ਗ੍ਰਿਫਥ ਵਿਖੇ ਹੁੰਦੇ ਸ਼ਹੀਦੀ ਖੇਡ ਮੇਲੇ ਤੇ ਜਾਣ ਲਈ ਤਿਆਰੀ ਕਰਦਿਆਂ ਮਨ ਵਿਚ ਵੱਖਰੇ ਹੀ ਤਰ੍ਹਾਂ ਦਾ ਚਾਅ ਹੁੰਦਾ ਜਿਵੇਂ ਨਾਨਕੀ ਛੁੱਟੀਆਂ ਕੱਟਣ ਜਾ ਰਹੇ ਹੋਈਏ। ਗ੍ਰਿਫਥ ਖੇਡਾਂ ਦੇਖ ਕੇ ਇਸ ਤਰ੍ਹਾਂ ਦਾ ਨਿੱਘ ਮਿਲਦਾ ਜਿਵੇਂ ਨਾਨੀ ਦੀ ਬੁੱਕਲ ਵਿਚ ਬੈਠੇ ਹੋਈਏ। ਗ੍ਰਿਫਥ ਸ਼ਹੀਦੀ ਖੇਡ ਮੇਲੇ ਦੀਆਂ ਹੋਰ ਗੱਲਾਂ ਤੋਂ ਪਹਿਲਾਂ ਇਸ ਦੇ ਇਤਿਹਾਸ ਵੱਲ ਮੁੜਨਾ ਪਵੇਗਾ ਕਿ ਕਿਵੇਂ ਇੱਕ ਸ਼ਹੀਦੀ ਪਰਿਵਾਰ ਨਾਲ ਸੰਬੰਧਿਤ ਅਤੇ ਹਿੰਦੁਸਤਾਨ ਦੀ ਹਕੂਮਤ ਦੇ ਸਤਾਏ ਨੌਜਵਾਨ ਰਣਜੀਤ ਸਿੰਘ ਸ਼ੇਰਗਿੱਲ ਆਪਣੇ ਵੱਡੇ ਭਰਾ ਅਜਮੇਰ ਸਿੰਘ ਦੀ 1984 ਵਿਚ ਸ਼ਹਾਦਤ ਤੋਂ ਬਾਅਦ ਕਿੰਨਾ ਮੁਸ਼ਕਿਲ ਹਾਲਤਾਂ ਨਾਲ ਜੂਝਦਾ ਹੋਇਆ ਆਸਟ੍ਰੇਲੀਆ ਪਹੁੰਚਿਆ। ਆਸਟ੍ਰੇਲੀਆ ਪਹੁੰਚ ਕੇ ਜਿੱਥੇ ਰਣਜੀਤ ਸਿੰਘ ਨੂੰ ਆਪਣੇ ਖੇਰੂੰ ਖੇਰੂੰ ਹੋ ਚੁੱਕੇ ਪਰਿਵਾਰ ਦੀ ਚਿੰਤਾ ਸਤਾ ਰਹੀ ਸੀ ਉਥੇ ਆਪਣੀ ਰੋਜੀ ਰੋਟੀ ਲਈ ਵੀ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਸੀ। ਪਰ ਕਹਿੰਦੇ ਨੇ ਕਿ ਹੌਸਲਾ ਅਤੇ ਸਿਰੜ ਇਨਸਾਨ ਨੂੰ ਉਸਦੀ ਮੰਜ਼ਿਲ ਤੱਕ ਜ਼ਰੂਰ ਪਹੁੰਚਾ ਦਿੰਦਾ ਹੈ। ਉਸੇ ਨੂੰ ਹੀ ਸੱਚ ਕਰ ਦਿਖਾਇਆ ਰਣਜੀਤ ਸਿੰਘ ਸ਼ੇਰਗਿੱਲ ਨੇ। ਆਸਟ੍ਰੇਲੀਆ ਵਿਚ ਸਥਾਪਿਤ ਹੋਣ ਤੋਂ ਬਾਅਦ ਰਣਜੀਤ ਸਿੰਘ ਦੇ ਉੱਦਮ ਸਦਕਾ ਅਤੇ ਗ੍ਰਿਫਥ ਵੱਸਦੇ ਪੰਜਾਬੀਆਂ ਦੇ ਸਾਥ ਕਰਕੇ ਗ੍ਰਿਫਥ ਦੀ ਧਰਤੀ ਤੇ 28 ਮਈ 1995 ਨੂੰ ਅਜਮੇਰ ਸਿੰਘ ਦੀ ਯਾਦ ਵਿਚ ਪਹਿਲਾ ਸ਼ਹੀਦੀ ਖੇਡ ਮੇਲਾ ਕਰਵਾਇਆ ਗਿਆ। ਉਸ ਦਿਨ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਅਖੰਡਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਬਾਅਦ ਦੁਪਹਿਰ ਕਬੱਡੀ ਅਤੇ ਰੱਸਾਕਸ਼ੀ ਦੇ ਕੁਝ ਮੁਕਾਬਲੇ ਕਰਵਾਏ ਗਏ। ਫੇਰ 1996 ਅਤੇ 1997 ਵਿਚ ਕਿਸੇ ਕਾਰਨਾ ਕਰਕੇ ਖੇਡ ਮੇਲਾ ਨਾ ਹੋ ਸਕਿਆ। ਪਰ 1998 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰਿਫਥ ਅਤੇ ਸਿੱਖ ਸੰਗਤਾਂ ਨੇ ਫ਼ੈਸਲਾ ਕੀਤਾ ਕਿ ਇਸ ਲੜੀ ਨੂੰ ਅੱਗੇ ਤੋਰਦਿਆਂ ਹਰੇਕ ਸਾਲ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਖੇਡ ਮੇਲਾ ਕਰਵਾਇਆ ਜਾਵੇ ਅਤੇ 1995 ਵਿਚ ਹੋਏ ਖੇਡ ਮੇਲੇ ਨੂੰ ਪਹਿਲਾ ਖੇਡ ਮੇਲਾ ਮੰਨ ਲਿਆ ਜਾਵੇ ਅਤੇ ਉਨ੍ਹਾਂ ਇਸ ਖੇਡ ਮੇਲਾ ਦੀ ਪੱਕੀ ਤਰੀਕ ਅੱਠ ਅਤੇ ਨੌਂ ਜੂਨ ਮਿੱਥ ਲਈ। ਸੋ ਉਸ ਵੇਲੇ ਕੁਝ ਮੈਚਾਂ ਤੋਂ ਸ਼ੁਰੂ ਹੋਇਆ ਇਹ ਖੇਡ ਮੇਲਾ ਅੱਜ ਪੂਰੇ ਆਸਟ੍ਰੇਲੀਆ ਵਿਚ ਹੀ ਨਹੀਂ ਬਲਕਿ ਦੂਜੇ ਮੁਲਕਾਂ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਇਹ ਆਸਟ੍ਰੇਲੀਆ ਦਾ ਪਹਿਲਾ ਐਸਾ ਖੇਡ ਮੇਲਾ ਹੈ ਜੋ ਪੱਕੀਆਂ ਤਰੀਕਾਂ ਅਤੇ ਮਿੱਥੇ ਦਿਨ ਹੁੰਦਾ ਹੈ।
ਇਸ ਵਾਰ ਵੀ ਹਰੇਕ ਸਾਲ ਦੀ ਤਰ੍ਹਾਂ 17 ਵੇਂ ਖੇਡ ਮੇਲੇ ਲਈ ਪ੍ਰਬੰਧਕਾਂ ਅਤੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੋਸਤ ਮਿੱਤਰ ਕਾਫ਼ੀ ਦਿਨ ਪਹਿਲਾਂ ਹੀ ਇੱਕ ਦੂਜੇ ਨਾਲ ਸੰਪਰਕ ਕਰਕੇ ਮੇਲਾ ਦੇਖਣ ਦੀਆਂ ਸਕੀਮਾਂ ਬਣਾ ਰਹੇ ਸਨ, ਸਭ ਨੂੰ ਵਿਆਹ ਜਿੰਨਾ ਚਾਅ ਸੀ। ਗ੍ਰਿਫਥ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਹੋਟਲਾਂ ਮੋਟਲਾਂ ਦੀ ਬੁਕਿੰਗ ਕਾਫ਼ੀ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ। ਸਭ ਨੇ ਸੱਤ ਜੂਨ ਦੀ ਰਾਤ ਨੂੰ ਗੱਡੀਆਂ ਦੇ ਮੂੰਹ ਗ੍ਰਿਫਥ ਵੱਲ ਕਰਕੇ ਰੇਸਾਂ ਨੱਪ ਦਿੱਤੀਆਂ। ਕਿਸੇ ਨੂੰ ਸ਼ਹੀਦਾਂ ਦੀ ਸੋਚ ਆਪਣੇ ਵੱਲ ਖਿੱਚ ਰਹੀ ਸੀ, ਕੋਈ ਆਪਣੇ ਪੁਰਾਣੇ ਯਾਰ ਬੇਲੀਆਂ ਨੂੰ ਮਿਲਣ ਲਈ ਉਤਾਵਲਾ ਸੀ। ਇਸ ਵਾਰ ਵੀ ਮੇਲੇ ਨੂੰ ਦੇਖਣ ਲਈ ਸੰਗਤ ਆਸਟ੍ਰੇਲੀਆ ਦੇ ਕੋਨੇ ਕੋਨੇ ਪਹੁੰਚੀ। ਕੁਦਰਤ ਵੀ ਇਸ ਵਾਰ 17 ਵੇਂ ਖੇਡ ਮੇਲੇ ਤੇ ਮਿਹਰਬਾਨ ਰਹੀ। ਦਰਸ਼ਕਾਂ ਨੂੰ ਸਿਆਲਾਂ ਦੀ ਖਿੜੀ ਧੁੱਪ ਅਤੇ ਗ੍ਰਿਫਥ ਵਾਸੀਆਂ ਦਾ ਪਿਆਰ ਬਾਂਹਾਂ ਖੋਲ੍ਹ ਕੇ ਉਡੀਕ ਰਿਹਾ ਸੀ। ਸ਼ੁਰੂਆਤ ਮੌਕੇ ਜਿੱਥੇ ਪ੍ਰਬੰਧਕ ਰੱਖ ਰਖਵਾ ਵਿੱਚ ਵਿਅਸਥ ਸਨ ਉਥੇ ਦਰਸ਼ਕ ਪਰਿਵਾਰਾਂ ਸਮੇਤ ਗਰਮਾ ਗਰਮ ਚਾਹ, ਪਕੌੜੇ, ਲੱਡੂ, ਪਿੰਨੀਆਂ ਨੂੰ ਵਾਢੇ ਪਾ ਰਹੇ ਸਨ। ਦੂਜੇ ਪਾਸੇ ਮੀਡੀਆ ਵਾਲੇ ਵੀਰ ਆਪਣੇ ਕੈਮਰੇ, ਮਾਈਕਾਂ ਦੀ ਠੁੱਕ ਠੁੱਕ ਕਰ ਰਹੇ ਸਨ। ਜਿਵੇਂ ਜਿਵੇਂ ਧੁੱਪ ਖਿੜਦੀ ਗਈ ਓਵੇਂ ਓਵੇਂ ਮੇਲਾ ਭਰਦਾ ਗਿਆ। ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਸੀ। ਛੋਟੀ ਉਮਰ ਦੇ ਖਿਡਾਰੀਆਂ ਦੇ ਮੈਚ ਚਲਦੇ ਰਹੇ, ਰੈਫ਼ਰੀ ਸਹਿਬਾਨਾਂ ਦੀਆਂ ਸੀਟੀਆਂ, ਕਮੈਂਟਰੀ ਵਾਲਿਆਂ ਦੀਆਂ ਦਿਲਚਸਪ ਗੱਲਾਂ ਨਾਲੋਂ ਨਾਲ ਚੱਲਦਿਆਂ ਰਹੀਆਂ। ਕੁਝ ਟਾਈਮ ਦੋ ਟੀਮਾਂ ਦੀ ਆਪਸੀ ਲੜਾਈ ਕਰਕੇ ਬਰਬਾਦ ਵੀ ਹੋਇਆ, ਜਿਸ ਨਾਲ ਦਰਸ਼ਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ। ਇਸ ਦੌਰਾਨ ਗੁਰੂ ਕੇ ਅਟੁੱਟ ਲੰਗਰ ਚੱਲਦੇ ਰਹੇ, ਜੋ ਆਪਣੀ ਮਿਸਾਲ ਆਪ ਸਨ। ਜਿਸ ਵਿਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਸ਼ਾਮਿਲ ਸਨ। ਇਥੇ ਵਰਨਣਯੋਗ ਹੈ ਕਿ ਗੁਰੂ ਕੇ ਅਟੁੱਟ ਲੰਗਰ ਗ੍ਰਿਫਥ ਵਾਸੀਆਂ ਅਤੇ ਸਿੱਖ ਸੰਗਤ ਦੀ ਵੱਖਰੀ ਪਹਿਚਾਣ ਬਣ ਚੁੱਕੇ ਹਨ। ਇਸ ਮੌਕੇ ਸਿੱਖ ਫੈਡਰੇਸ਼ਨ ਆਫ਼ ਆਸਟ੍ਰੇਲੀਆ ਅਤੇ ਕੌਮੀ ਆਵਾਜ਼ ਰੇਡੀਉ ਵੱਲੋਂ ਲਗਾਈ ਗਈ 1984 ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ। ਸ਼ਾਮ ਵੇਲੇ ਜਿੱਥੇ ਇੱਕ ਪਾਸੇ ਪੰਜਾਬੀ ਆਪਣੀ ਫ਼ਿਤਰਤ ਨੂੰ ਨਿਭਾਉਂਦੇ ਹੋਏ ਕਾਰਾਂ ਦੀਆਂ ਡਿੱਗੀਆਂ ਵਿੱਚ ਰੱਖੀਆਂ ਦਾਰੂ ਦੀਆਂ ਬੋਤਲਾਂ ਵੱਲ ਜਾ ਰਹੇ ਸਨ, ਉਥੇ ਦੂਜੇ ਪਾਸੇ ਗੁਰੂ ਘਰ ਗੁਰਦੁਆਰਾ ਸਾਹਿਬ ਵਿਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੀਵਾਨ ਸਜਾਏ ਗਏ ਜਿੱਥੇ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ ਅਤੇ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਦੀਵਾਨਾਂ ਵਿੱਚ ਜਾਗਰੂਕ ਸਿੱਖਾਂ ਨੇ ਹੁੰਮ੍ਹ ਹਮਾ ਕੇ ਸ਼ਮੂਲੀਅਤ ਕੀਤੀ। ਰਾਤ ਨੂੰ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਆਏ ਪੰਜਾਬੀਆਂ ਨੇ ਰੈਸਟੋਰੈਂਟ ਦੀਆਂ ਰੋਟੀਆਂ, ਡੌਮੀਨੋਜ਼ ਦੇ ਪੀਜਿਆਂ ਦੀ ਗੱਲ ਤਾਂ ਛੱਡੋ ਇਹਨਾਂ ਨੇ ਤਾਂ ਠੇਕਿਆਂ ਚੋਂ ਸ਼ਰਾਬ ਦੀਆਂ ਬੋਤਲਾਂ ਵੀ ਮੁਕਾ ਦਿੱਤਿਆਂ।
ਦੂਜੇ ਦਿਨ ਫਿਰ ਗੱਭਰੂ ਮੁਟਿਆਰਾਂ ਤਰ੍ਹਾਂ ਤਰ੍ਹਾਂ ਦੇ ਬਾਣੇ ਪਾ, ਬੀਬੀਆਂ ਪ੍ਰੈੱਸ ਕੀਤੀਆਂ ਚੁੰਨੀਆਂ ਲੈ, ਬਾਬੇ ਦਾੜ੍ਹੀ ਨੂੰ ਤੇਲ ਨਾਲ ਚੋਪੜ ਕੇ ਫੇਰ ਆ ਡਟੇ ਚਾਹ ਅਤੇ ਪਕੌੜਿਆਂ ਨੂੰ। ਮੀਡੀਆ ਵਾਲੇ ਅਲੱਗ ਫ਼ੌਜ ਵਾਂਗੂੰ ਤਰ ਬਰ ਤਿਆਰ ਸਨ ਖੇਡਾਂ ਦੀ ਪਲ ਪਲ ਦੀ ਖ਼ਬਰ ਦੁਨੀਆ ਤੱਕ ਪਹੁੰਚਾਉਣ ਲਈ। ਪ੍ਰਬੰਧਕਾਂ ਦੇ ਚਿਹਰੇ ਤੇ ਖ਼ੁਸ਼ੀ ਅਤੇ ਚਿੰਤਾ ਦੇ ਰਲਵੇਂ ਮਿਲਵੇਂ ਪ੍ਰਭਾਵ ਦੇਖਣ ਨੂੰ ਮਿਲ ਰਹੇ ਸਨ। ਚੜ੍ਹਦੀ ਧੁੱਪ ਨਾਲ ਇਕੱਠ ਦਾ ਇਹ ਹਾਲ ਸੀ ਕਿ ਇੱਕ ਬੇਬੇ ਆਪਣੇ ਪਤੀ ਪ੍ਰਮੇਸ਼ਵਰ ਨੂੰ ਕਹਿ ਰਹੀ ਸੀ \"ਬੋਲਦਾ ਨੀ ਦੋ ਕੁਰਸੀਆਂ ਹੱਥ ਹੇਠ ਕਰ ਲੈ ਫੇਰ ਨੀ ਮਿਲਣੀਆਂ ਨਾਲ਼ੇ ਆਰਾਮ ਨਾਲ ਬੈਠਾਂਗੇ ਮੇਰੇ ਤੋਂ ਨੀ ਖੜਾ ਜਾਣਾ ਸਾਰੀ ਦਿਹਾੜੀ\"
ਭਖਦੇ ਖੇਡ ਮੇਲੇ ਵਿਚ ਬੜੇ ਫਸਵੇਂ ਮੈਚ ਚਲ ਰਹੇ ਸਨ। ਨਾਲੋਂ ਨਾਲ ਰੱਸਾ ਕਸ਼ੀ ਵਾਲੇ ਵੀਰ ਵੀ ਜੋਰ ਅਜ਼ਮਾਈ ਕਰ ਰਹੇ ਸਨ। ਕਿਧਰੇ ਫੁੱਟਬਾਲ ਦੇ ਮੈਚ ਚਲ ਰਹੇ ਸਨ, ਵਿਚੇ ਹੀ ਕੁੜੀਆਂ ਦੀ ਰੱਸਾ ਕਸਿ ਚੱਲ ਰਹੀ ਸੀ। ਗਤਕੇ ਵਾਲੇ ਵੀਰ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ। ਵਾਰਾਂ ਗਾਉਣ ਵਾਲੇ ਸ਼ਹੀਦਾਂ ਦੀਆਂ ਵਾਰਾਂ ਗਾ ਰਹੇ ਸਨ। ਕਮੈਂਟਰੀ ਵਾਲੇ ਵੀਰ ਵੰਨ ਸੁਵੰਨੀਆਂ ਗੱਲਾਂ ਨਾਲ ਸਭ ਦਾ ਮਨੋਰੰਜਨ ਕਰ ਰਹੇ ਸਨ। ਕਿਧਰੇ ਕੋਈ ਮੁਟਿਆਰ ਪੁਰਾਣੀ ਵਿੱਛੜੀ ਸਹੇਲੀ ਨੂੰ ਮਿਲ ਰਹੀ ਸੀ ਕਿਧਰੇ ਯਾਰ ਬੇਲੀ ਕਈ ਸਾਲਾਂ ਬਾਅਦ ਮੇਲੇ ਵਿਚ ਫਿਰ ਮਿਲ ਰਹੇ ਸਨ। ਕੋਈ ਕਹਿ ਰਿਹਾ ਸੀ ਯਾਰ ਲੱਸੀ ਕਿਥੋਂ ਮਿਲੂ, ਰਾਤ ਜਿਆਦਾ ਪੀਤੀ ਗਈ। ਪੁਰਾਣੇ ਯਾਰ ਬੇਲੀ ਇਕੱਠੇ ਹੋ ਗਏ ਸੀ, ਰਾਤ ਨੂੰ ਕੁੜੀਆਂ ਵਾਂਗੂੰ ਜਾਗੋ ਕੱਢਦੇ ਰਹੇ ਅਤੇ ਸਾਰੀ ਰਾਤ ਨੱਚਦੇ ਰਹੇ ਹੁਣ ਯਾਰ ਹੱਡ ਭੰਨੇ ਪਏ ਨੇ ਦੇਸੀ ਦਾਰੂ ਨੇ। ਖੇਡ ਮੇਲੇ ਵਿਚ ਜਿੱਥੇ ਚੜ੍ਹਦੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਤੋਂ ਇਲਾਵਾ ਗੋਰੇ ਲੋਕ ਵੀ ਪਹੁੰਚੇ ਹੋਏ ਸਨ। ਉੱਥੇ ਜਗਵਿੰਦਰ ਸਿੰਘ ਵਿਰਕ ਦੇ ਉੱਦਮ ਸਦਕਾ ਪੰਜਾਬ ਤੋਂ ਸਾਡਾ ਹੱਕ ਫ਼ਿਲਮ ਟੀਮ ਦੇ ਦਿਨੇਸ਼ ਸੂਦ ਅਤੇ ਕੁਲਜਿੰਦਰ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਖੇਡਾਂ ਦੌਰਾਨ ਬਹੁਤ ਹੀ ਦਿਲਚਸਪ ਅਤੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ ਪਰ ਇਸ ਦੌਰਾਨ ਖਿਡਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਦੀ ਆਪਸੀ ਲੜਾਈ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਅਤੇ ਇਹ ਲੜਾਈ ਫਾਈਨਲ ਮੈਚ ਵਿਚ ਉੱਭਰ ਕੇ ਸਾਹਮਣੇ ਆਈ ਜਿਸ ਕਾਰਨ ਆਏ ਦਰਸ਼ਕਾਂ ਵਿਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲੀ। ਇਸ ਖੇਡ ਮੇਲੇ ਦੇ ਅਖੀਰ ਵਿਚ ਜੇਤੂ ਟੀਮਾਂ ਦੇ ਵੇਰਵੇ ਕੁਝ ਇਸ ਤਰ੍ਹਾਂ ਰਹੇ ਫਾਈਨਲ ਕਬੱਡੀ \'ਚ ਮੈਲਬੌਰਨ ਕਬੱਡੀ ਅਕਾਦਮੀ ਦੀ ਟੀਮ ਨੇ ਸਿੰਘ ਸਭਾ ਸਪੋਰਟਸ ਕਲੱਬ ਨੂੰ ਅੱਧੇ ਪੁਆਇੰਟ ਨਾਲ ਹਰਾਇਆ ਤੇ ਕਬੱਡੀ ਦਾ ਇਹ ਮੈਚ ਜਿੱਤ ਲਿਆ, ਕਬੱਡੀ ਜੂਨੀਅਰ \'ਚ ਵੂਲਗੂਲਗਾ ਫਸਟ ਅਤੇ ਸਿੰਘ ਸਭਾ ਸਪੋਰਟਸ ਕਲੱਬ ਦੀ ਟੀਮ ਸੈਕਿੰਡ ਰਹੀ, ਸ਼ੋਕਰ ਸੀਨੀਅਰ ਸਿੰਘ ਸਭਾ ਸਪੋਰਟਸ ਕਲੱਬ ਫਸਟ, ਆਜ਼ਾਦ ਸਪੋਰਟਸ ਕਲੱਬ ਮੈਲਬੌਰਨ ਸੈਕਿੰਡ, ਸ਼ੋਕਰ ਜੂਨੀਅਰ ਖ਼ਾਲਸਾ ਲਾਈਨ ਮੈਲਬੌਰਨ ਫਸਟ, ਰੱਨਰਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰਿਫਥ ਦੀ ਟੀਮ, ਰੱਸਾਕਸ਼ੀ ਪੰਜਾਬੀ ਸਪੋਰਟਸ ਕਲੱਬ ਕੈਨਬਰਾ, ਰੱਨਰਸ ਪੰਜਾਬੀ ਲਾਈਨਜ਼ ਸਾਊਥ ਆਸਟ੍ਰੇਲੀਆ, ਰੱਸਾਕਸ਼ੀ ਔਰਤਾਂ ਗ੍ਰਿਫਥ ਦੀ ਟੀਮ ਫਸਟ ਅਤੇ ਮੈਲਬੌਰਨ ਦੀ ਸੈਕਿੰਡ ਰਹੀ।
