ਕਾਂਗਰਸ ਪਾਰਟੀ ਦੇ ਬੁਲਾਰੇ ਰਾਜ ਬੱਬਰ ਨੇ ਲੋਕਾਂ ਦਾ ਸਾਥ ਛੱਡਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਨੇਤਾਵਾਂ ਵਾਲਾ ਰਾਹ ਫੜ ਲਿਆ ਹੈ। ਉਹ ਵੀ ਕਹਿਣ ਲੱਗਾ ਹੈ ਕਿ 12 ਰੁਪਏ ਵਿਚ ਮੁੰਬਈ ਵਿਚ ਚੰਗੀ ਰੋਟੀ ਖਾਧੀ ਜਾ ਸਕਦੀ ਹੈ।
ਪਿਛਲੇ 20 ਸਾਲ ਤੋਂ ਉਹ ਮੇਰਾ ਦੋਸਤ ਹੈ।ਅਕਸਰ ਮਿਲਣੀਆਂ ਹੁੰਦੀਆਂ ਰਹਿੰਦੀਆਂ ਨੇ।ਉਸ ਅੰਦਰਲਾ ਨਾਜ਼ੁਕ ਕਲਾਕਾਰ ਮਨ , ਮਾਨਵੀ ਭਾਵਨਾਵਾਂ ਨਾਲ ਭਰਪੂਰ ਹੁੰਦਾ ਹੈ।ਉਹ ਬਹੁਤ ਨਿੱਘਾ ਅਤੇ ਮੋਹ- ਖੋਰਾ ਇਨਸਾਨ ਹੈ।ਪਰ ਅੱਜ ਮੈਨੂੰ ਲੱਗਿਆ ਕਿ ਉਸ ਦੀ ਆਤਮਾ\'ਤੇ ਵੀ ਇੱਕ ਚਤੁਰ ਸਿਆਸਤਦਾਨ ਭਾਰੂ ਹੋ ਗਿਆ ਹੈ ।ਸ਼ਾਇਦ ਇਹ ਵਰਤਾਰਾ ਵਕਤੀ ਹੋਵੇ।
ਦਿਲਚਸਪ ਗੱਲ ਇਹ ਹੈ ਕਿ ਉਹ ਅਜਿਹੀਆਂ ਹੀ ਗੱਲਾਂ ਕਰਕੇ ਕਈ ਵਾਰ ਕਾਂਗਰਸ ਪਾਰਟੀ ਵਿਚ ਘੁਟਨ ਜਿਹੀ ਵੀ ਮਹਿਸੂਸ ਕਰਦਾ ਸੀ ਪਤਾ ਨਹੀਂ ਉਸਨੂੰ ਇੰਨੀ ਸਿਆਸੀ ਮਜਬੂਰੀ ਕੀ ਹੋ ਗਈ ਕਿ ਉਹ ਵੀ ਕਪਿਲ ਸਿੱਬਲ ਅਤੇ ਮੋਨਟੇਕ ਵਰਗੀਆਂ ਦੀ ਕਤਾਰ ਵਿਚ ਸ਼ਾਮਲ ਹੋਣ ਲੱਗਾ ਹੈ।ਖ਼ੈਰ , ਗੱਲ ਕਰਕੇ ਹੀ ਸਾਫ਼ ਹੋਵੇਗਾ, ਅਜੇ ਤਾਂ ਉਹ ਟੀ ਵੀ ਵਾਲੇ ਮਿੱਤਰਾਂ ਅਤੇ ਵਿਰੋਧੀ ਧਿਰਾਂ ਦੇ ਫਾਇਰਿੰਗ ਰੇਂਜ ਦੀ ਮਾਰ ਹੇਠ ਹੈ।ਪਰ ਅਫ਼ਸੋਸ ਜਿਹਾ ਹੋ ਰਿਹੈ ।
ਕਿੰਨੇ ਰੁਪਏ ਵਿੱਚ ਕੋਈ ਗੁਜ਼ਾਰਾ ਕਰ ਸਕਦਾ ਹੈ , ਅਤੇ ਕਿੰਨੇ ਰੁਪਏ ਆਮਦਨੀ ਵਾਲੇ ਨੂੰ ਗ਼ਰੀਬ ਮੰਨਿਆ ਜਾ ਸਕਦਾ ਹੈ ? ਇਹ ਬਹਿਸ ਤਾਂ ਚਲਦੀ ਰਹੇਗੀ ਪਰ ਇਸ ਮਾਮਲੇ ਵਿਚ ਮੈਨੂੰ ਕਨੇਡਾ ਦੇ ਬਰਿਟਸ਼ ਕੋਲੰਬੀਆ ਸੂਬੇ ਦੇ ਐਨ ਡੀ ਪੀ ਲੀਡਰ ਅਤੇ ਸਾਬਕਾ ਐਮ ਐਲ ਏ ਜਗਰੂਪ ਬਰਾੜ ਦੀ ਯਾਦ ਆ ਰਹੀ ਹੈ।ਉਸ ਨੇ ਨਵੀਂ ਪਿਰਤ ਪਾਈ ਸੀ।ਪਿਛਲੇ ਵਰ੍ਹੇ ਓਸਨੇ ਐਲਾਨ ਕੀਤਾ ਕਿ ਇੱਕ ਮਹੀਨਾ ਆਪਣੇ ਕੈਨੇਡੀਅਨ ਸਮਾਜ ਦੇ ਘੱਟੋ ਘੱਟ ਆਮਦਨੀ ਵਾਲੇ ਗ਼ਰੀਬ ਲੋਕਾਂ ਦੀ ਆਮਦਨੀ ਜਿੰਨੇ ਡਾਲਰਾਂ ਵਿਚ , ਉਨ੍ਹਾ ਵਰਗੀਆਂ ਹਾਲਤਾਂ ਵਿਚ ਰਹੇਗਾ ਤਾਂਕਿ ਉਸ ਨੂੰ ਹਕੀਕਤ ਦਾ ਅਮਲੀ ਗਿਆਨ ਹੋ ਸਕੇ।ਤੇ ਜਾਗਰੂਪ ਬਰਾੜ ਨੇ ਸਚਮੁਚ ਇੰਝ ਕੀਤਾ ਵੀ । ਉਹ ਪੂਰਾ ਮਹੀਨਾ ਆਪਣੇ ਸਾਰੇ ਸੁਖ ਆਰਾਮ ਛੱਡ ਕੇ ਇੱਕ ਛੋਟੇ ਜਿਹੇ ਕਮਰੇ ਵਿਚ ਜਾ ਉਨ੍ਹਾ ਗ਼ਰੀਬ ਲੋਕਾਂ ਦੇ ਨਾਲ ਰਿਹਾ ਅਤੇ ਥੋੜ੍ਹੇ ਜਿਹੇ ਡਾਲਰਾਂ ਵਿਚ ਗੁਜ਼ਾਰਾ ਕੀਤਾ । ਉਸ ਦਾ 26 ਪਾਊਂਡ ਭਾਰ ਘੱਟ ਗਿਆ ਅਤੇ ਉਹ ਕਮਜ਼ੋਰ ਹੋ ਗਿਆ ਸੀ ।ਉਸ ਨੇ ਖ਼ੁਦ ਮੈਨੂੰ ਦੱਸਿਆ ਕਿ ਉਥੋਂ ਦੇ ਗ਼ਰੀਬ ਲੋਕ ਵੀ ਬਹੁਤ ਮੰਦੀ ਹਾਲਤ ਵਿਚ ਰਹੰਦੇ ਹਨ ਜਿਸ ਦਾ ਅਹਿਸਾਸ ਉਨ੍ਹਾ ਵਾਂਗ ਰਹਿ ਕੇ ਹੋ ਸਕਦਾ ਹੈ।
ਯੋਜਨਾ ਕਮਿਸ਼ਨ ਅਤੇ ਭਾਰਤੀ ਕਾਂਗਰਸੀ ਨੇਤਾਵਾਂ ਦੇ ਹਾਸੋਹੀਣੇ ਬਿਆਨਾਂ ‘ਤੇ ਲੰਮੀਆਂ ਬਹਿਸਾਂ ਕਰਨ ਦੀ ਥਾਂ- 5 ਰੁਪਏ ਅਤੇ 12 ਰੁਪਏ ਵਿਚ ਗੁਜ਼ਾਰਾ ਕਰਨ ਵਾਲੇ ਨੇਤਾਵਾਂ ਨੂੰ ਸਿਰਫ਼ ਇੰਨੇ ਹੀ ਰੁਪਏ ਰੋਜ਼ਾਨਾ ਦੇਕੇ ਉਨ੍ਹਾ ਨੂੰ ਇੱਕ-ਇੱਕ ਮਹੀਨਾ ਆਪਣੀਆਂ ਕੋਠੀਆਂ, ਬੰਗਲਿਆਂ, ਕਾਰਾਂ ਅਤੇ ਸੁੱਖ ਸਹੂਲਤਾਂ ਤੋਂ ਬਗ਼ੈਰ ਤੋਂ ਬਾਹਰ ਰਹਿਣ ਲਈ ਕਿਹਾ ਜਾਵੇ ।ਫੇਰ ਉਨ੍ਹਾ ਨੂੰ ਪੁੱਛਿਆ ਜਾਵੇ ਕਿ ਕਿਵੇਂ ਇੰਨੇ ਥੋੜ੍ਹੇ ਪੈਸਿਆਂ ਵਿਚ ਪੇਟ ਭਰਦਾ ਹੈ ?
-
Tirchhi Nazar by Baljit Balli _ 9915177722 ,tirshinazar@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.