\'ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ\' ਇਹ ਲਾਈਨਾਂ ਵਾਰਿਸ ਭਾਰਾਵਾਂ ਵੱਲੋਂ ਗਾਏ ਗੀਤ ਦੀਆਂ ਹਨ ਜਿਹੜੀਆ ਸਾਡੇ ਅੱਜ ਦੇ ਸਮਾਜ \'ਤੇ ਬਿਲਕੁਲ ਠੀਕ ਢੁੱਕਦੀਆਂ ਹਨ। ਕਿਉਂਕਿ ਅੱਜ ਸਾਡੇ ਦੇਸ਼ \'ਚ ਇਨ੍ਹਾਂ ਤਿੰਨਾਂ ਨੂੰ ਹੀ ਖਤਰਾ ਹੈ। ਅੱਜ ਅਸੀਂ ਇੱਕ ਅਜਿਹੇ ਦੌਰ \'ਚੋਂ ਗੁਜ਼ਰ ਰਹੇ ਹਾਂ, ਜਿੱਥੇ ਨਾ ਤਾਂ ਧੀਆਂ ਦਾ ਹੀ ਸਤਿਕਾਰ ਕੀਤਾ ਜਾ ਰਿਹਾ ਹੈ, ਨਾ ਹੀ ਰੁੱਖਾਂ ਦੀ ਕਦਰ ਕੀਤੀ ਜਾ ਰਹੀ ਹੈ ਤੇ ਨਾ ਹੀ ਪਾਣੀ ਦੀ ਸੰਭਾਲ ਕੀਤੀ ਜਾ ਰਹੀ ਹੈ। ਜੇਕਰ ਔਰਤਾਂ \'ਤੇ ਇਸੇ ਤਰ੍ਹਾਂ ਜ਼ੁਲਮ ਹੁੰਦੇ ਰਹੇ ਤੇ ਧੀਆਂ ਨੂੰ ਕੁੱਖਾਂ \'ਚ ਹੀ ਮਾਰਿਆ ਜਾਂਦਾ ਰਿਹਾ ਤਾਂ ਆਉਣ ਵਾਲੇ ਸਮੇਂ \'ਚ ਸਾਨੂੰ ਨਾਂ ਤਾਂ ਭੈਣ ਤੇ ਨਾਂ ਹੀ ਨੂੰਹ ਨਸੀਬ ਹੋਵੇਗੀ। ਰੁੱਖਾਂ ਦੀ ਵੱਡੇ ਪੱਧਰ \'ਤੇ ਕਟਾਈ ਹੋਣ ਕਰਕੇ ਸਾਡਾ ਵਾਤਾਵਰਣ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ, ਅਸੀਂ ਹਾਨੀਕਾਰਕ ਗੈਸਾਂ \'ਚ ਸਾਹ ਲੈਣ ਲਈ ਮਜ਼ਬੂਰ ਹੁੰਦੇ ਜਾ ਰਹੇ ਹਾਂ। ਪਾਣੀ ਦੀ ਦੁਰਵਰਤੋਂ ਹੋਣ ਕਰਕੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਗਿਰਦਾ ਜਾ ਰਿਹਾ ਹੈ, ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ, ਜਿਸ ਕਰਕੇ ਪੰਜਾਬ ਸਹਿਤ ਪੂਰੇ ਭਾਰਤ \'ਚ ਲੱਖਾਂ ਦੀ ਗਿਣਤੀ \'ਚ ਲੋਕ ਕੈਂਸਰ ਤੇ ਹੋਰ ਬੀਮਾਰੀਆਂ ਦੀ ਚਪੇਟ \'ਚ ਆ ਚੁੱਕੇ ਹਨ।
ਸਮਾਜ \'ਚ ਔਰਤਾਂ, ਕੁੜੀਆਂ, ਬੱਚੀਆਂ ਨਾਲ ਹੋ ਰਹੀਆਂ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ \'ਚ ਲਗਾਤਾਰ ਵਾਧਾ ਹੋ ਰਿਹਾ ਹੈ, ਅਜਿਹੀਆਂ ਘਟਨਾਵਾਂ ਇਸ ਤਰ੍ਹਾਂ ਵਧ ਰਹੀਆਂ ਹਨ ਜਿਵੇਂ ਜ਼ੰਗਲ \'ਚ ਅੱਗ ਫੈਲਦੀ ਹੈ। ਰੂਹ ਨੂੰ ਕੰਬਾ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਕਰਕੇ ਮਾਪੇ ਧੀਆਂ ਨੂੰ ਕੁੱਖ \'ਚ ਹੀ ਮਾਰਨ ਲਈ ਮਜ਼ਬੂਰ ਹਨ, ਅਜਿਹੇ ਮਾਪਿਆਂ ਨੂੰ ਨਾਂਅ ਦਿੱਤਾ ਜਾਂਦਾ ਹੈ ਕੁੜੀ ਮਾਰ ਦਾ ਪਰ ਵਿਚਾਰੇ ਮਾਪੇ ਵੀ ਕਰ ਕਰਨ, ਕਿਉਂਕਿ ਅੱਜ ਦੇ ਸਮੇਂ \'ਚ ਜ਼ਿਆਦਾਤਰ ਮਾਪਿਆਂ ਨੂੰ ਆਪਣੀਆਂ ਧੀਆਂ ਦਾ ਭਵਿੱਖ ਨਜ਼ਰ ਹੀ ਨਹੀਂ ਆਉਂਦਾ, ਜੇ ਆਉਂਦਾ ਵੀ ਹੈ ਤਾਂ ਅਜਿਹੀਆਂ ਘਿਨੌਣੀਆਂ ਘਟਨਾਵਾਂ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਭਰੂਣ ਹੱਤਿਆ ਹਾਲਾਂਕਿ ਇੱਕ ਪਾਪ ਹੈ ਪਰ ਫਿਰ ਵੀ ਮਾਪੇ ਇਸ ਪਾਪ ਨੂੰ ਆਪਣੇ ਸਿਰ ਲੈ ਲੈਂਦੇ ਹਨ। ਬਹੁਤੇ ਮਾਪੇ ਬੜੀ ਮੁਸ਼ਕਿਲ ਨਾਲ ਆਪਣੀਆਂ ਧੀਆਂ ਨੂੰ ਪੜ੍ਹਾਉਂਦੇ ਹਨ, ਕਰਜ਼ਾ ਚੁੱਕ ਕੇ ਆਪਣੀ ਧੀ ਦਾ ਵਿਆਹ ਕਿਸੇ ਚੰਗੇ ਘਰ \'ਚ ਕਰਦੇ ਹਨ ਪਰ ਅੱਗੇ ਚੰਗੇ ਘਰ ਵਾਲੇ ਦਾਜ ਦੇ ਲੋਭੀ ਆਪਣੀ ਧੀ ਵਰਗੀ ਨੂੰਹ ਨੂੰ ਜ਼ਿੰਦਾ ਸਾੜ ਦਿੰਦੇ ਹਨ, ਜਾਂ ਹੋਰ ਦਾਜ ਲਿਆਉਣ ਲਈ ਤੰਗ ਪਰੇਸ਼ਾਨ ਕਰਕੇ ਘਰੋਂ ਕੱਢ ਦਿੰਦੇ ਹਨ। ਦਾਜ ਦੇ ਲੋਭੀਆਂ ਦਾ ਆਲਮ ਇਹ ਹੈ ਕਿ ਪੜ੍ਹੇ ਲਿਖੇ ਤੇ ਚੰਗੇ ਨੌਕਰੀ ਪੇਸ਼ਾ ਹੋਣ ਦੇ ਬਾਵਜ਼ੂਦ ਵੀ ਇਹ ਧੀਆਂ ਵਰਗੀ ਨੂੰਹ ਨੂੰ ਮੌਤ ਦੇ ਘਾਟ ਉਤਾਰਣ \'ਚ ਭੋਰਾ ਵੀ ਸੰਕੋਚ ਨਹੀਂ ਕਰਦੇ। ਸਮਾਜ \'ਚ ਫੈਲ੍ਹੀ ਦਾਜ ਪ੍ਰਥਾ ਤੇ ਭਰੂਣ ਹੱਤਿਆ ਨੂੰ ਤਦ ਤਕ ਕਾਬੂ ਨਹੀਂ ਕੀਤਾ ਜਾ ਸਕਦਾ, ਜਦ ਤਕ ਹਰ ਸਹੁਰਾ ਘਰ ਆਪਣੀ ਨੂੰਹ ਨੂੰ ਆਪਣੀ ਧੀ ਦਾ ਦਰਜਾ ਨਹੀਂ ਦਿੰਦਾ।
ਦਿਨ ਪ੍ਰਤੀ ਦਿਨ ਵਧ ਰਹੀ ਅਬਾਦੀ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਵੱਡੇ-ਵੱਡੇ ਪ੍ਰੋਜੈਕਟ ਲਗਾਉਣ ਦੇ ਚੱਕਰ \'ਚ ਵੱਡੇ ਪੱਧਰ \'ਤੇ ਜ਼ੰਗਲਾਂ ਨੂੰ ਸਾੜ੍ਹਿਆ ਜਾਂਦਾ ਹੈ। ਨਵੀਆਂ ਕਲੋਨੀਆ ਉਸਾਰਣ ਲਈ ਰੁੱਖਾਂ ਦੀ ਕਟਾਈ ਕੀਤੀ ਜਾਂਦੀ ਹੈ। ਕੋਲਾ ਬਨਾਉਣ ਲਈ ਵੀ ਰੁੱਖਾਂ ਨੂੰ ਕੱਟ ਕੇ ਵਰਤਿਆ ਜਾਂਦਾ ਹੈ। ਰੁੱਖ ਮਨੁੱਖੀ ਜੀਵਨ ਦਾ ਇੱਕ ਅਹਿਮ ਹਿੱਸਾ ਹਨ। ਇਹ ਬਾਹਰਲੀਆਂ ਜ਼ਹਿਰੀਲੀਆਂ ਗੈਸਾਂ ਸੋਖ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਕਰਕੇ ਅਸੀਂ ਜ਼ਿੰਦਾ ਰਹਿੰਦੇ ਹਾਂ ਪਰ ਦਿਨ ਪ੍ਰਤੀ ਦਿਨ ਰੁੱਖਾਂ ਦੀ ਵਧ ਰਹੀ ਕਟਾਈ ਤੇ ਨਵੇਂ ਪੌਦੇ ਨਾ ਲਗਾਏ ਜਾਣ ਕਰਕੇ ਮਨੁੱਖ ਜ਼ਹਿਰੀਲੀਆਂ ਗੈਸਾਂ \'ਚ ਸਾਹ ਲੈਣ ਲਈ ਮਜ਼ਬੂਰ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਵੀ ਦਿਨ ਪ੍ਰਤੀ ਦਿਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਫੈਕਟਰੀਆਂ \'ਚੋਂ ਨਿਕਲਦਾ ਧੂੰਆਂ ਤੇ ਸੜਕਾਂ ਤੇ ਗੁਜਰਦੇ ਵਾਹਨਾਂ ਦਾ ਜ਼ਹਿਰੀਲਾ ਧੂੰਆਂ ਸਾਡੀ ਜ਼ਿੰਦਗੀ \'ਚ ਜ਼ਹਿਰ ਵਾਂਗ ਘੁਲ ਰਿਹਾ ਹੈ। ਲਗਭਗ ਹਰ 10 \'ਚੋਂ 1 ਵਿਅਕਤੀ ਕਿਸੇ ਨਾ ਕਿਸੇ ਸਾਹ ਦੀ ਬੀਮਾਰੀ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ ਤੇ ਹੋਰ ਕਈ ਬੀਮਾਰੀਆਂ ਤੋਂ ਪੀੜ੍ਹਤ ਹੈ। ਜੇਕਰ ਅਸੀਂ ਆਪਣੇ ਲਾਭ ਲਈ ਰੁੱਖ ਕੱਟ ਸਕਦੇ ਹਾਂ ਤਾਂ ਰੁੱਖ ਲਗਾ ਕਿਉਂ ਨਹੀਂ ਸਕਦੇ। ਅੱਜ ਸਮਾਜ ਦੇ ਹਰ ਬੰਦੇ ਨੂੰ ਜ਼ਰੂਰਤ ਹੈ ਕਿ ਉਹ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਵੇ ਤੇ ਉਸਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਵੀ ਆਪ ਚੁੱਕੇ।
