ਅੱਜ ਦੇ ਸਮੇਂ \'ਚ ਅਵਾਰਾ ਪਸ਼ੂਆਂ, ਵਾਹਨਾਂ ਦੀ ਗਿਣਤੀ ਤੇ ਸੜਕ ਹਾਦਸਿਆਂ \'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦੇ ਸਮੇਂ \'ਚ ਹਜ਼ਾਰਾਂ ਦੀ ਗਿਣਤੀ \'ਚ ਪਸ਼ੂ ਧਨ ਬੇਘਰ ਘੁੰਮਦਾ ਵੇਖਿਆ ਜਾ ਸਕਦਾ ਹੈ। ਕੀ ਪਿੰਡ ਤੇ ਕੀ ਸ਼ਹਿਰ ਲਗਭਗ ਹਰ ਘਰ \'ਚ ਕੋਈ ਨਾ ਕੋਈ ਦੋਪਹੀਆ ਵਾਹਨ ਜਾਂ ਚੌਪਹੀਆ ਵਾਹਨ ਜ਼ਰੂਰ ਹੈ, ਨਾਲ ਹੀ ਅਵਾਰਾ ਪਸ਼ੂ ਵੀ ਵੱਡੀ ਮਾਤਰਾ \'ਚ ਹਨ। ਇੱਕ ਪਾਸੇ ਤਾਂ ਦੇਸ਼ ਦੀ ਅਬਾਦੀ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਤੇ ਲੋਕ ਵੀ ਵਾਹਨ ਆਦਿ ਰੱਜ ਕੇ ਖਰੀਦ ਰਹੇ ਹਨ। ਮੌਜ਼ੂਦਾ ਸਮੇਂ \'ਚ ਜਿਵੇਂ ਦੇਸ਼ \'ਚ ਲੱਖਾਂ ਲੋਕਾਂ ਕੋਲ ਸਿਰ ਲੁਕੋਣ ਲਈ ਛੱਤ ਨਹੀਂ ਉਸੇ ਤਰ੍ਹਾਂ ਦਿਨ ਪ੍ਰਤੀ ਦਿਨ ਵਧ ਰਹੇ ਵਾਹਨਾ ਕਰਕੇ ਪਾਰਕਿੰਗ ਦੀ ਸਮੱਸਿਆ ਵੀ ਲੋਕਾਂ ਨੂੰ ਸਤਾਉਣ ਲੱਗੀ ਹੈ।
ਦੇਸ਼ \'ਚ ਦਿਨ ਪ੍ਰਤੀ ਦਿਨ ਵਧ ਰਹੇ ਸੜਕ ਹਾਦਸਿਆਂ ਦੇ ਕਈ ਕਾਰਨ ਹਨ, ਜਿਨ੍ਹਾਂ \'ਚ ਅਵਾਰਾ ਪਸ਼ੂ ਵੀ ਸ਼ਾਮਲ ਹਨ। ਹਾਲਾਂਕਿ ਅਵਾਰਾ ਪਸ਼ੂਆਂ ਦਾ ਸੜਕ ਹਾਦਸਿਆਂ \'ਚ ਕੋਈ ਵੱਡਾ ਹੱਥ ਨਹੀਂ ਪਰ ਫਿਰ ਵੀ ਲੋਕ ਵਧ ਰਹੇ ਸੜਕ ਹਾਦਸਿਆਂ ਲਈ ਅਵਾਰਾ ਪਸ਼ੂਆਂ ਨੂੰ ਵੀ ਜਿੰਮੇਵਾਰ ਮੰਨਦੇ ਹਨ। ਕਿਉਂਕਿ ਅਵਾਰਾ ਪਸ਼ੂ ਸੜਕਾਂ \'ਤੇ ਡੇਰਾ ਲਾ ਕੇ ਬੈਠ ਜਾਂਦੇ ਹਨ ਜਾਂ ਸੜਕਾਂ \'ਤੇ ਝੁੰਡਾਂ \'ਚ ਤੁਰੇ ਫਿਰਦੇ ਹਨ, ਜਿਨ੍ਹਾਂ ਕਰਕੇ ਟਰੈਫਿਕ ਸਮੱਸਿਆ \'ਚ ਵਿਘਨ ਪੈਂਦਾ ਹੈ ਤੇ ਹਾਦਸਾ ਹੋਦ ਦਾ ਡਰ ਬਣਿਆ ਰਹਿੰਦਾ ਹੈ। ਹਾਲਾਂਕਿ ਸਰਕਾਰਾਂ ਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਇਨ੍ਹਾਂ ਅਵਾਰਾ ਪਸ਼ੂਆਂ ਦੇ ਰਹਿਣ ਤੇ ਖਾਣ ਪੀਣ ਦੀ ਵਿਵਸਥਾ ਕੀਤੀ ਹੋਈ ਹੈ ਪਰ ਫਿਰ ਵੀ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸੜਕਾਂ \'ਤੇ ਘੁੰਮਦਾ ਆਮ ਵੇਖਿਆ ਜਾ ਸਕਦਾ ਹੈ।
ਅਵਾਰਾ ਪਸ਼ੂਆਂ \'ਚ ਜ਼ਿਆਦਾਤਰ ਗਾਂ, ਢੱਠੇ, ਝੋਟੇ ਤੇ ਕੁੱਤੇ ਆਦਿ ਮੁੱਖ ਹਨ, ਜਿਹੜੇ ਸੜਕਾਂ, ਚੌਂਕਾਂ ਤੇ ਹੋਰ ਕਈ ਥਾਵਾਂ \'ਤੇ ਬੈਠੇ ਰਹਿੰਦੇ ਹਨ, ਜਿਨ੍ਹਾਂ ਨੂੰ ਕੋਈ ਦਾਨੀ ਤੇ ਪਰਮਾਤਮਾ ਦਾ ਨਾਮ ਜਪਣ ਵਾਲਾ ਕੁਝ ਨਾ ਕੁਝ ਖਾਣ ਲਈ ਦੇ ਜਾਂਦਾ ਹੈ, ਜਿਸ ਕਰਕੇ ਇਹ ਅਜਿਹੀਆਂ ਥਾਵਾਂ \'ਤੇ ਬੈਠੇ ਰਹਿੰਦੇ ਹਨ। ਸ਼ਹਿਰ \'ਚ ਹਰੇ ਚਾਰੇ ਦੀ ਘਾਟ ਹੋਣ ਕਰਕੇ ਇਹ ਅਵਾਰਾ ਪਸ਼ੂ ਆਪਣੀ ਭੁੱਖ ਮਿਟਾਉਣ ਲਈ ਸ਼ਹਿਰ ਤੋਂ ਬਾਹਰ ਝੁੰਡਾਂ \'ਚ ਆਉਂਦੇ ਹਨ। ਹਾਲਾਂਕਿ ਸ਼ਹਿਰ ਤੋਂ ਬਾਹਰ ਵੀ ਇਹ ਅਵਾਰਾ ਪਸ਼ੂ ਸੜਕਾਂ ਕੰਢੇ ਹੀ ਵੇਖੇ ਜਾਂਦੇ ਹਨ ਪਰ ਫਿਰ ਵੀ ਕਈ ਕਾਹਲੇ ਇਨ੍ਹਾਂ ਨੂੰ ਟੱਕਰ ਮਾਰ ਕੇ ਆਪ ਵੀ ਤੇ ਇਨ੍ਹਾਂ ਪਸ਼ੂਆਂ ਦੀ ਜ਼ਿੰਦਗੀ ਨੂੰ ਖਤਰੇ \'ਚ ਪਾ ਦਿੰਦੇ ਹਨ।
