਼ਹੀਦੀ ਨੂੰ ਅੱਜ 18 ਸਾਲ ਹੋ ਗਏ ਹਨ ਪ੍ਰੰਤੂ ਉਹਨਾਂ ਦੀ ਚੰਡੀਗੜ੍ਹ ਵਿਖੇ ਬਣ ਰਹੀ ਯਾਦਗਾਰ ਅਜੇ ਅੱਧ ਵਿਚਕਾਰ ਲਟਕ ਰਹੀ ਹੈ| ਇਹ ਯਾਦਗਾਰ ਅਫਸਰਸ਼ਾਹੀ ਅਤੇ ਸਿਆਸਤ ਦੀ ਮਿਲੀਭੁਗਤ ਦੀ ਭੇਂਟ ਚੜ੍ਹ ਗਈ ਲਗਦੀ ਹੈ| ਕੋਈ ਅਧਿਕਾਰੀ ਚੰਡੀਗੜ੍ਹ ਕੇਂਦਰ ਸ਼ਾਸ਼ਤ ਪ੍ਰਦੇਸ਼ ਦਾ ਬਿਲਕੁਲ ਹੀ ਦਿਲਚਸਪੀ ਨਹੀਂ ਲੈ ਰਿਹਾ ਕਿਉਂਕਿ ਜਿਹੜੀ ਸੋਸਾਇਟੀ ਬਣੀ ਹੈ ਉਸਦੇ ਮੁੱਖੀ ਰਾਜਪਾਲ ਪੰਜਾਬ ਬਤੌਰ ਮੁੱਖ ਪ੍ਰਸ਼ਾਸ਼ਕ ਚੰਡੀਗੜ੍ਹ ਪ੍ਰਸ਼ਾਸ਼ਨ ਹਨ| ਲੈਫ ਜਨਰਲ ਰਿਟਾ ਬੀ ਕੇ ਐਨ ਛਿਬਰ ਰਾਜਪਾਲ ਨੇ ਉਸ ਸਮੇਂ ਯਾਦਗਾਰ ਦੀ ਉਸਾਰੀ ਦੇ ਰੋਜ ਮਰਹਾ ਦੇ ਕੰਮ ਕਾਜ ਦੀ ਨਿਗਰਾਨੀ ਤੇ ਫਾਲੋ ਅਪ ਲਈ ਇੱਕ ਸਟੀਅਰਿੰਗ ਕਮੇਟੀ ਚੰਡੀਗੜ੍ਹ ਦੇ ਐਡਮਨਿਸਟਰੇਟਰ ਦੇ ਸਲਾਹਕਾਰ ਦੀ ਪ੍ਰਧਾਨਗੀ ਵਿੱਚ ਬਣਾਈ ਸੀ| ਉਸ ਕਮੇਟੀ ਨੇ ਆਪਣਾ ਕੰਮ ਨਹੀਂ ਕੀਤਾ ਅਤੇ ਨਾ ਕਰ ਰਹੀ ਹੈ ਕਿਉਂਕਿ ਉਹ ਇਸ ਕੰਮ ਨੂੰ ਫਾਲਤੂ ਸਮਝਦੇ ਹਨ| ਜਿੰਨੀ ਦੇਰ ਪੰਜਾਬ ਦੇ ਰਾਜਪਾਲ ਕੋਈ ਦਿਲਚਸਪੀ ਨਹੀਂ ਲੈਣਗੇ ਇਹ ਯਾਦਗਾਰ ਇਸੇ ਤਰ੍ਹਾਂ ਲਟਕਦੀ ਰਹੇਗੀ|
ਤੁਸੀਂ ਹੈਰਾਨ ਹੋਵੋਗੇ ਕਿ ਚੰਡੀਗੜ੍ਹ ਦੀ ਅਫਸਰਸ਼ਾਹੀ ਨੇ ਤਾਂ ਯਾਦਗਾਰ ਨੂੰ ਭੁਲਾ ਹੀ ਦਿੱਤਾ ਹੈ, ਇਸਦੇ ਅਜਿਹੇ ਫੈਸਲੇ ਰਾਜਪਾਲ ਤੋਂ ਕਰਾ ਦਿੱਤੇ ਹਨ ਕਿ ਹੁਣ ਇਸਦੀ ਉਸਾਰੀ ਨਹੀਂ ਹੋ ਸਕੇਗੀ ਅਤੇ ਇਸਦਾ ਏਰੀਆ 18 ਏਕੜ ਤੋਂ ਘਟਾਕੇ ਡੇਢ ਏਕੜ ਕਰ ਦਿੱਤਾ ਹੈ| ਜਿਸ ਥਾਂ ਤੇ ਬੇਅੰਤ ਸਿੰਘ ਦਾ ਸਸਕਾਰ ਕੀਤਾ ਗਿਆ ਸੀ ਉਥੇ ਬਣੀ ਸਮਾਧੀ ਨੂੰ ਢਾਹ ਕੇ ਲਾਇਬਰੇਰੀ ਦੇ ਕੋਲ ਕਿਸੇ ਸਮੇਂ ਵੀ ਬਦਲਿਆ ਜਾ ਸਕਦਾ ਹੈ| ਇਸਦਾ ਖੁਲਾਸਾ ਕਿਸੇ ਸਮੇਂ ਵੀ ਸੰਭਵ ਹੈ|ਕੇਂਦਰ ਸਰਕਾਰ,ਪੰਜਾਬ ਸਰਕਾਰ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਰਕਾਰਾਂ ਘੂਕ ਸੁਤੀਆਂ ਪਈਆਂ ਹਨ| ਉਹਨਾਂ ਦੀ ਨੀਂਦ ਖੋਹਲਣ ਲਈ ਬੇਅੰਤ ਸਿੰਘ ਦੇ ਪੈਰੋਕਾਰਾਂ ਅਤੇ ਉਸਦੇ ਪਰਿਵਾਰ ਵਲੋਂ ਢੋਲ ਵਜਾਉਣ ਤੇ ਵੀ ਉਹਨਾਂ ਦੀ ਨੀਂਦ ਨਹੀਂ ਖੁਲ੍ਹੀ| ਬੇਅੰਤ ਸਿੰਘ ਦੀ ਪਤਨੀ ਸ਼੍ਰੀਮਤੀ ਜਸਵੰਤ ਕੌਰ ਅਨੇਕਾਂ ਵਾਰ ਪ੍ਰਧਾਨ ਮੰਤਰੀ, ਸੋਨੀਆ ਗਾਂਧੀ, ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ , ਕੇਂਦਰੀ ਮੰਤਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਮਿਲਕੇ ਅਤੇ ਲਿਖਕੇ ਦੇ ਚੁੱਕੇ ਹਨ, ਉਹਨਾ ਦੀਆਂ ਅਰਜੀਆਂੇ ਦਫਤਰਾਂ ਦੀਆਂ ਫਾਈਲਾਂ ਦਾ ਸ਼ਿੰਗਾਰ ਬਣੀਆਂ ਪਈਆਂ ਹੋਣਗੀਆਂ ਪ੍ਰੰਤੂ ਫਿਰ ਵੀ ਅਜੇ ਤੱਕ ਚੰਡੀਗੜ੍ਹ ਵਿੱਚ ਵੜਦਿਆਂ ਨੂੰ ਹੀ ਇਹ ਯਾਦਗਾਰ ਬੇਅੰਤ ਸਿੰਘ ਦੇ ਪੈਰੋਕਾਰਾਂ ਨੂੰ ਚਿੜ੍ਹਾ ਰਹੀ ਹੈ ਕਿਉਂਕਿ ਬੇਅੰਤ ਸਿੰਘ ਦੇ ਸਸਕਾਰ ਤੋਂ ਪਹਿਲਾਂ ਸਰਕਾਰ ਨੇ ਸਬਜਬਾਗ ਦਿਖਾਏ ਸਨ ਕਿ ਇਹ ਯਾਦਗਾਰ ਉਹਨਾਂ ਦੇ ਪਿੰਡ ਕੋਟਲੀ ਤੋਂ ਦਿਸੇਗੀ ਅਤੇ ਅੰਤਰ ਰਾਸ਼ਟਰੀ ਪੱਧਰ ਦੀ ਹੋਵੇਗੀ, ਪ੍ਰੰਤੂ ਇਹ ਯਾਦਗਾਰ ਤਾਂ ਚੰਡੀਗੜ੍ਹ ਵੜਦਿਆਂ ਵੀ ਮੁਸ਼ਕਲ ਨਾਲ ਹੀ ਵਿਖਾਈ ਦਿੰਦੀ ਹੈ| ਹੁਣ ਤਾਂ ਉਹਨਾਂ ਦੀ ਪਤਨੀ ਦੀ ਮੌਤ ਹੋਈ ਨੂੰ ਵੀ ਤਿੰਨ ਸਾਲ ਹੋ ਗਏ ਹਨ| ਉਹਨਾਂ ਦਾ ਪਰਿਵਾਰ ਤਾਂ ਸਿਆਸੀ ਹੋਣ ਦੇ ਬਾਵਜੂਦ ਵੀ ਆਪਣੀ ਲੀਡਰਸ਼ਿਪ ਮੂਹਰੇ ਬੇਬਸ ਹੋਇਆ ਬੈਠਾ ਹੈ, ਉਹ ਤਾਂ ਡਰਦੇ ਮਾਰੇ ਸਿਸਕੀਆਂ ਵੀ ਨਹੀਂ ਲੈ ਰਹੇ,ਯਾਦਗਾਰ ਤਾਂ ਕਿਥੋਂ ਬਣਵਾ ਲੈਣਗੇ|
11 ਅਕਤੂਬਰ 2012 ਨੂੰ ਜਦੋਂ ਰਾਹੁਲ ਗਾਂਧੀ ਚੰਡੀਗੜ੍ਹ ਆਇਆ ਸੀ ਤਾਂ ਉਹ ਬੇਅੰਤ ਸਿੰਘ ਦੀ ਸਮਾਧੀ ਤੇ ਗਿਆ ਸੀ ਉਦੋਂ ਆਸ ਬੱਝੀ ਸੀ ਕਿ ਸ਼ਾਇਦ ਸਰਕਾਰ ਜਾਗ ਪਏ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਖੜ੍ਹਾ ਹੈ| ਰਾਹੁਲ ਗਾਂਧੀ ਦੇ ਦੌਰੇ ਤੋਂ ਤਕਰੀਬਨ 10 ਮਹੀਨੇ ਬਾਅਦ ਵੀ ਯਾਦਗਾਰ ਤੇ ਇੱਕ ਵੀ ਇੱਟ ਨਹੀਂ ਲੱਗੀ|ਯਾਦਗਾਰ ਵਿੱਚੋਂ ਸਿਰਫ ਇੱਕ ਲਾਇਬਰੇਰੀ ਦਾ ਹੀ ਚੁੱਪ ਚੁੱਪੀਤੇ ਉਦਘਾਟਨ ਉਦੋਂ ਦੇ ਰਾਜਪਾਲ ਸ੍ਰੀ ਬੀ ਕੇ ਐਨ ਛਿਬਰ ਨੇ ਕੀਤਾ ਸੀ, ਉਹ ਵੇ ਰਾਜਪਾਲ ਨੇ ਰਿਟਾਇਰ ਹੋਣ ਤੋਂ ਥੋੜ੍ਹੇ ਦਿਨ ਪਹਿਲਾਂ ਪ੍ਰੰਤੂ ਉਸ ਲਈ ਇੱਕ ਵੀ ਪੁਸਤਕ ਨਹੀਂ ਖ੍ਰੀਦੀ ਗਈ , ਸਗੋਂ ਜਿਹੜੇ ਲੋਕਾਂ ਨੇ ਆਪਣੀਆਂ ਨਿੱਜੀ ਲਾਇਬਰੇਰੀਆਂ ਦੀਆਂ ਪੁਸਤਕਾਂ ਦਾਨ ਦਿੱਤੀਆਂ ਹੋਈਆਂ ਹਨ, ਉਹ ਹੀ ਲਾਇਬਰੇਰੀ ਵਿੱਚ ਪਈਆਂ ਹਨ, ਉਹਨਾਂ ਤੇ ਵੀ ਗਰਦ ਚੜ੍ਹੀ ਪਈ ਹੈ|