ਖੇਡ ਮੇਲੇ ਦੌਰਾਨ ਪੰਜਾਬੀ ਆਪਣੀ ਸਫ਼ਾਈ ਨਾ ਰੱਖਣ ਦੀ ਆਦਤ ਤੋਂ ਮਜਬੂਰ ਲਗਾਤਾਰ ਗੰਦ ਪਾਉਂਦੇ ਰਹੇ ਅਤੇ ਪ੍ਰਬੰਧਕਾਂ ਨੂੰ ਸਫ਼ਾਈ ਰੱਖਣ ਬਾਰੇ ਲਗਾਤਾਰ ਬੇਨਤੀ ਕਰਨੀ ਪੈ ਰਹੀ ਸੀ। ਪਰ ਕੁੱਲ ਮਿਲਾ ਕੇ ਘੱਟ ਸਾਧਨਾ ਦੇ ਬਾਵਜੂਦ ਇੰਨਾਂ ਵਧੀਆ ਖੇਡ ਮੇਲਾ ਕਰਵਾਉਣ ਲਈ ਪ੍ਰਬੰਧਕ ਕਮੇਟੀ ਅਤੇ ਗ੍ਰਿਫਥ ਸਿੱਖ ਸੰਗਤਾਂ ਵਧਾਈ ਦੀਆਂ ਪਾਤਰ ਹਨ ਪਰ ਉਨ੍ਹਾਂ ਨੂੰ ਆਉਂਦੇ ਭਵਿੱਖ ਵਿਚ ਕੁਝ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ ਤਾਂ ਕਿ ਇੱਕ ਖਿਡਾਰੀ ਜਾਂ ਕਿਸੇ ਇੱਕ ਟੀਮ ਦੀ ਲੜਾਈ ਕਰਕੇ ਇੰਨੀ ਦੂਰੋਂ ਆਏ ਦਰਸ਼ਕਾਂ ਨੂੰ ਨਿਰਾਸ਼ ਨਾ ਹੋਣਾ ਪਵੇ। ਪ੍ਰਬੰਧਕਾਂ ਨੂੰ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਖੇਡ ਮੇਲੇ ਵਿਚ ਨਵੀਆਂ ਖੇਡਾਂ ਸ਼ਾਮਿਲ ਕਰਨ ਦੀ ਜਰੂਰਤ ਹੈ ਤਾਂ ਕਿ ਹੋਰ ਖੇਡਾਂ ਦੇ ਵੱਧ ਤੋਂ ਵੱਧ ਖਿਡਾਰੀ ਇਸ ਵਿਚ ਭਾਗ ਲੈ ਸਕਣ ਅਤੇ ਆਪਣੀ ਖੇਡ ਦੇ ਜੌਹਰ ਦਿਖਾ ਸਕਣ ਅਤੇ ਪ੍ਰਬੰਧਕਾਂ ਨੂੰ ਦਰਸ਼ਕਾਂ ਲਈ ਆਉਂਦੇ ਸਾਲਾਂ ਵਿਚ ਜਾਣਕਾਰੀ ਦੇਣ ਦੀ ਲੋੜ ਹੈ ਕਿ ਇਹ ਇੱਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਸ਼ਹੀਦੀ ਖੇਡ ਮੇਲਾ ਹੈ ਨਾ ਕਿ ਕੋਈ ਦੋ ਦਿਨ ਸ਼ੁਗ਼ਲ ਮੇਲੇ ਦਾ ਸਾਧਨ।
ਮੇਲੇ ਦੇ ਅਖੀਰਲੇ ਪਲ ਹਮੇਸ਼ਾ ਦੀ ਤਰ੍ਹਾਂ ਭਾਵੁਕ ਸਨ ਜਦੋਂ ਹਰ ਕੋਈ ਆਸਟ੍ਰੇਲੀਆ ਦੀ ਬੀਜ਼ੀ ਜਿੰਦਗੀ ਵਿੱਚੋਂ ਟਾਈਮ ਕੱਢ ਕੇ ਇੰਨਾ ਵਧੀਆ ਖੇਡ ਮੇਲਾ ਦੇਖਣ ਤੋਂ ਬਾਅਦ ਇੱਕ ਦੂਜੇ ਤੋਂ ਫਿਰ ਮਿਲਣ ਦੇ ਵਾਅਦੇ ਨਾਲ ਵਿੱਛੜ ਰਹੇ ਸਨ।
-
ਕਰਨ ਬਰਾੜ (ਐਡੀਲੇਡ) (brar00045@gmail.com) +61430850045,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.