ਪਿਛਲੇ ਕਾਫੀ ਸਮੇਂ ਤੋਂ ਔਰਤਾਂ \'ਤੇ ਅੱਤਿਆਚਾਰ ਵੱਧਦਾ ਹੀ ਜਾ ਰਿਹਾ ਹੈ। ਔਰਤਾਂ ਨਾਲ ਵਰਤ ਰਹੀਆਂ ਘਿਨੌਣੀਆਂ ਘਟਨਾਵਾਂ ਸਮਾਜ ਨੂੰ ਸ਼ਰਮਸਾਰ ਕਰ ਰਹੀਆਂ ਹਨ। ਅੱਜ ਔਰਤ ਕਿਸੇ ਵੀ ਰੂਪ \'ਚ ਸੁਰੱਖਿਅਤ ਨਹੀਂ ਹੈ। ਔਰਤ \'ਤੇ ਅੱਤਿਆਚਾਰ ਤਾਂ ਲਗਭਗ ਹਰ ਕਾਲ (ਯੁੱਗ) \'ਚ ਹੀ ਹੁੰਦੇ ਆਏ ਹਨ ਪਰ ਅੱਜ ਦੇ ਇਸ ਯੁੱਗ \'ਚ ਔਰਤ ਭਲੇ ਹੀ ਮਰਦਾਂ ਦੀ ਬਰਾਬਰੀ ਕਰਨ ਦੇ ਕਾਬਲ ਬਣ ਗਈ ਹੈ ਪਰ ਫਿਰ ਵੀ ਨਾ ਤਾਂ ਸਮਾਜ ਦਾ ਅਨਪੜ੍ਹ ਵਰਗ ਔਰਤ ਦੀ ਕਦਰ ਕਰਦਾ ਹੈ ਤੇ ਨਾ ਹੀ ਪੜ੍ਹਿਆ ਲਿਖਿਆ ਵਰਗ।
ਅੱਜ ਦੇ ਸਮੇਂ \'ਚ ਘਰੋਂ ਭੱਜਣ ਵਾਲਿਆਂ ਜੋੜਿਆਂ ਦੀ ਗਿਣਤੀ \'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਅਖ਼ਬਾਰ \'ਚ ਛਪੀ ਅਜਿਹੀ ਹਰ ਖ਼ਬਰ \'ਚ ਲਗਭਗ ਇਹੋ ਹੈੱਡਲਾਈਨ ਹੁੰਦਾ ਹੈ ਕਿ \'ਮੁੰਡਾ ਨਬਾਲਿਗ ਕੁੜੀ ਨੂੰ ਵਰਗਲਾ ਕੇ ਲੈ ਗਿਆ ਜਾਂ ਮੁੰਡਾ-ਕੁੜੀ ਘਰੋਂ ਫਰਾਰ\'। ਹਾਲਾਂਕਿ ਮੁੰਡੇ-ਕੁੜੀਆਂ ਇਹ ਸਭ ਜ਼ਿਆਦਾ ਸਮਝ ਨਾ ਹੋਣ ਕਰਕੇ ਤੇ ਪਿਆਰ \'ਚ ਆਪਣੇ ਆਪ ਨੂੰ ਸਫਲ ਨਾ ਹੁੰਦਾ ਵੇਖ ਕੇ ਹੀ ਕਰਦੇ ਹਨ, ਪਰ ਕਿ ਇਸ \'ਚ ਸਾਰਾ ਦੋਸ਼ ਕੁੜੀ ਦਾ ਹੀ ਹੁੰਦਾ ਹੈ। ਅਜਿਹੇ ਕੇਸਾਂ \'ਚ ਜ਼ਿਆਦਾਤਰ ਮਾਪੇ ਅਣਖ ਖਾਤਰ ਆਪਣੀ ਧੀ ਨੂੰ ਹੀ ਖਤਮ ਕਰਦੇ ਦਿੰਦੇ ਹਨ, ਕਈ ਕੇਸਾਂ \'ਚ ਸਿਰਫ ਪਿਆਰ ਦੀ ਭਣਕ ਲੱਗਣ \'ਤੇ ਹੀ ਮਾਪੇ ਆਪਣੀ ਧੀ ਦਾ ਕਤਲ ਕਰ ਦਿੰਦੇ ਹਨ।
