ਇਹਨੀਂ ਦਿਨੀਂ ਮੈਂ ਯੂਰਪ ਦੇ ਦੇਸਾਂ ਵਿਚ ਵਿਚਰ ਰਿਹਾ ਹਾਂ ਤੇ ਇਹ ਚਿੱਠੀ ਲਿਖਣ ਸਮੇ ਜਰਮਨੀ ਦੇ ਸ਼ਹਿਰ ਨਿਊਰਨਬਰਗ ਵਿਚ ਹਾਂ।
ਪੰਜ ਹਫ਼ਤੇ ਓਥੇ ਦੇ ਟਿਕਾ ਸਮੇ, ਸ੍ਰੀ ਗੁਰੂ ਸਿੰਘ ਸਭਾ ਹੈਵਲਾਕ ਰੋਡ, ਸਾਊਥਾਲ (ਯੂ.ਕੇ.) ਵਾਲ਼ੇ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ, ਗਿਆਨੀ ਅਮ੍ਰੀਕ ਸਿੰਘ ਜੀ ਨਾਲ ਵਾਹਵਾ ਪਿਆਰ ਤੇ ਇਤਬਾਰ ਬਣ ਗਿਆ। ਓਥੋਂ ਮੈਂ ਪੋਲੈਂਡ ਤੋਂ ਹੋ ਕੇ, ਜਰਮਨੀ ਦੇ ਸ਼ਹਿਰ ਬਰਲਿਨ ਤੋਂ ਵਿਚ ਰੁਕ ਕੇ, ਲੈਪਸਾਇਕ ਵਿਚ, ਸ. ਬਲਦੇਵ ਸਿੰਘ ਬਾਜਵਾ ਜੀ ਕੋਲ਼ ਠਹਿਰਿਆ ਹੋਇਆ ਸਾਂ। ਆਪਣਾ ਬੇਇਤਬਾਰਾ ਜਿਹਾ ਫ਼ੋਨ ਮੈਂ ਬਰਲਿਨ ਵਿਚ ਹੀ ਭੁੱਲ ਆਇਆ ਸਾਂ। ਅਜਿਹਾ ਕੁਝ ਮੇਰੇ ਨਾਲ਼ ਪਹਿਲੀ ਵਾਰ ਨਹੀਂ ਹੋਇਆ।
ਵੀਰਵਾਰ, ੨੨ ਅਗਸਤ ਸਵੇਰ ਤੋਂ ਮੇਰਾ ਈ-ਮੇਲ ਖੁਲ੍ਹਣੋ ਬੰਦ ਹੋ ਗਿਆ। ਦੁਪਹਿਰ ਤੱਕ ਮੈਂ ਖੋਹਲਣ ਦਾ ਯਤਨ ਕਰਦਾ ਰਿਹਾ ਪਰ ਨਾ ਖੁਲ੍ਹ ਸਕਿਆ। ਦੁਪਹਿਰ ਤੋਂ ਪਿਛੋਂ ਸਿਡਨੀ ਤੋਂ ਵੱਡੇ ਪੁੱਤਰ ਸੰਦੀਪ ਸਿੰਘ ਦੀ ਈ-ਮੇਲ ਆਈ ਕਿ ਕਿਸੇ ਹੈਕਰ ਨੇ ਨਾਇਜੀਰੀਆ ਤੋਂ ਮੇਰਾ ਈ-ਮੇਲ ਹੈਕ ਕਰ ਲਿਆ ਹੈ ਤੇ ਮੈਂ ਈ-ਮੇਲ ਦਾ ਪਾਸ ਵਰਡ ਬਦਲ ਦਿਤਾ ਹੈ। ਫਿਰ ਨਵਾਂ ਪਾਸ ਵਰਡ ਵਰਤ ਕੇ ਮੈਂ ਆਪਣਾ ਈ-ਮੇਲ ਖੋਹਲਿਆ ਤਾਂ ਸਾਊਥਾਲ (ਯੂ.ਕੇ.) ਤੋਂ ਮੇਰੇ ਭਤੀਜੇ, ਰਮਨਦੀਪ ਸਿੰਘ ਖ਼ਾਲਸਾ ਦਾ ਸੁਨੇਹਾ ਸੀ ਕਿ ਉਹਨਾਂ ਨੂੰ ਗਿਆਨੀ ਅਮ੍ਰੀਕ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਮੈਂ (ਉਸ ਦਾ ਤਾਇਆ) ਸਾਈਪਰਸ ਵਿਚ ਬਿਪਤਾ ਵਿਚ ਹਾਂ। ਮੈਂ ਫੌਰਨ ਜਵਾਬ ਦਿਤਾ ਕਿ ਮੈਂ ਤਾਂ ਗੁਰੂ ਜੀ ਦੀ ਕਿਰਪਾ ਨਾਲ਼, ਏਥੇ ਜਰਮਨੀ ਦੇ ਸ਼ਹਿਰ ਲਾਇਪਸਿਕ ਵਿਚ ਬੈਠਾ ਹਾਂ। ਉਸ ਦਾ ਮੁੜਦੀ ਡਾਕੇ ਜਵਾਬ ਆਇਆ ਕਿ ਗਿਆਨੀ ਜੀ ਤਾਂ ਵੈਸਟਰਨ ਯੂਨੀਅਨ ਰਾਹੀਂ ਸਾਢੇ ਅੱਠ ਸੌ (੮੫੦) ਯੂਰੋ ਮੈਨੂੰ ਭੇਜ ਵੀ ਚੁੱਕੇ ਹਨ। ਮੈਂ ਇਸ ਨੂੰ ਮਖੌਲ ਹੀ ਸਮਝਿਆ ਤੇ ਪੁੱਛਿਆ ਕਿ ਕਿਸ ਨੂੰ ਤੇ ਕਿੱਥੇ ਭੇਜੇ ਹਨ? ਮੁੜਦੀ ਚਿੱਠੀ ਰਾਹੀਂ ਉਹਨਾਂ ਨੇ ਰਸੀਦ ਦੀ ਕਾਪੀ ਵੀ ਸਕੈਨ ਕਰਕੇ ਮੈਨੂੰ ਭੇਜ ਦਿਤੀ ਗਈ। ਪੈਸੇ ਵਸੂਲ ਵੀ ਹੋ ਗਏ ਸਨ ਤੇ ਮੇਰੇ ਵੱਲੋਂ, ਉਸ ਹੈਕਰ ਨੇ ਧੰਨਵਾਦ ਦੀ ਚਿੱਠੀ ਵੀ ਭੇਜ ਦਿਤੀ ਸੀ ਤੇ ੧੦੦੦ (ਇਕ ਹਜ਼ਾਰ) ਯੂਰੋ ਹੋਰ ਮੰਗ ਲਏ ਸਨ ਪਰ ਗਿਆਨੀ ਜੀ ਨੇ ਹੋਰ ਪੈਸੇ ਨਹੀਂ ਸੀ ਭੇਜੇ। ਸ਼ੁਕਰ ਹੈ!
ਕਾਰਨ ਇਹ ਹੋਇਆ ਕਿ ਹੈਕਰ ਨੇ ਫੌਰਨ ਹੀ ਮੇਰੇ ਕੰਪਿਊਟਰ ਵਿਚਲੇ ਸਾਰੇ ਐਡਰੈਸਾਂ ਨੂੰ, ਮੇਰੇ ਬਿਪਤਾ ਵਿਚ ਫਸੇ ਹੋਣ ਦੀ ਝੂਠੀ ਖ਼ਬਰ ਦੱਸ ਕੇ, ਪੈਸੇ ਭੇਜਣ ਲਈ ਲਿਖ ਦਿਤਾ। ਗਿਆਨੀ ਜੀ ਨੇ ਪਿਆਰ ਤੇ ਇਤਬਾਰ ਵਿਚ ਆ ਕੇ ਯਤਨ ਕੀਤਾ ਮੈਨੂੰ ਫ਼ੋਨ ਰਾਹੀਂ ਸੰਪਰਕ ਕਰਨ ਦਾ ਪਰ ਮੇਰੇ ਪਾਸ ਫ਼ੋਨ ਹੀ ਨਹੀਂ ਸੀ ਤੇ ਉਹ ਸਮਝ ਰਹੇ ਸਨ ਕਿ ਮੈਂ ਸਾਈਪਰਸ ਵਿਚ ਫਸਿਆ ਪਿਆ ਹਾਂ। ਇਸ ਲਈ ਉਹਨਾਂ ਨੇ ਓਸੇ ਵੇਲ਼ੇ ਹੀ ਪੈਸੇ ਸਾਈਪਰਸ ਨੂੰ ਭੇਜ ਦਿਤੇ; ਕੁਝ ਆਪਣੇ ਕੋਲ਼ੋਂ ਤੇ ਕੁਝ ਮੇਰੇ ਭਤੀਜੇ ਕੋਲ਼ੋਂ ਲੈ ਕੇ।
ਕੁਝ ਸੱਜਣਾਂ ਵੱਲੋਂ ਮੈਨੂੰ ਫਿਰ ਇਸ ਬਾਰੇ ਈ-ਮੇਲਾਂ ਆਈਆਂ ਕਿ ਕਿੰਨੇ ਪੈਸੇ ਭੇਜੀਏ। ਫਿਰ ਅਸੀਂ ਸੰਭਲ਼ ਚੁਕੇ ਸਾਂ। ਆਸ ਕੀਤੀ ਜਾ ਸਕਦੀ ਹੈ ਕਿ ਹੋਰ ਕੋਈ ਸੱਜਣ ਵੀ ਮੇਰੇ ਨਾਂ ਤੇ ਉਸ ਠੱਗ ਦੀ ਠੱਗੀ ਵਿਚ ਨਹੀਂ ਫਸਿਆ ਹੋਵੇਗਾ ਪਰ ਅਜੇ ਪਤਾ ਨਹੀਂ ਲੱਗ ਰਿਹਾ ਕਿਉਂਕਿ ਮੇਰੀਆਂ ਭੇਜੀਆਂ ਜਾ ਰਹੀਆਂ ਈ-ਮੇਲਾਂ ਵਾਪਸ ਮੁੜ ਰਹੀਆਂ ਹਨ। ਹੋ ਸਕਦਾ ਹੈ ਕਿ ਉਹਨਾਂ ਦੀਆਂ ਵੀ ਮੇਰੇ ਤੱਕ ਨਾ ਪੁਜਦੀਆਂ ਹੋਣ!
