ਜਨਮ ਭੂਮੀ ਵਾਸੀਓ ਕੀ ਹੋ ਗਿਆ ਅਸੀਂ ਆਪਣੀ ਕਰਮ ਭੂਮੀ ਬਦਲ ਲਈ ਹੈ ਪਰ ਇਹ ਨਾ ਕਹੋ ਕਿ ਅਸੀਂ ਤੁਹਾਡੇ ਸੁੱਖ-ਦੁੱਖ ਦੇ ਸਾਥੀ ਨਹੀਂ। ਸੁਣਿਆਂ ਅੱਜਕੱਲ੍ਹ ਤੁਹਾਨੂੰ ਗੰਢੇ (ਪਿਆਜ਼) ਬੜਾ ਰੁਆ ਰਹੇ ਹਨ। ਪਰ ਦੋਸਤੋ ਮੈਨੂੰ ਇਹ ਦੱਸੋ ਕਿ ਗੰਢੇ ਹਸਾਉਂਦੇ ਕਦੋਂ ਹੁੰਦੇ ਸੀ? ਮੈਂ ਤਾਂ ਜਦੋਂ ਦਾ ਜੰਮਿਆਂ ਗੰਢਿਆਂ ਨੂੰ ਰੁਆਉਂਦੇ ਹੀ ਦੇਖਿਆ ਹੈ। ਹੁਣ ਇਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਚੀਜ਼ ਨੇ ਜ਼ਿੰਦਗੀ \'ਚ ਸਦਾ ਹੀ ਹੰਝੂ ਦਿੱਤੇ ਹਨ ਉਸ ਨੂੰ ਕੀ ਰੋਣਾ ਤੇ ਕੀ ਦੁਖੀ ਹੋਣਾ! ਮੈਨੂੰ ਤਾਂ ਨਹੀਂ ਲਗਦਾ ਕਿ ਗੰਢਿਆਂ ਬਿਨਾਂ ਕੋਈ ਬੰਦਾ ਜਿਉਂ ਨਹੀਂ ਸਕਦਾ। ਜੇ ਇਹ ਗੱਲ ਹੁੰਦੀ ਤਾਂ ਸ਼ਾਇਦ ਅੱਜ ਤੱਕ ਜੈਨ ਧਰਮ \'ਹੈ\' ਨਾ ਹੋ ਕੇ \'ਸੀ\' ਹੁੰਦਾ। ਕਿਉਂਕਿ ਸਭ ਨੂੰ ਪਤਾ ਹੈ ਕਿ \'ਜੈਨੀ\' ਗੰਢੇ ਨਹੀਂ ਖਾਂਦੇ। ਲਗਦੇ ਹੱਥ ਇਕ ਹੋਰ ਸੁਣ ਲਵੋ ਥੋੜ੍ਹੇ ਦਿਨ ਪਹਿਲਾਂ ਮੇਰੀ ਅਮਨਦੀਪ ਸਿੱਧੂ ਨਾਲ ਯੋਗੀਆਂ ਦੀ ਵਿਦਿਆ ਤੇ ਗੱਲ ਚੱਲ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਇਸ ਵਿਦਿਆ \'ਚ ਮੁਹਾਰਤ ਹਾਸਿਲ ਹੈ। ਯੋਗ-ਤੰਤਰ ਯਾਨੀ ਯੋਗੀਆਂ ਦੀ ਵਿਦਿਆ ਇਹ ਕਹਿੰਦੀ ਹੈ ਕਿ ਜੋ ਚੀਜ਼ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ ਉਹ ਬੰਦੇ ਦੀ ਉਮਰ ਘਟਾਉਂਦੀ ਹੈ ਕਿਉਂਕਿ ਇਸ ਨਾਲ ਪਾਚਨ ਕਿਰਿਆ ਤੇਜ ਹੋ ਜਾਂਦੀ ਹੈ ਤੇ ਸਾਡੇ ਸਰੀਰ ਨੂੰ ਕਈ ਦਿਨਾਂ ਦਾ ਕੰਮ ਇਕ ਦਿਨ \'ਚ ਹੀ ਕਰਨਾ ਪੈਂਦਾ ਹੈ। ਯੋਗੀਆਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਇਕ ਚੰਗੀ ਔਸ਼ਧੀ (ਦਵਾਈ) ਤਾਂ ਹੋ ਸਕਦੀਆਂ ਹਨ ਪਰ ਖ਼ੁਰਾਕ ਨਹੀਂ।
ਚੱਲ ਇਹ ਮੰਨ ਲੈਣੇ ਹਾਂ ਕਿ ਗੰਢਿਆਂ ਬਿਨਾਂ ਦਾਲ ਸਬਜ਼ੀ ਸੁਆਦ ਨਹੀਂ ਬਣਦੀ। ਫੇਰ ਇਹ ਕਹੋ ਕਿ ਰੋਣਾ ਗੰਢਿਆਂ ਦਾ ਨਹੀਂ ਰੋਣਾ ਤਾਂ ਜੀਭ ਦੇ ਸੁਆਦ ਦਾ। ਧੁਰ ਕੀ ਬਾਣੀ ਬਹੁਤ ਸਮਝਾਉਂਦੀ ਹੈ ਕਿ ਇਹ ਦੁਨਿਆਵੀ ਸੁਆਦ ਚਿਰ ਸਥਾਈ ਨਹੀਂ ਹੁੰਦੇ। ਪਰ ਇਹ ਗੱਲ ਤਾਂ ਸਾਡੇ ਤਾਂਹੀਓਂ ਸਮਝ ਆਵੇ ਜੇ ਅਸੀਂ ਕਦੇ ਗੁਰਬਾਣੀ ਨੂੰ ਪੜ੍ਹਿਆ ਹੋਵੇ ਜਾਂ ਫੇਰ ਧਿਆਨ ਨਾਲ ਸੁਣਿਆ ਹੋਵੇ। ਗੱਲ ਗੰਢਿਆਂ ਦੀ ਹੋ ਰਹੀ ਸੀ ਪਰ ਵਿਚ ਇਹ ਪ੍ਰਵਚਨ ਹੋ ਗਿਆ ਮਾਫ਼ੀ ਚਾਹੁੰਦਾ ਹਾਂ। ਪਰ ਮੇਰਾ ਇਥੇ ਗੁਰਬਾਣੀ ਦੀ ਉਧਾਰਨ ਦੇਣ ਦਾ ਇਕੋ ਮਕਸਦ ਹੈ ਕਿ ਜਿਸ ਪਾਸੇ ਜਾਣ ਤੋਂ ਸਾਨੂੰ ਵਰਜਿਆ ਜਾਂਦਾ ਉਸੇ ਪਾਸੇ ਜਾਣ \'ਚ ਹੀ ਸੁਆਦ ਆਉਂਦਾ। ਹੁਣ ਦੱਸੋ ਸੁਆਦ ਦਾ ਭੁੱਖਾ ਵੀ ਕਦੇ ਕੋਈ ਰੋਂਦਾ ਹੁੰਦਾ?
ਇਕ ਸੋਚਣ ਦੀ ਗੱਲ ਇਹ ਵੀ ਆ ਜਾਂਦੀ ਹੈ ਕਿ ਇਹ ਗੰਢੇ ਅਕਸਰ ਹੀ ਕਿਸੇ ਨਾ ਕਿਸੇ ਸਰਕਾਰ ਦੇ ਹੱਡੀਂ ਬਹਿ ਕੇ ਉਨ੍ਹਾਂ ਦੀਆਂ ਅੱਖਾਂ \'ਚ ਵੀ ਹੰਝੂ ਲਿਆ ਦਿੰਦੇ ਹਨ। ਅਕਸਰ ਹੀ ਇਹ ਗੰਢੇ ਉਦੋਂ ਅਸਮਾਨੀ ਚੜ੍ਹਦੇ ਹਨ ਜਦੋਂ ਵੋਟਾਂ ਨੇੜੇ ਹੋਣ। ਇਕ ਗੱਲ ਹੋਰ ਕਿ ਅਸੀਂ ਇਕੋ ਟ੍ਰਿਕ ਨਾਲ ਕਈ ਬਾਰ ਬੁੱਧੂ ਬਣ ਚੁੱਕੇ ਹਾਂ। ਪਤਾ ਨਹੀਂ ਹੋਰ ਕਿੰਨਾ ਚਿਰ ਸਿਆਸੀ ਲੋਕ ਸਾਨੂੰ ਆਪਣੀਆਂ ਉਹੀ ਪੁਰਾਣੀਆਂ ਚਾਲਾਂ ਨਾਲ \'ਘੋਗੜ\' ਬਣਾਉਂਦੇ ਰਹਿਣਗੇ। ਜੇ ਕਿਸੇ ਨੂੰ ਸਿਆਸਤ ਦਾ ਅੱਖਰੀ ਅਰਥ ਪੁੱਛਿਆ ਜਾਵੇ ਤਾਂ ਉਹ ਸਿਆ+ਸਤ ਮਤਲਬ \'ਕਾਲਾ ਸੱਚ\' ਕਹੇਗਾ। ਪਰ ਜਦੋਂ ਦੀ ਇਸ ਸਿਆਸਤ ਦਾ ਦੂਜਾ ਪਾਸਾ ਦੇਖਿਆ ਉਦੋਂ ਤੋਂ ਮੇਰੇ ਮੁਤਾਬਿਕ ਸਿਆਸਤ ਦਾ ਮਤਲਬ; ਜੋ ਗੱਲ ਵਾਪਰਨ ਤੋਂ ਬਾਅਦ ਸਮਝ ਆਵੇ ਉਹੀ ਸਿਆਸਤ ਹੈ। ਬਾਅਦ \'ਚ ਅਸੀਂ ਅਕਸਰ ਹੀ ਆਖਦੇ ਹੁੰਦੇ ਹਾਂ ਕਿ ਯਾਰ ਮੇਰੇ ਨਾਲ ਤਾਂ ਸਿਆਸਤ ਖੇਡੀ ਗਈ।
ਸਾਡੇ ਸਿਆਸਤਦਾਨ ਕਿਸੇ ਹੋਰ ਜਹਾਨ ਤੋਂ ਤਾਂ ਆਏ ਨਹੀਂ ਸਾਡੇ ਚੋਂ ਹੀ ਕੁਝ ਇਕ ਦੇ ਕੜਾ ਲੋਟ ਆ ਗਿਆ ਤੇ ਨੇਤਾ ਜੀ ਬਣ ਗਏ। ਪਰ ਅਫ਼ਸੋਸ ਤਾਂ ਇਸ ਗੱਲ ਦਾ ਆਉਂਦਾ ਹੈ ਕਿ ਪਤੰਦਰ ਕੋਈ ਨਵਾਂ ਪੈਂਤੜਾ ਨਹੀਂ ਖੇਡਦੇ! ਹਰ ਬਾਰ ਹੀ ਇਹ ਗੰਢਿਆਂ ਵਾਲਾ ਪੱਤਾ ਚੱਲ ਦਿੰਦੇ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਕਿ ਮੱਝਾਂ ਦਾ ਦੁੱਧ ਪੀਣ ਵਾਲੀਆਂ ਦੀ ਮੱਤ ਵੀ ਕੱਟੇ ਵਰਗੀ ਹੋ ਗਈ ਹੈ।
ਇਹ ਗੰਢਿਆਂ \'ਚ ਮੱਝਾਂ ਦਾ ਦੁੱਧ ਕਿਥੋਂ ਆ ਗਿਆ..! ਚਲੋ ਕੋਈ ਨਾ ਪਹਿਲਾਂ ਇਸੇ ਦੇ ਵਿਸਤਾਰ \'ਚ ਜਾਂਦੇ ਹਾਂ \'ਦੁੱਧ ਤੇ ਬੁੱਧ\' ਦਾ ਕੀ ਰੌਲਾ ਜਾਂ ਕਹਿ ਲਵੋ ਬੁੱਧ ਨਾਲ ਦੁੱਧ ਦਾ ਕੀ ਸੰਬੰਧ ਹੈ।
ਮੈਂ ਕਈ ਸਾਲ ਡੇਲੀ ਪਸੰਜਰ ਦੇ ਤੌਰ ਤੇ ਕਾਲਾਂਵਾਲੀ ਤੋਂ ਬਠਿੰਡੇ ਆਉਂਦਾ ਜਾਂਦਾ ਰਿਹਾ। ਭਾਵੇਂ ਇਹ ਦੂਰੀ ਚਾਲੀ ਕੁ ਕਿੱਲੋਮੀਟਰ ਦੀ ਹੈ ਪਰ ਭਾਰਤੀ ਰੇਲ ਇਹ ਸਫ਼ਰ ਅਕਸਰ ਹੀ ਤਿੰਨ ਕੁ ਘੰਟਿਆਂ \'ਚ ਪੂਰਾ ਕਰਦੀ ਹੈ। ਪਰ ਉਥੇ ਸਫ਼ਰ ਕਰਨ ਵਾਲੇ ਆਦੀ ਜਿਹੇ ਹੋ ਗਏ ਹਨ। ਜਦੋਂ ਇਕ ਬੰਦਾ ਟ੍ਰੇਨ \'ਚ ਹਰ ਰੋਜ ਜ਼ਿੰਦਗੀ ਦਾ ਐਨਾ ਬੇਸ਼ਕੀਮਤੀ ਵਕਤ ਗੁਜ਼ਾਰਦਾ ਹੈ ਤਾਂ ਉਸ ਵੱਟੇ ਉਸ ਨੂੰ ਥੋੜ੍ਹਾ ਬਹੁਤ ਮਿਲਦਾ ਵੀ ਹੈ। ਜਿਸ ਤਹਿਤ ਭਾਂਤ ਭਾਂਤ ਦੇ ਲੋਕਾਂ ਦੇ ਤਜਰਬੇ। ਬਾਕੀ ਮੇਰੇ ਵਰਗੇ ਬੰਦੇ ਨੂੰ ਤਾਂ ਕੋਈ ਨਾ ਕੋਈ ਇਹੋ ਜਿਹਾ ਟੱਕਰ ਹੀ ਜਾਂਦਾ ਹੈ। ਕਈ ਸਾਲ ਸਫ਼ਰ ਕਰਦਾ ਰਿਹਾ ਪਹਿਲਾਂ ਪੜ੍ਹਾਈ ਦੌਰਾਨ ਫੇਰ ਕੰਮ ਦੇ ਸਿਲਸਿਲੇ \'ਚ। ਰੁਕੋ-ਰੁਕੋ! ਟ੍ਰੇਨ ਤੇ ਕਾਹਦਾ ਚੜ੍ਹੇ ਆਪਾਂ ਤਾਂ ਵਿਸ਼ੇ ਤੋਂ ਭੜਕ ਗਏ। ਵਿਸ਼ੇ ਤੇ ਆਉਂਦੇ ਹਾਂ
ਗੱਲ ਚੱਲ ਰਹੀ ਸੀ ਮੋਟੀ ਬੁੱਧੀ ਦੀ। ਗੱਲ ਘੇਰ ਕੇ ਉਥੇ ਹੀ ਲਿਆਉਂਦੇ ਹਾਂ। ਬਹੁਤ ਸਾਰੇ ਲੋਕ ਇਸ ਰੇਲ ਦੇ ਸਫ਼ਰ \'ਚ ਹਮਸਫ਼ਰ ਬਣੇ। ਜਿਨ੍ਹਾਂ ਵਿਚੋਂ ਇਕ ਦਿਨ ਸੱਠ ਕੁ ਵਰ੍ਹਿਆਂ ਦੇ ਅੰਕਲ ਜੀ ਮਿਲੇ। ਗੱਲਾਂ ਮਾਰਨ \'ਚ ਤਾਂ ਮੈਂ ਵੀ ਸ਼ੇਰ ਸੀ, ਪਰ ਅੰਕਲ ਜੀ ਸਵਾ ਸੇਰ ਨਿਕਲੇ। ਉਨ੍ਹਾਂ ਦੀ ਸਲੀਕੇ ਨਾਲ ਸੰਵਾਰੀ ਦਾੜ੍ਹੀ ਹੀ ਦੱਸਦੀ ਸੀ ਕਿ ਉਹ ਕਿਸੇ ਅਫ਼ਸਰੀ ਦਾ ਆਨੰਦ ਮਾਣ ਕੇ ਰਿਟਾਇਰ ਹੋਏ ਹੋਣ। ਗੱਲਾਂ ਚਲੀਆਂ ਤਾਂ ਪਤਾ ਲੱਗਿਆ ਕਿ ਡੀ.ਐੱਸ.ਪੀ. ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਨੌਕਰੀ ਦੌਰਾਨ ਮਾਰੀ ਇਕ ਵਿਸ਼ੇਸ਼ ਮੱਲ ਦਾ ਜ਼ਿਕਰ ਬਾਰ ਬਾਰ ਉਨ੍ਹਾਂ ਦੀਆਂ ਗੱਲਾਂ \'ਚ ਆ ਰਿਹਾ ਸੀ। ਉਹ ਸੀ ਕੈਪਟਨ ਦੇ ਰਾਜ \'ਚ ਬਾਦਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ \'ਚ ਗ੍ਰਿਫ਼ਤਾਰ ਕਰਨਾ। ਸਬੂਤ ਵਜੋਂ ਉਨ੍ਹਾਂ ਦੇ ਬਟੂਏ \'ਚ ਅਖ਼ਬਾਰ ਦੀ ਕਟਿੰਗ ਵੀ ਸੀ। ਜਿਸ ਵਿਚ ਕਈ ਲੋਕਾਂ ਦੇ ਵਿਚ ਉਹ ਬਾਦਲ ਸਾਹਿਬ ਨੂੰ ਵਾਰੰਟ ਦੇ ਰਹੇ ਦਿਖਾਈ ਦੇ ਰਹੇ ਸਨ।
ਇਹ ਵੀ ਇਕ ਇਨਸਾਨੀ ਫ਼ਿਤਰਤ ਹੀ ਹੈ ਕਿ ਕਈ ਬਾਰ ਅਸੀਂ ਕਿਸੇ ਇਕ ਪ੍ਰਾਪਤੀ ਨੂੰ ਏਨਾ ਕੁ ਵਰਤ ਲੈਂਦੇ ਹਾਂ ਕਿ ਵਕਤ ਨਾਲ ਉਹ ਪ੍ਰਾਪਤੀ ਘੱਟ ਤੇ \'ਟਰੇਡ ਮਾਰਕ\' ਵੱਧ ਬਣ ਜਾਂਦੀ ਹੈ। ਰਾਜੇ ਮਹਾਰਾਜਿਆਂ ਦੇ ਵੇਲੇ ਵਕਤਾਂ \'ਚ ਜਦੋਂ ਕਿਸੇ ਨੂੰ ਸੰਬੋਧਨ ਕੀਤਾ ਜਾਂਦਾ ਸੀ ਤਾਂ ਉਸ ਦੇ ਨਾਂ ਮੂਹਰੇ ਉਸ ਦੀਆਂ ਪ੍ਰਾਪਤੀਆਂ ਗਿਣਾਈਆਂ ਜਾਂਦੀਆਂ ਸਨ, ਪਰ ਉਦੋਂ ਫ਼ਰਕ ਏਨਾ ਕੁ ਹੁੰਦਾ ਸੀ ਕਿ ਪ੍ਰਾਪਤੀਆਂ ਕੋਈ ਹੋਰ ਗਿਣਾਉਂਦਾ ਹੁੰਦਾ ਸੀ। ਜਿਵੇਂ ਮਹਾਂ-ਬਲ਼ਸ਼ਾਲੀ ਅਤਿ ਪਰਾਕਰਮੀ ਮਹਾਂ ਯੋਧੇ ਫਲਾਂ ਫਲਾਂ ਪਧਾਰ ਰਹੇ ਹਨ....! ਪਰ ਅੱਜ ਦੇ ਯੁੱਗ \'ਚ ਤਾਂ ਸਾਨੂੰ ਆਪਣੇ ਕੱਸੀਦੇ ਆਪ ਹੀ ਪੜ੍ਹਨੇ ਪੈਂਦੇ ਹਨ। ਉਧਾਰਨ ਦੇ ਤੌਰ ਤੇ ਇਕ ਨਮੂਨਾ ਵੀ ਸੁਣਾ ਦਿੰਦਾ ਹਾਂ; ਪੰਦਰਾਂ ਕੁ ਵਰ੍ਹੇ ਪਹਿਲਾਂ ਅਸੀਂ ਕਈ ਮਿੱਤਰਾਂ ਨੇ ਉੱਘੇ ਸਮਾਜ ਸੇਵੀ ਜੰਟਾ ਸਿੰਘ ਪਟਵਾਰੀ ਦੀ ਪ੍ਰੇਰਨਾ ਸਦਕਾ ਮਰਨ ਉਪਰਾਂਤ ਆਪਣੇ ਸਰੀਰ ਦਾਨ ਕਰਨ ਲਈ ਹਲਫ਼ੀਆ ਬਿਆਨ ਦਿੱਤੇ। ਉਨ੍ਹਾਂ ਵਿਚ ਇਕ ਸਾਡੇ ਮਿੱਤਰ ਮਾਸਟਰ ਜੀ ਨੇ ਵੀ ਇਸ ਕਾਰਜ \'ਚ ਯੋਗਦਾਨ ਪਾਇਆ। ਪਰ ਉਸੇ ਸ਼ਾਮ ਨੂੰ ਜਦੋਂ ਮੈਂ ਉਨ੍ਹਾਂ ਦੀ ਮਾਰੂਤੀ ਕਾਰ ਕੋਲ ਦੀ ਜਾਂਦੀ ਦੇਖੀ ਤਾਂ ਉਸ ਦੇ ਪਿੱਛੇ ਲਿਖਿਆ ਸੀ ਸਰੀਰਦਾਨੀ ਮਾਸਟਰ ਫਲਾਂ ਸਿਉਂ। ਚਲੋ ਇਹ ਮਸਲਾ ਇਥੇ ਹੀ ਛੱਡੋ ਕਿਉਂਕਿ ਲੋਕ ਤਾਂ ਸੰਗਰਾਂਦ ਵਾਲੇ ਦਿਨ ਦੋ ਰੁਪਏ ਦੇ ਕੇ ਦਸ ਬਾਰ ਸਾਰੇ ਖ਼ਾਨਦਾਨ ਦਾ ਨਾਂ ਬੁਲਾ ਦਿੰਦੇ ਹਨ ਇਹ ਤਾਂ ਫੇਰ ਵੀ ਸਰੀਰਦਾਨ ਹੈ।
ਗੱਲ ਅੱਗ ਤੋਰਦੇ ਹਾਂ! \'ਬਾਦਲ-ਪਕੜ\' ਅੰਕਲ ਸੀ ਬਰੀਕ ਬੁੱਧੀ ਦੇ, ਇਹ ਗੱਲ ਅਸੀਂ ਉਸੇ ਦਿਨ ਹੀ ਮੰਨ ਲਈ ਸੀ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਫੇਰ ਅੱਜ ਕੱਲ੍ਹ ਕੀ ਰੁਝੇਵੇਂ ਚੱਲ ਰਹੇ ਹਨ? ਤਾਂ ਕਹਿੰਦੇ! \"ਇੱਕ ਕਿਤਾਬ ਲਿਖ ਰਿਹਾ ਹਾਂ\"। ਕਿਸ ਵਿਸ਼ੇ ਤੇ! ਪੁੱਛਣ ਤੇ? ਉਨ੍ਹਾਂ ਦੱਸਿਆ ਕਿ ਮੇਰੀ ਕਿਤਾਬ ਦਾ ਨਾਂ ਹੈ \'ਦੁੱਧ ਤੇ ਬੁੱਧ\'। ਉਸ ਵਿਚ ਮੈਂ ਇਹ ਸਾਬਤ ਕਰਾਂਗਾ ਕਿ \"ਜਿਹੋ ਜਿਹਾ ਪੀਓਗੇ ਦੁੱਧ, ਉਹੋ ਜਿਹੀ ਹੋ ਜਾਂਦੀ ਹੈ ਬੁੱਧ\"। ਮੇਰੇ ਸਮੇਤ ਡੱਬੇ \'ਚ ਬੈਠੇ ਸਾਰੀਆਂ ਦੇ ਮੂੰਹ ਤੇ ਕੜਛੀ ਮਤਲਬ ਪ੍ਰਸ਼ਨਵਾਚਕ ਚਿੰਨ੍ਹ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ। ਚੁੱਪ ਤੋੜਦਿਆਂ ਮੈਂ ਸਿਰਫ਼ \"ਕਿਵੇਂ\" ਹੀ ਕਿਹਾ ਸੀ ਤਾਂ ਅੰਕਲ ਜੀ ਨੇ ਸਿੱਧੀ ਛਾਲ ਮਾਰੀ ਸਿਕੰਦਰ ਦੇ ਕਾਲ \'ਚ। ਕਹਿੰਦੇ ਜਦੋਂ ਸਿਕੰਦਰ ਆਪਣੇ ਜੇਤੂ ਰਥ ਤੇ ਸਵਾਰ ਹੋ ਕੇ ਪੰਜਾਬ ਪਹੁੰਚਿਆ ਸੀ ਤਾਂ ਜਿੱਥੇ ਪੰਜਾਬ ਚੋਂ ਉਸ ਨੂੰ ਜਿਸਮਾਨੀ ਤੌਰ ਤੇ ਕਰੜੀ ਟੱਕਰ ਮਿਲੀ ਉੱਥੇ ਵਿਦਵਾਨੀ ਤੌਰ ਤੇ ਵੀ ਉਸ ਨੂੰ ਕਾਫ਼ੀ ਵਿਦਵਾਨਾਂ ਦਾ ਸਾਹਮਣਾ ਕਰਨਾ ਪਿਆ ਸੀ। ਸਿਕੰਦਰ ਨਾਲ ਆਈ ਬੁੱਧੀਜੀਵੀਆਂ ਦੀ ਟੀਮ ਨੇ ਜਦੋਂ ਇਸ ਬਾਰੇ ਘੋਖ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲੋਕ ਗਾਂ ਤੇ ਬੱਕਰੀ ਦਾ ਦੁੱਧ ਪੀਂਦੇ ਹਨ ਇਸੇ ਲਈ ਇਹਨਾਂ ਦੀ ਬੁੱਧੀ ਵੀ ਤੀਖਣ ਹੈ। ਇਸ ਰਿਪੋਰਟ ਤੋਂ ਬਾਅਦ ਸਿਕੰਦਰ ਨੇ ਯੂਨਾਨ ਤੋਂ ਮੱਝਾਂ ਲਿਆ ਕੇ ਇਥੇ ਛੱਡਣ ਦਾ ਫ਼ਰਮਾਨ ਦੇ ਦਿਤਾ ਸੀ। ਕਿਉਂਕਿ ਮਾਹਿਰਾਂ ਦਾ ਮੰਨਣਾ ਸੀ ਕਿ ਮੱਝ ਦਾ ਦੁੱਧ ਬੰਦੇ ਦੀ ਬੁੱਧ ਨੂੰ ਮੋਟਾ ਕਰ ਦਿੰਦਾ ਹੈ ਤੇ ਮੋਟੀ ਬੁੱਧੀ ਦੇ ਬੰਦਿਆਂ ਤੇ ਰਾਜ ਕਰਨਾ ਸੌਖਾ ਹੁੰਦਾ ਹੈ।
ਇਸੇ ਵਿਸ਼ੇ ਤੇ ਮੇਰੀ ਗੱਲ ਇਕ ਦਿਨ ਸਾਡੇ ਮਿੱਤਰ ਸ਼ਿਵਦੀਪ ਨਾਲ ਹੋ ਰਹੀ ਸੀ ਤਾਂ ਉਹ ਕਹਿੰਦਾ ਬਾਈ ਤੁਹਾਨੂੰ ਨਹੀਂ ਲਗਦਾ ਕਿ ਸਿਕੰਦਰ ਨੇ ਉਸ ਵਕਤ ਗ਼ਲਤੀ ਕੀਤੀ ਸੀ ਇਥੇ ਮੱਝਾਂ ਲਿਆ ਕੇ ਛੱਡਣ ਦੀ। ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ ਕਿ ਉਹ ਕਿਵੇਂ? ਉਹ ਕਹਿੰਦਾ ਬਾਈ ਜੇ ਉਹ ਬੁਰਾਈ ਇਥੇ ਛੱਡਣ ਦੀ ਥਾਂ ਚੰਗਿਆਈ ਇੱਥੋਂ ਲੈ ਜਾਣ ਬਾਰੇ ਸੋਚਦਾ ਤਾਂ ਅੱਜ ਦੁਨੀਆਂ ਦਾ ਨਕਸ਼ਾ ਹੋਰ ਹੋਣਾ ਸੀ। ਹਰ ਬਾਰ ਵਾਂਗ ਇਸ ਬਾਰ ਵੀ ਸ਼ਿਵ ਗੱਲ ਪਤੇ ਦੀ ਕਹਿ ਗਿਆ ਸੀ।
ਸੱਤਾ ਦੇ ਨਸ਼ੇ \'ਚ ਸਿਕੰਦਰ ਏਨਾ ਕੁ ਅੰਨ੍ਹਾ ਹੋ ਗਿਆ ਸੀ ਕਿ ਉਹ ਦੂਜਿਆਂ ਦੀ ਬੁੱਧੀ ਮੋਟੀ ਕਰਨ ਦੇ ਚੱਕਰ \'ਚ ਇਥੇ ਮੱਝਾਂ ਛੱਡਣ ਬਾਰੇ ਤਾਂ ਫ਼ੈਸਲਾ ਲੈ ਲਿਆ ਪਰ ਬੱਕਰੀਆਂ ਜਾਂ ਗਾਵਾਂ ਨੂੰ ਨਾਲ ਲੈ ਜਾਣ ਦੀ ਸੋਚ ਉਸ ਦੀ ਮੋਟੀ ਬੁੱਧੀ \'ਚ ਨਹੀਂ ਆਈ। ਅਕਸਰ ਉਹ ਵੀ ਤਾਂ ਮੱਝਾਂ ਦਾ ਦੁੱਧ ਚੁੰਘ ਕੇ ਹੀ ਜਵਾਨ ਹੋਇਆ ਸੀ। ਇਹੀ ਦੋਸ਼ ਪੰਜਾਬ ਦੇ ਅੱਜ ਦੇ ਸਿਕੰਦਰ ਤੇ ਵੀ ਲਗਦੇ ਹਨ ਕਿ ਉਹ ਪੰਜਾਬ ਦੀ ਜਵਾਨੀ ਨਸ਼ਿਆਂ \'ਚ ਪਾ ਕੇ ਉਸ ਤੇ ਕਈ ਪੁਸ਼ਤਾਂ ਤੱਕ ਰਾਜ ਕਰਨਾ ਚਾਹੁੰਦਾ ਹੈ। ਇਥੇ ਸੋਚਣ ਦੀ ਗੱਲ ਹੈ ਕਿ ਸਿਕੰਦਰ ਤਾਂ ਜਾਂਦਾ-ਜਾਂਦਾ ਦੁਨੀਆਂ ਨੂੰ ਖ਼ਾਲੀ ਹੱਥੀ ਜਾਣ ਦਾ ਸੁਨੇਹਾ ਦੇ ਗਿਆ ਸੀ ਪਰ ਅੱਜ ਤੱਕ ਮੈਨੂੰ ਸਿਕੰਦਰ ਦੀ ਉਸ ਨਸੀਹਤ ਨੂੰ ਪੱਲੇ ਬੰਨ੍ਹੀ ਬੈਠਾ ਕੋਈ ਨਹੀਂ ਮਿਲਿਆ!
