ਸੋਸ਼ਲ ਵੈਬਸਾਈਟਾਂ ਤੇ ਇੰਟਰਨੈੱਟ ਦੀ ਵਰਤੋਂ ਦਾ ਘੇਰਾ ਹੁਣ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਰਿਹਾ। ਭਾਰਤ \'ਚ ਪਿਛਲੇ ਦਸ ਕੁ ਸਾਲਾਂ ਤੋਂ ਤਕਨੀਕ \'ਚ ਆਈ ਐਨੀ ਤੇਜੀ ਨੇ ਪੂਰੇ ਭਾਰਤ ਨੂੰ ਆਪਣੇ ਸ਼ਿਕੰਜੇ \'ਚ ਕਸ ਲਿਆ। ਹਾਲਾਂਕਿ ਹਾਲੇ ਵੀ ਭਾਰਤ ਦੇ ਬਹੁਤੇ ਹਿੱਸੇ ਹਾਲੇ ਦੁਨਿਆਵੀ ਸੁਖ ਸੁਵਿਧਾਵਾਂ ਤੋਂ ਵਾਂਝੇ ਹਨ ਪਰ ਫਿਰ ਵੀ ਨਵੀਆਂ ਤਕਨੀਕਾਂ ਦੀ ਵਰਤੋਂ \'ਚ ਪੇਂਡੂ ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ। ਅੱਜ ਦੇ ਇਸ ਅਧੁਨਿਕ ਯੁਗ \'ਚ ਅਨਪੜ੍ਹ ਵਿਅਕਤੀ ਵੀ ਇੰਟਰਨੈੱਟ ਤੇ ਹੋਰ ਨਵੀਆਂ ਤਕਨੀਕਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਿਹਾ ਹੈ। ਜਿੱਥੇ ਨਵੀਆਂ ਤਕਨੀਕਾਂ ਨੇ ਮਨੁੱਖ ਦੀ ਸੋਚ, ਰਹਿਣ ਸਹਿਣ, ਪਹਿਰਾਵੇ ਤੇ ਸੱਭਿਆਚਾਰ ਨੂੰ ਆਪਣੇ ਰੰਗ \'ਚ ਰੰਗਿਆ ਹੈ ਓਥੇ ਹੀ ਇਨ੍ਹਾਂ ਤਕਨੀਕਾਂ ਨਾਲ ਮਨੁੱਚੀ ਜਵੀਨ ਨੇ ਕਾਫੀ ਤਰੱਕੀ ਵੀ ਕੀਤੀ ਹੈ। ਅੱਜ ਸਭ ਨਾਲੋਂ ਮਸ਼ਹੂਰ ਵੈਬਸਾਈਟਾਂ \'ਯੂ ਟਿਊਬ\', \'ਗੂਗਲ- ਸਰਚ ਇੰਜਣ\', \'ਟਵਿੱਟਰ\' ਤੇ \'ਫੇਸਬੁੱਕ\' ਲੋਕਾਂ ਦੇ ਦਿਮਾਗ਼ ਤੇ ਰਾਜ ਕਰ ਰਹੀਆਂ ਹਨ। ਜਿੱਥੇ ਯੂ ਟਿਊਬ \'ਤੇ ਹਰ ਮਿੰਟ \'ਚ ਕੋਈ ਨਾ ਕੋਈ ਨਵੀਂ ਚੀਜ਼ ਚਾਹੇ ਓਹ ਗੀਤ ਹੋਵੇ, ਕਿਸੇ ਫਿਲਮ ਦੀ ਮਸ਼ਹੂਰੀ ਹੋਵੇ ਜਾਂ ਕਿਸੇ ਹੋਰ ਵਿਸ਼ੇ ਨਾਲ ਸੰਬੰਧਿਤ ਵੀਡਿਓ ਅਪਲੋਡ ਹੋ ਰਹੀ ਹੈ। ਓਥੇ ਹੀ ਗੂਗਲ \'ਤੇ ਵੀ ਤੁਸੀਂ ਕਿਸੇ ਵੀ ਚੀਜ ਦੀ ਭਾਲ ਕਰ ਸਕਦੇ ਹੋ। ਹਾਲਾਂ ਕਿ ਟਵਿੱਟਰ ਵੀ ਇੱਕ ਸੋਸ਼ਲ ਵੈਬਸਾਈਟ ਹੈ ਪਰ ਇਸਦੀ ਵਰਤੋਂ ਆਮ ਬੰਦੇ ਦੇ ਵਸ ਦੀ ਗੱਲ ਨਹੀਂ। ਟਵਿੱਟਰ ਸਿਰਫ ਵੱਡੇ ਰਾਜਨੀਤਕਾਂ, ਵੱਡੇ ਫਿਲਮੀ ਕਲਾਕਾਰਾਂ ਤੇ ਨਾਮਚੀਨ ਖਿਡਾਰੀਆਂ ਤੱਕ ਹੀ ਸੀਮਿਤ ਹੈ। ਟਵਿੱਟਰ \'ਤੇ ਕੀਤੀ ਇੰਨ੍ਹਾਂ ਦੀ ਟਿੱਪਣੀ ਕਈ ਵਾਰ ਅਖ਼ਬਾਰਾਂ ਦੇ ਪਹਿਲੇ ਸਫ਼ੇ ਤੇ ਛਪਦੀ ਹੈ। ਫੇਸਬੁੱਕ ਵੀ ਇੱਕ ਸੋਸ਼ਲ ਵੈਬਸਾਈਟ ਹੈ, ਅੱਜ ਫੇਸਬੁੱਕ ਦੀ ਪਤਾ ਨਹੀਂ ਕਿੰਨੀ ਦੁਨੀਆਂ ਦੀਵਾਨੀ ਹੈ। ਫੇਸਬੁੱਕ ਨੇ ਨੌਜਵਾਨਾਂ \'ਚ ਆਪਣੀ ਇੱਕ ਅਲਗ ਥਾਂ ਬਣਾ ਲਈ ਹੈ। ਨੌਜਵਾਨ ਹੁਣ ਕੁਝ ਵੀ ਕਰਦੇ ਹਨ ਨਾਲ ਦੀ ਨਾਲ ਹੀ ਫੇਸਬੁੱਕ \'ਤੇ ਅਪਲੋਡ ਕਰ ਦਿੰਦੇ ਹਨ। ਪਰ ਫੇਸਬੁੱਕ ਵੀ ਹੁਣ ਸੋਸ਼ਲ ਵੈਬਸਾਈਟ ਨਾਲੋਂ ਜ਼ਿਆਦਾ ਅੱਗੇ ਨਿਕਲ ਗਿਆ, ਫੇਸਬੁੱਕ \'ਤੇ ਵੀ ਹੁਣ ਕੁਝ ਗਲਤ ਅਨਸਰ ਕੁੜੀਆਂ ਦੀਆਂ ਫੋਟੋਆਂ, ਵੀਡਿਓ ਕਈ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਪੋਸਟ ਕਰ ਰਹੇ ਹਨ। ਫੇਸਬੁੱਕ \'ਤੇ ਵੀ ਕੁੜੀਆਂ ਦੀਆਂ ਫੋਟੋਆਂ ਦੇ ਪੇਜ ਤੇ ਕਈ ਹੋਰ ਤਰ੍ਹਾਂ ਦੇ ਪੇਜ ਬਣਾਏ ਗਏ ਹਨ, ਜਿਨ੍ਹਾਂ \'ਚ ਕੁੜੀਆਂ ਦੀਆਂ ਅਧ ਨੰਗੀਆਂ ਫੋਟੋਆਂ ਤੱਕ ਅਪਲੋਡ ਕੀਤੀਆਂ ਹੋਈਆਂ ਹਨ। ਫੇਸਬੁੱਕ ਵੀ ਕਿਤੇ ਨਾ ਕਿਤੇ ਅਸ਼ਲੀਲਤਾ ਤੇ ਮਹਿਲਾਵਾਂ ਦੇ ਸੋਸ਼ਣ ਦਾ ਜਰੀਆ ਬਣ ਚੁੱਕਾ ਹੈ। ਥੋੜ੍ਹਾ ਸਮਾਂ ਪਹਿਲਾਂ ਯਾਹੂ ਦਾ ਇੱਕ ਮੈਸੇਂਜਰ ਚੱਲ ਰਿਹਾ ਸੀ, ਜਿਹੜਾ 14 ਦਸੰਬਰ ਨੂੰ ਬੰਦ ਕਰ ਦਿੱਤਾ ਗਿਆ। ਮੈਸੇਂਜਰ ਬੰਦ ਹੋਣ ਨਾਲ ਸ਼ਾਇਦ ਨੌਜਵਾਨਾਂ ਨੂੰ ਕਾਫੀ ਤਗੜਾ ਝਟਕਾ ਲੱਗਾ, ਤੇ ਕਈਆਂ ਦੀਆਂ ਗੱਲਾਂ ਅਧੂਰੀਆਂ ਰਹਿ ਗਈਆਂ। ਕਈ ਲੋਕਾਂ ਲਈ ਮੈਸੇਂਜਰ ਇੱਕ ਟੈਲੀਫੋਨ ਦੀ ਤਰ੍ਹਾਂ ਕੰਮ ਕਰਦਾ ਸੀ ਤੀ ਕਈਆਂ ਲਈ ਅਸ਼ਲੀਲਤਾ ਫੈਲ੍ਹਾਉਣ ਦਾ। ਮੈਸੇਂਜਰ ਦੇ ਮਾਧਿਅਮ ਨਾਲ ਜਿੱਥੇ ਬਾਹਰੇ ਮੁਲਕਾਂ \'ਚ ਗਏ ਮੁੰਡੇ-ਕੁੜੀਆਂ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਸਕਦੇ ਸਨ, ਹੁਣ ਓਨ੍ਹਾਂ ਲਈ ਵੀ ਗੱਲ ਕਰਨੀ ਔਖੀ ਹੋ ਗਈ। ਜਿੱਥੇ ਯਾਹੂ ਮੈਸੇਂਜਰ ਨੇ ਕਈਆਂ ਦੇ ਘਰ ਵਸਾਉਣ \'ਚ ਵੱਡਾ ਯੋਗਦਾਨ ਪਾਇਆ ਓਥੇ ਹੀ ਕਈਆਂ ਦੇ ਘਰ ਤੁੜਵਾਉਣ \'ਚ ਵੀ ਇਸਦਾ ਕਾਫੀ ਵੱਡਾ ਹੱਥ ਹੈ। ਸੋਸ਼ਲ ਸਾਈਟਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸਮੱਗਰੀ ਅਪਲੋਡ ਕਰਨ ਵਾਲਿਆਂ ਦੇ ਖਾਤੇ ਬੰਦ ਕਰ ਦੇਣ, ਤਾਂ ਕਿ ਕਿਸੇ ਦੇ ਪਰਿਵਾਰ ਨੂੰ ਆਪਣੀ ਧੀ ਭੈਣ ਦੀ ਅਧ ਨੰਗੀ ਤਸਵੀਰ ਵੇਖ ਕੇ ਸ਼ਰਮਿੰਦਾ ਨਾ ਹੋਣਾ ਪਵੇ ਤੇ ਯੂ ਟਿਊਬ \'ਤੇ ਅਪਲੋਡ ਹੋਣ ਵਾਲੇ ਅਸ਼ਲੀਲ ਗੀਤਾਂ ਨੂੰ ਵੀ ਵੈਬਸਾਈਟ ਤੋਂ ਹਟਾ ਦੇਣ ਦੀ ਲੋੜ ਹੈ। ਨਾਲੇ ਅੱਗੇ ਤੋਂ ਇਹੋ ਜਿਹੇ ਗੀਤ ਅਪਲੋਡ ਹੀ ਨਾ ਕੀਤੇ ਜਾਣ।
ਹੁਣ ਭਾਰਤ \'ਚ ਪਹਿਲਾਂ ਵਾਂਗ ਰਾਮਾਇਣ ਤੇ ਮਹਾਂਭਾਰਤ ਵਰਗੇ ਨਾਟਕਾਂ ਦੀ ਥਾਂ ਸੱਸ-ਨਹੂੰ ਤੇ ਹੋਰ ਕਈ ਤਰ੍ਹਾਂ ਦੇ ਕਮੇਡੀ ਨਾਟਕਾਂ ਤੇ ਪ੍ਰੋਗਰਾਮਾਂ ਨੇ ਲੈ ਲਈ ਹੈ। ਪਹਿਲਾਂ ਜਦੋਂ ਡੀਡੀ 1 ਪ੍ਰਸਾਰਿਤ ਹੁੰਦਾ ਸੀ ਤਾਂ ਲੋਕ ਮਹਾਂਭਾਰਤ ਤੇ ਰਮਾਇਣ ਵੇਖਣ ਲਈ ਤੜਪਦੇ ਰਹਿੰਦੇ ਸਨ ਪਰ ਹੁਣ ਸੱਸ-ਨਹੂੰ ਦੇ ਨਾਟਕਾਂ ਦੀ ਭਰਮਾਰ ਹੈ। ਹਰ ਟੀਵੀ ਚੈਨਲ \'ਤੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਨਾਟਕ ਚੱਲਦੇ ਹਨ, ਜਿਹੜੇ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਉਲਝਾ ਕੇ ਪੇਸ਼ ਕਰ ਰਹੇ ਹਨ। ਜਿਹੜਾ ਕੁਝ \'ਚ ਇੰਨਾਂ ਨਾਟਕਾਂ \'ਚ ਦਿਖਾਇਆ ਜਾ ਰਿਹਾ ਹੈ ਕੁਝ ਲੋਕ ਉਸਨੂੰ ਹੀ ਜ਼ਿੰਦਗੀ ਦੀ ਅਸਲ ਹਕੀਕਤ ਸਮਝੀ ਬੈਠੇ ਹਨ। ਹਾਲ ਹੀ \'ਚ ਇੱਕ ਨਾਟਕ ਦਾ ਇੱਕ ਰੋਮਾਂਟਿਕ ਸੀਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਰਿਹਾ। ਹਾਲਾਂਕਿ ਇਹ ਨਾਟਕ ਪੂਰਾ ਪਰਿਵਾਰਕ ਤੇ ਇਸਨੂੰ ਵੇਖਣ ਵਾਲਿਆਂ ਦੀ ਗਿਣਤੀ ਵੀ ਕਾਫੀ ਸੀ ਪਰ ਫਿਰ ਵੀ ਇਸ ਨਾਟਕ \'ਚ ਇਹੋ ਜਿਹਾ ਸੀਨ ਦਿਖਾ ਕੇ ਇਸਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ। ਜੇਕਰ ਪਰਿਵਾਰਕ ਨਾਟਕਾਂ \'ਚ ਵੀ ਇਹੋ ਜਿਹੀ ਅਸ਼ਲੀਲ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਇਹੋ ਜਿਹੇ ਨਾਟਕਾਂ ਨੂੰ ਵੇਖਣ ਵਾਲੇ ਪਰਿਵਾਰ ਤਾਂ ਆਪ ਹੀ ਇਨ੍ਹਾਂ ਦੀਆਂ ਦਿਖਾਈਆਂ ਰਾਹਾਂ \'ਤੇ ਚੱਲਗਣੇ। ਨਾਟਕਾਂ \'ਚ ਪਰੋਸੀ ਜਾ ਰਹੀ ਅਸ਼ਲੀਲਤਾ ਵੀ ਕਿਤੇ ਨਾ ਕਿਤੇ ਘਰ ਦੇ ਤਾਣੇ ਬਾਣੇ ਨੂੰ ਉਲਝਾਉਣ ਤੇ ਵਸੇ ਹੋਏ ਘਰਾਂ ਨੂੰ ਉਜਾੜਣ \'ਚ ਕਾਫੀ ਹੱਦ ਤੱਕ ਸਫਲ ਰਹੀ ਹੈ।
ਭਾਰਤੀ ਫਿਲਮ ਜਗਤ ਦੀ ਸ਼ੁਰੂਆਤ ਹਿੰਦੀ ਫਿਲਮਾਂ ਤੋਂ ਹੋਈ। ਪੁਰਾਣੇ ਜਮਾਨੇ ਦੀਆਂ ਫਿਲਮਾਂ ਦੇ ਗੀਤਾਂ \'ਚ ਕਹਾਣੀ \'ਚ ਪਰਿਵਾਰਕ ਢਾਂਚੇ ਦੀ ਜੱਦੋ ਜ਼ਹਿਦ ਬਿਆਨ ਕੀਤੀ ਜਾਂਦੀ ਸੀ। ਸਮਾਂ ਬਦਲਦਾ ਗਿਆ ਫਿਲਮਾਂ ਦਾ ਗੀਤ ਸੰਗੀਤ ਤੇ ਕਹਾਣੀਆਂ ਵੀ ਬਦਲਦੀਆਂ ਗਈਆਂ। ਫਿਲਮਾਂ \'ਚ ਹੌਲੀ ਹੌਲੀ ਕਿਸੇ ਨਾ ਕਿਸੇ ਬਹਾਨੇ ਅਸ਼ਲੀਲਤਾ ਪਰੋਸਣੀ ਸ਼ੁਰੂ ਕੀਤੀ ਗਈ, ਜਿਵੇਂ ਫਿਲਮਾਂ \'ਚ ਆਈਟਮ ਗੀਤ ਜਾਂ ਬਲਾਤਕਾਰ ਦੀ ਘਟਨਾਂ। ਫਿਰ ਦੌਰ ਹੋਰ ਅਧੁਨਿਕ ਹੋਇਆ ਤੇ ਫਿਲਮਾਂ \'ਚ ਆਈਟਮ ਗੀਤਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ। ਹੁਣ ਹਰ ਫਿਲਮ \'ਚ ਇੱਕ ਆਈਟਮ ਗੀਤ ਤਾਂ ਜ਼ਰੂਰ ਹੁੰਦਾ ਹੈ। ਪੁਰਾਣੀਆਂ ਫਿਲਮਾਂ \'ਚ ਦਿਖਾਈ ਜਾਣ ਵਾਲੀ ਬਲਾਤਕਾਰ ਦੀ ਘਟਨਾਂ, ਬਲਾਤਕਾਰ ਕਰਨ ਵਾਲੇ ਦਾ ਅੰਤ ਹਮੇਸ਼ਾ ਬੁਰਾ ਹੀ ਦਿਖਾਇਆ ਜਾਂਦਾ ਸੀ। ਫਿਲਮਾਂ \'ਤੇ ਭਾਰੀ ਹੋ ਰਹੀ ਪੱਛਮੀ ਸੱਭਿਅਤਾ ਨੇ ਹਿੰਦੀ ਫਿਲਮਾਂ ਨੂੰ ਆਪਣੇ ਰੰਗ \'ਚ ਰੰਗਣਾ ਤਾਂ ਸ਼ੁਰੂ ਤੋਂ ਹੀ ਕੀਤਾ ਸੀ ਪਰ ਉਸ ਸਮੇਂ ਦੇ ਸਮਾਜ ਤੇ ਅੱਜ ਦੇ ਸਮਾਜ \'ਚ ਐਨਾ ਬਦਲਾਅ ਆ ਗਿਆ ਹੈ ਕਿ ਅੱਜ ਚਾਹੇ ਕੁਝ ਵੀ ਬਣਾ ਦਿਓ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਦੌਰ ਇੰਨਾਂ ਅਧੁਨਿਕ ਹੋ ਚੁੱਕਾ ਹੈ ਕਿ ਫਿਲਮ \'ਚ ਬਲਾਤਕਾਰ ਦੀ ਥਾਂ ਔਰਤ ਦੀ ਸਹਿਮਤੀ ਨੇ ਲੈ ਲਈ ਹੈ। ਹੁਣ ਫਿਲਮ \'ਚ ਬਲਾਤਕਾਰ ਤਾਂ ਨਹੀਂ ਹੁੰਦੇ ਪਰ ਬਲਾਤਕਾਰ ਤੋਂ ਵੀ ਵੱਧ ਅਸ਼ਲੀਲਤਾ ਹੁੰਦੀ ਹੈ। ਹਾਲ \'ਚ ਹੀ ਰਿਲੀਜ ਹੋਈ ਫਿਲਮ ਜਿਸਮ-2 \'ਚ ਇੱਕ ਭਾਰਤੀ ਮੂਲ ਦੀ ਕਨੇਡੀਅਨ ਪੌਰਨ ਸਟਾਰ ਲੈਣਾ ਕਿਸ ਹੱਦ ਤੱਕ ਜਾਇਜ ਹੈ, ਨਾ ਤਾਂ ਫਿਲਮ ਹੀ ਹਿੱਟ ਹੋਈ ਨਾ ਫਿਲਮ ਦੇ ਕਲਾਕਾਰ ਨਾ ਡਾਇਰੈਕਟ ਪ੍ਰਸਿੱਧੀ ਮਿਲੀ ਤਾਂ ਸਿਰਫ ਉਸ ਪੌਰਨ ਸਟਾਰ ਨੂੰ ਜਿਸ ਨੇ ਇਸ ਫਿਲਮ ਦੇ ਜਰੀਏ ਭਾਰਤ \'ਚ ਆਪਣੀ ਇੱਕ ਅਲਗ ਪਛਾਣ ਬਣਾਈ। ਹੋਰ ਵੀ ਇਹੋ ਜਿਹੀਆਂ ਫਿਲਮਾਂ ਹਨ ਜਿਨ੍ਹਾਂ \'ਚ ਅਸ਼ਲੀਲਤਾ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪਰੋਸਿਆ ਜਾ ਰਿਹਾ ਹੈ। ਫਿਲਮਾਂ \'ਚ ਹੁਣ ਡਾਇਲਾਗ ਦੀ ਥਾਂ ਆਮ ਬੋਲੀ ਨੇ ਲੈ ਲਈ ਹੈ, ਫਿਲਮਾਂ \'ਚ ਹੁਣ ਗਾਲਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਫਿਲਮ ਜਗਤ ਦੇ ਕੁਝ ਕਲਾਕਾਰ ਤੇ ਡਾਇਰੈਕਟਰ ਵੀ ਹੁਣ ਅਸ਼ਲੀਲਤਾ ਦੀ ਬਾਂਹ ਫੜ੍ਹ ਕੇ ਹੀ ਫਿਲਮਾਂ ਬਣਾ ਰਹੇ ਹਨ।
-
ਸੰਦੀਪ ਜੈਤੋਈ 81465-73901,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.