ਸਕੂਲਾਂ ਵਿਚ ਬਦਲੀਆਂ ਦੀ ਉਡੀਕ ’ਚ ਬੈਠੇ ਮੁਲਾਜਮਾਂ ਦੀਆਂ ਅੱਖਾਂ ਪੱਕ ਗਈਆਂ ਹਨ ਕਿ ਕਦੋਂ ਲਿਸਟ ਆਵੇਗੀ ਤੇ ਕਦੋਂ ਉਨ੍ਹਾਂ ਦੀਆਂ ਬਦਲੀਆਂ ਹੋਣ ਗੀਆਂ? ਬਦਲੀਅਾਂ ਦਾ ਵਿਧਾਨ ਤਾਂ ਇਹ ਹੈ ਕਿ ਨਵੀਆਂ ਕਲਾਸਾਂ ਸ਼ੁਰੂ ਹੋਣ ਦੇ ਨਾਲ ਹੀ ਲੋੜਵੰਦ ਸਟਾਫ ਦੀਆਂ ਬਦਲੀਆਂ ਕਰ ਦਿੱਤੀਆਂ ਜਾਣ ਜਿਸ ਨਾਲ ਨਵੇਂ ਸ਼ੈਸਨ ਵਿਚ ਨਵਾਂ ਅਧਿਆਪਕ ਹੀ ਕਲਾਸ ਲਵੇ। ਪਰ ਇਹ ਪਰਕਿਰਿਆ ਪਿੱਛਲੇ ਲੰਮੇਂ ਸਮੇਂ ਤੋਂ ਬੰਦ ਹੈ। ਹਰ ਸਾਲ ਬਦਲੀਆਂ ਦਾ ਸਮਾਂ ਲਟਕਦਾ ਹੀ ਜਾ ਰਿਹਾ ਹੈ। ਕੇਵਲ ਸਮਾਂ ਹੀ ਨਹੀਂ ਲਟਕ ਰਿਹਾ ਸਗੋਂ ਸੱਚ ਤਾਂ ਇਹ ਹੈ ਕਿ ਬਦਲੀਆਂ ਹੀ ਨਹੀਂ ਹੋ ਰਹੀਆਂ ਤੇ ਮੁਲਾਜਮਾਂ ਦੀਆਂ ਆਸਾਂ ਦੇ ਪਹਾੜ ਤਬਾਹ ਹੋ ਰਹੇ ਹਨ। ਬਦਲੀ ਮੁਲਾਜ਼ਮ ਦਾ ਹੱਕ ਹੈ। ਇਹ ਮੁਲਾਜ਼ਮ ਨੂੰ ਸਹੂਲਤ ਦੇਣ ਲਈ ਕੀਤੀ ਜਾਂਦੀ ਹੈ। ਪਰ ਪ੍ਰਬੰਧ ਅਜਿਹਾ ਬਣ ਗਿਆ ਹੈ ਕਿ ਤਕੜੇ ਤੇ ਪਹੁੰਚ ਵਾਲੇ ਲੋਕ ਹਰ ਹਾਲ ਵਿਚ ਬਦਲੀ ਕਰਵਾ ਲੈਂਦੇ ਹਨ। ਉਨ੍ਹਾਂ ਨੂੰ ਕੋਈ ਖਾਲੀ ਪੋਸਟ ਵੀ ਨਹੀਂ ਚਾਹੀਦੀ ਹੁੰਦੀ। ਉਨ੍ਹਾਂ ਲਈ ਪੋਸਟ ਦਾ ਪ੍ਰਬੰਧ ਵੀ ਵਿਭਾਗ ਆਪ ਹੀ ਕਰ ਲੈਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਮਨ ਇੱਛਤ ਥਾਂਵਾਂ ਉਪਰ ਬਿਨ੍ਹਾਂ ਲੋੜ ਦੇ ਡੈਪੂਟੇਸ਼ਨ ’ਤੇ ਭੇਜਿਆ ਜਾਂਦਾ ਹੈ। ਚਹੇਤੇ ਲੋਕਾਂ ਲਈ ਸਾਰਾ ਸਾਲ ਹੀ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ। ਪਰ ਪਿੱਛਲੇ ਲੰਮੇਂ ਸਮੇਂ ਤੋਂ ਦੂਰ ਦਰਾਡੇ ਸਕੂਲਾਂ ਵਿਚ ਧੱਕੇ ਖਾ ਰਹੇ ਲੋਕਾਂ ਦੀ ਬਦਲੀ ਨਹੀਂ ਹੋ ਰਹੀ ਭਾਂਵੇ ਕਿ ਉਹ ਸਾਰੀਆਂ ਹੀ ਸ਼ਰਤਾਂ ਪੂਰੀਆਂ ਕਰ ਰਹੇ ਹਨ। ਸੈਕੜੇ ਵਿਧਵਾਵਾਂ, ਅਪਾਹਜ, ਬਿਮਾਰ ਤੇ ਪ੍ਰੇਸ਼ਾਨ ਲੋਕ 60- 60 ਕਿਲੋਮੀਟਰ ਦੀ ਦੂਰੀ ਤੇ ਜਾ ਰਹੇ ਹਨ ਜਦਕਿ ਉਨ੍ਹਾਂ ਦੇ ਘਰਾਂ ਦੇ ਕੋਲ ਸਟੇਸ਼ਨ ਖਾਲੀ ਪਏ ਹਨ। ਮਾਸਟਰ ਕੇਡਰ ਤੋਂ ਲੈਕਚਰਾਰ ਤੇ ਲੈਕਚਰਾਰ ਕੇਡਰ ਤੋਂ ਪਿ੍ਰੰਸੀਪਲ ਬਣਨ ਵਾਲੇ ਮੁਲਾਜਮ ਨੂੰ ਉਨ੍ਹਾਂ ਦੀ ਸਲਾਹ ਨਾਲ ਸਟੇਸ਼ਨ ਦੇਣ ਦੀ ਥਾਂ ਕੋਸ਼ਿਸ ਇਹ ਕੀਤੀ ਜਾਂਦੀ ਹੈ ਕਿ ਉਸ ਦੂਰ ਭੇਜਿਆ ਜਾਵੇ ਤਾਂ ਕਿ ਉਹ ਵੀ ਉਸ ਭੀੜ ਵਿਚ ਸ਼ਾਮਲ ਹੋ ਜਾਵੇ ਜਿਹੜੇ ਬਦਲੀ ਕਰਵਾਉਣ ਲਈ ਥਾਂ ਥਾਂ ਤਰਲੇ ਮਾਰਦੇ ਫਿਰਦੇ ਹਨ।
ਸਕੂਲਾਂ ਵਿਚ ਕੰਮ ਕਰਦੇ ਅਮਲੇ ਫੈਲੇ ਦਾ ਕਿੱਤਾ ਸਿੱਧਾ ਹੀ ਸਮਾਜ ਕਲਿਆਣ ਨਾਲ ਜੁੜਿਆ ਹੋਇਆ ਹੈ। ਸਕੂਲਾਂ ਵਿਚ ਹੀ ਅਗਲੇ ਸਮਾਜ ਦੀ ਤਕਦੀਰ ਘੜੀ ਜਾਣੀ ਹੈ। ਕਿਸੇ ਵੀ ਸਮਾਜ ਲਈ ਸਿੱਖਿਆ ਦੇ ਅਦਾਰਿਆਂ ਦਾ ਜੋ ਸਥਾਂਨ ਬਣਦਾ ਹੈ ਉਸ ਦਾ ਬਦਲ ਕਿਸੇ ਵੀ ਹੋਰ ਸਥਾਨ ਤੋਂ ਨਹੀਂ ਲੱਭਿਆ ਜਾ ਸਕਦਾ। ਇਸ ਲਈ ਇਨ੍ਹਾਂ ਅਦਾਰਿਆ ਤੋਂ ਹੀ ਕਿਸੇ ਸਮਾਜ ਦੇ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ ਕਿ ਕਿਸੇ ਸਮਾਜ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਸਕੂਲਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਸਹਿਰੀ ਸ਼ਟੇਸ਼ਨਾਂ ਉਪਰ ਸਰਪਲੱਸ ਸਟਾਫ ਹੈ ਪਰ ਪਿੰਡਾਂ ਵਿਚ ਨਾ ਕਲਰਕ ਨਾ ਚਪੜਾਸੀ ਤੇ ਨਾ ਹੀ ਸਕੂਲ ਮੁਖੀ। ਸਰਕਾਰ ਦੀਆਂ ਗਲਤ ਨੀਤੀਆਂ ਹੀ ਇਸ ਲਈ ਜਿੰਮੇਵਾਰ ਹਨ। ਸਹਿਰਾਂ ਦੇ ਮੁਕਾਬਲੇ ਖਸਤਾ ਹਾਲ ਪਿੰਡਾ ਵਿਚ ਕੰਮ ਲਈ ਜਾਣ ਵਾਲੇ ਮੁਲਾਜਮ ਨੂੰ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਦਕਿ ਹੋ ਇਸ ਦੇ ਐਨ ਹੀ ਉਲਟ ਰਿਹਾ ਹੈ ਸ਼ਹਿਰਾਂ ਦੇ ਮੁਕਾਬਲੇ ਪਿੰਡਾ ਨੂੰ ਐਚ.ਆਰ ਏ ਘਟ ਮਿਲ ਰਿਹਾ ਹੈ। ਕਸਬਿਆਂ ਨੂੰ ਹੋਰ ਵੀ ਰਗੜਿਆ ਜਾ ਰਿਹਾ ਹੈ। ਜਦਕਿ ਸਥਿਤੀ ਇਸ ਦੇ ਐਨ ਉਲਟ ਮੰਗ ਕਰਦੀ ਹੈ।
ਅੱਜ ਜਿਲੇ੍ਹ ਦੇ ਸਿੱਖਿਆ ਅਫਸਰ ਤੋਂ ਲੈਕੇ ਐਜੂਕੇਸ਼ਨ ਸੈਕਟਰੀ ਤਕ ਸਾਰਾ ਵਿਭਾਗ ਹੀ ਲਾਚਾਰ ਤੇ ਬੇਵੱਸ ਹੋਇਆ ਪਿਆ ਹੈ। ਬੇਵਸੀ ਦਾ ਆਲਮ ਇਹ ਹੈ ਕਿ ਐਜੂਕੇਸ਼ਨ ਸੈਕਟਰੀ ਦੇ ਦਫਤਰ ਦੇ ਬਾਹਰ ਪੰਜਾਬੀ ਵਿਚ ਇਹ ਲਿਖ ਕੇ ਲਾਇਆ ਹੋਇਆ ਹੈ ਕਿ ਕੋਈ ਵੀ ਬਦਲੀਆਂ ਸੰਬੰਧੀ ਨਾ ਮਿਲੇ। ਪਰ ਫਿਰ ਵੀ ਲੋਕ ਮਾਰੇ ਮਾਰੇ ਧੱਕੇ ਖਾਂਦੇ ਫਿਰ ਰਹੇ ਹਨ। ਇਕ ਤੋਂ ਬਾਅਦ ਦੂਜੇ ਅਫਸਰ ਵੱਲ ਜਾ ਰਹੇ ਹਨ। ਤੇ ਅਖੀਰ ਉਪਰ ਜਾ ਕੇ ਉਨ੍ਹਾਂ ਨੂੰ ਸਮਝ ਪੈਂਦੀ ਹੈ ਕਿ ਆਖਰ ਬਦਲੀਆਂ ਕਿੱਥੋਂ ਹੁੰਦੀਆਂ ਹਨ। ਸਾਰੀਆਂ ਸ਼ਕਤੀਆਂ ਮੰਤਰੀ ਸਾਹਿਬ ਦੇ ਹੱਥ ਵਿਚ ਹੀ ਹਨ। ਮੰਤਰੀ ਸਾਹਿਬ ਨੂੰਮਿਲਣਾ ਹਾਰੀ ਸਾਰੀ ਦਾ ਕੰਮ ਨਹੀਂ ਹੈ। ਬਦਲੀਆਂ ਦਾ ਜਿਸ ਤਰ੍ਹਾਂ ਨਾਲ ਰਾਜਸੀਕਰਨ ਕੀਤਾ ਗਿਆ ਹੈ। ਉਸ ਤੋਂ ਬੇਵੱਸ ਲੋਕਾਂ ਦੇ ਦਰਦਾਂ ਦੀ ਕਹਾਣੀ ਆਰੰਭ ਹੁੰਦੀ ਹੈ। ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਇਹ ਹੀ ਵਰਤਾਰਾ ਚਲ ਰਿਹਾ ਹੈ। ਉਚ ਅਧਿਕਾਰੀ ਮਹਿਜ਼ ਕਾਗਜੀ ਸ਼ੇਰ ਬਣਕੇ ਹੀ ਰਹਿ ਗਏ ਹਨ। ਇਕ ਪਾਸੇ ਇਹ ਬੰਦਸ਼ਾਂ ਲਾਈਆਂ ਜਾ ਰਹੀਆਂ ਹਨ ਕਿ ਕੋਈ ਵੀ ਸਰਕਾਰੀ ਮੁਲਾਜਮ ਕਿਸੇ ਕਿਸਮ ਦੀ ਸਰਗਰਮ ਰਾਜਨੀਤੀ ਵਿਚ ਭਾਗ ਨਾ ਲਵੇ ਤੇ ਦੂਸਰੇ ਹੀ ਪਾਸੇ ਹਰ ਇਕ ਨਿੱਕੇ ਤੋਂ ਨਿੱਕੇ ਕੰਮ ਦਾ ਵੀ ਰਾਜਸੀਕਰਨ ਕਰਕੇ ਮੁਲਾਜ਼ਮਾਂ ਨੂੰ ਰਾਜਸੀ ਆਗੂਆਂ ਦੇ ਤਲਵੇ ਚੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਪ੍ਰਕਾਸ਼ਤ ਹੁੰਦੀ ਹਿੰਦੀ ਦੀ ਇਕ ਵੱਡੀ ਅਖਬਾਰ ਨੇ ਇਸ ਦੀ ਬੇਸ਼ਰਮ ਅਸਲੀਅਤ ਜਗ ਜਾਹਰ ਕਰ ਦਿੱਤੀ ਹੈ। ਜਿੱਥੇ ਜਲੰਧਰ ਜਿਲੇ ਦੇ ਵਿਧਾਇਕ ਤੇ ਮੰਤਰੀਅਾਂ ਦੇ ਨੁਮਾਇਦੇ ਆਪਣੇ ਚਹੇਤਿਅਿਾਂ ਦੀਆਂ ਬਦਲੀਆਂ ਕਰਵਾ ਰਹੇ ਕੈਮਰੇ ਵਿਚ ਕੈਦ ਹੋਏ ਹਨ । ਅਖਬਾਰ ਨੇ ਇਸ ਖਬਰ ਨੂੰ ਮੁੱਖ ਖਬਰ ਦੇ ਤੌਰ ’ਤੇ ਪ੍ਰਕਾਸ਼ਤ ਕੀਤਾ ਹੈ। ਦੂਸਰੇ ਪਾਸੇ ਬਦਲੀਆਂ ਲਈ ਮਾਰੇ ਮਾਰੇ ਫਿਰਦੇ ਅਮਲੇ ਫੈਲੇ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਵਿਧਾਇਕਾ ਮੰਤਰੀਆਂ ਤੇ ਹਲਕਾ ਇਨਚਾਰਜਾਂ ਤੋਂ ਸ਼ਿਫਾਰਸ ਕੀਤੀਆਂ ਦਰਖਾਸਤਾਂ ਲੈ ਕੇ ਆਉਣ। ਪਰ ਇਸ ਦੀ ਅਸਲੀਅਤ ਇਹ ਹੈ ਕਿ ਦਸ ਦਸ ਵਿਧਾਇਕਾ ਦੁਆਰਾ ਸ਼ਫਾਰਸ਼ ਵਾਲੀਆਂ ਦਰਖਾਸਤਾਂ ਉਪਰ ਵੀ ਅਮਲ ਨਹੀਂ ਹੋ ਰਿਹਾ। ਦਾਲ ਵਿਚ ਕੁਝ ਕਾਲਾ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ। ਬਦਲੀ ਕਰਵਾ ਕੇ ਹਰ ਕੋਈ ਚੁੱਪ ਧਾਰ ਲੈਂਦਾ ਹੈ ਕਿ ਆਖਰ ਉਸ ਨੇ ਕਿਵੇਂ ਬਦਲੀ ਕਰਵਾਈ ਹੈ? ਪੰਜਾਬ ਦੇ ਇਸ ਖਿੱਤੇ ਦਾ ਦੁਖਾਂਤ ਇਹ ਹੈ ਕਿ ਲੰਮਾਂ ਸਮਾਂ ਅਕਾਲੀ ਭਾਜਪਾ ਤੇ ਕਾਂਗਰਸ ਨੇ ਹੀ ਰਾਜ ਕੀਤਾ ਹੈ। ਇਹ ਦੋਵੇ ਸਤਾਧਾਰੀ ਪਾਰਟੀਆਂ ਹਰ ਵਾਰ ਇਝ ਹੀ ਬਦਲੀਆਂ ਕਰਦੀਆਂ ਹਨ। ਕਾਂਗਰਸ ਦੇ ਰਾਜ ਦੀ ਹਾਲਤ ਵੀ ਇਸ ਤੋਂ ਕੋਈ ਬਹੁਤੀ ਚੰਗੀ ਨਹੀਂ ਸੀ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਜਾਪਣ ਲੱਗ ਪਿਆ ਹੈ ਕਿ ਰਾਜਤੰਤਰ ਇਸੇ ਦਾ ਹੀ ਨਾਮ ਹੈ। ਧਰਤੀ ਦੇ ਇਸ ਬਦਕਿਸਮਤ ਖਿੱਤੇ ਦਾ ਦੁਖਾਂਤ ਹੀ ਇਹ ਹੈ ਇੱਥੇ ਰਾਜ ਤੇ ਸੇਵਾ ਦੇ ਅਰਥ ਬਦਲ ਗਏ ਹਨ। ਠਾਣਿਆ ਵਾਂਗ ਸਕੂਲਾਂ ਦਾ ਵੀ ਰਾਜਸੀਕਰਨ ਕਰਕੇ ‘ਰਾਜ ਨਹੀਂ ਸੇਵਾ’ ਦਾ ਨਾਹਰਾ ਦੇਣ ਵਾਲਿਆ ਨੇ ਇਹ ਸਿੱਧ ਕਰ ਦਿੱਤਾ ਹੈ ਕਿ ‘ਸੇਵਾ’ ਦੇ ਅਰਥ ਬਦਲ ਗਏ ਹਨ।
ਪੰਜਾਬ ਦੀ ਧਰਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਦਾ ਜਨਮ ਹੋਇਆ, ਜਿੱਥੇ ਵੇਦ ਰਚੇ ਗਏ ਉਸ ਧਰਤੀ ਦੇ ਸਕੂਲ ਤਬਾਹ ਹੋ ਰਹੇ ਹਨ ਤੇ ਹੱਕ ਸੱਚ ਲਈ ਹਾਅ ਦਾ ਨਾਹਰਾ ਮਾਰਨ ਵਾਲੇ ਲੋਕਾਂ ਦੀ ਗਿਣਤੀ ਘਟ ਰਹੀ ਹੈ। ਤੇ ਮਨ ਮਰਜ਼ੀਆਂ ਕਰਨ ਵਾਲੇ ਲੋਕ ਰੱਝ ਕੇ ਖੁੱਲਾਂ ਮਾਣ ਰਹੇ ਹਨ। ਮਨ ਮਰਜ਼ੀਆਂ ਦਾ ਆਲਮ ਬਹੁਤ ਹੀ ਨਰਾਲਾ ਹੈ ਹਾਲ ਹੀ ਵਿਚ ਸਰਕਾਰ ਨੇ ਬਦਲੀਆਂ ਸੰਬੰਧੀ ਬਣਾਏ ਨਿਯਮਾਂ ਵਿਚ ਵਿਆਹ ਅਧਾਰਤ ਬਦਲੀ ਲਈ ਉਸ ਹੀ ਯੋਗ ਮੰਨਿਆ ਹੈ ਜਿਸ ਦਾ ਵਿਆਹ ਇਕ ਅਗਸਤ 2012 ਤੋਂ ਬਾਦ ਵਿਚ ਹੋਇਆ ਹੈ। ਸਰਕਾਰ ਇਹ ਮੰਨ ਕੇ ਚਲਦੀ ਹੈ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਦਾ ਵਿਆਹ ਹੋਇਆ ਸੀ ਉਨ੍ਹਾਂ ਦੀਆਂ ਬਦਲੀਆਂ ਪਿੱਛਲੇ ਸਾਲ ਹੀ ਹੋ ਚੁੱਕੀਆਂ ਹਨ। ਜਦਕਿ ਇਸ ਦੀ ਅਸਲੀਅਤ ਤਾਂ ਇਹ ਹੈ ਕਿ ਪਿੱਛਲੇ ਦਸ ਦਸ ਸਾਲਾਂ ਤੋਂ ਵਿਆਹ ਦੇ ਆਧਾਰਤ ਲੋਕਾਂ ਦੀਆਂ ਬਦਲੀਆਂ ਨਹੀਂ ਹੋਈਆਂ। ਕੁੜੀਆਂ ਪੇਕਿਆਂ ਦੇ ਘਰੀ ਬੈਠੀਆਂ ਹਨ। ਜਿਨਾਂ ਬਾਰੇ ਵਿਧਾਨ ਸਭਾ ਤੇ ਸੰਸਦ ਤੱਕ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ‘ਨੰਨੀਆਂ ਛਾਵਾਂ’ ਦਾ ਸਰਕਾਰ ਨੂੰ ਬਹੁਤ ਹੀ ਜਿਆਦਾ ਫਿਕਰ ਹੈ। ਜਦਕਿ ਨੰਨੀਆਂ ਛਾਵਾਂ ਦੇ ਦੋ ਦੋ ਹੋਰ ਨੰਨੀਆਂ ਛਾਵਾਂ ਜੰਮ ਪਈਆਂ ਹਨ ਤੇ ਉਨ੍ਹਾਂ ਦੀ ਬਦਲੀ ਉਨ੍ਹਾਂ ਦੇ ਸਹੁਰਿਆਂ ਦੇ ਘਰਾਂ ਦੇ ਲਾਗੇ ਨਹੀਂ ਹੋਈ। ਕਪਲ ਕੇਸ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਬਣੀ ਹੋਈ ਹੈ ਪਤੀ ਆਪਣੇ ਘਰ ਤੋਂ ਉੱਤਰ ਦੀ ਦਿਸ਼ਾ ਵੱਲ ਨੂੰ ਪੰਜਾਹ ਮੀਲ ਜਾ ਰਿਹਾ ਹੈ ਤੇ ਪਤਨੀ ਦੱਖਣ ਦੀ ਦਿਸ਼ਾ ਨੂੰ ਵੀਹ ਮੀਲ ਜਾ ਰਹੀ ਹੈ। ਘਰ ਵਿਚ ਬਿਮਾਰ ਮਾਂ ਬਾਪ ਹਨ, ਨਿੱਕੇ ਨਿੱਕੇ ਬੱਚੇ ਹਨ। ਜਿਨ੍ਹਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ। ਨਿਜਮ ਇੱਥੇ ਵੀ ਉਹ ਹੀ ਲਾਗੂ ਹੋ ਰਹੇ ਹਨ ਕਿ ਉਹ ਆਪਣੀ ਗੱਲ ਮੰਤਰੀ ਜੀ ਨਾਲ ਹੀ ਕਰਨ। ਅਪਾਹਜ਼ ਕੋਟੇ ਵਿਚ ਕੰਮ ਕਰਦੇ ਲੋਕਾਂ ਉਪਰ ਵੀ ਕਿਸੇ ਕਿਸਮ ਦਾ ਤਰਸ ਨਹੀਂ ਕੀਤਾ ਜਾ ਰਿਹਾ। ਬਿਮਾਰ ਮੁਲਾਜਮਾਂ ਦੀ ਪੁਕਾਰ ਵੀ ਨਹੀਂ ਸੁਣੀ ਜਾ ਰਹੀ। ਇਕ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰ ਸਾਰੇ ਕੁਝ ਦਾ ਕੇਂਦਰੀਕਰਨ ਕਿਸ ਮਕਸਦ ਲਈ ਕੀਤਾ ਜਾ ਰਿਹਾ ਹੈ? ਜੇ ਡੀਈਓ ਤੋਂ ਲੈਕੇ ਐਜੂਕੇਸ਼ਨ ਸੈਕਟਰੀ ਤੱਕ ਕਿਸੇ ਕੋਲ ਕੋਈ ਅਧਿਕਾਰ ਹੀ ਨਹੀਂ ਤਾਂ ਆਰਥਿਕ ਤੌਰ ਉਪਰ ਕਮਜੋਰ ਹੋ ਚੱਕੇ ਇਸ ਰਾਜ ਉਪਰ ਉਨ੍ਹਾਂ ਦੀਆਂ ਤਨਖਾਹਾਂ ਦਾ ਬੋਝ ਕਿਓ ਪਾਇਆ ਜਾ ਰਿਹਾ ਹੈ? ਸੇਵਾ ਕਰਨ ਵਾਲੇ ਸੇਵਾਦਾਰ ਇੱਥੇ ਕਿਓ ਨਹੀਂ ਭਰਤੀ ਕਰ ਲਏ ਜਾਂਦੇ? ਸਾਰੀ ਸੇਵਾ ਦਾ ਕੇਂਦਰੀਕਰਨ ਕਰਕੇ ਸੇਵਾ ਦਾ ਸਾਰਾ ਫਲ ਆਪ ਹੀ ਕਿਉ ਲੈ ਲੈਣ ਨੂੰ ਜੀ ਕਰਦਾ ਹੈ? ਪੰਜਾਬ ਦਾ ਸਿੱਖਿਆ ਤੰਤਰ ਪੂਰੀ ਤਰ੍ਹਾਂ ਨਾਲ ਬਿਮਾਰ ਹੋ ਗਿਆ ਹੈ। ਧੱਕੇ ਨਾਲ ਅਣਇੱਛਤ ਥਾਂ ਉਪਰ ਮੁਲਾਜ਼ਮ ਤਨਖਾਹ ਲੈਣ ਲਈ ਜਾ ਤਾਂ ਸਕਦਾ ਹੈ ਪਰ ਕੌਮ ਦਾ ਨਿਰਮਾਣ ਲਈ ਨਹੀਂ । ਇਹ ਵੱਡੇ ਸਵਾਲ ਹਨ ਜਿਹੜੇ ਨਾ ਕੇਵਲ ਜਵਾਬ ਦੀ ਹੀ ਮੰਗ ਕਰਦੇ ਹਨ ਸਗੋਂ ਕੁਝ ਕਰ ਗੁਜ਼ਰਨ ਲਈ ਪ੍ਰੇਰਨਾ ਦੇ ਰਹੇ ਹਨ। ਇਨ੍ਹਾਂ ਸਵਾਲਾ ਤੋਂ ਪਾਸਾ ਵੱਟਕੇ ਬਹੁਤਾ ਸਮਾਂ ਲੰਘਿਆ ਨਹੀਂ ਜਾ ਸਕਦਾ। ਇਨ੍ਹਾਂ ਦੇ ਸਨਮੁਖ ਹੋਣਾ ਹੀ ਪਵੇਗਾ।
-
ਤੇਜਿੰਦਰ ਵਿਰਲੀ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.