ਪੰਜਾਬ ਵਿੱਚ ਮੌਜੂਦਾ ਸਮੇਂ ਇੱਕ ਪਾਸੇ ਦਰਿਆਵਾਂ ਦੇ ਕੰਢਿਆਂ ਤੇ ਵੱਸਦੇ ਲੋਕ ਹੜ੍ਹਾਂ ਵਿੱਚ ਡੁੱਬੇ ਹੋਏ ਹਨ| ਦੂਸਰੇ ਪਾਸੇ ਜ਼ਮੀਨੀ ਅਕਾਰ ਪੱਖੋਂ ਛੋਟੇ ਇਸ ਸੂਬੇ ਵਿੱਚ ਬਹੁਤੀਆਂ ਥਾਵਾਂ ਅਜਿਹੀਆਂ ਹਨ, ਜਿੱਥੇ ਵਰਖਾ ਨਾ ਹੋਣ ਕਾਰਨ ਸੋਕਾ ਪਿਆ ਹੋਇਆ ਹੈ| ਇੱਕ ਪਾਸੇ ਹੜ੍ਹਾਂ ਨਾਲ ਫਸਲਾਂ ਡੁੱਬ ਗਈਆਂ ਹਨ, ਦੂਸਰੇ ਪਾਸੇ ਪਾਣੀ ਨਾ ਮਿਲਣ ਕਾਰਨ ਫਸਲਾਂ ਸੁੱਕ ਰਹੀਆਂ ਹਨ| ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਈ ਦਿਨ ਲਗਾਤਾਰ ਦਰਿਆਵਾਂ ਦੇ ਕੰਢਿਆਂ ਉਪਰ ਜਾ ਕੇ ਹੜ੍ਹਾਂ ਦਾ ਜਾਇਜ਼ਾ ਲੈਣ ਦੀਆਂ ਤਸਵੀਰਾਂ ਮੀਡੀਆ ਵਾਸਤੇ ਖਿਚਵਾ ਚੁੱਕੇ ਹਨ| ਹੜ੍ਹ ਪੀੜ੍ਹਤਾਂ ਲਈ ਉਚਿਤ ਮੁਆਵਜ਼ੇ ਦੇ ਵਾਅਦੇ ਅਤੇ ਦਾਅਵੇ ਵੀ ਕਰ ਚੁੱਕੇ ਹਨ|
ਬੀਤੇ ਦਿਨ ਫਿਰੋਜ਼ਪੁਰ ਹਲਕੇ ਵਿੱਚ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਣੀ ਵਿੱਚ ਡੁੱਬੀਆਂ ਫਸਲਾਂ ਅਤੇ ਹੋਰ ਹੋਏ ਮਾਲੀ ਨੁਕਸਾਨ ਦਾ ਵੱਡਾ ਮੁਆਵਜ਼ਾ ਮੰਗ ਰਹੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਫਸਲਾਂ ਪਾਲਣ ਲਈ ਜਿਸ ਹਿਸਾਬ ਨਾਲ ਕਿਸਾਨਾਂ ਦਾ ਮਹਿੰਗਾਈ ਦੇ ਯੁੱਗ ਵਿੱਚ ਖਰਚਾ ਹੁੰਦਾ ਹੈ, ਉਸ ਹਿਸਾਬ ਨਾਲ ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਮੁਆਵਜ਼ੇ ਦੀ ਰਕਮ ਬਹੁਤ ਘੱਟ ਹੈ| ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਦੇ ਮਾਮਲੇ ਵਿੱਚ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦੇ ਰਾਹਤ ਪੈਕੇਜ ਨੂੰ ਸੋਧ ਕੇ ਇਸ ਲਈ ਨਵੇਂ ਨਿਯਮ ਕਾਨੂੰਨ ਵਧੀ ਮਹਿੰਗਾਈ ਦੇ ਹਿਸਾਬ ਨਾਲ ਤੈਅ ਕੀਤੇ ਜਾਣ|
ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੋਵਾਂ ਦਾ ਧਿਆਨ ਹਾਲੇ ਹੜ੍ਹ ਪੀੜ੍ਹਤ ਲੋਕਾਂ ਨੂੰ ਵੇਖਣ ਵੱਲ ਲੱਗਾ ਹੋਇਆ ਹੈ| ਇਸ ਛੋਟੇ ਜਿਹੇ ਪੰਜਾਬ ਵਿੱਚ ਹੀ ਸੋਕੇ ਦੀ ਮਾਰ, ਬਿਜਲੀ ਦੀ ਘਾਟ ਅਤੇ ਮਹਿੰਗੇ ਡੀਜਲ ਦੇ ਸੰਤਾਪ ਹੇਠ ਫਸਲਾਂ ਪਾਲ ਰਹੇ ਕਿਸਾਨਾਂ ਵੱਲ ਹਾਲੇ ਇਨ੍ਹਾਂ ਲੀਡਰਾਂ ਦਾ ਧਿਆਨ ਨਹੀਂ ਗਿਆ| ਲੱਗਭੱਗ ਹਰੇਕ ਸਾਲ ਹੀ ਅਜਿਹਾ ਵਰਤਾਰਾ ਦੁਹਰਾਇਆ ਜਾਂਦਾ ਹੈ| ਸੂਬੇ ਵਿੱਚ ਹੜ੍ਹ ਰੋਕੂ ਪ੍ਰਬੰਧ ਸਹੀ ਅਰਥਾਂ ਵਿੱਚ ਲਾਗੂ ਨਾ ਕੀਤੇ ਜਾਣ ਕਾਰਨ ਥੋੜ੍ਹੀ ਜਿਹੇ ਵਧੇਰੇ ਬਾਰਸ਼ ਪੈਣ ਨਾਲ ਦਰਿਆ, ਨਦੀਆਂ, ਪਾਣੀ ਦਾ ਬੋਝ ਝੱਲਣ ਤੋਂ ਅਸਮਰੱਥ ਹੋ ਜਾਂਦੀਆਂ ਹਨ| ਸਿੱਟੇ ਵੱਜੋਂ ਇਹ ਬਰਸਾਤੀ ਪਾਣੀ ਖੇਤਾਂ, ਘਰਾਂ ਅਤੇ ਦਰਿਆਵਾਂ ਕੰਢੇ ਸਥਾਪਤ ਕਾਰੋਬਾਰਾਂ ਨੂੰ ਤਬਾਹ ਕਰ ਦਿੰਦਾ ਹੈ| ਇਸ ਬਰਸਾਤੀ ਪਾਣੀ ਨੂੰ ਸੰਭਾਲਣ ਦੀ ਵੱਡੇ ਪੱਧਰ ਙਤੇ ਯੋਜਨਾਬੰਦੀ ਕਰਨ ਦੀ ਲੋੜ ਹੈ| ਇਸ ਮਾਮਲੇ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ.ਅਬਦੁਲ ਕਲਾਮ ਵੱਲੋਂ ਹੜ੍ਹਾਂ ਨੂੰ ਕੰਟਰੋਲ ਕਰਨ ਲਈ ਦੇਸ਼-ਵਿਆਪੀ ਦਰਿਆਵਾਂ ਨੂੰ ਜੋੜਨ ਦਾ ਦਿੱਤਾ ਮਾਡਲ ਪੰਜਾਬ ਵਿੱਚ ਲਾਗੂ ਕਰਨ ਦੀ ਲੋੜ ਹੈ| ਪੰਜਾਬ ਸਮੁੱਚੇ ਦੇਸ਼ ਦੇ ਦਰਿਆਵਾਂ ਨੂੰ ਜੋੜਨ ਦਾ ਵਿਰੋਧੀ ਹੈ, ਕਿਉਂਕਿ ਇਸ ਨੂੰ ਖਦਸ਼ਾ ਹੈ ਕਿ ਪੰਜਾਬ ਦੇ ਪਾਣੀ ਨੂੰ ਉਨ੍ਹਾਂ ਦਰਿਆਵਾਂ ਵਿੱਚ ਸੁੱਟਿਆ ਜਾ ਸਕਦਾ ਹੈ, ਜਿੱਥੇ ਪਾਣੀ ਦੀ ਘਾਟ ਹੈ| ਹਰਿਆਣੇ ਨਾਲ ਪੰਜਾਬ ਦਾ ਅਜਿਹਾ ਹੀ ਸੰਕਟ ਅਤੇ ਝਗੜਾ ਹੈ| ਬਰਸਾਤੀ ਪਾਣੀ ਸੰਭਾਲਣ ਲਈ ਦਰਿਆਵਾਂ ਨੂੰ ਜੋੜਨ ਦਾ ਇਹ ਮਾਡਲ ਜੇਕਰ ਪੰਜਾਬ ਵਿੱਚ ਲਾਗੂ ਕੀਤਾ ਜਾਵੇ ਤਾਂ ਇਸ ਨਾਲ ਜਿੱਥੇ ਦਰਿਆਵਾਂ ਕੰਢੇ ਬੈਠੇ ਲੋਕ ਹੜ੍ਹਾਂ ਦੀ ਮਾਰ ਤੋਂ ਬਚਾਏ ਜਾ ਸਕਦੇ ਹਨ, ਉਸ ਦੇ ਨਾਲ ਹੀ ਦਰਿਆਵਾਂ ਨੂੰ ਜੋੜਨ ਵਾਲੀਆਂ ਨਹਿਰਾਂ ਨੂੰ ਸਮੁੱਚੇ ਪੰਜਾਬ ਵਿੱਚੋਂ ਇਸ ਤਰੀਕੇ ਨਾਲ ਲੰਘਾਇਆ ਜਾਵੇ ਕਿ ਸੋਕੇ ਦੇ ਸ਼ਿਕਾਰ ਹੋਣ ਵਾਲੇ ਖੇਤਰਾਂ ਨੂੰ ਇਹ ਹੜ੍ਹਾਂ ਦਾ ਪਾਣੀ ਪਹੁੰਚਾ ਕੇ ਬਿਜਲੀ ਦੇ ਸੰਕਟ ਅਤੇ ਡੀਜਲ ਉਤੇ ਖਰਚੇ ਜਾਣ ਵਾਲੇ ਬੇਤਹਾਸ਼ਾ ਧੰਨ ਦੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ ਜੋ ਧਨ ਹਰੇਕ ਸਾਲ ਪੰਜਾਬ ਸਰਕਾਰ ਹੜ੍ਹ ਰੋਕੂ ਪ੍ਰਬੰਧਾਂ ਤੇ ਖਰਚ ਕਰਦੀ ਹੈ, ਉਸ ਨਾਲ ਹੜ੍ਹਾਂ ਦਾ ਇੱਕ ਤੁਪਕਾ ਪਾਣੀ ਵੀ ਰੁਕ ਨਹੀਂ ਰਿਹਾ| ਕਹਿਣ ਦਾ ਭਾਵ ਕਿ ਇਹ ਹੜ੍ਹ ਰੋਕੂ ਖਰਚੇ ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਦੀ ਭੇਂਟ ਚੜ੍ਹ ਰਹੇ ਹਨ| ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਰੋਕੂ ਪ੍ਰਬੰਧਾਂ ਦੇ ਨਾਂਅ ਤੇ ਹੋ ਰਹੀ ਫਜੂਲ ਖਰਚੀ ਰੋਕ ਕੇ ਇਹ ਧਨ ਨਦੀਆਂ ਅਤੇ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਯੋਜਨਾ ਉਤੇ ਖਰਚ ਕਰਨਾ ਚਾਹੀਦਾ ਹੈ|
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾਂ ਕਿਸਾਨੀ ਹਿੱਤਾਂ ਦੀ ਚਿੰਤਾ ਕਰਦੇ ਰਹਿੰਦੇ ਹਨ ਅਤੇ ਇਸ ਲਈ ਹਮੇਸ਼ਾਂ ਹੀ ਕੇਂਦਰ ਤੋਂ ਕਰੋੜਾਂ ਅਰਬਾਂ ਰੁਪਏ ਦੇ ਪੈਕੇਜ ਦੀਆਂ ਮੰਗਾਂ ਕਰਦੇ ਰਹਿੰਦੇ ਹਨ| ਪੰਜਾਬ ਨੂੰ ਹਰੇਕ ਸਾਲ ਦਰਪੇਸ਼ ਇਸ ਬਰਸਾਤੀ ਅਤੇ ਸੋਕੇ ਦੇ ਸੰਕਟ ਤੋਂ ਬਚਾਉਣ ਲਈ ਮਾਝੇ, ਮਾਲਵੇ ਅਤੇ ਦੁਆਬੇ ਵਿੱਚੋਂ ਲੰਘਦੇ ਤਿੰਨਾਂ ਦਰਿਆਵਾਂ ਸਤਲੁਜ, ਬਿਆਸ ਅਤੇ ਹਰਿਆਣੇ ਤੋਂ ਆਉਂਦੇ ਦਰਿਆਈ ਪਾਣੀਆਂ ਜੋ ਅਕਸਰ ਹੜ੍ਹਾਂ ਵਿੱਚ ਹੀ ਵਗਦੇ ਹਨ, ਨੂੰ ਜੋੜਨ ਲਈ ਇਸ ਵੱਡੇ ਪ੍ਰਾਜੈਕਟ ਵਾਸਤੇ ਕੇਂਦਰ ਤੋਂ ਮੱਦਦ ਲੈਣ ਲਈ ਗੰਭੀਰ ਹੋਣਾ ਚਾਹੀਦਾ ਹੈ| ਜੇਕਰ ਸਰਦਾਰ ਬਾਦਲ ਦੇ ਰਾਜਕਾਲ ਵਿੱਚ ਅਜਿਹਾ ਹੁੰਦਾ ਹੈ ਤਾਂ ਇਹ ਕਿਸਾਨੀ ਲਈ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੋਵੇਗੀ|
ਹਰਪ੍ਰੀਤ ਸਿੰਘ ਲਹਿਲ, ਮੋ: 98148-53861
-
ਹਰਪ੍ਰੀਤ ਸਿੰਘ ਲਹਿਲ, ਮੋ: 98148-53861, email : harp,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.