ਹਾਦਸਾ ਹੋਣ ਤੋਂ ਬਾਅਦ ਲੋਕ ਬੰਦੇ ਨੂੰ ਬਚਾਉਣ ਲਈ ਤਾਂ ਪੂਰਾ ਯਤਨ ਕਰ ਲੈਂਦੇ ਹਨ ਪਰ ਹਾਦਸੇ ਦਾ ਸ਼ਿਕਾਰ ਹੋਏ ਪਸ਼ੂ ਨੂੰ ਸੜਕ \'ਤੇ ਤੜਫਦਾ ਹੀ ਛੱਡ ਦਿੰਦੇ ਹਨ। ਹਾਦਸੇ ਦਾ ਸ਼ਿਕਾਰ ਹੋਇਆ ਕੋਈ ਵੀ ਪਸ਼ੂ ਜਾਂ ਤਾਂ ਸੜਕਾਂ \'ਤੇ ਰੇਂਗਣ ਲਈ ਮਜ਼ਬੂਰ ਹੋ ਜਾਂਦਾ ਹੈ ਜਾਂ ਫਿਰ ਉਸਦੇ ਜ਼ਖਮਾਂ ਨੂੰ ਕੀੜੇ ਲੱਗ ਜਾਂਦੇ ਹਨ, ਜਿਹੜੇ ਉਸਨੂੰ ਜ਼ਿਆਦਾ ਦੇਰ ਜੀਣ ਨਹੀਂ ਦਿੰਦੇ। ਇਸੇ ਤਰ੍ਹਾਂ ਹੀ ਕੁੱਤੇ ਆਦਿ ਵੀ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਲਗਭਗ 10 ਸੜਕ ਹਾਦਸਿਆਂ \'ਚੋਂ ਇੱਕ ਹਾਦਸਾ ਅਵਾਰਾ ਪਸ਼ੂਆਂ ਨਾਲ ਟਕਰਾਉਣ ਕਰਕੇ ਘਟਦਾ ਹੈ, ਪਰ ਫਿਰ ਵੀ ਇਨ੍ਹਾਂ ਹਾਦਸਿਆਂ \'ਚ ਜਾਨਵਰਾਂ ਤੋਂ ਜ਼ਿਆਦਾ ਕਸੂਰਵਾਰ ਮਨੁੱਖ ਹੀ ਹਨ।
ਲੋਕ ਆਪਣੇ ਪਸ਼ੂਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਨ, ਪਰ ਜਦੋਂ ਉਹ ਪਸ਼ੂ ਕਿਸੇ ਕੰਮ ਦਾ ਨਹੀਂ ਰਹਿੰਦਾਂ ਤਾਂ ਉਸਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਹੈ। ਇਹ ਕਿੱਥੋਂ ਦੀ ਇਨਸਾਨੀਅਤ ਹੈ। ਲੋਕ ਆਪਣੀ ਗਾਂ-ਮੱਝ ਨੂੰ ਦੁੱਧ ਦੇਣੋ ਹਟਣ ਤੇ ਘਰੋਂ ਕੱਢ ਦਿੰਦੇ ਹਨ, ਜੇਕਰ ਗਾਂ ਨਾ ਨੇ ਵੱਛਾ ਦੇ ਤਾਂ ਉਸ ਵੱਛੇ ਨੂੰ ਵੀ ਨਹੀਂ ਪਾਲਿਆ ਜਾਂਦਾ। ਮੱਝ ਨੇ ਕੱਟੀ ਦਿੱਤੀ ਤਾਂ ਸਮਝੋ ਹੋ ਗਈ ਚਾਂਦੀ ਜੇ ਕੱਟਾ ਦੇ ਦਿੱਤਾ ਤਾਂ ਸੁੱਟੋ ਘਰੋਂ ਬਾਹਰ। ਇਨਸਾਨੀ ਜੂਨ \'ਚ ਹੀ ਬੰਦੇ ਦੀ ਕਦਰ ਹੀ ਹੈ, ਬਾਕੀ ਜੂਨਾਂ \'ਚ ਤਾਂ ਸ਼ਾਇਦ ਬੇਕਦਰੀ ਹੀ ਹੈ। ਲੋਕ ਧੀਆਂ ਨੂੰ ਤਾਂ ਕੁੱਖਾਂ \'ਚ ਮਾਰ ਦਿੰਦੇ ਹਨ ਪਰ ਜੇਕਰ ਕੋਈ ਘਰ \'ਚ ਪਾਲੇ ਜਾਣ ਵਾਲ ਦੁਧਾਰੂ ਪਸ਼ੂ ਇਸੇ ਰੂਪ (ਕੁੜੀ) ਨੂੰ ਜਨਮ ਦਿੰਦਾ ਹੈ ਤਾਂ ਉਸਦੀ ਰੱਜ ਕੇ ਸੇਵਾ ਕੀਤੀ ਜਾਂਦੀ ਹੈ, ਅਜਿਹਾ ਕਿਉਂ ਹੈ ਇਹ ਸ਼ਾਇਦ ਬੜੀ ਗੌਰ ਨਾਲ ਸਮਝਣ ਤੇ ਸੋਚਣ ਵਾਲੀ ਗੱਲ ਹੈ।
ਵਾਹਨ ਚਲਾਉਣ ਵਾਲਿਆਂ ਤੇ ਪਸ਼ੂ ਪਾਲਕਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਖਾਸੀ ਲੋੜ ਹੈ ਕਿ ਅਵਾਰਾ ਪਸ਼ੂ ਹਾਦਸੇ ਦਾ ਕਾਰਨ ਨਹੀਂ ਬਣਦੇ, ਬਲਕਿ ਸਾਡੇ ਵੱਲੋਂ ਬਣਾਏ ਜਾਂਦੇ ਹਨ। ਜੇਕਰ ਅਸੀਂ ਆਪਣਾ ਵਾਹਨ ਧਿਆਨ ਨਾਲ ਚਲਾਈਏ ਤੇ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਬਾਰੇ ਕੁਝ ਸੋਚੀਏ ਤਾਂ ਸ਼ਾਇਦ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਪਸ਼ੂ ਇਸ ਕਲੰਕ ਤੋਂ ਮੁਕਤ ਹੋ ਜਾਣਗੇ। ਪਸ਼ੂ ਪਾਲਕਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਹ ਆਪਣੇ ਪਸ਼ੂ ਨੂੰ ਘਰੋਂ ਕੱਢਣਾ ਹੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਸੰਸਥਾ ਦੇ ਹਵਾਲੇ ਕਰ ਦੇਣ, ਤਾਂ ਕਿ ਸੜਕਾਂ \'ਤੇ ਰੁਲਦੇ ਹੋਏ ਨਾ ਤਾਂ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇ ਤੇ ਨਾ ਹੀ ਕਿਸੇ ਹੋਰ ਦੀ ਮੌਤ ਦਾ ਕਲੰਕ ਉਨ੍ਹਾਂ ਮੱਥੇ ਲੱਗੇ।
ਮਲਟੀ ਲੇਵਲ ਮਾਰਕੀਟਿੰਗ ਦੇ ਨਾਂਅ \'ਤੇ ਲੁੱਟੇ ਜਾ ਰਹੇ ਲੋਕ
