ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਕੌਮੀ ਪੱਧਰ ਦੀ ਪਛਾਣ ਦੇਣ ਲਈ ਆ ਰਹੀਆਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਈ ਸੂਬਿਆਂ ਵਿੱਚ ਅਕਾਲੀ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਮੰਨਣਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਨਾਲ ਅਕਾਲੀ ਦਲ ਦਾ ਦਿੱਲੀ ਵਿੱਚ ਆਧਾਰ ਮਜ਼ਬੂਤ ਹੋਇਆ ਹੈ। ਇਸੇ ਆਧਾਰ ’ਤੇ ਉਨ੍ਹਾਂ ਕਿਹਾ ਹੈ ਕਿ ਪਾਰਟੀ ਪੰਜਾਬ ਤੋਂ ਬਾਹਰ ਆਪਣਾ ਘੇਰਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੁਖਬੀਰ ਦੀ ਪਹਿਲ ਦਿੱਲੀ ਦੇ ਨਾਲ-ਨਾਲ ਹਰਿਆਣਾ ਦੇ ਲੋਕ ਸਭਾ ਹਲਕਿਆਂ ਤੋਂ ਵੀ ਉਮੀਦਵਾਰ ਖੜ੍ਹੇ ਕਰਨ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਹ ਉਪਰਾਲਾ ਬਿਨਾਂ ਸ਼ੱਕ ਸ਼ਲਾਘਾਯੋਗ ਹੈ। ਪਰ ਇਸ ਰਸਤੇ ਅਕਾਲੀ ਆਗੂਆਂ ਨੂੰ ਆਪਣੇ ਸਿੱਖੀ ਵਿਰਸੇ ਦੀਆਂ ਮਾਣ-ਮੱਤੀਆਂ ਪ੍ਰੰਪਰਾਵਾਂ ਨੂੰ ਅਤੇ ਮਰਿਆਦਾਵਾਂ ਨੂੰ ਪਿੱਠ ਦੇ ਕੇ ਤੁਰਨਾ ਸਿੱਖੀ ਲਈ ਖਤਰਨਾਕ ਹੈ। ਸਿੱਖੀ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਵਿਸ਼ਵ ਦੇ ਵੱਖ-ਵੱਖ ਥਾਵਾਂ ’ਤੇ ਜਾ ਕੇ ਸਮੂਹ ਮਾਈ-ਭਾਈ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦਿਆਂ ਸਿੱਖੀ ਸਰੂਪ ਨੂੰ ਵਿਸ਼ਵ ਭਰ ਵਿੱਚ ਸਥਾਪਿਤ ਕੀਤਾ। ਗੁਰੂ ਸਾਹਿਬਾਨ ਦੀਆਂ ਇਨ੍ਹਾਂ ਸਿੱਖਿਆਵਾਂ ’ਤੇ ਚੱਲਦਿਆਂ ਸਿੱਖ ਸੰਤਾਂ ਮਹਾਂਪੁਰਸ਼ਾਂ, ਸਿੱਖ ਜਰਨੈਲਾਂ, ਯੋਧਿਆਂ ਨੇ ਸੰਪੂਰਨ ਸਿੱਖੀ ਸਰੂਪ ਵਿੱਚ ਰਹਿੰਦਿਆਂ ਅਜਿਹੀਆਂ ਸੰਸਥਾਵਾਂ ਅਤੇ ਜੱਥੇਬੰਦੀਆਂ ਸਥਾਪਿਤ ਕੀਤੀਆਂ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਸਿੱਖੀ ਸੰਦੇਸ਼ ਨੂੰ ਅਮਲ ਵਿੱਚ ਲਿਆਉਂਦਿਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਅਤੇ ਵਿਸ਼ਵ ਭਰ ’ਚ ਸਿੱਖੀ ਦਾ ਸਿੱਕਾ ਮਨਵਾਇਆ। ਸ਼੍ਰੋਮਣੀ ਅਕਾਲੀ ਦਲ ਵੀ ਅਜਿਹੀ ਹੀ ਪੁਰਾਣੇ ਸਿਦਕੀ ਸਿੱਖਾਂ ਵੱਲੋਂ ਜੱਥੇਬੰਦ ਕੀਤੀ ਇੱਕ ਮਹਾਨ ਜੱਥੇਬੰਦੀ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਦਿਆਂ ਸਾਰ ਇਸ ਜੱਥੇਬੰਦੀ ਦਾ ਕੌਮੀ ਵਿਚਾਰ-ਵਟਾਂਦਰੇ ਕਰਨ ਦਾ ਸਥਾਨ ਗੁਰਦੁਆਰਾ ਸਾਹਿਬਾਨਾਂ ਤੋਂ ਬਦਲ ਕੇ ਆਲੀਸ਼ਾਨ ਹੋਟਲਾਂ ਵਿੱਚ ਤਬਦੀਲ ਹੋ ਗਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਅਹੁਦੇਦਾਰਾਂ ਤੋਂ ਲੈ ਕੇ ਹੇਠਾਂ ਵਰਕਰਾਂ ਤੱਕ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਖਤਮ ਹੋਣ ਦੇ ਨਾਲ-ਨਾਲ ਚਿਹਰੇ-ਮੋਹਰੇ ਵੀ ਬਦਲ ਗਏ ਹਨ। ਕਈ ਟਕਸਾਲੀ ਸਿੱਖ ਜੱਥੇਬੰਦੀਆਂ ਨੇ ਸ਼ੁਰੂ-ਸ਼ੁਰੂ ਵਿੱਚ ਆਵਾਜ਼ ਉਠਾਈ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਚੱਲ ਰਹੀ ਪੁਰਾਤਨ ਰਵਾਇਤ ਅਨੁਸਾਰ ਅੰਮ੍ਰਿਤਧਾਰੀ ਹੋਣ, ਅਤੇ ਹਰ ਵਕਤ ਵੱਡੀ ‘‘ਸ੍ਰੀ ਸਾਹਿਬ’’ ਆਪਣੇ ਅੰਗ-ਸੰਗ ਰੱਖਣ ਦਾ ਪਾਬੰਦ ਹੋਣਾ ਚਾਹੀਦਾ ਹੈ। ਪਰ ਸ. ਸੁਖਬੀਰ ਸਿੰਘ ਬਾਦਲ ਕਿਉਂਕਿ ‘‘ਖਾਓ ਪੀਓ-ਐਸ਼ ਕਰੋ’’ ਦੇ ਸੱਭਿਆਚਾਰ ਦੇ ਵਧੇਰੇ ਨੇੜੇ ਹਨ। ਇਸ ਲਈ ਉਹ ਸਿੱਖ ਮਰਿਆਦਾ ਦੇ ਇਸ ਪਾਲਣ ਨੂੰ ਆਪਣੇ ਉ¤ਪਰ ਵੱਡਾ ਭਾਰ ਸਮਝ ਰਹੇ ਹਨ। ਇਸ ਵਿੱਚ ਉਨ੍ਹਾਂ ਦਾ ਵੀ ਕੋਈ ਬਹੁਤਾ ਕਸੂਰ ਨਹੀਂ। ਅਜਿਹਾ ਉਨ੍ਹਾਂ ਨੂੰ ਵਿਰਸੇ ਵਿੱਚ ਮਿਲਿਆ ਹੈ। ਉਨ੍ਹਾਂ ਦੇ ਪਿਤਾ ਅਤੇ ਦੇਸ਼ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਅਜਿਹੀਆਂ ਪੁਰਾਤਨ ਸਿੱਖ ਰਵਾਇਤਾਂ ਨੂੰ ਨਿਭਾਉਣਾ ਜ਼ਰੂਰੀ ਨਹੀਂ ਸਮਝਿਆ। ਜਦੋਂ ਜੱਥੇਬੰਦੀਆਂ ਦੇ ਆਗੂ ਹੀ ਵਿਰਸੇ ਅਤੇ ਵਿਰਾਸਤ ਨੂੰ ਤਿਲਾਂਜਲੀ ਦਿੰਦੇ ਜਾਣਗੇ ਤਾਂ ਹੇਠਲੇ ਆਹੁਦੇਦਾਰ ਅਤੇ ਵਰਕਰ ਉਨ੍ਹਾਂ ਦੀ ਨਕਲ ਕਰਦਿਆਂ ਉਨ੍ਹਾਂ ਤੋਂ ਦੋ ਕਦਮ ਹੋਰ ਅਗਾਂਹ ਹੀ ਜਾਣਗੇ। ਪਿਛਲੇ ਦਿਨੀਂ ਇਹ ਚਿੰਤਾਜਨਕ ਖਬਰਾਂ ਵੀ ਆਈਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਨਵੀਂ ਭਰਤੀ ਵਿੱਚ ਸਿੱਖੀ ਸਰੂਪ ਵਾਲੇ ਨਵੇਂ ਮੈਂਬਰ ਬਣਾਉਣ ਦੀ ਥਾਂ ‘‘ਘੋਨਿਆਂ-ਮੋਨਿਆਂ’’ ਨੂੰ ਨਵੇਂ ‘ਅਕਾਲੀ’ ਬਣਾਉਣ ਵਿੱਚ ਵਧੇਰੇ ਦਿਲਚਸਪੀ ਦਿਖਾਈ ਗਈ ਹੈ। ਅਕਾਲੀ ਦਲ ਦੀ ਇਸ ਪਹੁੰਚ ਸਬੰਧੀ ਇਹ ਕਿਹਾ ਜਾ ਰਿਹਾ ਹੈ ਕਿ ਹਿੰਦੂ ਵੋਟਰਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਜਿਸ ਹਿਸਾਬ ਨਾਲ ਸਿੱਖਾਂ ਵਿੱਚ ਪਤਿਤਪੁਣਾ ਵੱਧ ਰਿਹਾ ਹੈ, ਸਿੱਖ ਮਾਇਆ ਦੇ ਲਾਲਚ ਵਿੱਚ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਵੱਸਣ ਨੂੰ ਪਹਿਲ ਦੇ ਰਹੇ ਹਨ। ਉਸ ਦੇ ਚੱਲਦਿਆਂ ਇਹ ਚਿੰਤਾਜਨਕ ਸਥਿਤੀ ਵੀ ਆ ਸਕਦੀ ਹੈ ਕਿ ਮੋਨਿਆਂ-ਘੋਨਿਆਂ ਦੀ ਮੈਂਬਰਸ਼ਿਪ ਵਿੱਚ ਬਹੁ-ਗਿਣਤੀ ਵੱਧ ਜਾਣ ਕਾਰਨ ਕਿਸੇ ਦਿਨ ਅਕਾਲੀ ਦਲ ਦਾ ਪ੍ਰਧਾਨ ਵੀ ਇਨ੍ਹਾਂ ਵਿੱਚੋਂ ਹੀ ਬਣ ਜਾਵੇ। ਸਿੱਖ ਪੰਥ ਲਈ ਅਜਿਹੀ ਸਥਿਤੀ ਕਿਹੋ ਜਿਹੀ ਹੋਵੇਗੀ? ਇਸ ਬਾਰੇ ਸੋਚ ਕੇ ਸਧਾਰਨ ਤੋ ਸਧਾਰਨ ਸਿੱਖ ਦਾ ਹਿਰਦਾ ਵੀ ਕੰਬ ਸਕਦਾ ਹੈ। ਕੀ ਸਾਡੀ ਲੀਡਰਸ਼ਿਪ ਅਜਿਹੀ ਸਥਿਤੀ ਤੋਂ ਅਣਜਾਣ ਹੈ? ਸ਼੍ਰੋਮਣੀ ਕਮੇਟੀ ਲਈ ਵੀ ਅਕਾਲੀ ਦਲ ਦੀ ਇਹ ਸਿਆਸੀ ਪਹੁੰਚ ਖਤਰਨਾਕ ਬਣ ਰਹੀ ਹੈ। ਸ਼੍ਰੋਮਣੀ ਕਮੇਟੀ ਲਈ ਅੱਗੇ ਸਹਿਜਧਾਰੀ ਸਿੱਖਾਂ ਦਾ ਖੜ੍ਹਾ ਹੋਇਆ ਅੜਿੱਕਾ ਇਸੇ ਸੰਕਟ ਦਾ ਅਸਰ ਹੈ। ਸ. ਸੁਖਬੀਰ ਸਿੰਘ ਬਾਦਲ ਦੇ ਸਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਪੰਥ ’ਤੇ ਅਜਿਹੀ ਸਥਿਤੀ ਆਉਣ ਦਾ ਕਾਰਨ ਨਾ ਬਣਨ। ਸ਼੍ਰੋਮਣੀ ਅਕਾਲੀ ਦਲ ਬਾਣੀ ਅਤੇ ਬਾਣੇ ਦਾ ਪੂਰਨ ਧਾਰਨੀ ਹੋ ਕੇ ਕਾਮ, ਕਰੋਧ , ਲੋਭ, ਮੋਹ, ਹੰਕਾਰ, ਤੋਂ ਮੁਕਤ ਹੋ ਕੇ ਆਪਣੀਆਂ ਸਿਆਸੀ ਸਰਗਰਮੀਆਂ ਚਲਾਵੇ ਤਾਂ ਇਕੱਲੇ ਹਿੰਦੂ ਹੀ ਨਹੀਂ, ਹੋਰ ਧਰਮਾਂ ਅਤੇ ਵਰਗਾਂ ਦੇ ਲੋਕ ਵੀ ਅਕਾਲੀ ਦਲ ਵੱਲ ਆਪਣੇ ਆਪ ਖਿੱਚੇ ਚਲੇ ਆਉਣਗੇ। ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸਿੱਖੀ ਦਾ ਇਸ ਖੇਤਰ ਵਿੱਚ ਮਾਣ-ਮੱਤਾ ਇਤਿਹਾਸ ਹੈ। ਅਕਾਲੀ ਦਲ ਆਪਣੀਆਂ ਸਿਆਸੀ ਸਰਗਰਮੀਆਂ ਦੇਸ਼ ਵਿਦੇਸ਼ ਵਿੱਚ ਵਧਾਉਣ ਦਾ ਪੂਰਨ ਹੱਕਦਾਰ ਹੈ। ਪਰ ਇਸ ਮਾਮਲੇ ਵਿੱਚ ਅਕਾਲੀ ਲੀਡਰਸ਼ਿਪ ਨੂੰ ਬਾਣੀ ਅਤੇ ਬਾਣੇ ਦੇ ਸਿਧਾਂਤ ਉ¤ਪਰ ਪ੍ਰਪੱਕਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ‘‘ਰਾਜ ਕਰੇਗਾ ਖਾਲਸਾ’’ ਦਾ ਅਰਦਾਸ ਵਿੱਚ ਸ਼ਾਮਿਲ ਹੋਣਾ ਵੀ ਇਸੇ ਦਿਸ਼ਾ ਵੱਲ ਸੰਕੇਤ ਹੈ।
-
ਹਰਪ੍ਰੀਤ ਸਿੰਘ ਲਹਿਲ harpreetsinghlehal@gmail.com (ਇ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.