ਪਿਛਲੇ ਕਾਫੀ ਸਮੇਂ ਤੋਂ ਪੰਜਾਬ ਤੇ ਹਰਿਆਣੇ ਸਹਿਤ ਪੂਰੇ ਭਾਰਤ \'ਚ ਅਣਖ ਦੇ ਨਾਂਅ \'ਤੇ ਹਜ਼ਾਰਾਂ ਦੀ ਗਿਣਤੀ \'ਚ ਧੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ। ਧੀਆਂ ਨੂੰ ਜਾਨੋਂ ਮਾਰਣ ਵਾਲੇ ਮਾਪੇ, ਭਰਾ ਤੇ ਹੋਰ ਰਿਸ਼ਤੇਦਾਰ ਧੀ ਦੇ ਕਤਲ \'ਚ ਜ਼ੇਲ੍ਹਾਂ \'ਚ ਕੈਦ ਹਨ। ਕਈ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਤਾਂ ਧੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜਾ ਵੀ ਹੋ ਚੁੱਕੀ ਹੈ। ਕੁਝ ਸਮਾਂ ਪਹਿਲਾਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਪ੍ਰੇਮ ਵਿਆਹ \'ਲਵ ਮੈਰਿਜ\' ਵਿਰੁੱਧ ਅਵਾਜ਼ ਉਠਾਈ ਸੀ। ਹਾਲਾਂਕਿ ਅੱਜ ਦੀ ਪੀੜ੍ਹੀ \'ਲਵ ਮੈਰਿਜ\' ਨੂੰ ਪਹਿਲ ਦੇ ਰਹੀ ਹੈ ਪਰ ਕੀ ਮਾਪਿਆਂ ਤੇ ਹੋਰ ਰਿਸ਼ਤਿਆਂ ਦਾ ਖੂਨ ਕਰਕੇ ਇਹ ਲਵ ਮੈਰਿਜਾਂ ਸਫਲ ਹੋਈਆਂ ਹਨ। ਲਵ ਮੈਰਿਜਾਂ ਦੇ ਵੀ ਅਜਿਹੇ ਕਈ ਕੇਸ ਅਦਾਲਤਾਂ \'ਚ ਰੁਲ ਰਹੇ ਹਨ, ਜਿਨ੍ਹਾਂ ਨੇ ਆਪਣੀ ਮਰਜੀ ਨਾਲ ਵਿਆਹ ਕਰਾਇਆ ਤੇ ਚਾਰ ਮਹੀਨੇ ਬਾਅਦ ਹੀ ਤਲਾਕ ਲਈ ਕੋਰਟ \'ਚ ਅਰਜੀ ਦੇ ਦਿੱਤੀ। ਅਜਿਹੇ ਕੇਸਾਂ \'ਚ ਸਿਰਫ ਤੇ ਸਿਰਫ ਅਜਿਹਾ ਵਿਆਹ ਕਰਵਾਉਣ ਵਾਲੇ ਹੀ ਧੱਕੇ ਨਹੀਂ ਖਾਂਦੇ ਬਲਕਿ ਉਨ੍ਹਾਂ ਦੇ ਮਾਪਿਆਂ ਨੂੰ ਵੀ ਉਨ੍ਹਾਂ ਦੇ ਨਾਲ ਹੀ ਧੱਕੇ ਖਾਣੇ ਪੈਂਦੇ ਹਨ।