ਗੱਲ ਗੰਢਿਆਂ ਤੋਂ ਚਲੀ ਸੀ ਤੇ ਬਠਿੰਡੇ ਵਾਲੀ ਗੱਡੀ ਚੜ੍ਹ ਕੇ ਸਿਕੰਦਰ ਦੇ ਕਾਲ \'ਚ ਜਾ ਵੜੀ। ਮਾਫ਼ੀ ਚਾਹੁੰਦਾ ਹਾਂ ਦੋਸਤੋ! ਕਿਉਂਕਿ ਇਹ ਵੀ ਇਕ ਰੋਗ ਹੁੰਦਾ ਮੇਰੇ ਵਰਗੇ ਗਾਲੜੀ ਬੰਦੇ ਨੂੰ। ਚਲੋ ਕੋਈ ਨਾ ਤੁਸੀਂ ਸਮਝਦਾਰ ਹੋ ਇਸ ਵਿਚੋਂ ਜੋ ਚੰਗਾ ਲੱਗੇ ਰੱਖ ਲਿਓ ਫ਼ਾਲਤੂ ਦਾ ਵਗਾਹ ਮਾਰਿਓ। ਭਾਵੇਂ ਗੱਲ ਕਿਤੋਂ ਚੱਲ ਕੇ ਕਿਤੇ ਪਹੁੰਚ ਗਈ ਪਰ ਕੇਂਦਰ ਬਿੰਦੂ ਉਹੀ ਹੈ ਕਿ ਕਦੋਂ ਤੱਕ ਅਸੀਂ ਮੂਰਖ ਬਣਦੇ ਰਹਾਂਗੇ! ਪਿਛੋਕੜ ਤੇ ਝਾਤ ਮਾਰ ਕੇ ਦੇਖੋ ਗੰਢੇ ਜ਼ਿਆਦਾਤਰ ਕਾਂਗਰਸ ਦੇ ਰਾਜ \'ਚ ਹੀ ਮਹਿੰਗੇ ਹੁੰਦੇ ਹਨ। ਪਤਾ ਕਿਉਂ? ਮੇਰੀ ਮੋਟੀ ਬੁੱਧੀ ਕਹਿੰਦੀ ਹੈ ਕੇ ਵਿਰੋਧੀ ਧਿਰ \'ਚ ਬੈਠੀ ਵਪਾਰੀਆਂ ਦੀ ਪਾਰਟੀ ਇਕ ਪੰਥ ਨਾਲ ਦੋ-ਦੋ ਕਾਜ ਕਰ ਲੈਂਦੀ ਹੈ। ਉਹ ਇਹੋ ਜਿਹੀ ਚੀਜ਼ ਲੱਭਦੇ ਆ ਜੋ ਰੋਜ਼ਮੱਰਾ ਦੀ ਜ਼ਿੰਦਗੀ \'ਚ ਆਮ ਆਦਮੀ ਨੂੰ ਆਪਣੀ ਲਪੇਟ \'ਚ ਲੈ ਲਵੇ ਅਤੇ ਨਾਲ ਹੀ ਦੋ ਚਾਰ ਮਹੀਨੇ ਸਟੋਰ ਵੀ ਹੋ ਸਕਦੀ ਹੋਵੇ। ਕਿਉਂਕਿ ਰੋਜ਼ਮੱਰਾ ਦੀ ਜ਼ਿੰਦਗੀ \'ਚ ਤਾਂ ਟਮਾਟਰ ਵੀ ਆਉਂਦੇ ਹਨ ਪਰ ਮਾੜੇ ਭਾਗੀ ਉਨ੍ਹਾਂ ਨੂੰ ਸਟੋਰ ਕਰਨ ਤੇ \'ਦਾੜ੍ਹੀ ਨਾਲੋਂ ਮੁਛਾਂ\' ਵਧਣ ਦਾ ਖ਼ਤਰਾ ਹੁੰਦਾ ਹੈ । ਭਾਵੇਂ ਅਕਸਰ ਗੰਢੇ ਵੀ ਗਲ਼ ਜਾਂਦੇ ਹਨ ਪਰ....!!! ਉਹ ਮਾਤ੍ਹੜ-ਤਮ੍ਹਾਤੜ ਦੇ ਗਲ਼ਦੇ ਹਨ ਇਹਨਾਂ ਵੱਡੀਆਂ ਮਛੀਆਂ ਦੇ ਨਹੀਂ। ਇਹ ਵਪਾਰੀ ਨਾਲੇ ਤਾਂ ਰਕਮ ਦੁੱਗਣੀ ਚੁਗਣੀ ਕਰ ਜਾਂਦੇ ਹਨ, ਨਾਲੇ ਹਾਕਮਾਂ ਦੀ ਕੁਰਸੀ ਮੂਧੀ ਮਾਰ ਦਿੰਦੇ ਹਨ। ਅਸੀਂ! ਢੁੱਡ ਮਾਰ ਕੇ ਬੂਰੀਆਂ ਮੱਝਾਂ ਚੁੰਘਣ ਵਾਲੇ ਕੱਟਿਆਂ ਵਾਂਗੂੰ ਕਿਲ੍ਹੇ ਪੁਟਾਉਣ \'ਚ ਜੋਰ ਅਜ਼ਮਾਈ ਕਰਦੇ ਰਹਿ ਜਾਂਦੇ ਹਾਂ।
ਦੋਸਤੋ! ਇਕ ਹੁੰਦਾ ਦੇਖਣ ਦਾ ਨਜ਼ਰੀਆ ਤੇ ਦੂਜੀ ਹੁੰਦੀ ਹੈ ਦਿਸ਼ਾ, ਮਤਲਬ ਕਿਹੜੇ ਪਾਸੇ ਤੋਂ ਤੁਸੀਂ ਕਿਸੇ ਚੀਜ਼ ਜਾਂ ਮਸਲੇ ਨੂੰ ਦੇਖ ਰਹੇ ਹੋ। ਕੁਦਰਤ ਨੇ ਸਾਨੂੰ ਅਨਮੋਲ ਖਜਾਨੇ ਦਿੱਤੇ ਹਨ। ਜਿਨ੍ਹਾਂ ਵਿਚੋਂ ਇਕ ਹੈ ਵੰਨਗੀ। ਜਿਸ ਦਾ ਅਹਿਸਾਸ ਤੁਸੀ ਹੁਣੇ ਹੀ ਲੈ ਸਕਦੇ ਹੋ ਜਿਵੇਂ ਕਿ ਆਪਣੇ ਸਾਹਮਣੇ ਦੇਖੋ ਤੁਹਾਨੂੰ ਜੋ ਵੀ ਦਿੱਖ ਰਿਹਾ ਉਸ ਤੇ ਗ਼ੌਰ ਕਰੋ, ਹੁਣ ਇਸ ਤਾਂ ਤੋਂ ਦੋ ਕਦਮ ਇਕ ਪਾਸੇ ਵੱਲ ਜਾ ਕੇ ਉਹੀ ਚੀਜ਼ ਦੇਖੋ ਤੇ ਤੁਹਾਨੂੰ ਉਸ ਦਾ ਇਕ ਹੋਰ ਪੱਖ ਦਿਖਾਈ ਦੇਵੇਗਾ। ਇਥੇ ਮੇਰਾ ਇਹ ਦ੍ਰਿਸ਼ ਦਿਖਾਉਣ ਦਾ ਕਾਰਨ ਸੀ ਕਿ ਹਰ ਮਸਲੇ ਦੇ ਅਣਗਿਣਤ ਪਹਿਲੂ ਹੁੰਦੇ ਹਨ। ਜਿਹੜਾ ਇਨਸਾਨ ਮਸਲੇ ਦੇ ਚਾਰ-ਚੁਫੇਰੇ ਗੇੜਾ ਲਾ ਕੇ ਆਪਣੀ ਧਾਰਨਾ ਬਣਾਉਂਦਾ ਹੈ ਉਸ ਨੂੰ ਕਦੇ ਨੀਵਾਂ ਨਹੀਂ ਝਾਕਣਾ ਪੈਂਦਾ। ਪਰ ਅਫ਼ਸੋਸ ਅਸੀਂ ਤਾਂ ਦੇਖਾ-ਦੇਖੀ ਜਾਂ ਸੁਣਾ-ਸੁਣੀ ਆਪਣੀ ਧਾਰਨਾ ਬਣਾ ਲੈਂਦੇ ਹਾਂ। ਗੱਲ ਗੰਢਿਆਂ ਦੀ ਹੋ ਰਹੀ ਸੀ, ਸੋਚਣ ਦੀ ਗੱਲ ਇਹ ਹੈ ਕਿ ਗੰਢੇ ਮਹਿੰਗੇ ਹੋਣ ਦਾ ਕਾਰਨ ਕਾਲਾ ਬਾਜ਼ਾਰੀ ਨਾ ਹੋ ਕੇ ਪੈਦਾਵਾਰ ਦਾ ਘੱਟ ਹੋਣਾ ਵੀ ਹੋ ਸਕਦਾ। ਜਿਵੇਂ ਮੈਂ ਸ਼ੁਰੂ \'ਚ ਕਿਹਾ ਗੰਢਿਆਂ ਦਾ ਕੰਮ ਹੈ ਰੁਆਉਣਾ ਸੋ ਜੇ ਇਹਨਾਂ ਦੀ ਪੈਦਾਵਾਰ ਘੱਟ ਜਾਵੇ ਤਾਂ ਵੀ ਆਮ ਆਦਮੀ ਰੋਂਦਾ ਤੇ ਜੇ ਵੱਧ ਜਾਵੇ ਤਾਂ ਵਿਚਾਰਾ ਜ਼ਿਮੀਂਦਾਰ ਰੋਂਦਾ, ਜਦੋਂ ਉਸ ਦੀ ਫ਼ਸਲ ਮੰਡੀ \'ਚ ਰੁਲਦੀ ਹੈ। ਸੋ ਪੈਦਾਵਾਰ ਵੀ ਇਕ ਪੱਖ ਹੋ ਸਕਦਾ ਹੈ। ਉਧਾਰਨ ਦੇ ਤੌਰ ਤੇ ਆਸਟ੍ਰੇਲੀਆ ਦੇ ਕੇਲਿਆਂ ਦੀ ਗੱਲ ਕੀਤੀ ਜਾ ਸਕਦੀ ਹੈ। ਇਕ ਸਾਲ ਪੈਦਾਵਾਰ ਨਾ ਹੋਵੇ ਤਾਂ ਭਾਅ ਅਸਮਾਨੀ ਚੜ੍ਹ ਜਾਂਦੇ ਹਨ ਤੇ ਦੂਜੇ ਸਾਲ ਇਹੀ ਕੇਲੇ ਰੁਲਦੇ ਫਿਰਦੇ ਹੁੰਦੇ ਹਨ। ਇਸ ਨਾਲ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਇਕ ਕੁਦਰਤੀ ਵਰਤਾਰਾ ਵੀ ਹੋ ਸਕਦਾ ਹੈ ਨਾ ਕਿ ਕਾਂਗਰਸ ਬੀ.ਜੇ.ਪੀ. ਦੀ ਲੁਕਣ ਮਿਚੀ।
ਮੰਨ ਲੈਂਦੇ ਹਾਂ ਕਿ ਗੰਢੇ ਮਹਿੰਗੇ ਕਾਲਾ ਬਾਜ਼ਾਰੀ ਕਰਕੇ ਹੋ ਰਹੇ ਹਨ, ਫੇਰ ਇਸ ਦੇ ਦੋ ਹੱਲ ਹਨ। ਇਕ ਤਾਂ ਇਹ ਕਿ ਜੇ ਕਿਸੇ ਨੇ ਗੰਢੇ ਸਟੋਰ ਕੀਤੇ ਹਨ ਤਾਂ ਉਸ ਨੇ ਪਤਾਲ \'ਚ ਤਾਂ ਕੀਤੇ ਨਹੀਂ ਹੋਣੇ, ਇਸ ਧਰਤੀ ਤੇ ਹੋਣਗੇ। ਸੋ ਜਿੱਥੇ ਵੀ ਗੰਢਿਆਂ ਦਾ ਸਟੋਰ ਮਿਲਦਾ ਉਸ ਨੂੰ ਪੈ ਜਾਓ ਉੱਲੀ-ਉੱਲੀ ਕਰਕੇ....!!! ਰੁਕੋ-ਰੁਕੋ ਕਿ ਤੁਹਾਨੂੰ ਲਗਦਾ ਇਹ ਕਦਮ ਸਹੀ ਹੋਵੇਗਾ। ਨਹੀਂ ਜੀ ਮੇਰੇ ਵਰਗੇ ਕਾਨੂੰਨ ਦੇ ਡਰਪੋਕ ਤੇ ਸ਼ਾਂਤੀ ਪਸੰਦ ਬੰਦੇ ਲਈ ਤਾਂ ਨਹੀਂ। ਸੋ ਦੂਜਾ ਕਦਮ ਇਹ ਹੈ ਕਿ ਤੁਹਾਡੇ ਹੱਥ ਇਹੋ ਜਿਹੀ ਪਾਵਰ ਹੈ ਕਿ ਤੁਸੀਂ ਜਦੋਂ ਚਾਹੋਂ ਇਹਨਾਂ ਸਰਕਾਰੀਆਂ ਦੇ ਤੇ ਵਪਾਰੀਆਂ ਦੇ ਗੰਢੇ ਗਾਲ਼ ਸਕਦੇ ਹੋ। ਅੱਜ ਜੇ ਅਸੀਂ ਇਕ ਸੁਰ ਹੋ ਕੇ ਸਿਰਫ਼ ਦੋ ਮਹੀਨੇ ਗੰਢੇ ਨਾ ਖਾਣ ਦੀ ਸੌਂਹ ਪਾ ਦੇਈਏ ਤਾਂ ਦੇਖਿਓ ਇਹਨਾਂ ਦੇ ਗੰਢਿਆਂ ਦੀ ਬੋ ਹੀ ਇਹਨਾਂ ਦਾ ਦਮ ਘੁੱਟ ਦੇਵੇਗੀ। ਪਰ ਜਦੋਂ ਅਸੀਂ ਕਿਸੇ ਚੀਜ਼ ਦੇ ਆਦੀ ਹੋ ਜਾਈਏ ਤਾਂ ਛੱਡਣੀ ਔਖੀ ਹੋ ਜਾਂਦਾ ਹੈ। ਸੋ ਗੰਢੇ ਛੁਡਾਉਣ ਦਾ ਮੇਰਾ ਹੇਠ ਦਿਤਾ ਨੁਸਖ਼ਾ ਆਪਣਾ ਕੇ ਦੇਖਿਆ ਜਾ ਸਕਦਾ ਹੈ ਉਮੀਦ ਹੈ ਲਾਹੇਵੰਦ ਹੋਵੇਗਾ।
ਜਦੋਂ ਕਿਸੇ ਚੀਜ਼ ਤੋਂ ਮਨ ਭਜਾਉਣਾ ਹੋਵੇ ਤਾਂ ਉਸ ਦੇ ਇਕੱਲੇ ਨਕਾਰਾਤਮਿਕ ਪੱਖ ਦੇਖੋ। ਬੱਸ ਥੋੜ੍ਹੇ ਦਿਨਾਂ \'ਚ ਹੀ ਤੁਹਾਡਾ ਅੰਦਰ ਉਸ ਚੀਜ਼ ਲਈ ਮੰਗ ਨਹੀਂ ਕਰੇਗਾ। ਉਧਾਰਨ ਦੇ ਤੌਰ ਤੇ ਇਕ ਪੂਰੇ ਪਰਵਾਰ ਦੇ ਜੀਆਂ ਦਾ ਗੰਢਿਆਂ ਪ੍ਰਤੀ ਨਜ਼ਰੀਆ ਦੇਖੋ; ਗੰਢੇ ਛਿਲਦਿਆਂ ਮਾਂ ਕਹਿੰਦੀ ਹੈ ਕਿ ਅੱਖਾਂ ਚੋਂ ਪਾਣੀ ਨਿਕਲਦਾ, ਬਾਪੂ ਕਹਿੰਦਾ ਹੈ ਕਿ ਗੰਢੇ ਘੱਟ ਲਿਆਇਆ ਕਰੋ ਦਸ ਕੁ ਦਿਨਾਂ \'ਚ ਗਲ਼ ਜਾਂਦੇ ਹਨ ਜਾਂ ਭੂਕਾਂ ਨਿਕਲ ਆਉਂਦੀਆਂ ਹਨ। ਘਰ ਵਾਲੀ ਗਿਲਾ ਕਰਦੀ ਆ ਕੇ ਤੁਹਾਡੇ ਤਾਂ ਮੂੰਹ ਚੋਂ ਬੋ ਆਉਂਦੀ ਹੈ! ਨਿਆਣੇ ਕਹਿੰਦੇ ਆ ਗੰਢੇ ਕੱਟਣ ਵਾਲੇ ਹੱਥਾਂ ਨਾਲ ਸਾਨੂੰ ਦੁੱਧ ਨਾ ਦਿਓ ਮੁਸਕ ਆਉਂਦੀ ਹੈ। ਹੁਣ ਤੁਸੀਂ ਦੱਸੋ ਜਦੋਂ ਇਹਨਾਂ ਗੰਢਿਆਂ ਤੋਂ ਸਾਰਾ ਟੱਬਰ ਦੁਖੀ ਹੈ ਤਾਂ ਫੇਰ \'ਗੰਢਿਆਂ ਤੋਂ ਕੀ ਗੰਢੇ ਲੈਣੇ ਆ ਅਸੀਂ\'! ਬੱਸ ਇੰਨੀਆਂ ਕੁ ਗੱਲਾਂ ਨਾਲ ਤੁਹਾਨੂੰ ਗੰਢਿਆਂ ਤੋਂ ਨਫ਼ਰਤ ਹੋ ਜਾਵੇਗੀ। ਜਦੋਂ ਗੰਢੇ ਹੋ ਗਏ ਸਸਤੇ ਉਦੋਂ ਆਪਾਂ ਫੇਰ ਨੁਸਖ਼ਾ ਨੰਬਰ ਦੋ ਵਰਤ ਲਵਾਂਗੇ ਯਾਨੀ ਇਹਨਾਂ ਦਾ ਸਕਾਰਾਤਮਿਕ ਪੱਖ ਪ੍ਰਚਾਰ ਲਵਾਂਗੇ। ਪਰ ਫ਼ਿਲਹਾਲ ਤਾਂ ਅੰਗੂਰ ਖਟੇ ਕਹਿਣ \'ਚ ਹੀ ਭਲਾਈ ਹੈ।
-ਮਿੰਟੂ ਬਰਾੜ
mintubrar@gmail.com
-
ਮਿੰਟੂ ਬਰਾੜ, email : mintubrar@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.