ਪਾਣੀ ਦਾ ਮਨੁੱਖੀ ਜੀਵਨ \'ਚ ਖ਼ਾਸ ਮਹੱਤਵ ਹੈ। ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਵਧ ਰਹੀ ਅਬਾਦੀ ਕਰਕੇ ਪਾਣੀ ਦੀ ਖਪਤ \'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਾਣੀ ਦੀ ਵਧੀ ਖਪਤ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਗਿਰਦਾ ਜਾ ਰਿਹਾ ਹੈ। ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ, ਜਿਸਦੇ ਕਾਰਨ ਪੰਜਾਬ \'ਚ ਲੱਖਾਂ ਦੀ ਗਿਣਤੀ \'ਚ ਲੋਕ ਕੈਂਸਰ ਦੀ ਮਾਰ ਝੱਲ ਰਹੇ ਹਨ। ਲੋਕ ਪਾਣੀ ਦੀ ਦੁਰਵਰਤੋਂ ਫਰਸ਼ ਧੋਣ, ਗੱਡੀਆਂ ਧੋਣ, ਫੁੱਲ ਬੂਟਿਆਂ ਨੂੰ ਲੋੜ ਤੋਂ ਵੱਧ ਪਾਣੀ ਦੇਣ, ਘਰ ਦੇ ਬਾਹਰ ਬਣੇ ਬਗੀਚੇ ਨੂੰ ਗਿੱਲਾ ਰੱਖਣ ਆਦਿ ਲਈ ਜ਼ਰੂਰਤ ਤੋਂ ਵੱਧ ਪਾਣੀ ਦੀ ਵਰਤੋਂ ਕਰਦੇ ਹਨ। ਸਰਕਾਰਾਂ ਵੱਲੋਂ ਬਾਰਿਸ਼ ਦੇ ਪਾਣੀ ਦੀ ਸੰਭਾਲ ਲਈ ਕੋਈ ਪੁਖਤਾ ਪ੍ਰਬੰਧ ਨਹੀ ਕੀਤੇ ਗਏ। ਹਰ ਵਰ੍ਹੇ ਮੌਨਸੂਨ ਆਉਣ \'ਤੇ ਬਾਰਿਸ਼ ਦਾ ਲਗਭਗ ਸਾਰਾ ਪਾਣੀ ਹੀ ਵਿਅਰਥ ਚਲਾ ਜਾਂਦਾ ਹੈ, ਜੇਕਰ ਬਾਰਿਸ਼ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ ਤਾਂ ਇਹ ਪਾਣੀ ਖੇਤਾਂ, ਵੱਡੀਆਂ ਬਿਲਡਿੰਗਾਂ ਆਦਿ ਤਰਾਈ ਕਰਨ ਤੇ ਹੋਰ ਅਜਿਹੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ, ਜਿਸ ਲਈ ਅਸੀਂ ਆਮ ਪਾਣੀ ਦੀ ਵਰਤੋਂ ਕਰਦੇ ਹਾਂ। ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਅਸੀਂ ਪਾਣੀ ਦਾ ਸਤਿਕਾਰ ਕਰੀਏ। ਕਿਉਂਕਿ ਜੇਕਰ ਕੁਝ ਸਮੇਂ ਹੋਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸ਼ਾਇਦ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਬੂੰਦ ਬੂੰਦ ਲਈ ਮਹੁਤਾਜ ਹੋ ਜਾਣਗੀਆਂ।
-
ਸੰਦੀਪ ਜੈਤੋਈ 81465-73901,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.