ਮੱਕੀ ਪੰਜਾਬ ਵਿੱਚ ਸਾਉਣੀ ਦੀ ਮੁੱਖ ਫਸਲ ਹੈ ਅਤੇ ਇਸ ਤੋਂ ਬਾਅਦ ਹਾੜੀ ਰੁੱਤ ਦੀਆਂ ਸਾਰੀਆਂ ਫਸਲਾਂ ਜਿਵਂੇ ਕਿ ਕਣਕ, ਆਲੂ, ਅਗੇਤੇ ਮਟਰ, ਰਾਇਆ, ਗੋਭੀ ਸਰੋਂ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ| ਹਾਲਾਂਕਿ ਮੱਕੀ ਦੀ ਬਿਜਾਈ ਸਾਰੇ ਪੰਜਾਬ ਵਿੱਚ ਕੀਤੀ ਜਾਂਦੀ ਹੈ, ਪਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਇਹ ਕਾਫੀ ਖੇਤਰ ਵਿੱਚ ਲਗਾਈ ਜਾਂਦੀ ਹੈ| ਇਸ ਸੂਬੇ ਵਿੱਚ ਮੱਕੀ ਦੀ ਕਾਸ਼ਤ ਸਾਲ 2011-12 ਵਿੱਚ 1.26 ਲੱਖ ਹੈਕਟਰ ਰਕਬੇ ਵਿੱਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ 5.02 ਲ਼ੱਖ ਟਨ ਹੋਈ ਜਦਕਿ ਔਸਤ ਝਾੜ 39.81 ਕੁੰਇਟਲ ਪ੍ਰਤੀ ਹੈਕਟਰ ਰਿਹਾ|
ਕੇਂਦਰ ਸਰਕਾਰ ਨੇ ਇਸ਼ਾਰਾ ਕੀਤਾ ਹੈ ਕਿ ਉਹ ਹੋਲੀ ਹੋਲੀ ਕਰਕੇ ਝੋਨੇ ਦੀ ਖਰੀਦ ਚੋਂ ਆਪਣਾ ਹੱਥ ਪਿੱਛੇ ਖਿੱਚ ਸਕਦੀ ਹੈ, ਜਿਸ ਕਾਰਨ ਭਵਿੱਖ ਵਿੱਚ ਕਾਫੀ ਸਮੱਸਿਆ ਪੈਦਾ ਹੋ ਸਕਦੀ ਹੈ| ਇਹਨਾਂ ਹਲਾਤਾਂ ਕਾਰਣ, ਮੱਕੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ, ਜਿਸ ਕਾਰਣ ਇਸਨੂੰ ਖੇਤੀ ਵਿਭਿਨੰਤਾਂ ਲਿਆਉਣ ਲਈ ਝੋਨੇ ਦੇ ਬਦਲ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ| ਇਸਨੂੰ ਧਿਆਨ ਵਿਚ ਰਖਦੇ ਹੋਏ, ਪੰਜਾਬ ਦੇ ਅੰਦਰ ਇਕ ਅੰਤਰਰਾਸ਼ਟਰੀ ਪੱਧਰ ਦਾ ਸੰਸਥਾਨ, ਬੋਰਲੋਗ ਇੰਸਟੀਟਯੂਟ ਫੋਰ ਸਾਉਥ ਏਸ਼ੀਆ (ਬੀਸਾ) ਲਾਡੋਵਾਲ (ਲੁਧਿਆਣਾ) ਵਿਖੇ ਖੁੱਲ ਗਿਆ ਹੈ ਜਿਸਨੇ ਮੱਕੀ ਉੱਪਰ ਖੋਜ ਦਾ ਕੰਮ ਸ਼ੁਰੂ ਕਰ ਦਿੱਤਾ ਹੈ| ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ਦਾ ਮੱਕੀ ਸੰਸਥਾਨ, ਡਾਇਰੈਕਟੋਰੇਟ ਆਫ਼ ਮੇਜ਼ ਰੀਸਰਚ ਨੂੰ ਲਾਡੋਵਾਲ (ਲੁਧਿਆਣਾ) ਵਿਖੇ ਆਪਣਾ ਕੰਮ ਕਰਨ ਦੀ ਮਨਜ਼ੂਰੀ ਮਿੱਲ ਗਈ ਹੈ| ਮੱਕੀ ਦੀ ਵਿਗਿਆਨਿਕ ਕਾਸ਼ਤ ਹੇਠ ਦੱਸੇ ਤਰੀਕੇ ਨਾਲ ਕਰਨੀ ਚਾਹੀਦੀ ਹੈ|
ਉੱਨਤ ਕਿਸਮਾਂ:
ਸਾਉਣੀ ਰੁੱਤ ਵਿਚ ਪੀ. ਐਮ. ਐਚ. 1 ਅਤੇ ਪੀ. ਐਮ. ਐਚ. 2 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ| ਇਹ ਕਿਸਮਾਂ ਦੋਗਲੀਆਂ ਹਨ ਅਤੇ ਇਨ੍ਹਾਂ ਦਾ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ| ਪੀ. ਐਮ. ਐਚ. 1, ਪੱਕਣ ਵਿੱਚ ਤਕਰੀਬਨ 95 ਦਿਨ ਦਾ ਸਮਾਂ ਲੈਂਦੀ ਹੈ ਜਦਕਿ ਪੀ.ਐਮ. ਐਚ. 2 ਵਾਸਤੇ ਇਹ ਸਮਾਂ 83 ਦਿਨ ਹੈ| ਇਨ੍ਹਾਂ ਕਿਸਮਾਂ ਦਾ ਔਸਤ ਝਾੜ ਕ੍ਰਮਵਾਰ 21 ਅਤੇ 18 ਕੁੰਇਟਲ ਪ੍ਰਤੀ ਏਕੜ ਹੈ| ਪ੍ਰਭਾਤ ਅਤੇ ਕੇਸਰੀ ਵੀ ਪ੍ਰਮਾਣਿਤ ਕੰਪੋਜਿਟ ਕਿਸਮਾਂ ਹਨ ਜਿਹਨਾਂ ਦਾ ਔਸਤ ਝਾੜ ਕ੍ਰਮਵਾਰ 17.5 ਅਤੇ 16 ਕੁੰਇਟਲ ਪ੍ਰਤੀ ਏਕੜ ਹੈ| ਇਨ੍ਹਾਂ ਕਿਸਮਾਂ ਦਾ ਬੀਜ ਹਰ ਸਾਲ ਬਦਲਣ ਦੀ ਲੋੜ ਨਹੀਂ|
ਬਿਜਾਈ ਦਾ ਸਮਾਂ, ਤਰੀਕਾ ਅਤੇ ਬੀਜ ਦੀ ਮਾਤਰਾ :
• ਬਿਜਾਈ ਦਾ ਢੁਕਵਾਂ ਸਮਾਂ ਮਈ ਦੇ ਅਖੀਰਲੇ ਹਫ਼ਤੇ ਤੋਂ ਜੂਨ ਦੇ ਅਖੀਰ ਤੱਕ ਹੈ|ਇਸ ਦੀ ਬਿਜਾਈ ਅਗਸਤ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਕਰਕੇ ਵੀ ਚੰਗਾਂ ਝਾੜ ਲਿਆ ਜਾ ਸਕਦਾ ਹੈ ਪਰ ਜਿਉਂ ਜਿਉਂ ਬਿਜਾਈ ਮਹੀਨੇ ਦੇ ਅਖੀਰ ਵੱਲ ਜਾਂਦੀ ਹੈ ਤਾਂ ਪੱਕਣ ਦੇ ਸਮੇਂ ਵਿੱਚ ਮੌਜੂਦਾ ਤਾਪਮਾਨ ਮੁਤਾਬਿਕ ਵਾਧਾ ਹੁੰਦਾ ਜਾਂਦਾ ਹੈ|ਮੱਕੀ ਦੀ ਕਾਸ਼ਤ ਲਈ, ਮੈਰਾ ਤੋਂ ਭਲ ਵਾਲੀ ਜ਼ਮੀਨ ਜਿਥੇ ਚੰਗਾ ਜਲ ਨਿਕਾਸ ਹੋਵੇ, ਢੁਕਵੀਂ ਹੈ|ਜ਼ਮੀਨ ਨੂੰ ਚੰਗੀ ਤਰਾਂ ਵਾਹੁਣ ਅਤੇ ਸੁਹਾਗਣ ਨਾਲ ਢੇਲੇ ਟੁੱਟ ਜਾਂਦੇ ਨੇ ਅਤੇ ਨਦੀਨ ਵੀ ਖਤਮ ਹੋ ਜਾਂਦੇ ਹਨ|ਕੁਝ ਖ਼ਾਸ ਹਾਲਤਾਂ ਵਿਚ ਜਿਵੇਂ ਕੀ ਜ਼ਮੀਨ ਹਲਕੀ ਤੋਂ ਦਰਮਿਆਨੀ ਹੋਵੇ ਅਤੇ ਨਦੀਨਾਂ ਦੀ ਸਮੱਸਿਆ ਨਾਂ ਹੋਵੇ ਤਾਂ ਬਿਨਾਂ ਵਾਹੀ ਦੇ ਹੀ ਮੱਕੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ| ਜੇਕਰ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਅੱਧਾ ਲੀਟਰ ਗ੍ਰਾਮੈਕਸੋਨ 200 ਲੀਟਰ ਪਾਣੀ ਵਿਚ ਮਿਲਾ ਕੇ ਮੱਕੀ ਬੀਜਣ ਤੋਂ ਪਹਿਲਾਂ ਛਿੜੱਕ ਸਕਦੇ ਹਾਂ| ਬਿਨਾਂ ਵਾਹੀ ਨਾਲ ਖਰਚਾ ਘੱਟ ਲਗਦਾ ਹੈ ਅਤੇ ਬਿਜਾਈ ਵੀ ਸਮੇਂ ਸਿਰ ਹੋ ਸਕਦੀ ਹੈ|ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਖਾਲ਼ੀਆਂ ਵਿੱਚ ਵੀ ਕੀਤੀ ਜਾ ਸਕਦੀ ਹੈ|ਪੀ. ਐਮ. ਐਚ. 1 ਅਤੇ ਪ੍ਰਭਾਤ ਕਿਸਮਾਂ ਲਈ ਲਾਈਨਾਂ ਵਿੱਚ 60 ਸੈਂਟੀਮੀਟਰ ਜਦਕਿ ਪੀ. ਐਮ. ਐਚ. 2 ਅਤੇ ਕੇਸਰੀ ਲਈ 50 ਸੈਂਟੀਮੀਟਰ ਦਾ ਫਾਸਲਾ ਰਖੱਣਾ ਚਾਹੀਦਾ ਹੈ|ਇਕ ਏਕੜ ਦੀ ਬਿਜਾਈ ਲਈ 8 ਕਿਲੋ ਬੀਜ ਦਾ ਪ੍ਰਯੋਗ ਕਰੋ ਅਤੇ ਇਸ ਨੂੰ ਰੋਗ ਰਹਿਤ ਕਰਨ ਲਈ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜਿਮ (3 ਗ੍ਰਾਮ ਪ੍ਰਤੀ ਕਿਲੋ) ਨਾਲ ਸੋਧ ਕੇ ਬੀਜੋ|
ਸਿੰਚਾਈ ਅਤੇ ਜਲ ਨਿਕਾਸ:
ਮੱਕੀ ਦੀ ਫ਼ਸਲ ਦਾ ਕਾਫ਼ੀ ਸਮਾਂ ਮਾਨਸੂਨ ਵਿੱਚ ਆ ਜਾਂਦਾ ਹੈ| ਇਸ ਲਈ ਸਿੰਚਾਈ ਵਾਸਤੇ ਮੌਸਮ ਦੀ ਭੱਵਿਖਵਾਣੀ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ| ਪਰ ਧਿਆਨ ਰਹੇ ਕਿ ਕਿਸੇ ਵੀ ਹਾਲਤ ਵਿੱਚ ਸੋਕਾ ਨਾ ਲੱਗੇ| ਫ਼ਸਲ ਨੂੰ ਬਾਬੂਝੰਡੇ ਨਿਕਲਣ ਸਮੇਂ, ਛੱਲੀ ਦੇ ਸੂਤ ਕੱਤਣ ਸਮੇਂ ਅਤੇ ਦਾਣੇ ਬਣਨ ਸਮੇਂ ਲੋੜ ਅਨੁਸਾਰ ਪਾਣੀ ਜ਼ਰੂਰ ਲਾਉ| ਜੇਕਰ ਬਾਰਿਸ਼ ਕਾਰਨ ਪਾਣੀ ਖੜਾ ਹੋ ਜਾਵੇ ਤਾਂ ਉਸ ਨੂੰ ਖਾਲ਼ ਰਾਹੀਂ ਬਾਹਰ ਕੱਢ ਦੇਣਾ ਚਾਹੀਦਾ ਹੈ| ਜੇਕਰ ਫ਼ਸਲ ਨੂੰ ਕੁਝ ਨੁਕਸਾਨ ਹੋਵੇ ਤਾਂ ਤਿੰਨ ਪ੍ਰਤੀਸ਼ਤ ਯੂਰੀਆ ਦੇ 200 ਲੀਟਰ ਘੋਲ ਦਾ ਛਿੜਕਾਅ ਪ੍ਰਤੀ ਏਕੜ ਵਿਚ ਹਫ਼ਤੇ ਦੇ ਫ਼ਰਕ ਤੇ ਦੋ ਵਾਰ ਕਰੋ ਪਰ ਦਰਮਿਆਨੇ ਤੋਂ ਜ਼ਿਆਦਾ ਨੁਕਸਾਨ ਹੋਣ ਤੇ ਖੇਤ ਵਿਚੋਂ ਪਾਣੀ ਕੱਢਣ ਤੋਂ ਬਾਅਦ 25 ਤੋਂ 50 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਮਾਰੋ|
ਨਦੀਨਾਂ ਦੀ ਰੋਕਥਾਮ:
ਇਸ ਫ਼ਸਲ ਵਿੱਚ ਇਟਸਿਟ ਇਕ ਚੌੜੇ ਪੱਤੇ ਵਾਲਾ ਨਦੀਨ ਹੈ ਜੋ ਕਿ ਜ਼ਮੀਨ ਉੱਪਰ ਫੈਲਦਾ ਹੈ| ਇਸ ਤੋਂ ਇਲਾਵਾ ਬਾਂਸ ਪੱਤਾ, ਅਰੈਕਨੀ, ਮੱਕੜਾ, ਮਧਾਣਾ, ਤਕੜੀ ਘਾਹ ਆਦਿ ਮੁੱਖ ਨਦੀਨ ਹਨ| ਨਦੀਨ ਅਤੇ ਮੱਕੀ ਦੀ ਫ਼ਸਲ ਪਾਣੀ, ਜਗ੍ਹਾ, ਧੁੱਪ, ਖੁਰਾਕੀ ਤੱਤਾਂ ਅਤੇ ਕਾਰਬਨ ਡਾਈ ਆਕਸਾਈਡ (ਭੋਜਨ ਬਣਾਉਣ ਲਈ ਜ਼ਰੂਰੀ) ਲਈ ਮੁਕਾਬਲਾ ਕਰਦੇ ਹਨ|ਜੇਕਰ ਇਨ੍ਹਾਂ ਨਦੀਨਾਂ ਦਾ ਖਾਤਮਾ ਨਾ ਕੀਤਾ ਜਾਵੇ ਤਾਂ ਝਾੜ ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ| ਨਦੀਨਾਂ ਦਾ ਨਾਸ਼ ਕਰਣ ਲਈ ਦੋ ਗੋਡੀਆਂ ਬਹੁਤ ਜ਼ਰੂਰੀ ਹਨ| ਇਸ ਤੋਂ ਇਲਾਵਾ ਐਟਰਾਟਾਫ 50 ਡਬਲਯੂ. ਪੀ. (ਐਟ੍ਰਾਜ਼ੀਨ) ਦਾ ਛਿੜਕਾਅ 500-800 ਗਾ੍ਰਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਫਲੈਟ ਫੈਨ ਜਾਂ ਫੱਲਡ ਜੈਟ ਨੋਜ਼ਲ ਰਾਹੀਂ, ਫਸਲ ਬੀਜਣ ਤੋਂ ਦੋ ਦਿਨਾਂ ਦੇ ਅੰਦਰ ਹੀ ਕਰੋ| ਰੇਤਲੀ ਜ਼ਮੀਨ ਵਿੱਚ 500 ਗ੍ਰਾਮ ਅਤੇ ਭਾਰੀਆਂ ਜਮੀਨਾਂ ਵਿੱਚ 800 ਗ੍ਰਾਮ ਦੀ ਵਰਤੋ ਕਰੋ| ਐਟ੍ਰਾਜ਼ੀਨ ਦੇ ਪੂਰੇ ਅਸਰ ਲਈ ਜ਼ਮੀਨ ਵਿੱਚ ਪੂਰੀ ਗਿੱਲ ਹੋਣੀ ਚਾਹੀਦੀ ਹੈ|ਜੇਕਰ ਕਿਸੇ ਕਾਰਨ ਕਰਕੇ ਐਟਰਾਟਾਫ ਦਾ ਛਿੜਕਾਅ ਬਿਜਾਈ ਦੇ ਦੋ ਦਿਨਾਂ ਦੇ ਅੰਦਰ ਨਾਂ ਕੀਤਾ ਜਾ ਸਕੇ ਤਾਂ 500-800 ਗ੍ਰਾਮ ਪ੍ਰਤੀ ਏਕੜ ਦੀ ਮਾਤਰਾ ਦਾ ਛਿੜਕਾਅ ਫ਼ਸਲ ਬੀਜਣ ਦੇ ਦੱਸ ਦਿਨਾਂ ਅੰਦਰ-ਅੰਦਰ ਵੀ ਕੀਤਾ ਜਾ ਸਕਦਾ ਹੈ| ਜੇਕਰ ਖੇਤਾਂ ਵਿੱਚ ਸਖਤ ਜਾਨ ਨਦੀਨ ਜਿਵੇਂ ਕਿ ਬਾਂਸ ਪੱਤਾ, ਅਰੈਕਨੀ ਘਾਹ, ਕਾਂ ਮੱਕੀ ਆਦਿ ਹੋਵੇ ਤਾਂ ਦੋ ਦਵਾਈਆਂ ਮਿਲਾ ਕੇ ਵੀ ਵਰਤ ਸਕਦੇ ਹਾਂ|ਐਟਰਾਟਾਫ 50 ਡਬਲਯੂ. ਪੀ. ਦੀ 600 ਗਾ੍ਰਮ ਮਾਤਰਾ ਵਿੱਚ ਇਕ ਲੀਟਰ ਸਟੋਂਪ 30 ਈ. ਸੀ (ਪੈਡੀਮਿਥਾਲਿਨ) ਜਾਂ ਲਾਸੋ 50 ਈ. ਸੀ. (ਐਲਾਕਰੋਲ) ਜਾਂ ਟਰੈਫਲਾਨ 48 ਈ. ਸੀ. (ਟ੍ਰਾਈਫਲੂਰਾਲਿਨ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਦੇ ਦੋ ਦਿਨਾਂ ਦੇ ਅੰਦਰ ਛਿੜਕਾਅ ਕਰੋ| ਇਸ ਤੋਂ ਇਲਾਵਾ, ਜੇਕਰ ਇਟਸਿਟ ਦੀ ਸਮੱਸਿਆ ਨਾ ਹੋਵੇ ਤਾਂ ਲਾਸੋ 50 ਈ. ਸੀ. (ਐਲਾਕਲੋਰ) ਦੋ ਲੀਟਰ ਦਾ ਛਿੜਕਾਅ ਵੀ ਬਿਜਾਈ ਦੇ ਦੋ ਦਿਨਾਂ ਦੇ ਅੰਦਰ ਹੀ ਕੀਤਾ ਜਾ ਸਕਦਾ ਹੈ| ਧਿਆਨ ਰਹੇ, ਜੇਕਰ ਜ਼ਮੀਨ ਵਿੱਚ ਨਮੀਂ ਘੱਟ ਹੋਵੇ ਤਾਂ ਦਵਾਈ ਦਾ ਨਦੀਨਾਂ ਤੇ ਅਸਰ ਘੱਟ ਹੋ ਜਾਦਾਂ ਹੈ|
ਖਾਦ ਦਾ ਪ੍ਰਬੰਧ:
ਬਿਜਾਈ ਸਮੇਂ ਦਰਮਿਆਨੀਆਂ ਉਪਜਾਉ ਜ਼ਮੀਨਾਂ ਲਈ, ਪੀ ਐਮ ਐਚ 1 ਅਤੇ ਪ੍ਰਭਾਤ ਨੂੰ 16 ਕਿਲੋ ਯੂਰੀਆ ਅਤੇ 55 ਕਿਲੋ ਡੀ. ਏ. ਪੀ. ਪ੍ਰਤੀ ਏਕੜ ਦੀ ਲੋੜ ਹੈ| ਬਾਕੀ ਦੀ ਰਹਿੰਦੀ 74 ਕਿਲੋ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆ ਵਿਚ ਵੰਡ ਕੇ, ਇਕ ਹਿੱਸਾ ਉਸ ਵੇਲੇ ਪਾਉ ਜਦ ਫਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਉ| ਇਸੇ ਤਰ੍ਹਾਂ ਬਿਜਾਈ ਸਮੇਂ ਪੀ ਐਮ ਐਚ 2 ਅਤੇ ਕੇਸਰੀ ਕਿਸਮਾਂ ਨੂੰ 15 ਕਿਲੋ ਯੂਰੀਆ ਅਤੇ 27 ਕਿਲੋ ਡੀ. ਏ. ਪੀ. ਪ੍ਰਤੀ ਏਕੜ ਦੀ ਲੋੜ ਹੈ| ਬਾਕੀ ਦੀ ਰਹਿੰਦੀ 50 ਕਿਲੋ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆ ਵਿਚ ਵੰਡ ਕੇ ਪਹਿਲਾਂ ਦੱਸੇ ਢੰਗ ਅਨੁਸਾਰ ਪਾਉ| ਯੂਰੀਆ ਖਾਦ ਦੀ ਸੁਚੱਜੀ ਵਰਤੋਂ ਅਤੇ ਪੈਸੇ ਦੀ ਬਚੱਤ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਸ ਲਈ ਕਿਸਾਨ ਵੀਰਾਂ ਨੂੰ ਕੁਝ ਅਭਿਆਸ ਦੀ ਲੋੜ ਪੈਦੀਂ ਹੈ| ਇਸ ਚਾਰਟ ਦੀ ਖਰੀਦ ਭੂਮੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਕੀਤੀ ਜਾ ਸਕਦੀ ਹੈ| ਜੇਕਰ ਖੇਤ ਵਿਚ 6 ਟਨ ਵਧੀਆ ਰੂੜੀ ਦੀ ਖਾਦ ਪਾਈ ਹੋਵੇ, ਤਾਂ ਬਿਜਾਈ ਵੇਲੇ ਕਿਸੇ ਵੀ ਖਾਦ ਦੀ ਲੋੜ ਨਹੀਂ ਅਤੇ ਜੇ ਕਣਕ ਨੂੰ ਸਿਫਾਰਿਸ਼ ਅਨੁਸਾਰ ਫਾਸਫੋਰਸ ਅਤੇ ਪੌਟਾਸ਼ ਪਾਇਆ ਹੋਵੇ ਤਾਂ ਮੱਕੀ ਨੂੰ ਇਹ ਤੱਤ ਨਾ ਪਾਉ|
ਜੇਕਰ ਪੋਟਾਸ਼ ਤੱਤ ਦੀ ਮਿੱਟੀ ਵਿੱਚ ਘਾਟ ਹੋਵੇ ਤਾਂ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਇਸ ਦੀ ਵਰਤੋਂ ਕਰੋ| ਜਿੰਕ ਦੀ ਘਾਟ ਜੇਕਰ ਪਹਿਲੀ ਫਸਲ ਤੇ ਨਜ਼ਰ ਆਈ ਹੋਵੇ ਤਾਂ ਬਿਜਾਈ ਸਮੇਂ 10 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ (21%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਮਿਲਾ ਦਿਉ|ਜੇਕਰ ਜਿੰਕ ਸਲਫੇਟ ਨਾਂ ਵਰਤਿਆ ਹੋਵੇ ਅਤੇ ਘਾਟ ਦੇ ਲੱਛਣ ਵੇਖੇ ਜਾਣ ਤਾਂ ਉੱਪਰ ਦੱਸੀ ਜਿੰਕ ਸਲਫੇਟ ਦੀ ਮਾਤਰਾ ਅਤੇ ਉਹਨੀ ਹੀ ਮਿੱਟੀ ਮਿਲਾ ਕੇ ਕਤਾਰਾਂ ਦੇ ਨਾਲ-ਨਾਲ ਪਾ ਦਿਉ ਤੇ ਗੋਡੀ ਕਰਕੇ ਮਿੱਟੀ ਵਿਚ ਮਿਲਾ ਦਿਉ ਅਤੇ ਬਾਅਦ ਵਿਚ ਖੇਤ ਨੂੰ ਪਾਣੀ ਲਾ ਦਿਉ| ਜੇਕਰ ਗੋਡੀ ਕਰਨ ਵਿਚ ਮੁਸ਼ਕਲ ਹੋਵੇ ਤਾਂ 1200 ਗ੍ਰਾਮ ਜਿੰਕ ਸਲਫੇਟ (ਹੈਪਟਾਹਾਈਡਰੇਟ) + 600 ਗ੍ਰਾਮ ਅਣਬੁੱਝੇ ਚੂਨੇ ਨੂੰ 200 ਲੀਟਰ ਪਾਣੀ ਵਿਚ ਪਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ|
ਮੁੱਖ ਕੀੜੇ ਅਤੇ ਬੀਮਾਰੀਆਂ