ਏਨੇ ਪੈਸੇ ਵੀ ਸਾਡੇ ਗਿਆਨੀਆਂ ਵਾਸਤੇ ਕੋਈ ਰਕਮ ਘਟ ਨਹੀਂ। ਮੈਂ ਪੈਨਸ਼ਨ ਤੇ ਹਾਂ ਅਤੇ ਦੂਜੇ ਗਿਆਨੀ ਜੀ ਗੁਰੂ ਘਰ ਦੀ ਸੇਵਾ ਵਿਚ ਹਨ ਪਰ ਸਭ ਤੋਂ ਵਧ ਦੁੱਖ ਆਪਸ ਵਿਚਲੀ ਬੇਇਤਬਾਰੀ ਦਾ ਹੈ ਕਿਉਂਕਿ ਮੇਰਾ ਭਤੀਜਾ ਅਤੇ ਗਿਆਨੀ ਜੀ ਸਮਝ ਰਹੇ ਹਨ ਕਿ ਪੈਸੇ ਮੈਂ ਹੀ ਪਰਾਪਤ ਕੀਤੇ ਹਨ ਤੇ ਹੁਣ ਸ਼ਾਇਦ ਮੈਂ ਮੁਕਰ ਰਿਹਾ ਹਾਂ।
ਮੇਰੀਆਂ ਦਿਤੀਆਂ ਜਾ ਰਹੀਆਂ ਸਫਾਈਆਂ ਦਾ ਸ਼ਾਇਦ ਉਹਨਾਂ ਉਪਰ ਬਹੁਤਾ ਅਸਰ ਨਹੀਂ ਹੋ ਰਿਹਾ। ਮੈਂ ਹਰੇਕ ਈ-ਮੇਲ ਵਿਚ ਲਿਖ ਰਿਹਾ ਹਾਂ ਕਿ ਫਿਕਰ ਨਾ ਕਰੋ ਆਪਾਂ ਤੁਹਾਨੂੰ ਨੁਕਸਾਨ ਨਹੀਂ ਹੋਣ ਦਿਆਂਗੇ। ਮੇਰੇ ਬੱਚਿਆਂ ਨੂੰ ਵੀ ਉਹਨਾਂ ਨੇ ਕਾਂਟੈਕਟ ਕੀਤਾ ਹੈ ਸਿਡਨੀ ਵਿਚ। ਬੱਚਿਆਂ ਵੱਲੋਂ ਵੀ ਗਿਆਨੀ ਜੀ ਨੂੰ ਭਰੋਸਾ ਦਿਵਾਇਆ ਗਿਆ ਹੈ ਪਰ ਉਹਨਾਂ ਨੂੰ ਭਰੋਸਾ ਹੋਇਆ ਕਿ ਨਹੀਂ, ਇਸ ਦਾ ਪਤਾ ਤਾਂ, ਤਾਂ ਹੀ ਲੱਗੇ ਜੇ ਮੇਰੀ ਮੇਲ ਦਾ ਉਹਨਾਂ ਵੱਲੋਂ ਜਵਾਬ ਆਵੇ!
ਮੇਰੇ ਫੋਨ ਬਾਰੇ ਕੁਝ ਨਾ ਪੁਛੋ। ਇਹ ਬਹੁਤ ਵੱਡਾ ਮੇਰੇ ਵਾਸਤੇ ਐਕਸਪਲੇਨ ਕਰਨ ਦਾ ਝਮੇਲਾ ਹੈ। ਅੱਜ (੨੬ ਅਗਸਤ) ਮੈਂ ਯਤਨ ਕਰਾਂਗਾ ਕਿ ਏਥੇ ਨਿਊਰਨਬਰਗ, ਜਰਮਨੀ ਵਿਚ ਫ਼ੋਨ ਦਾ ਪ੍ਰਬੰਧ ਕਰਾਂ। ਫਿਰ ਗਿਆਨੀ ਜੀ ਨੂੰ ਬਾਜਵਾ ਜੀ ਦੇ ਫ਼ੋਨ ਤੋਂ ਰਿੰਗ ਕੀਤਾ ਵੀ ਸੀ ਪਰ ਉਹ ਚੁੱਕ ਨਹੀਂ ਸਕੇ।
ਹੁਣ ਏਥੇ ਨਿਊਰਨਬਰਗ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਮੈਂ ਹਾਂ। ਮਿਡਵੀਕ ਤੱਕ ਏਥੇ ਰਹਿਣ ਦਾ ਵਿਚਰ ਹੈ।
ਅੱਗੇ ਲਿਖੇ ਨੰਬਰਾਂ ਉਪਰ ਮੇਰੇ ਨਾਲ਼ ਸੰਪਰਕ ਹੋ ਸਕਦਾ ਹੈ। ਇਹ ਨੰਬਰ ਗਿਆਨੀ ਜੀ ਅਤੇ ਗੁਰਦੁਆਰਾ ਸਾਹਿਬ ਦੇ ਹਨ। ਗਿਆਨੀ ਜੀ ਦਾ ਨਾਂ ਵੀ ਭਾਈ ਸੰਤੋਖ ਸਿੰਘ ਹੈ ਜੋ ਕਿ ਮੇਰੇ ਨਾਲ਼ ਬਹੁਤ ਹੀ ਨਿਘ ਅਤੇ ਸਨੇਹ ਸਹਿਤ ਵਰਤ ਰਹੇ ਹਨ:
ਲੈਂਡ ਲਾਈਨ: ੦੦੪੪ ੯੧੧ ੨੪੨੭੩੯੭
ਮੋਬਾਇਲ: ੦੦੪੪ ੧੭੬ ੨੯੯੯੦੭੦੦
ਗਿਆਨੀ ਜੀ ਮੇਰੇ ਬੱਚਿਆਂ ਦੀ ਉਮਰ ਦੇ ਹਨ। ਇਹ ਵੀ ਸ਼ਹੀਦ ਸਿੱਖ ਮਿਸਨਰੀ ਕਾਲਜ ਦੇ ਹੀ, ਮੇਰੇ ਵਾਂਙ ਵਿਦਿਆਰਥੀ ਰਹੇ ਹਨ ਤੇ ਮੇਰੇ ਵਾਂਙ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਚਾਰਕ ਦੀ ਸੇਵਾ ਤੋਂ ਅਸਤੀਫ਼ਾ ਦੇ ਕੇ, ਏਥੇ ਗ੍ਰੰਥੀ ਦੀ ਸੇਵਾ ਉਪਰ ਆਏ ਹਨ। ਇਹਨਾਂ ਨੂੰ ਮੇਰੀ ਵਿਥਿਆ ਤੇ ਯਕੀਨ ਆ ਰਿਹਾ ਹੈ ਤੇ ਮੇਰੀ ਯੋਗ ਹੌਸਲਾ ਅਫ਼ਜ਼ਾਈ ਵੀ ਕਰ ਰਹੇ ਹਨ; ਨਹੀਂ ਤਾਂ ਬਾਕੀ ਮੇਰੇ ਵਰਗੇ ਧਾਰਮਿਕ ਸੰਸਾਰ ਵਿਚ ਵਿਚਰਣ ਵਾਲ਼ੇ ਅੱਧਪੜ੍ਹ ਕੁਝ \'ਸੱਜਣ\' ਤਾਂ ਇਉਂ ਪ੍ਰਭਾਵ ਦੇ ਰਹੇ ਹਨ ਕਿ ਜਿਵੇਂ ਮੈਂ ਝੂਠੀ ਕਹਾਣੀ ਘੜ ਰਿਹਾ ਹਾਂ ਤੇ ਅੱਗੋਂ ਉਲ਼ਟੇ ਪੁਲ਼ਟੇ ਸਵਾਲ ਕਰ ਕਰ ਕੇ, ਮੈਨੂੰ ਝੂਠਾ ਸਾਬਤ ਕਰਨ ਦੇ ਯਤਨਾਂ ਵਿਚ ਹਨ। ਗੁਰਬਾਣੀ ਦੀ ਸਿੱਖਿਆ ਦੇ ਉਲ਼ਟ ਜਾ ਕੇ ਮੈਂ ਇਹ ਵੇਦਨਾ ਉਹਨਾਂ ਨੂੰ ਸੁਣਾਉਂਦਾ ਜੂ ਹਾਂ; ਜੋ ਕਿ ਮੈਨੂੰ ਨਹੀਂ ਸੁਣਾਉਣੀ ਚਾਹੀਦੀ।
ਪੈਸਿਆਂ ਦੀ ਤਾਂ ਖਾਧੀ ਕੜ੍ਹੀ। ਇਸ ਤੋਂ ਕਿਤੇ ਵਧ ਤੇ ਕਈ ਵਾਰ ਨੁਕਸਾਨ ਉਠਾਏ ਪਰ ਮੇਰੇ ਨਾਂ ਤੇ ਕਿਸੇ ਮਿੱਤਰ ਦਾ ਧੋਖੇ ਵਿਚ ਫਸ ਜਾਣਾ ਤੇ ਫਿਰ ਪਰਸਪਰ ਬੇਇਤਬਾਰੀ ਹੋ ਜਾਣੀ; ਵਧੇਰੇ ਦੁਖਦਾਇਕ ਹੈ। ਮੈਂ ਵੀਰਵਾਰ (੨੨ ਅਗਸਤ) ਦੁਪਹਿਰ ਤੋਂ ਪਿੱਛੋਂ ਤੋਂ ਲੈ ਕੇ ਹੁਣ ਤੱਕ, ਤਕਰੀਬਨ ਬਹੁਤਾ ਸਮਾ ਇਸ ਉਪਰ ਹੀ ਖ਼ਰਚ ਕਰ ਰਿਹਾ ਹਾਂ ਤਾਂ ਕਿ ਬਾਕੀ ਸੱਜਣ ਇਸਸ ਧੋਖੇ ਤੋਂ ਬਚ ਜਾਣ। ਮੈਂ ਸਾਰਿਆਂ ਦੇ ਨੁਕਸਾਨ ਦੀ ਪੂਰਤੀ ਕਰਨ ਦੀ ਹਾਲਤ ਵਿਚ ਨਹੀਂ ਹਾਂ। ਖ਼ੁਦ ਨੂੰ ਬਥੇਰਾ ਹੌਸਲਾ ਦੇ ਰਿਹਾ ਹਾਂ ਪਰ ਮਨ ਢਹਿੰਦੀਕਲਾ ਵਿਚ ਹੀ ਜਾ ਰਿਹਾ ਹੈ। ੭੧ ਸਾਲ ਦੀ ਉਮਰ, ਮੁੱਦਤਾਂ ਤੋਂ ਸ਼ੂਗਰ ਦਾ ਮਰੀਜ਼ ਸਰੀਰ ਹੋਣ ਕਰਕੇ, ਇਸ ਘਟਨਾ ਦਾ, ਮਨ ਅਤੇ ਤਨ ਤੇ ਮਾੜਾ ਅਸਰ ਪੈ ਰਿਹਾ ਹੈ। ਕੁਝ ਸਾਲ ਪਹਿਲਾਂ ਇਕੱਠਾ ਹੀ ਦਸ ਹਜ਼ਾਰ ਡਾਲਰ ਗਵਾਚ ਗਿਆ ਸੀ ਤੇ ਮੈਂ ਇਸ ਨੁਕਸਾਨ ਨੂੰ ਵੀ ਚੁਟਕਲਾ ਹੀ ਬਣਾ ਕੇ ਪਰਵਾਰ ਅਤੇ ਸੱਜਣਾਂ ਨੂੰ ਦੱਸਦਾ ਸਾਂ ਤੇ ਹਰੇਕ ਸੁਣਨ ਵਾਲ਼ਾ ਇਸ ਨੂੰ ਸਿਰਫ਼ ਚੁਟਕਲਾ ਹੀ ਸਮਝ ਜੇ ਮੁਸਕਰਾ ਦਿੰਦਾ ਸੀ ਤੇ ਮੇਰੇ ਮਨ ਤੇ ਵੀ ਕੋਈ ਮਾੜਾ ਅਸਰ ਨਹੀਂ ਸੀ। ਇਸ ਸਾਰੀ ਘਟਨਾ ਬਾਰੇ ਮੈਂ ਲੇਖ ਵੀ ਲਿਖ ਦਿਤਾ ਸੀ: \'ਦਸ ਹਜ਼ਰ ਦਾ ਘਾਟਾ।\' ਇਹ ਲੇਖ \'ਸਿੱਖ ਮਾਰਗ ਡਾਟ ਕੌਮ\' ਸਕਿਹਮੳਰਗ.ਚੋਮ ਤੇ ਪੜ੍ਹਿਆ ਜਾ ਸਕਦਾ ਹੈ।
