ਅੱਜਕੱਲ੍ਹ ਮੈਂ ਅਖ਼ਬਾਰ ਪੜ੍ਹਨ ਤੋਂ ਡਰਦਾ ਹਾਂ
ਡਰਦਾ-ਡਰਦਾ ਮੈਂ ਅਖ਼ਬਾਰ ਨੂੰ ਪੜ੍ਹਦਾ ਹਾਂ
ਹਰ ਇੱਕ ਪੰਨੇ ਉੱਤੇ ਖ਼ੂਨ ਹੀ ਚੋਂਦਾ ਹੈ
ਖ਼ੂਨ ਚੋਂਦੇ ਨੂੰ ਦੇਖ ਮੇਰਾ ਦਿਲ ਰੋਂਦਾ ਹੈ
ਕਿਧਰੇ ਪੁੱਤ ਨਸ਼ੇੜੀ ਬਾਪ ਨੂੰ ਵੱਢ ਦਿੱਤਾ
ਕਿਸੇ ਵੈਲਣ ਧੀ ਨੇ ਮਾਂ ਨੂੰ ਘਰੋਂ ਹੈ ਕੱਢ ਦਿੱਤਾ
ਹਾਏ 14 ਸਾਲ ਦੀ ਬੱਚੀ ਬਣ ਗਈ ਮਾਂ ਲੋਕੋ
ਹੁਣ ਕਿਹੜੀ ਕਚਹਿਰੀ ਦੇਊਗੀ ਇਹਨੂੰ ਨਿਆਂ ਲੋਕੋ
ਦਿਨ-ਦੀਵੀਂ ਹੀ ਤਾਲੇ ਟੁੱਟੀ ਜਾਂਦੇ ਨੇ
ਰਖਵਾਲੇ ਹੀ ਦੇਸ਼ ਨੂੰ ਲੁੱਟੀ ਜਾਂਦੇ ਨੇ
ਭ੍ਰਿਸ਼ਟਾਚਾਰ ’ਚ ਜਿਹੜੇ ਨੇਤਾ ਫਸਦੇ ਨੇ
ਜੇਲ੍ਹੀਂ ਜਾ ਕੇ ਉਹ ਸਭ ਖਿੜਖਿੜ ਹੱਸਦੇ ਨੇ
ਸੁਬ੍ਹਾ ਸਵੇਰੇ ਕਈ-ਕਈ ਵਾਰ ਮੈਂ ਮਰਦਾ ਹਾਂ
ਅੱਜਕੱਲ੍ਹ ਮੈਂ ਅਖ਼ਬਾਰ ਪੜ੍ਹਨ ਤੋਂ ਡਰਦਾ ਹਾਂ
ਲਾਲਚੀ ਸਾਲਿਆਂ ਹੱਥੋਂ ਜੀਜੇ ਮਰ ਰਹੇ ਨੇ
ਦੇਖੋ ਸਕੀਆਂ ਭੈਣਾਂ ਰੰਡੀਆਂ ਕਰ ਰਹੇ ਨੇ
ਲੋਪ ਹੋ ਗਏ ਹਾਸੇ ਉੱਡ ਗਈਆਂ ਖ਼ੁਸ਼ੀਆਂ
ਨਿੱਤ ਹੀ ਹੁੰਦੀਆਂ ਦੇਖ ਰਹੇ ਹਾਂ ਖ਼ੁਦਕੁਸ਼ੀਆਂ
ਕਈ ਵੇਚ ਜ਼ਮੀਨਾਂ ਭਰਤੀ ਹੁੰਦੇ ਡੀ.ਐੱਸ.ਪੀ.
ਕਈ ਥਾਣੇਦਾਰਾਂ ਤੋਂ ਮਹੀਨਾ ਮੰਗਦੇ ਐੱਸ.ਐੱਸ.ਪੀ.
ਸੁੱਚੇ ਰਿਸ਼ਤੇ ਸੱਪਾਂ ਵਾਂਗੂ ਡੱਸਦੇ ਨੇ
ਕਈ ਸਹੁਰੇ ਦੇਖੇ ਨੂੰਹ ਦੀਆਂ ਤਲੀਆਂ ਝੱਸਦੇ ਨੇ
ਵੀਰ ਕੈਨੇਡਾ ਜਾਣ ਦਾ ਰਾਹ ਅਪਣਾ ਲਿਆ ਹੈ
ਸਕੀ ਭੈਣ ਨਾਲ ਕਾਗਜ਼ੀ ਵਿਆਹ ਕਰਵਾ ਲਿਆ ਹੈ
ਜਦ ਮਾਮਾ ਭਾਣਜੀ ਫੜੇ ਤਾਂ ਸਾਹ ਹੀ ਸੂਤ ਗਿਆ
ਹਾਏ ਓਏ ਮੇਰੇ ਪੰਜਾਬ ਦਾ ਆਵਾ ਈ ਊਤ ਗਿਆ
ਕਿਸੇ ਪਤੀ ਨੇ ਪਤਨੀ ਦੇ ਗਲ ਰੱਸਾ ਪਾ ਦਿੱਤਾ
ਕਿਸੇ ਨਾਲ ਪ੍ਰੇਮੀ ਰਲ ਕੇ ਪਤੀ ਵਢਾ ਦਿੱਤਾ
ਮੈਂ ਆਪਣੇ ਹੀ ਦਿਲ ਦੀ ਭੱਠੀ ਚੜ੍ਹਦਾ ਹਾਂ
ਅੱਜਕੱਲ੍ਹ ਮੈਂ ਅਖ਼ਬਾਰ ਪੜ੍ਹਨ ਤੋਂ ਡਰਦਾ ਹਾਂ
ਸੱਭਿਆਚਾਰ ਦੀ ਗਾਇਕਾਂ ਗਿੱਚੀ ਮਰੋੜ ਦਿੱਤੀ
ਗੀਤਕਾਰਾਂ ਨੇ ਗੋਡੇ ਕੋਲੋਂ ਲੱਤ ਤੋੜ ਦਿੱਤੀ
ਹੋ ਗਏ ਗੀਤ ਅਪਾਹਜ ਹੋ ਗਏ ਨੇ ਲੰਗੜੇ
ਲੰਗੜੇ ਗੀਤਾਂ ਉੱਤੇ ਪੈਂਦੇ ਨਿੱਤ ਭੰਗੜੇ
ਚੈਨਲਾਂ ਵਾਲਿਆਂ ਨੇ ਸਾਰੇ ਵੱਟ ਕੱਢ ਦਿੱਤੇ
ਘਰਾਂ ਵਿੱਚ ਜਿਉਂ ਸਾਨ੍ਹ ਭੂਤਰੇ ਛੱਡ ਦਿੱਤੇ
ਥਾਣੇਦਾਰ, ਪਟਵਾਰੀ ਤਾਂ ਬਹੁਤ ਵਿਚਾਰੇ ਨੇ
ਵੱਡੇ ਗੱਫੇ ਵੱਡੇ ਅਫ਼ਸਰਾਂ ਮਾਰੇ ਨੇ
ਲੁੱਟਾਂ ਖੋਹਾਂ ਨਿੱਤ ਸਮੈਕੀਏ ਕਰਦੇ ਨੇ
ਦੇਖੋ ਜੇਬਾਂ ਰੋਜ਼ ਬਲੈਕੀਏ ਭਰਦੇ ਨੇ
ਛੇ ਜਣਿਆਂ ਨੇ ਬੱਸ ਵਿੱਚ ਕਾਰਾ ਕਰ ਦਿੱਤਾ
ਸਾਰੇ ਦੇਸ਼ ਦੇ ਮੂੰਹ ’ਤੇ ਥੱਪੜ ਜੜ ਦਿੱਤਾ
ਬਜਰੀ ਰੇਤ ਨੂੰ ਕਣਕ ਦੇ ਵਾਂਗੂੰ ਢੋਣਾ ਸੀ
ਸਾਡੇ ਸਮਿਆਂ ਦੇ ਵਿੱਚ ਇਹ ਵੀ ਹੋਣਾ ਸੀ
ਪੋਸਤ ਦੇ ਫੁੱਲ ਪਤਾ ਨਹੀਂ ਕਿੱਥੇ ਖਿਲਦੇ ਨੇ
ਪਰ ਸ਼ੁੱਧ ਨਸ਼ੇ ਕੁਝ ਥਾਣਿਆਂ ’ਚੋਂ ਹੀ ਮਿਲਦੇ ਨੇ
ਮੈਂ ਰੋਂਦਾ ਹਾਂ, ਖਿੱਝਦਾ ਹਾਂ, ਮੈਂ ਸੜਦਾ ਹਾਂ
ਅੱਜਕੱਲ੍ਹ ਮੈਂ ਅਖ਼ਬਾਰ ਪੜ੍ਹਨ ਤੋਂ ਡਰਦਾ ਹਾਂ
ਸੰਧੂਆ ਤੂੰ ਚੁੱਪ ਕਰ ਜਾ ਸਿਰ ਪੜਵਾ ਲਏਂਗਾ
ਜਾਂ ਆਪਣੇ ਸਿਰ ਝੂਠਾ ਕੇਸ ਪੁਆ ਲਏਂਗਾ
ਯਾਰ ਵੀ ਦੁੱਖ ਵੰਡਾਵਣਗੇ ਸਹਿੰਦਾ ਸਹਿੰਦਾ
ਨਾਲੇ ਕਹਿਣਗੇ ਨਾ ਐਡੇ ਪੰਗੇ ਨਾ ਲੈਂਦਾ
ਗੀਤਾਂ ਵਿੱਚ ਅਖਵਾਉਣਾ ਭਾਵੇਂ ਹੀਰੋ ਏਂ
ਪਰ ਰਾਜਨੀਤੀ ਦੇ ਇਸ ਸਿਸਟਮ ਵਿੱਚ ਤੂੰ ਜ਼ੀਰੋ ਏਂ
ਤੇਰੇ ਜੇਹੇ ਦੁੱਖ ਰੋ ਰੋ ਲੱਖਾਂ ਤੁਰ ਗਏ ਨੇ
ਪਾਣੀ ਦੇ ਵਿੱਚ ਲੂਣ ਵਾਂਗ ਉਹ ਖੁਰ ਗਏ ਨੇ
ਜੇ ਬਹੁਤਾ ਈ ਦਮ ਘੁੱਟਦਾ ਲਿਖ ਲਿਖ ਸੁੱਟੀ ਜਾ
ਆਪਣੇ ਦਿਲ ਵਿੱਚ ਡੂੰਘੇ ਟੋਏ ਪੁੱਟੀ ਜਾ
ਜਾਂ ਅੱਖਾਂ ਮੀਟ ਕੇ ਵਾਂਗ ਕਬੂਤਰ ਦੇਖੀ ਜਾ
ਆਪਣੇ ਗੁੱਸੇ ਦੀ ਅੱਗ ਆਪ ਹੀ ਸੇਕੀ ਜਾ
‘ਉਨ੍ਹਾਂ’ ਦਾ ਕੁਝ ਨਈਂ ਜਾਣਾ ਤੇਰਾ ਰਹਿਣਾ ਨਈਂ
ਉਹ ਜ਼ਾਲਮ, ਉਹ ਡਾਢੇ, ਉਨ੍ਹਾਂ ਨੇ ਢਹਿਣਾ ਨਈਂ
ਮੈਂ ਅਖ਼ਬਾਰ ਨੂੰ ਪਾੜ ਮੰਜੇ ’ਤੇ ਧਰਦਾ ਹਾਂ
ਅਗਲੇ ਹੀ ਪਲ ਟੋਟੇ ’ਕੱਠੇ ਕਰਦਾ ਹਾਂ
ਅੱਜਕੱਲ੍ਹ ਮੈਂ ਅਖ਼ਬਾਰ ਪੜ੍ਹਨ ਤੋਂ ਡਰਦਾ ਹਾਂ
ਡਰਦਾ ਡਰਦਾ ਮੈਂ ਅਖ਼ਬਾਰ ਨੂੰ ਪੜ੍ਹਦਾ ਹਾਂ।
-
Shamsher Sandhu 98763-12860,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.