• ਮੱਕੀ ਦਾ ਗੜੂੰਆਂ: ਮੱਕੀ ਨੂੰ ਨੁਕਸਾਨ ਪਹੁਚਾਉਣ ਵਾਲੇ ਕੀੜਿਆਂ ਵਿਚੋ ਸੱਭ ਤੋ ਵੱਧ ਹਾਨੀਕਾਰਕ ਮੱਕੀ ਦਾ ਗੜੂੰਆਂ ਹੈ|ਆਂਡਿਆਂ ਵਿਚੋ ਨਿਕਲਦੇ ਸਾਰ ਹੀ, ਸੁੰਡਿਆਂ ਪੱਤਿਆਂ ਨੂੰ ਖਰੋਚ ਕੇ ਖਾਣਾ ਸ਼ੁਰੂ ਕਰ ਦਿੰਦੀਆਂ ਹਨ| ਫਿਰ ਇਹ ਗੋਭ ਵਿੱਚ ਵੜ ਕੇ ਖਾਂਦੀਆਂ ਹਨ, ਜਿਸ ਕਾਰਨ ਗੋਭ ਸੁੱਕ ਜਾਂਦੀ ਹੈ| ਹਮਲੇ ਵਾਲੀ ਗੋਭਾਂ ਵਿਚੋਂ ਨਵੇ ਨਿਕਲੇ ਪੱਤਿਆਂ ਵਿਚ ਨਿੱਕੀਆਂ ਨਿੱਕੀਆਂ ਮੋਰੀਆਂ (ਲਾਈਨ ਵਿੱਚ) ਬਣ ਜਾਦੀਆਂ ਹਨ| ਸੁੱਕੀ ਗੋਭ ਵਾਲੇ ਬੂਟੇ ਮੱਧਰੇ ਰਹ ਜਾਂਦੇ ਹਨ ਅਤੇ ਇਹਨਾਂ ਦੇ ਪਾਸਿਉਂ ਹੋਰ ਨਵੇ ਬੂਟੇ ਫੁੱਟ ਪੈਂਦੇ ਹਨ, ਪਰ ਇਹਨਾਂ ਨੂੰ ਕੋਈ ਛੱਲੀ ਨਹੀਂ ਪੈਦੀਂ|ਅਗੇਤੀ ਫਸਲ ਉੱਪਰ ਗੜੂੰਏ ਦਾ ਹਮਲਾ ਜਿਆਦਾ ਹੁੰਦਾ ਹੈ, ਇਸ ਲਈ ਬਿਜਾਈ ਸਿਫਾਰਸ਼ ਅਨੁਸਾਰ ਹੋਣੀ ਚਾਹੀਦੀ ਹੈ| ਬਿਜਾਈ ਤੋਂ 2-3 ਹਫਤੇ ਪਿਛੋਂ ਜਾਂ ਜਿਸ ਵੇਲੇ ਪੱਤਿਆਂ ਉੱਪਰ ਇਸ ਕੀੜੇ ਦਾ ਹਮਲਾ ਦਿਸੇ ਤਾਂ ਸੁਮਿਸੀਡੀਨ 20 ਤਾਕਤ (ਫੈਨਵੇਲਰੇਟ) ਜਾਂ ਰਿਪਕਾਰਡ 10 ਤਾਕਤ (ਸਾਈਪਰਮੈਥਰੀਨ) 40 ਮਿਲੀਲਿਟਰ ਜਾਂ ਡੈਸਿਸ 2.8 ਤਾਕਤ (ਡੈਲਟਾਮੈਥਰੀਨ) 80 ਮਿਲੀਲਿਟਰ ਨੂੰ 60 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ|ਮੱਕੀ ਦੇ ਗੜੂੰਏ ਦਾ ਖਾਤਮਾ ਟਰਾਈਕੋਗਰਾਮਾ (ਮਿੱਤਰ ਕੀੜਾ) ਨੂੰ ਛੱਡ ਕੇ ਵੀ ਕੀਤਾ ਜਾ ਸਕਦਾ ਹੈ|ਟਰਾਈਕੋਗਰਾਮਾ (ਮਿੱਤਰ ਕੀੜਾ) ਰਾਹੀਂ ਪ੍ਰਜੀਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਤੋਂ 15 ਦਿਨਾਂ ਦੀ ਫਸਲ ਉੱਪਰ ਵਰਤੋ| ਇਨ੍ਹਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿਚ ਇਸ ਤਰਾਂ ਕੱਟੋ ਕਿ ਹਰ ਹਿੱਸੇ ਉਪਰ 1000 ਆਂਡੇ ਹੋਣ| ਇਨ੍ਹਾਂ ਹਿੱਸਿਆ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇ ਖੇਤ ਵਿੱਚ ਇਕਸਾਰ ਦੂਰੀ ਤੇ ਪਿੰਨ ਨਾਲ ਨੱਥੀ ਕਰੋ|