ਬੇਅੰਤ ਸਿੰਘ ਮੈਮੋਰੀਅਲ ਸੋਸਾਇਟੀ 1996 ਵਿੱਚ ਬਣੀ ਸੀ, ਰਾਜਪਾਲ ਪੰਜਾਬ ਇਸਦੇ ਮੁੱਖੀ ਹਨ| ਇਸ ਯਾਦਗਾਰ ਤੇ ਉਦੋਂ 12 ਕਰੋੜ 26 ਲੱਖ ਰੁਪਏ ਖਰਚ ਹੋਣੇ ਸਨ ਤੇ ਇਹ 18 ਏਕੜ ਇਲਾਕੇ ਵਾਲੀ ਯਾਦਗਾਰ ਡੇਢ ਸਾਲ ਵਿੱਚ ਮੁਕੰਮਲ ਹੋਣੀ ਸੀ| ਇਸ ਮੰਤਵ ਲਈ 10 ਕਰੋੜ ਰੁਪਏ ਪੰਜਾਬ ਸਰਕਾਰ ਨੇ ਦੇਣੇ ਸਨ| ਪੰਜਾਬ ਸਰਕਾਰ ਨੇ ਸਿਰਫ 6 ਕਰੋੜ ਰੁਪਏ ਦਿੱਤੇ ਹਨ, ਉਹ ਵੀ ਕਾਂਗਰਸ ਦੇ ਰਾਜ ਵਿੱਚ,ਅਕਾਲੀਆਂ ਤੇ ਬੀ ਜੇ ਪੀ ਦੀ ਸਰਕਾਰ ਨੇ ਇੱਕ ਵੀ ਧੇਲਾ ਨਹੀਂ ਦਿੱੰਤਾ| ਇੱਕ ਵਾਰ ਸਵਰਗਵਾਸੀ ਕੈਪਟਨ ਕੰਵਲਜੀਤ ਸਿੰਘ ਜਦੋਂ ਉਹ ਪੰਜਾਬ ਦੇ ਵਿਤ ਮੰਤਰੀ ਸਨ ਨੇ ਬਜਟ ਵਿੱਚ 1 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ ਪ੍ਰੰਤੂ ਉਹ ਵੀ ਅਕਾਲੀਆਂ ਨੇ ਜਾਰੀ ਨਹੀਂ ਹੋਣ ਦਿੰੱਤਾ| ਭਾਰਤੀ ਜਨਤਾ ਪਾਰਟੀ ਲਈ ਵੀ ਸ਼ਰਮ ਦੀ ਗੱੰਲ ਹੈ|ਹੁਣ ਤਾਂ ਬਜਟ ਵੀ ਵਧਕੇ 50 ਕਰੋੜ ਤੱਕ ਪਹੁੰਚ ਗਿਆ ਹੋਵੇਗਾ|ਹੁਣ ਤੱਕ 10 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ,ਜਿਸ ਵਿੱਚ 4 ਕਰੋੜ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਨੇ ਪਾਏ ਹਨ| ਤਜਵੀਜਤ ਯਾਦਗਾਰ ਵਿੱਚ ਪਹਿਲੇ ਪੜਾਅ ਵਿੱਚ 8 ਏਕੜ ਥਾਂ ਵਿੱਚ ਇੱਕ ਸਰਬ ਧਰਮ ਰੀਪੋਜਟਰੀ ,ਲਾਇਬਰੇਰੀ,ਕਾਨਫਰੰਸ ਹਾਲ ਅਤੇ ਮੀਡੀਆ ਸੈਂਟਰ ਤੋਂ ਇਲਾਵਾ ਸਮਾਧੀ ਉਸਾਰੀ ਜਾਣੀ ਸੀ,ਇਸਦਾ ਸਾਰਾ ਖਰਚਾ ਪੰਜਾਬ ਸਰਕਾਰ ਨੇ ਕਰਨਾ ਸੀ,ਇਸਦੀ ਵੇਖ ਭਾਲ ਵੀ ਪੰਜਾਬ ਸਰਕਾਰ ਨੇ ਹੀ ਕਰਨੀ ਸੀ|
ਦੂਜੇ ਪੜਾਅ ਵਿੱਚ ਨੈਸ਼ਨਲ ਇਨਫਰਮੇਸ਼ਨ ਐਂਡ ਕਮਿਊਨਲ ਹਾਰਮਨੀ ਸੈਂਟਰ 8-9 ਏਕੜ ਵਿੱਚ ਬਣਨਾ ਸੀ,ਜਿਸਦੀ ਉਸਾਰੀ ਅਤੇ ਪ੍ਰਬੰਧ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਕੋਲ ਹੋਣਾ ਸੀ| ਇਸ ਸੈਂਟਰ ਵਿੱਚ ਇੱਕ ਆਡੋਟੋਰੀਅਮ,ਨੁਮਾਇਸ਼ ਘਰ, ਮਲਟੀਪਰਪਜ਼ ਹਾਲ, ਕੈਫੇਟੇਰੀਆ, ਮਹਿਮਾਨ ਘਰ ਅਤੇ ਓਪਨ ਏਅਰ ਥੇਟਰ ਹੋਣੇ ਸਨ|ਇਹਨਾਂ ਦੋਹਾਂ ਪ੍ਰਾਜੈਕਟਾਂ ਦੇ ਆਲੇ ਦੁਆਲੇ ਸੁੰਦਰ ਸੈਰਗਾਹ ਬਣਨੀ ਸੀ,ਜਿੱਥੇ ਸਜਾਵਟੀ ਦਰੱਖਤ ਅਤੇ ਬੂਟੇ ਲਗਾਕੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੋਣੀ ਸੀ| ਹੈਰਾਨੀ ਦੀ ਗੱਲ ਹੈ ਕਿ ਸਾਰੇ ਸਬਜਬਾਗ ਇੱਕ ਸਪਨਾ ਹੀ ਰਹਿ ਗਏ|
ਯਾਦਗਾਰ ਦਾ ਇਲਾਕਾ ਵੀ ਹੁਣ ਘਟਾ ਦਿੱਤਾ ਗਿਆ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਸਮਾਧੀ ਵਾਲੀ ਥਾਂ ਹੀ ਯਾਦਗਾਰ ਵਿੱਚੋਂ ਕੱਢ ਦਿੱਤੀ| ਸਮਾਧੀ ਉਥੋਂ ਪੁੱਟਣ ਲਈ ਘੁਸਰ ਮੁਸਰ ਹੋ ਰਹੀ ਹੈ| ਪੰਜਾਬ ਦੇ ਰਾਜਪਾਲ ਜੋ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਹਨ, ਉਹ ਹੀ ਇਸ ਸੋਸਾਇਟੀ ਦੇ ਮੁਖੀ ਹਨ| ਪਹਿਲੇ ਰਾਜਪਾਲ ਤਾਂ ਸਾਲ ਵਿੱਚ ਦੋ ਵਾਰ ਕਾਗਜੀ ਕਾਰਵਾਈ ਲਈ ਮੀਟਿੰਗਾਂ ਕਰ ਲੈਂਦੇ ਸੀ, ਵਰਤਮਾਨ ਲਾਟ ਸਾਹਿਬ ਨੇ ਤਾਂ ਉਹ ਕਾਗਜੀ ਕਾਰਵਾਈ ਕਰਨ ਦੀ ਵੀ ਇਸ ਸਾਲ ਜਹਿਮਤ ਹੀ ਨਹੀਂ ਉਠਾਈ ਕਿਉਂਕਿ ਹੁਣ ਤਾਂ ਪੰਜਾਬ ਸ਼ਾਂਤਮਈ ਹੈ ਜੇ ਕੋਈ ਗੜਬੜ ਹੋਵੇਗੀ ਫਿਰ ਵੇਖੀ ਜਾਵੇਗੀ ਕੀ ਕਰਨਾ ਹੈ|ਲੋਕਾਂ ਨੂੰ ਸੁਖ ਦੀ ਨੀਂਦ ਸੁਲਾਉਣ ਵਾਲੇ ਦੀ ਯਾਦਗਾਰ ਉਸਾਰਨ ਵਾਲੇ ਘੂਕ ਸੁਤੇ ਪਏ ਹਨ| ਇਸ ਸੋਸਾਇਟੀ ਨੇ ਕਈ ਅਜੇਹੇ ਫੈਸਲੇ ਕਰ ਲਏ ਹਨ ਜਿਹੜੇ ਯਾਦਗਾਰ ਦੀ ਉਸਾਰੀ ਨੂੰ ਢਾਹ ਲਾ ਰਹੇ ਹਨ| ਇੱਕ ਹੋਰ ਬੜੀ ਦੁਖਦਾਈ ਗੱਲ ਹੈ ਕਿ ਸਰਕਾਰਾਂ ਦੇ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਦੇ ਫੈਸਲਿਆਂ ਤੇ ਅਮਲ ਹੀ ਨਹੀਂ ਹੋ ਰਿਹਾ |ਜਦੋਂ ਕਾਂਗਰਸ ਸਰਕਾਰ ਹੁੰਦੀ ਹੈ ਤਾਂ ਉਹ ਅਕਾਲੀਆਂ ਦੇ ਸ਼ਹੀਦ ਲੀਡਰਾਂ ਦੀਆਂ ਬਰਸੀਆਂ ਮਨਾਉਂਦੀ ਹੀ ਨਹੀਂ, ਇਸੇ ਤਰ੍ਹਾਂ ਜਦੋਂ ਅਕਾਲੀ ਬੀ ਜੇ ਪੀ ਸਰਕਾਰ ਹੁੰਦੀ ਹੈ, ਉਹ ਕਾਂਗਰਸੀ ਸ਼ਹੀਦ ਲੀਡਰਾਂ ਦੀਆਂ ਬਰਸੀਆਂ ਨਹੀਂ ਮਨਾਉਂਦੇ|
ਹੈਰਾਨੀ ਦੀ ਗੱਲ ਹੈ ਕਿ ਸਿਆਸੀ ਪਾਰਟੀਆਂ ਨੇ ਸ਼ਹੀਦ ਵੀ ਪਾਰਟੀਆਂ ਵਿੱਚ ਵੰਡ ਲਏ ਹਨ| ਇੱਕ ਹੋਰ ਅਜੀਬ ਗੱਲ ਹੈ ਕਿ ਕਾਂਗਰਸ ਸਰਕਾਰ ਮੌਕੇ ਵੀ ਬੇਅੰਤ ਸਿੰਘ ਦੀ ਬਰਸੀ ਸਰਕਾਰੀ ਤੌਰ ਤੇ ਸਿਰਫ ਇੱਕ ਦੋ ਵਾਰ ਹੀ ਮਨਾਈ ਗਈ ਸੀ| ਕਾਂਗਰਸ ਦੀ ਧੜੇਬੰਦੀ ਨੇ ਵੀ ਯਾਦਗਾਰ ਦੀ ਉਸਾਰੀ ਵਿੱਚ ਅੜਿਚਣਾਂ ਪੈਦਾ ਕੀਤੀਆਂ ਹਨ| ਅਕਾਲੀਆਂ ਅਤੇ ਬੀ ਜੇ ਪੀ ਨੇ ਤਾਂ ਇੱਕ ਵਾਰ ਵੀ ਬੇਅੰਤ ਸਿੰਘ ਦੀ ਸ਼ਹੀਦੀ ਨੂੰ ਸਰਕਾਰੀ ਤੌਰ ਤੇ ਨਹੀਂ ਮਨਾਇਆ| ਹਾਲਾਂਕਿ ਪੰਜਾਬ ਦੇ ਮਾੜੇ ਦਿਨਾਂ ਵਿੱਚ ਕਾਮਰੇਡ,ਅਕਾਲੀ ਤੇ ਬੀ ਜੇ ਪੀ ਦੇ ਲੀਡਰ ਬਲਵੰਤ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਭਾਈ ਸ਼ਮਿੰਦਰ ਸਿੰਘ,ਹਰਦਿਆਲ ਸਿੰਘ ਰਾਜਲਾ,ਸ਼ੇਰ ਸਿੰਘ ਡੂਮਛੇੜੀ, ਹਿੱਤ ਅਭਿਲਾਸ਼ੀ, ਸ਼ੰਭੂ ਪ੍ਰਸ਼ਾਦਿ, ਪੱਤਰਕਾਰ ਲਾਲਾ ਜਗਤ ਨਰਾਇਣ, ਰਮੇਸ਼ ਚੰਦਰ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਜਖਮੀ ਹੋ ਗਏ ਸਨ| ਉਦੋਂ ਤਾਂ ਸਾਰੇ ਬੀ ਜੇ ਪੀ ਦੇ ਲੀਡਰ,ਪ੍ਰਮੁਖ ਅਕਾਲੀ ਲੀਡਰ ਛੁੱਪ ਛੁੱਪਕੇ ਬੇਅੰਤ ਸਿੰਘ ਨੂੰ ਭੇਸ ਬਦਲਕੇ ਮਿਲਦੇ ਰਹੇ,ਯਾਦਗਾਰ ਉਸਾਰਨ ਮੌਕੇ ਸਾਰੇ ਪਿਛੇ ਹੱਟ ਗਏ, ਉਹਨਾਂ ਦਾ ਵੀ ਕਦੀ ਪਾਜ ਉਘਾੜਾਂਗਾ|
ਮੁੱਖ ਤੌਰ ਤੇ ਕਾਂਗਰਸ ਪਾਰਟੀ ਦੀ ਧੜੇਬੰਦੀ ਯਾਦਗਾਰ ਵਿੱਚ ਰੁਕਾਵਟ ਬਣੀ ਹੈ| ਬੀ ਜੇ ਪੀ ਵਾਲੇ ਤਾਂ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ, ਯਾਦਗਾਰ ਦੀ ਉਸਾਰੀ ਲਈ ਪੈਸੇ ਦੇਣ ਦੀ ਗੱਲ ਹੀ ਨਹੀਂ ਕਰਦੇ|ਕੇਂਦਰ ਸਰਕਾਰ ਦੇ ਕਾਂਗਰਸੀ ਲੀਡਰ ਅਤੇ ਮੰਤਰੀ ਤਾਕਤ ਦੇ ਨਸ਼ੇ ਵਿੱਚ ਸ਼ਾਂਤਮਈ ਮਾਹੌਲ ਦਾ ਆਨੰਦ ਮਾਣ ਰਹੇ ਹਨ, ਉਹਨਾਂ ਨੂੰ ਪੰਜਾਬ ਦੇ ਮਾੜੇ ਦਿਨ ਭੁੱਲ ਗਏ ਹਨ| ਉਹ ਬੇਅੰਤ ਸਿੰਘ ਪਰਿਵਾਰ ਤੋਂ ਅੰਦਰਖਾਤੇ ਡਰਦੇ ਹਨ ਕਿ ਜੇ ਉਹ ਅੱਗੇ ਆ ਗਏ ਤਾਂ ਉਹਨਾਂ ਦਾ ਹੱਕ ਮਾਰਿਆ ਜਾਵੇਗਾ,ਹੋ ਸਕਦਾ ਉਹਨਾਂ ਦੀ ਤਾਕਤ ਘੱਟ ਜਾਵੇਗੀ| ਤਾਕਤ ਦਾ ਨਸ਼ਾ ਹਰ ਵਿਅਕਤੀ ਨੂੰ ਗਲਤਾਨ ਕਰ ਦਿੰਦਾ ਹੈ ਪ੍ਰੰਤੂ ਖ਼ੁਸ਼ੀ ਦੀ ਗੱਲ ਹੈ ਕਿ ਕਾਂਗਰਸ ਦੀ ਰੀੜ੍ਹ ਦੀ ਹੱਡੀ ਕਾਂਗਰਸ ਦੇ ਵਰਕਰ ਅਜੇ ਤੱਕ ਵੀ ਸ੍ਰ ਬੇਅੰਤ ਸਿੰਘ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਗੱਲ ਕਰਦੇ ਹਨ| ਲੀਡਰ ਤਾਕਤ ਦੇ ਨਸ਼ੇ ਵਿੱਚ ਗਲਤਾਨ ਹਨ|
31 ਅਗਸਤ 2013 ਨੂੰ ਸ੍ਰ ਬੇਅੰਤ ਸਿੰਘ ਦੀ ਸਮਾਧੀ ਤੇ ਚੰਡੀਗੜ੍ਹ ਵਿਖੇ ਸਵੇਰੇ 9-00 ਵਜੇ ਤੋਂ 10-00 ਵਜੇ ਤੱਕ ਸਰਬ ਧਰਮ ਪ੍ਰਾਰਥਨਾ ਸਭਾ ਹੋਵੇਗੀ|ਖੂਨਦਾਨ ਕੈਂਪ ਵੀ ਆਯੋਜਤ ਕੀਤਾ ਜਾਵੇਗਾ| ਇਹ ਵੀ ਪਤਾ ਲੱਗਾ ਹੈ ਕਿ ਸਮਾਧੀ ਤੇ ਕਾਂਗਰਸ ਪਾਰਟੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਸ੍ਰ ਬੇਅੰਤ ਸਿੰਘ ਦੀ ਕੁਰਬਾਨੀ ਤੋਂ ਲਾਭ ਉਠਾਉਣ ਲਈ ਸਵੇਰੇ 11-00 ਵਜੇ ਸਮਾਧੀ ਸਥਲ ਤੇ ਇੱਕ ਜਲਸਾ ਵੀ ਕਰ ਰਹੀ ਹੈ|ਚਲੋ ਦੇਰ ਆਏ ਦਰੁਸਤ ਆਏ|ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਬਿਗੜਿਆ ਜੇ ਆਪਣੇ ਲੀਡਰ ਲਈ ਮਗਰ ਮੱਛ ਦੇ ਹੰਝੂ ਹੀ ਵਹਾ ਦੇਣਗੇ ਤਾਂ ਕੁਝ ਨਾ ਕੁਝ ਤਾਂ ਖੱਟ ਹੀ ਲੈਣਗੇ| ਘੱਟੋ ਘੱਟ ਇਹ ਕਹਿਣ ਜੋਗੇ ਤਾਂ ਹੋਣਗੇ ਕਿ ਉਹਨਾਂ ਆਪਣੇ ਲੀਡਰ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਬਰਸੀ ਮਨਾ ਲਈ ਹੈ|
- ਉਜਾਗਰ ਸਿੰਘ
email : ujagarsingh48@yahoo.com
-
ਉਜਾਗਰ ਸਿੰਘ, email : ujagarsingh48@yahoo.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.