ਪਿਛਲੇ ਲਗਭਗ 5-7 ਸਾਲਾਂ \'ਚ ਹਰਿਆਣੇ ਤੇ ਪੰਜਾਬ \'ਚ ਅਣਖ ਦੇ ਨਾਂਅ \'ਤੇ ਮਾਪਿਆਂ ਵੱਲੋਂ ਸਿਰਫ ਤੇ ਸਿਰਫ ਧੀਆਂ ਨੂੰ ਹੀ ਕਤਲ ਕੀਤਾ ਗਿਆ ਹੈ, ਜਾਂ ਕੁਝ ਕੇਸਾਂ \'ਚ ਧੀ ਦੇ ਨਾਲ ਮੁੰਡੇ ਨੂੰ ਵੀ ਕਤਲ ਕੀਤਾ ਗਿਆ। ਅਜਿਹਾ ਕਦਮ ਸਿਰਫ ਤੇ ਸਿਰਫ ਕੁੜੀਆਂ ਦੇ ਮਾਪਿਆਂ ਵੱਲੋਂ ਹੀ ਚੁੱਕਿਆ ਗਿਆ ਹੈ, ਸ਼ਾਇਦ ਹੀ ਕੋਈ ਅਜਿਹਾ ਕੇਸ ਹੋਵੇਗਾ ਜਿਸ \'ਚ ਕਿਸੇ ਮੁੰਡੇ ਦੇ ਪਿਓ ਨੇ ਆਪਣੇ ਪੁੱਤਾ ਦਾ ਕਤਲ ਕੀਤਾ ਹੋਵੇਗਾ। ਅਜਿਹੇ ਕੇਸਾਂ \'ਚ ਮੁੰਡੇ ਦੇ ਮਾਪੇ ਜਾਂ ਰਿਸ਼ਤੇਦਾਰ ਮੁੰਡੇ ਨੂੰ ਕੁਝ ਕਿਉਂ ਨਹੀਂ ਕਹਿੰਦੇ, ਕੀ ਮਾਪੇ ਆਪਣੇ ਪੁੱਤ ਵੱਲੋਂ ਕੀਤੇ ਅਜਿਹੇ ਕਾਰੇ ਨੂੰ ਬਹੁਤ ਚੰਗਾ ਕੰਮ ਸਮਝਦੇ ਹਨ, ਜਿਸਨੇ ਉਨ੍ਹਾਂ ਦੀ ਇੱਜਤ ਨੂੰ ਚਾਰ ਚੰਨ੍ਹ ਲਗਾ ਦਿੱਤੇ ਜਾਂ, ਕੋਈ ਅਜਿਹਾ ਕੰਮ ਕੀਤਾ ਹੈ ਜਿਹੜਾ ਅੱਜ ਤੱਕ ਕਿਸੇ ਨੇ ਕੀਤਾ ਹੀ ਨਹੀਂ।
ਅੱਜ ਸਮਾਜ ਦਾ ਹਰ ਵਰਗ ਆਪਣੀ ਧੀ-ਭੈਣ ਦੀ ਇੱਜਤ ਨੂੰ ਲੈ ਕੇ ਚਿੰਤਾ \'ਚ ਹੈ, ਪਰ ਕੋਈ ਵੀ ਆਪਣੇ ਪੁੱਤ ਦੀਆਂ ਕਰਤੂਤਾਂ ਨੂੰ ਲੈ ਕੇ ਚਿੰਤਾ ਕਿਉਂ ਨਹੀਂ ਕਰਦਾ। ਘਰੋਂ ਭੱਜਣ ਤੋਂ ਲੈ ਕੇ ਅਜਿਹੇ ਹੋਰ ਕੇਸਾਂ \'ਚ ਚਾਹੇ ਮੁੰਡਾ-ਤੇ ਕੁੜੀ ਦੋਵਾਂ ਦੀ ਹੀ ਸ਼ਮੂਲੀਅਤ ਹੁੰਦੀ ਹੈ ਪਰ ਸਭ ਨਾਲੋਂ ਜ਼ਿਆਦਾ ਤਸ਼ੱਦਦ ਕੁੜੀ ਨੂੰ ਹੀ ਝੱਲਣੀ ਪੈਂਦਾ ਹੈ। ਮੁੰਡੇ ਵਾਲਿਆਂ ਦਾ ਪੱਖ ਪਹਿਲਾਂ ਵੀ ਇਹੀ ਕਹਿੰਦਾ ਸੀ ਤੇ ਅੱਜ ਵੀ ਇਹੀ ਕਹਿੰਦਾ ਹੈ ਕਿ \'ਆਪਣੀ ਧੀ ਨੂੰ ਸਮਝਾਓ\', ਸਾਡੇ ਮੁੰਡੇ ਦਾ ਕੀ ਕਸੂਰ ਹੈ, ਓਹ ਨਾ ਭੱਜਦੀ ਸਾਡੇ ਮੁੰਡੇ ਨਾਲ। ਜੇਕਰ ਮਾਪੇ ਅਣਖ ਖਾਤਰ ਆਪਣੀ ਧੀ ਦਾ ਕਤਲ ਕਰ ਸਕਦੇ ਹਨ ਤਾਂ ਮੁੰਡੇ ਦੇ ਮਾਪੇ ਮੁੰਡੇ ਦਾ ਕਿਉਂ ਨਹੀਂ, ਕੀ ਅਜਿਹਾ ਘਟੀਆ ਕੰਮ ਕਰਕੇ ਸਿਰਫ ਕੁੜੀ ਹੀ ਮਾਪਿਆਂ ਦੀ ਪੱਗ ਮਿੱਟੀ \'ਚ ਰੋਲਦੀ ਹੈ, ਤੇ ਮੁੰਡਾ ਅਜਿਹਾ ਕੰਮ ਕਰਕੇ ਆਪਣੇ ਬਾਪੂ ਦੀ ਪੱਗ \'ਤੇ ਬੜੀਆਂ ਕਲਗੀਆਂ ਸਜਾ ਦਿੰਦਾ ਹੈ।
ਅਜਿਹੇ ਕੇਸਾਂ \'ਚ ਸਿਰਫ ਕੁੜੀ ਨੂੰ ਸਜਾ ਦੇਣੀ ਕਿੰਨੀ ਕੁ ਸਹੀ ਹੈ, ਇਹ ਸਿਰਫ ਕੁੜੀ ਦੇ ਮਾਪਿਆਂ ਨੂੰ ਹੀ ਨਹੀਂ ਬਲਕਿ ਮੁੰਡੇ ਦੇ ਮਾਪਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੁੜੀ ਨੂੰ ਜੋ ਵੀ ਸਜਾ ਮਿਲੀ ਹੈ ਉਹ ਸਿਰਫ ਤੇ ਸਿਰਫ ਸਾਡੇ ਮੁੰਡੇ ਕਰਕੇ ਹੀ ਮਿਲੀ ਹੈ। ਮਾਪਿਆਂ ਨੂੰ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਧੀਆਂ ਭੈਣਾਂ ਦੀ ਇੱਜਤ ਕਰਨਾ ਸਿਖਾਉਣ ਦੀ, ਕਿਉਂਕਿ ਅੱਜ ਦੀ ਪੀੜ੍ਹੀ ਜਿਸ ਰਾਹ \'ਤੇ ਤੁਰ ਰਹੀ ਹੈ, ਉਸਦੀਆਂ ਗੰਦੀਆਂ ਨੀਤਾਂ ਨੇ ਰਿਸ਼ਤਿਆਂ ਨੂੰ ਤਾਂ ਸ਼ਰਮਸਾਰ ਕਰਨਾ ਸ਼ੁਰੂ ਕਰ ਹੀ ਦਿੱਤਾ ਹੈ ਤੇ ਜੇਕਰ ਕੁਝ ਸਮਾਂ ਹੋਰ ਅਜਿਹਾ ਹੀ ਚੱਲਦਾ ਰਿਹਾ ਤਾਂ ਅਜਿਹੀਆਂ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ ਉਨ੍ਹਾਂ ਦੇ ਆਪਣੇ ਘਰਾਂ \'ਚ ਘਟਣੀਆਂ ਸ਼ੁਰੂ ਹੋ ਜਾਣਗੀਆਂ।
ਲੱਸੀ ਵੀ ਵਿਕਣ ਲੱਗੀ ਮੁੱਲ