ਕਿਉਂਕਿ ਪੈਸਾ ਹਰ ਬੰਦੇ ਦੀ ਜ਼ਰੂਰਤ ਹੈ ਇਸ ਲਈ ਅੱਜ ਦੇ ਸਮੇਂ \'ਚ ਹਰ ਬੰਦਾ ਪੈਸੇ ਕਮਾਉਣ ਲਈ ਕੁਝ ਜ਼ਿਆਦਾ ਹੀ ਕਾਹਲਾ ਹੈ। ਬੰਦਾ ਜ਼ਲਦੀ ਪੈਸਾ ਕਮਾਉਣ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਂਦਾ ਹੈ, ਕਈ ਵਾਰ ਜ਼ਲਦੀ ਪੈਸਾ ਕਮਾਉਣ ਦੇ ਚੱਕਰ \'ਚ ਗਲਤ ਕੰਮਾਂ ਦਾ ਸਹਾਰ ਵੀ ਲੈਂਦਾ ਹੈ, ਜਿਸਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ ਹੈ। ਜ਼ਲਦੀ ਪੈਸਾ ਕਮਾਉਣ ਦੇ ਚੱਕਰ \'ਚ ਕਈ ਵਾਰ ਬੰਦਾ ਆਪਣੇ ਰਿਸ਼ਤਿਆਂ ਤੱਕ ਦੀ ਬਲੀ ਵੀ ਚੜ੍ਹਾ ਦਿੰਦਾ ਹੈ।
ਜ਼ਲਦੀ ਪੈਸਾ ਕਮਾਉਣ ਦੇ ਚਾਹਵਾਨ ਲੋਕਾਂ ਨੂੰ ਅੱਜ ਕੱਲ੍ਹ ਮਲਟੀ ਲੇਵਲ ਮਾਰਕੀਟਿੰਗ ਕੰਪਨੀਆਂ ਰੱਜ ਕੇ ਲੁੱਟ ਰਹੀਆਂ ਹਨ। ਅੱਜ ਦੇ ਸਮੇਂ \'ਚ ਪੰਜਾਬ \'ਚ ਲਗਭਗ 10-12 ਮਲਟੀ ਲੇਵਲ ਮਾਰਕੀਟਿੰਗ ਕੰਪਨੀਆਂ ਕਾਫੀ ਸਰਗਰਮ ਹਨ, ਜਿਹੜੀਆਂ ਦਵਾਈਆਂ ਵੇਚਣ, ਘਰੇਲੂ ਸਮਾਨ ਵੇਚਣ, ਕੱਪੜਾ ਵੇਚਣ ਤੇ ਹੋਰ ਕਈ ਤਰ੍ਹਾਂ ਦੀਆਂ ਵਸਤਾਂ ਵੇਚਣ ਲਈ ਮੈਂਬਰ ਬਨਾਉਣ ਦਾ ਕੰਮ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਮੈਂਬਰ ਬਨਣ ਲਈ ਸ਼ੁਰੂਆਤ \'ਚ ਲਗਭਗ 1000 ਰੁਪਏ ਤੋਂ ਲੈ ਕੇ 10000 ਰੁਪਏ ਤੱਕ ਦੇ ਕੇ ਮੈਂਬਰਸ਼ਿਪ ਲਈ ਜਾ ਸਕਦੀ ਹੈ।
ਇਹ ਕੰਪਨੀਆਂ ਲੋਕਾਂ ਨੂੰ ਸ਼ੁਰੂ \'ਚ ਬੜੇ ਉੱਚੇ ਸੁਪਨੇ ਵਿਖਾਉਂਦੀਆਂ ਹਨ। ਇਹ ਕੰਪਨੀਆਂ ਆਪਣੀ ਕੰਪਨੀ ਨਾਲ ਹੋਰ ਲੋਕਾਂ ਜੋੜਨ ਲਈ ਆਪਣੇ ਮੈਂਬਰਾਂ ਨੂੰ ਫਲੈਟ ਦੇਣ, ਕਾਰ ਦੇਣ, ਲੈੱਪਟਾਪ ਦੇਣ ਤੇ ਕਰੋੜਪਤੀ ਬਨਣ ਦੇ ਸੁਪਨੇ ਵਿਖਾ ਕੇ ਚਕਾਚੌਂਧ ਕਰ ਦਿੰਦੀਆਂ ਹਨ। ਇਹ ਕੰਪਨੀਆਂ ਲੋਕਾਂ ਨੂੰ ਮੁਫ਼ਤ \'ਚ ਠੰਡੀਆਂ ਥਾਵਾਂ \'ਤੇ ਘੁੰਮਣ ਫਿਰਣ ਆਦਿ ਦੀਆਂ ਆਫਰਾਂ ਵੀ ਦਿੰਦੀਆਂ ਹਨ। ਇਹ ਕੰਪਨੀਆਂ ਵੱਡੇ ਸ਼ਹਿਰਾਂ \'ਚ ਕਈ ਵੱਡੇ-ਵੱਡੇ ਸਮਾਗਮਾਂ ਦਾ ਆਯੋਜਨ ਵੀ ਕਰਦੀਆਂ ਹਨ, ਜਿੱਥੇ ਜ਼ਿਆਦਾਤਰ ਕਿਰਾਏ \'ਤੇ ਲਿਆਏ ਗਏ ਲੋਕ ਇਨ੍ਹਾਂ ਦੀ ਹਾਂ \'ਚ ਹਾਂ ਮਿਲਾਉਂਦੇ ਹਨ। ਇਨ੍ਹਾਂ ਸਮਾਗਮਾਂ \'ਚ ਇਹ ਕੰਪਨੀਆਂ ਲੋਕਾਂ ਨੂੰ ਅਜਿਹੀਆਂ ਉਦਹਾਰਣਾਂ ਦਿੰਦੀਆਂ ਹਨ ਕਿ ਤੁਸੀਂ ਇੱਕ ਵਾਰ ਸਾਡੀ ਕੰਪਨੀ ਨਾਲ ਜੁੜੋ ਤੇ ਜਿਵੇਂ ਬੈਂਕ ਤੁਹਾਨੂੰ ਹਰ ਮਹੀਨੇ ਵਿਆਜ਼ ਦਿੰਦਾ ਹੈ ਅਸੀਂ ਵੀ ਤੁਹਾਨੂੰ ਉਸੇ ਤਰ੍ਹਾਂ ਤੁਹਾਡੀ ਕਮਿਸ਼ਨ ਦੇ ਚੈੱਕ ਭੇਜਾਂਗੇ।
ਇਨ੍ਹਾਂ ਕੰਪਨੀਆਂ ਵੱਲੋਂ ਮੈਂਬਰ ਬਣਾਏ ਗਏ ਲੋਕ ਆਪਣੇ ਰਿਸ਼ਤੇਦਾਰਾਂ, ਯਾਰਾਂ ਦੋਸਤਾਂ ਤੇ ਉਨ੍ਹਾਂ ਦੇ ਯਾਰਾਂ ਦੋਸਤਾਂ ਨੂੰ ਆਪਣੀ ਕੰਪਨੀ ਦਾ ਮੈਂਬਰ ਬਨਣ ਲਈ ਉਨ੍ਹਾਂ ਦੇ ਘਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ। ਯਾਰ ਦੋਸਤ ਤੇ ਰਿਸ਼ਤੇਦਾਰ ਕਈ ਵਾਰ ਤੰਗ ਆ ਕੇ ਇਨ੍ਹਾਂ ਨਾਲ ਗੱਲਬਾਤ ਤੱਕ ਕਰਨਾ ਛੱਡ ਦਿੰਦੇ ਹਨ ਤੇ ਕਈ ਮਜ਼ਬੂਰ ਹੋ ਕੇ ਇਨ੍ਹਾਂ ਦੇ ਮੈਂਬਰ ਵੀ ਬਣ ਜਾਂਦੇ ਹਨ। ਫਿਰ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਹੋਰ-ਹੋਰ ਮੈਂਬਰ ਜੋੜਨ ਦਾ, ਫਿਰ ਇਨ੍ਹਾਂ ਕੰਪਨੀਆਂ ਦੇ ਮਾਰਕੀਟਿੰਗ ਕਰਨ ਵਾਲੇ ਅੱਗੇ ਤੋਂ ਅੱਗੇ ਲਾਈਨ ਬਨਾਉਣ ਲਈ ਲੋਕਾਂ ਨਾਲ ਸੰਪਰਕ ਕਰਦੇ ਹਨ ਤੇ ਲੋਕਾਂ ਨੂੰ ਆਪਣੀਆਂ-ਆਪਣੀਆਂ ਕੰਪਨੀਆਂ ਦੀਆਂ ਸਕੀਮਾਂ ਬਾਰੇ ਦੱਸਦੇ ਹਨ।
ਕੰਪਨੀ ਦੀ ਮਾਰਕੀਟਿੰਗ ਕਰਨ ਵਾਲਿਆਂ ਦਾ ਗੱਲਬਾਤ ਕਰਨ ਦਾ ਸਲੀਕਾ ਐਨਾ ਕੁ ਵਧੀਆ ਹੁੰਦਾ ਹੈ ਕਿ ਇਹ ਭੋਲੇ ਭਾਲੇ ਲੋਕਾਂ ਤੋਂ ਇਲਾਵਾ ਪੜ੍ਹੇ ਲਿਖੇ ਲੋਕਾਂ ਨੂੰ ਵੀ ਆਪਣੇ ਝਾਂਸੇ \'ਚ ਲੈ ਕੇ ਉਨ੍ਹਾਂ ਦੀ ਜੇਬ \'ਚੋਂ ਵੀ ਪੈਸੇ ਕਢਵਾ ਲੈਂਦੇ ਹਨ। ਇੱਕ ਵਾਰ ਇਨ੍ਹਾਂ ਕੰਪਨੀਆਂ ਦਾ ਮੈਂਬਰ ਬਨਣ ਤੋਂ ਬਾਅਦ ਜੇਕਰ ਤੁਸੀਂ ਪੈਸਾ ਕਮਾਉਣਾ ਹੈ ਤਾਂ ਤੁਹਾਨੂੰ ਆਪਣੇ ਥੱਲ੍ਹੇ ਹੋਰ ਮੈਂਬਰ ਜੋੜਨੇ ਪੈਂਦੇ ਹਨ, ਜਿਹੜਾ ਬਹੁਤ ਔਖਾ ਹੈ। ਕਿਉਂਕਿ ਆਪਣੇ ਨਾਲ ਹੋਰ ਮੈਂਬਰਾਂ ਨੂੰ ਵੀ ਸਿਰਫ ਗੱਲਾਂ ਦੇ ਜਾਦੂਗਰ ਹੀ ਜੋੜ ਸਕਦੇ ਹਨ, ਜਿਹੜੇ ਚਿੱਟੇ ਦਿਨ ਵੀ ਲੋਕਾਂ ਨੂੰ ਸੋਨੇ ਦੇ ਭਾਅ ਮਿੱਟੀ ਵੇਚਣ ਤੇ ਗੰਜੇ ਨੂੰ ਕੰਘੀ ਵੇਚਣ ਦੇ ਮਾਹਿਰ ਹੁੰਦੇ ਹਨ।
ਅੱਜ ਦੇ ਸਮੇਂ \'ਚ ਪੰਜਾਬ ਦੇ ਲਗਭਗ ਹਰ ਪਿੰਡ \'ਚ ਇਨ੍ਹਾਂ ਮਲਟੀ ਲੇਵਲ ਮਾਰਕੀਟਿੰਗ ਕੰਪਨੀਆਂ ਦੇ ਮੈਂਬਰ ਕਾਫੀ ਸਰਗਰਮ ਹਨ, ਜਿਹੜੇ ਭੋਲੇ ਭਾਲੇ ਲੋਕਾਂ ਨੂੰ ਕੁਝ ਹੀ ਦਿਨਾਂ \'ਚ ਅਮੀਰ ਬਨਣ ਦਾ ਸੁਪਨਾ ਵਿਖਾ ਕੇ ਲੁੱਟ ਰਹੇ ਹਨ। ਇਹ ਕੰਪਨੀਆਂ ਆਪਣੇ ਸਮਾਗਮਾਂ \'ਚ ਕੰਪਨੀ ਨਾਲ ਜ਼ਿਆਦਾ ਮੈਂਬਰ ਜੋਣਨ ਵਾਲੇ ਮੈਂਬਰਾਂ ਨੂੰ ਕਰੋੜਾਂ ਦੇ ਚੈੱਕ ਦਿੰਦੀਆਂ ਹਨ, ਜਿਹੜਾ ਕੋਰਾ ਝੂਠ ਹੁੰਦਾ ਹੈ। ਸਮਾਗਮਾਂ \'ਚ ਇਹ ਕੰਪਨੀਆਂ ਆਪਣੇ ਮੈਂਬਰਾਂ ਨੂੰ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ, ਲੈੱਪਟਾਪ ਤੇ ਵਧੀਆ ਕੰਪਨੀਆਂ ਦੇ ਮੋਬਾਈਲ ਵੀ ਦਿੰਦੀਆਂ ਹਨ। ਇਨ੍ਹਾਂ ਸਮਾਗਮਾਂ \'ਚ ਮੈਂਬਰਾਂ ਦੇ ਨਾਲ ਆਏ ਲੋਕ ਇਹ ਸਭ ਵੇਖ ਕੇ ਇਨ੍ਹਾਂ ਕੰਪਨੀਆਂ ਦੇ ਮੈਂਬਰ ਤਾਂ ਬਣ ਜਾਂਦੇ ਹਨ ਪਰ ਕੁਝ ਸਮੇਂ ਬਾਅਦ ਮੈਂਬਰ ਨਾ ਜੁੜਨ ਕਰਕੇ ਚੁੱਪ ਹੋ ਕੇ ਬੈਠ ਜਾਂਦੇ ਹਨ ਜਾਂ ਕੰਪਨੀ ਵਾਲਿਆਂ ਨੂੰ ਗਾਲਾਂ ਕੱਢ ਰਹੇ ਹੁੰਦੇ ਹਨ ਕਿ ਸਾਡੇ ਪੈਸੇ ਵਾਪਿਸ ਦਿਓ।
ਪੰਜਾਬ \'ਚ ਸਰਗਰਮ ਇਹ ਮਲਟੀ ਲੇਵਲ ਕੰਪਨੀਆਂ ਹਰ ਮਹੀਨੇ ਕਰੋੜਾਂ ਦਾ ਵਪਾਰ ਕਰ ਰਹੀਆਂ ਹਨ ਤੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਉੱਚੇ ਉੱਚੇ ਸੁਪਨੇ ਰੱਜ ਕੇ ਲੁੱਟ ਰਹੀਆਂ ਹਨ। ਅੱਜ ਦੇ ਸਮੇਂ \'ਚ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਅਜਿਹੀਆਂ ਕੰਪਨੀਆਂ ਪਹਿਲਾਂ ਵੀ ਲੋਕਾਂ ਦਾ ਪੈਸਾ ਲੁੱਟ ਕੇ ਭੱਜ ਚੁੱਕੀਆਂ ਹਨ ਤੇ ਹੁਣ ਵੀ ਭੱਜ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦੇ ਮੈਂਬਰ ਬਨਣ ਨਾਲੋਂ ਚੰਗਾ ਹੈ ਕਿ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਕਿਸੇ ਨੇਕ ਕੰਮ \'ਚ ਲਗਾਓ, ਜਿਸ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਭਲਾ ਹੋਵੇ।
-
ਸੰਦੀਪ ਜੈਤੋਈ 81465-73901,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.