ਪਤਾ ਨਹੀਂ ਹੁਣ ਕਿਉਂ ਏਨਾ ਮਾੜਾ ਅਸਰ ਮਨ ਤੇ ਪੈ ਰਿਹਾ ਹੈ! ਓਦੋਂ ਤੋਂ ਨਾ ਭੁੱਖ ਲੱਗ ਰਹੀ ਹੈ ਤੇ ਨਾ ਮਨ ਨੂੰ ਚੈਨ ਆ ਰਿਹਾ ਹੈ। ਸ਼ਾਇਦ ਇਸ ਢਹਿੰਦੀਕਲਾ ਵਿਚ ਇਸ ਗੱਲ ਦਾ ਵੀ ਭਾਰਾ ਹਿੱਸਾ ਹੋਵੇ ਕਿ ਇਕ ਮਿੱਤਰ ਦਾ ਮੇਰੇ ਵਿਚ ਯਕੀਨ ਨਹੀਂ ਰਿਹਾ।
ਅਜਿਹੀਆਂ ਲੋਟੂ ਈ-ਮੇਲਾਂ ਤਾਂ ਮੈਨੂੰ ਕਈ ਸਾਲਾਂ ਤੋਂ ਆ ਰਹੀਆਂ ਹਨ। ਮੈਂ ਉਹਨਾਂ ਨੂੰ ਪੜ੍ਹਨ ਤੋਂ ਬਿਨਾ ਹੀ ਡੀਲੀਟ ਕਰ ਦਿੰਦਾ ਹਾਂ। ਸਭ ਤੋਂ ਪਹਿਲਾਂ ਮੈਨੂੰ ਮੇਰੇ ਮਿੱਤਰ ਡਾ. ਮਨਜੀਤ ਸਿੰਘ ਬੱਲ, ਰਾਜਿੰਦਰਾ ਹਸਪਤਾਲ ਪਟਿਆਲਾ, ਵੱਲੋਂ ਆਈ ਕਿ ਉਹ ਨਾਇਜੀਰੀਆ ਦੇ ਹੋਟਲ ਵਿਚ ਫਸ ਗਏ ਹਨ ਤੇ ਮੈਂ ਉਹਨਾਂ ਨੂੰ ੨੫੦੦ ਢਾਈ ਹਜ਼ਾਰ ਡਾਲਰ ਫੌਰਨ ਵੈਸਟਰਨ ਯੂਨੀਅਨ ਰਾਹੀਂ ਭੇਜਾਂ। ਮੈ ਫੌਰਨ ਭੇਜਣ ਲਈ ਤਿਆਰ ਹੋ ਗਿਆ ਪਰ ਘਰ ਤੋਂ ਚਾਰ ਹਜ਼ਾਰ ਮੀਲ ਦੂਰ, ਪਰਥ ਸ਼ਹਿਰ ਵਿਚ ਹੋਣ ਕਰਕੇ, ਮੇਰੇ ਪਾਸ ਪੈਸੇ ਨਹੀਂ ਸਨ। ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਆਖਿਆ ਕਿ ਉਹ ਹੁਣੇ ਹੀ ਪੈਸੇ ਭੇਜਣ। ਸੰਦੀਪ ਸਿੰਘ ਨੇ ਦੱਸਿਆ ਕਿ ਇਹ ਠੱਗੀ ਹੈ। ਫਿਕਰ ਨਾ ਕਰੋ। ਪੈਸੇ ਨਹੀਂ ਭੇਜਣੇ। ਪਰ ਮੈਨੂੰ ਚੈਨ ਨਾ ਆਇਆ ਤੇ ਮੈਂ ਪਟਿਆਲੇ ਸ. ਕੁਲਦੀਪ ਸਿੰਘ ਹੋਰਾਂ ਨੂੰ ਲਿਖਿਆ ਕਿ ਉਹ ਹੁਣੇ ਹੀ ਡਾਕਟਰ ਸਾਹਿਬ ਦੇ ਘਰ ਜਾ ਕੇ, ਪਤਾ ਕਰਕੇ ਮੈਨੂੰ ਦੱਸਣ। ਉਹਨਾਂ ਦਾ ਕੁਝ ਘੰਟਿਆਂ ਬਾਅਦ ਹੀ ਜਵਾਬ ਆ ਗਿਆ ਕਿ ਡਾਕਟਰ ਸਾਹਿਬ ਜੀ ਤਾਂ ਆਪਣੇ ਘਰ ਵਿਚ ਆਰਾਮ ਸਹਿਤ ਹਨ; ਤੁਸੀਂ ਬੇਫਿਕਰ ਹੋਵੋ।
ਇਸ ਤਰ੍ਹਾਂ ਮੈਂ ਤਾਂ, ਮੇਰੇ ਕੋਲ਼ ਉਸ ਸਮੇ ਪੈਸੇ ਨਾ ਹੋਣ ਕਰਕੇ, ਬਚ ਗਿਆ ਪਰ ਮੇਰੇ ਮਿੱਤਰ ਗਿਆਨੀ ਅਮ੍ਰੀਕ ਸਿੰਘ ਜੀ ਇਮਾਨਦਾਰੀ ਕਰਕੇ ਫਸ ਗਏ।