• ਪੱਤਾ ਝੁਲਸ ਰੋਗ:ਇਸ ਬੀਮਾਰੀ ਦਾ ਹਮਲਾ ਗਰਮ ਅਤੇ ਨਮੀ ਵਾਲੇ ਇਲਾਕਿਆਂ ਵਿੱਚ ਜਿਆਦਾ ਨੁਕਸਾਨ ਕਰਦਾ ਹੈ| ਇਸ ਬੀਮਾਰੀ ਨਾਲ ਪੱਤਿਆਂ ਦੇ ਆਲੇ-ਦੁਆਲੇ ਪੀਲੇ ਭੂਰੇ ਰੰਗ ਦੇ ਘੇਰੇ ਬਣ ਜਾਂਦੇ ਹਨ ਅਤੇ ਪੱਤੇ ਸੁੱਕ ਜਾਂਦੇ ਹਨ| ਇਹ ਨਿਸ਼ਾਨੀਆਂ ਛੱਲੀਆਂ ਦੇ ਪਰਦਿਆਂ ਤੇ ਵੀ ਪੈ ਜਾਂਦੀਆਂ ਹਨ| ਇਸ ਦੀ ਰੋਕਥਾਮ ਲਈ ਬਿਜਾਈ ਤੋਂ 15 ਦਿਨਾਂ ਬਾਅਦ 200 ਗ੍ਰਾਮ ਇੰਡੋਫਿਲ ਐਮ 45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 10-10 ਦਿਨਾਂ ਦੀ ਵਿੱਥ ਤੇ ਤਿੰਨ ਛਿੜਕਾਅ ਕਰੋ|
• ਟਾਂਡੇ ਗਲਣਾ: ਇਸ ਰੋਗ ਨਾਲ ਤਣੇ ਦੇ ਹੇਠਲੇ ਹਿੱਸੇ ਵਿੱਚ ਪਾਣੀ ਭਰੇ ਨਿਸ਼ਾਨ ਪੈ ਜਾਂਦੇ ਹਨ ਜਿਸਦੇ ਨਾਲ ਇਹ ਹੋਲੀ ਹੋਲੀ ਗਲਣਾ ਸ਼ੁਰੂ ਹੋ ਜਾਂਦਾ ਹੈ|ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਣ ਖੱਤਮ ਹੋਣਾ ਅਤੇ ਤਣੇ ਵਿੱਚ ਬੱਦਬੂ ਆਉਣਾ ਇਸ ਬਿਮਾਰੀ ਦੇ ਮੁੱਖ ਚਿੰਨ ਹਨ|ਇਸ ਬਿਮਾਰੀ ਤੋਂ ਬੱਚਣ ਲਈ ਖੇਤ ਵਿਚ ਪਾਣੀ ਦਾ ਨਿਕਾਸ ਅਤੇ ਬੂਟਿਆਂ ਵਿਚਕਾਰ ਫਾਸਲਾ ਠੀਕ ਰਖੋ| ਪੌਦਿਆਂ ਦੇ ਮੁੱਢਾ ਨੂੰ ਨਸ਼ਟ ਕਰ ਦਿਉ|ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੋ ਕਿਉਕਿ ਉਹ ਇਸ ਬਿਮਾਰੀ ਦਾ ਭਲੀ-ਭਾਂਤ ਟਾਕਰਾ ਕਰ ਸਕਦੀਆਂ ਹਨ|
• ਪਛੇਤਾ ਮੁਰਝਾਉਣਾ: ਇਹ ਬਿਮਾਰੀ ਨਾਲ ਬੂਟੇ ਫੁੱਲ ਆਉਣ ਤੋਂ ਬਾਅਦ ਕੁਮਲਾਉਣ ਲੱਗ ਪੈਦੇ ਹਨ|ਟਾਂਡੇ ਦੀਆਂ ਹੇਠਲੀਆਂ ਪੋਰੀਆਂ ਦਾ ਰੰਗ ਬਦਲ ਜਾਂਦਾ ਹੈ| ਟਾਂਡੇ ਨੂੰ ਪਾੜਨ ਤੇ ਵਿਚਲੇ ਹਿੱਸੇ ਵਿੱਚ ਭੂਰੀਆਂ ਜਾਂ ਕਾਲੀਆਂ ਧਾਰੀਆਂ ਨਜ਼ਰ ਆਉਦੀਆਂ ਹਨ| ਇਸ ਦੀ ਰੋਕਥਾਮ ਲਈ ਜ਼ਰੂਰੀ ਹੈ, ਕਿ ਖਾਦਾਂ ਦੀ ਸਿਫਾਰਸ਼ ਮਾਤਰਾ ਹੀ ਵਰਤੋ, ਮੱਕੀ ਨੂੰ ਫੁੱਲ ਆਉਣ ਤੋਂ ਬਾਅਦ ਸੋਕੇ ਤੋਂ ਬਚਾਈਏ ਅਤੇ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੀਏ|
-
ਸਤਪਾਲ ਸਿੰਘ, ਜਸਬੀਰ ਸਿੰਘ ਚਾą,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.