ਵੈਸੇ ਤਾਂ ਅੱਜ ਦੇ ਸਮੇਂ \'ਚ ਪਾਣੀ ਵੀ ਮੁੱਲ ਵਿਕਣ ਲੱਗਾ ਹੈ ਪਰ ਕਦੇ ਘਰਾਂ \'ਚੋਂ ਮੁਫਤ \'ਚ ਮਿਲ ਜਾਣ ਵਾਲੀ ਲੱਸੀ ਵੀ ਹੁਣ ਪੈਕਟਾਂ \'ਚ ਵਿਕਣ ਲੱਗੀ ਹੈ। ਪੰਜਾਬ ਮਸ਼ਹੂਰ ਹੈ ਆਪਣੇ ਅਮੀਰ ਵਿਰਸੇ ਤੇ ਖਾਣ-ਪੀਣ ਲਈ। ਪੰਜਾਬੀਆਂ ਦਾ ਪਸੰਦੀਦਾ ਖੁਰਾਕ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ, ਦੁੱਧ, ਦਹੀਂ, ਘਿਓ, ਮੱਖਣ ਤੇ ਲੱਸੀ ਹੈ। ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ ਵੀ ਪੰਜਾਬੀਆਂ ਦੇ ਇਸ ਖਾਣੇ ਦਾ ਸਵਾਦ ਚਖੇ ਬਿਨਾਂ ਨਹੀਂ ਰਹਿ ਸਕਦੇ। ਜਦੋਂ ਵੀ ਕੋਈ ਵਿਦੇਸ਼ੀ ਪੰਜਾਬ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਮੰਗ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੋਂ ਇਲਾਵਾ ਲੱਸੀ ਦੀ ਹੁੰਦੀ ਹੈ ਪਰ ਅੱਜ ਕੱਲ੍ਹ ਇਹ ਚੀਜ਼ਾਂ ਪਿੰਡਾਂ \'ਚੋਂ ਵੀ ਲੁਪਤ ਹੁੰਦੀਆਂ ਜਾ ਰਹੀਆਂ ਹਨ।
ਲਗਭਗ 20-25 ਸਾਲ ਪਹਿਲਾਂ ਪਿੰਡਾਂ \'ਚ ਇਹ ਚੀਜ਼ਾਂ ਵਾਧੂ ਮਾਤਰਾ \'ਚ ਹੁੰਦੀਆਂ ਸਨ, ਇਨ੍ਹਾਂ ਚੀਜ਼ਾਂ ਨੂੰ ਖਰੀਦਣ ਲਈ ਕਿਸੇ ਨੂੰ ਬਜ਼ਾਰ ਨਹੀਂ ਜਾਣਾ ਪੈਂਦਾ ਸੀ। ਪਰ ਸਮੇਂ \'ਚ ਆਏ ਬਦਲਾਅ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੀ ਬਜ਼ਾਰ \'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪਿੰਡਾਂ \'ਚ ਪਸ਼ੂ ਧਨ ਵੱਡੀ ਮਾਤਰਾ \'ਚ ਪਾਲਿਆ ਜਾਂਦਾ ਸੀ ਤੇ ਜਿਸ ਘਰ \'ਚ ਪਸ਼ੂ ਹੁੰਦੇ ਸੀ ਲੋਕ ਉਨ੍ਹਾਂ ਘਰਾਂ \'ਚੋਂ ਲੱਸੀ ਲੈ ਆਉਂਦੇ ਸਨ ਤੇ ਪਸ਼ੂ ਪਾਲਕ ਆਪ ਵੀ ਲੋਕਾਂ ਨੂੰ ਲੱਸੀ ਲੈ ਕੇ ਜਾਣ ਲਈ ਕਹਿ ਦਿੰਦੇ ਸਨ। ਬਦਲੀ ਜੀਵਨ ਸ਼ੈਲੀ ਕਰਕੇ ਹੁਣ ਲੋਕ ਆਪਣੀ ਸਿਹਤ ਨੂੰ ਧਿਆਨ \'ਚ ਰੱਖਦੇ ਹੋਏ ਇਨ੍ਹਾਂ ਪਦਾਰਥਾਂ ਦੇ ਸੇਵਨ ਤੋਂ ਡਰਦੇ ਹਨ। ਲੋਕਾਂ ਨੂੰ ਲਗਦਾ ਹੈ ਕਿ ਇਨ੍ਹਾਂ ਪਦਾਰਥਾਂ ਦੇ ਸੇਵਨ ਨਾਲ ਸਾਡਾ ਮੋਟਾਪਾ ਵਧ ਜਾਵੇਗਾ ਜਾਂ ਸਾਨੂੰ ਹੋਰ ਕਈ ਬੀਮਾਰੀਆਂ ਹੋ ਜਾਣਗੀਆਂ।
ਨੌਜਵਾਨ ਪੀੜ੍ਹੀ ਦਾ ਪੱਛਮੀ ਸੱਭਿਅਤਾ ਵੱਲ ਜ਼ਿਆਦਾ ਝੁਕਾਅ ਹੋਣ ਕਰਕੇ ਆਪਣੀ ਦੇਸੀ ਖੁਰਾਕ ਨੂੰ ਛੱਡ ਕੇ ਨੌਜਵਾਨ ਵਰਗ, ਪਿੱਜਾ, ਬਰਗਰ ਤੇ ਹੋਰ ਚਾਈਨੀਜ ਫੂਡ ਨੂੰ ਪਹਿਲ ਦੇਣ ਲੱਗ ਗਿਆ ਹੈ। ਪੁਰਾਣੇ ਸਮੇਂ \'ਚ ਪਿੰਡਾਂ \'ਚ ਡੇਅਰੀਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਤੇ ਲੋਕ ਬਹੁਤ ਥੋੜੀ ਮਾਤਰਾ \'ਚ ਦੁੱਧ ਵੇਚਦੇ ਸਨ। ਬਚੇ ਹੋਏ ਦੁੱਧ ਦੀ ਲੋਕ ਲੱਸੀ ਰਿੜਕ ਲੈਂਦੇ ਸਨ ਜਿਹੜੀ ਜਾਂ ਤਾਂ ਆਂਢ ਗੁਆਂਢ ਨੂੰ ਦੇ ਦਿੱਤੀ ਜਾਂਦੀ ਸੀ ਜਾਂ ਪਸ਼ੂਆਂ ਨੂੰ ਪਿਆ ਦਿੱਤੀ ਜਾਂਦੀ ਸੇ ਤੇ ਪਸ਼ੂਆਂ ਨੂੰ ਨਹਾਉਣ ਲਈ ਵਰਤ ਲਈ ਜਾਂਦੀ। ਔਰਤਾਂ ਵੀ ਆਪਣੇ ਕੇਸ ਨਿਖਾਰਨ ਲਈ ਲੱਸੀ ਨਾਲ ਆਪਣੇ ਕੇਸ ਧੋਂਦੀਆਂ ਸਨ, ਪਰ ਅੱਜ ਕੱਲ੍ਹ ਸ਼ੈਂਪੂ ਨਾਲ ਕੇਸ ਧੋਣ ਦਾ ਜ਼ਮਾਨਾ ਆ ਗਿਆ ਹੈ।
ਉਨ੍ਹਾਂ ਸਮਿਆਂ \'ਚ ਪਸ਼ੂ ਪਾਲਣ ਵਾਲਿਆਂ ਦੇ ਘਰ ਸਵੇਰੇ ਮਧਾਣੀ ਦੀ ਅਵਾਜ਼ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਸੀ। ਲੱਸੀ ਰਿੜਕਣ ਦੇ ਨਾਲ ਨਾਲ ਦੁੱਧ \'ਚੋਂ ਘਿਓ ਤੇ ਮੱਖਣ ਵੀ ਕੱਢਿਆ ਜਾਂਦਾ ਸੀ। ਪਿੰਡਾਂ \'ਚ ਔਰਤਾਂ ਮਧਾਣੀ ਬਾਰੇ ਚਰਚਾ ਕਰਦੀਆਂ ਸਨ। ਮਧਾਣੀਆਂ ਨੂੰ ਵੀ ਘੁੰਗਰੂਆਂ ਨਾਲ ਸ਼ਿੰਗਾਰਿਆ ਹੁੰਦਾ ਸੀ। ਸਮਾਂ ਬਦਲਦਾ ਗਿਆ ਤੇ ਪਿੰਡਾਂ \'ਚੋਂ ਲੱਸੀ ਤੇ ਮਧਾਣੀ ਵੀ ਲੁਪਤ ਹੁੰਦੀ ਗਈ, ਹੁਣ ਨਾ ਤਾਂ ਮਧਾਣੀਆਂ ਹੀ ਰਹੀਆਂ ਤੇ ਨਾ ਔਰਤਾਂ \'ਚ ਦੁੱਧ ਰਿੜਕਣ ਦੀ ਸ਼ਕਤੀ। ਹੁਣ ਜੇਕਰ ਪਿੰਡਾਂ \'ਚ ਕੋਈ ਲੱਸੀ ਰਿੜਕਦਾ ਵੀ ਹੈ ਤਾਂ ਉਹ ਬਿਜਲੀ ਨਾਲ ਚੱਲਣ ਵਾਲੀ ਮਧਾਣੀ ਨਾਲ। ਹੁਣ ਲੋਕ ਆਪਣੇ ਜੋਗਾ ਦੁੱਧ ਬਚਾ ਕੇ ਬਾਕੀ ਬਚਿਆ ਦੁੱਧ ਡੇਅਰੀਆਂ \'ਚ ਵੇਚ ਦਿੰਦੇ ਹਨ।
ਵੈਸੇ ਤਾਂ ਹੁਣ ਪਾਣੀ ਵੀ ਮੁੱਲ ਹੀ ਵਿਕਦਾ ਹੈ ਪਰ ਕਈ ਹੁਣ ਤਾਂ ਪਿੰਡਾਂ \'ਚ ਕਦੇ ਆਮ ਹੁੰਦੀ ਲੱਸੀ ਵੀ ਹੁਣ ਪੈਕਟਾਂ \'ਚ ਮੁੱਲ ਵਿਕਣ ਲੱਗੀ ਹੈ। ਇਸ ਤੋਂ ਇਲਾਵਾ ਨਾਮਵਰ ਕੰਪਨੀਆਂ ਦੁੱਧ, ਦਹੀਂ, ਘਿਓ, ਮੱਖਣ ਤੇ ਪਨੀਰ ਵੀ ਪੈਕਟਾਂ \'ਚ ਵੇਚਣ ਲੱਗੀਆਂ ਹਨ। ਅੱਜ ਦਾ ਆਲਮ ਇਹ ਹੈ ਕਿ ਜੇਕਰ ਕੋਈ ਮਹਿਮਾਨ ਘਰ ਆ ਕੇ ਲੱਸੀ ਮੰਗਦਾ ਹੈ ਤਾਂ ਉਸਨੂੰ ਪੈਕੇਟ ਵਾਲੀ ਲੱਸੀ ਲਿਆ ਕੇ ਪਿਲਾ ਦਿੱਤੀ ਜਾਂਦੀ ਹੈ।
-
ਸੰਦੀਪ ਜੈਤੋਈ 81465-73901,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.