ਸਿਡਨੀ ਤੋਂ ਇਕ ਹੋਰ ਸੁਹਿਰਦ ਸੱਜਣ ਗਿਆਨੀ ਇਕਬਾਲ ਸਿੰਘ ਜੀ ਨੇ ਪੁੱਛਿਆ ਹੈ ਕਿ ਕਿੰਨੇ ਪੈਸੇ ਭੇਜਾਂ। ਮੇਰੇ ਪੁੱਤਰ ਨੇ ਉਸ ਨੂੰ ਰੋਕਿਆ। ਲੂਟਨ (ਯੂ.ਕੇ.) ਤੋਂ ਗਿਆਨੀ ਜਗਜੀਤ ਸਿੰਘ ਅਨੰਦ ਜੀ ਨੇ, ਕਿਸੇ ਤਰ੍ਹਾਂ \'ਮੀਡੀਆ ਪੰਜਾਬ\' ਵਾਲ਼ੇ ਬਾਜਵਾ ਜੀ ਦਾ ਫ਼ੋਨ ਲਭ ਕੇ, ਮੈਨੂੰ ਰਿੰਗ ਕਰ ਲਿਆ ਤੇ ਬਚ ਗਏ। ਹੋਰ ਪਤਾ ਨਹੀਂ ਸਾਰੇ ਸੰਸਾਰ ਵਿਚ ਕਿੰਨੇ ਮੇਰੇ ਸੱਜਣ ਤੇ ਸਹਾਇਕ, ਇਹ ਈ-ਮੇਲ ਪੜ੍ਹ ਕੇ, ਤੜਫ਼ ਰਹੇ ਹੋਣਗੇ ਜਾਂ ਠੱਗ ਦੀ ਠੱਗੀ ਵਿਚ ਆ ਗਏ ਹੋਣਗੇ, ਅਜੇ ਪਤਾ ਨਹੀਂ ਲੱਗ ਰਿਹਾ। ਮੇਰੀਆਂ ਈ-ਮੇਲਾਂ ਉਹਨਾਂ ਨੂੰ ਨਹੀਂ ਜਾ ਰਹੀਆਂ ਤੇ ਨਾ ਹੀ ਉਹਨਾਂ ਵੱਲੋਂ ਮੈਨੂੰ ਆ ਰਹੀਆਂ ਹਨ। ਇਸ ਲਈ ਜੇਕਰ ਕੋਈ ਸੱਜਣ ਚਾਹੇ ਤਾਂ ਉਪਰ ਲਿਖੇ ਨੰਬਰਾਂ ਤੇ, ਮੇਰੇ ਨਾਲ਼ ਸੰਪਰਕ ਕਰ ਸਕਦਾ ਹੈ।
ਆਸਟ੍ਰੇਲੀਆ ਵਿਚ ਥੋਹੜੇ ਦਿਨ ਹੋਏ ਨੇ ਮੇਰੇ ਇਕ ਮਿੱਤਰ, ਇਨਕਮ ਟੈਕਸ ਮਹਿਕਮੇ ਦੇ ਨਾਂ ਤੇ, ੧੫੦੦੦ ਪੰਦਰਾਂ ਹਜ਼ਾਰ ਦੀ ਠੱਗੀ ਖਾ ਚੁੱਕੇ ਹਨ।
ਐਡੀਲੇਡ ਤੋਂ ਇਕ ਨੌਜਵਾਨ ਗਿਆਨੀ ਜੀ ਏਸੇ ਤਰ੍ਹਾਂ ਦੀ ਠੱਗੀ ਵਿਚ ਫਸ ਚੱਲੇ ਸਨ ਪਰ ਠੱਗ ਦੀ ਬਦਕਿਸਮਤੀ ਕਿ ਉਹ ਫਸਣ ਤੋਂ ਪਹਿਲਾਂ ਮੈਨੂੰ ਦੱਸ ਬੈਠੇ। ਮੈਂ ਬੜੇ ਹੀ ਯਤਨਾਂ ਨਾਲ਼ ਉਹਨਾਂ ਨੂੰ ਬਚਾ ਸਕਿਆ ਕਿਉਂਕਿ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਠੱਗੀ ਹੈ। ਉਹ ਸਗੋਂ ਦਲੀਲਾਂ ਦੇ ਦੇ ਕੇ ਮੈਨੂੰ ਸਮਝਾਉਂਦੇ ਰਹੇ।
ਭਾਵੇਂ ਕਿ ਇਹ \'ਸਿਖਿਆ\' ਹੁਣ, ਸੱਪ ਨਿਕਲ਼ ਜਾਣ ਪਿੱਛੋਂ ਲਕੀਰ ਨੂੰ ਕੁੱਟਣ ਵਾਂਙ ਹੀ ਹੈ ਪਰ ਸ਼ਾਇਦ ਫਿਰ ਵੀ ਕਿਸੇ ਦੇ ਕੰਮ ਆ ਜਾਵੇ!
ਇਹ ਜਾਣ ਲਵੋ ਕਿ ਅਜਿਹੀਆਂ ਸਹਾਇਤਾ ਵਾਸਤੇ ਈ-ਮੇਲਾਂ ਮੁੱਦਤਾਂ ਤੋਂ ਆ ਰਹੀਆਂ ਹਨ ਪਰ ਅੱਜ ਤੱਕ ਇਹਨਾਂ ਵਿਚੋਂ ਇਕ ਵੀ ਸੱਚੀ ਨਹੀਂ ਹੋਈ। ਸਭ ਝੂਠੀਆਂ ਹੁੰਦੀਆਂ ਹਨ।
ਮੁੱਕਦੀ ਗੱਲ:
ਕਦੀ ਵੀ ਕਿਸੇ ਵੱਲੋਂ ਸਹਾਇਤਾ ਮੰਗਣ, ਲਾਟਰੀ ਨਿਕਲਣ, ਇਨਕਮ ਟੈਕਸ ਵੱਲੋਂ ਪੈਸੇ ਦੇਣ, ਹਿੱਸਾ ਦੇਣ ਦਾ ਲਾਲਚ ਦੇ ਕੇ ਤੁਹਾਡਾ ਬੈਂਕ ਅਕਾਊਂਟ ਵਰਤਣ ਵਾਸਤੇ, ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਲਾਲਚ ਦੀ ਈ-ਮੇਲ ਆਵੇ ਤਾਂ ਬਿਨਾ ਪੜ੍ਹੇ ਹੀ ਉਸ ਨੂੰ ਡੀਲੀਟ ਕਰ ਦਿਓ। ਕੁਝ ਵੀ ਹੋਰ ਸੋਚਣ ਦੀ ਲੋੜ ਨਹੀਂ। ਇਸ ਵਿਚ ਬਿਨਾ ਠੱਗੀ ਤੋਂ ਹੋਰ ਕੁਝ ਨਹੀਂ ਹੁੰਦਾ।
ਸ਼ੁਭਚਿੰਤਕ
ਸੰਤੋਖ ਸਿੰਘ
ਈ-ਐਡਰੈਸ: ਗੳਿਨਸਿੳਨਟੋਕਹਸਨਿਗਹੇੳਹੋ.ਚੋਮ.ਉ
ਨੋਟ ਕਰੋ ਜੀ:
ਹੈਕਰ ਨੇ ਮੇਰੇ ਈ-ਐਡਰੈਸ ਵਿਚ ਦੋ ਤਬਦੀਲੀਆਂ ਕਰਕੇ, ਨਵਾਂ ਈ ਐਡਰੈਸ ਬਣਾ ਕੇ ਭੇਜਣਾ ਸ਼ੁਰੂ ਕਰ ਦਿਤਾ ਸੀ।
ਮੇਰਾ ਸਹੀ ਈ-ਐਡਰੈਸ ਉਪਰ ਮੇਰੇ ਨਾਂ ਥੱਲੇ ਹੈ ਅਤੇ ਉਸ ਨੇ ਜੋ ਬਦਲ ਕੇ ਮੇਰੇ ਨਾਂ ਤੇ ਐਡਰੈਸ ਬਣਾਇਆ ਹੈ, ਉਹ ਇਉਂ ਹੈ: ਗੳਿਨਸਿੳਨਟੋਕਹਸਨਿਗਹ੧ੇੳਹੋ.ਚੋਮ
ਇਸ ਵਿਚ ਉਸ ਨੇ ਦੋ ਤਬਦੀਲਅਿਾਂ ਕਰ ਦਿਤੀਆਂ ਹਨ। ਸਿੰਘ ਦੇ ਪਿਛੇ ੧ ਲਾ ਦਿਤਾ ਹੈ ਤੇ ਅਖੀਰ ਵਾਲ਼ਾ ਉ ਉਡਾ ਦਿਤਾ ਹੈ।
੨੬.੮.੧੩
ਮੇਰੇ ਪੁੱਤਰ ਦੇ ਯਤਨ ਕਰਨ ਕਰਕੇ ਈ-ਮੇਲ ਮੇਰਾ ਖੁਲ੍ਹ ਗਿਆ ਹੈ ਤੇ ਕਈ ਸੱਜਣਾਂ ਵੱਲੋਂ ਚਿੱਠੀਆਂ ਆਈਆਂ ਸਨ ਜਿਨ੍ਹਾਂ ਨੇ ਪੈਸੇ ਕਿੰਨੇ ਭੇਜਣ ਬਾਰੇ ਪੁੱਛਿਆ ਹੈ। ਮੈਂ ਸਭਨਾਂ ਨੂੰ ਪੈਸੇ ਨਾ ਭੇਜਣ ਬਾਰੇ ਜਵਾਬ ਦੀ ਜਾ ਰਿਹਾ ਹਾਂ। ਸ਼ੁਕਰ ਹੈ ਕਿ ਅਜੇ ਤੱਕ ਹੋਰ ਕਿਸੇ ਸੱਜਣ ਵੱਲੋਂ ਇਸ ਠੱਗੀ ਵਿਚ ਫਸਣ ਦੀ ਖ਼ਬਰ ਨਹੀਂ ਆਈ।
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.