ਦੁਨੀਆਂ ਭਰ \'ਚ ਵਰਲਡ ਨੋ ਟੋਬੈਕੇ ਡੇ ਹਰ ਵਰ੍ਹੇ 31 ਮਈ ਨੂੰ ਮਨਾਇਆ ਜਾਂਦਾ ਹੈ। ਪੂਰੇ ਵਿਸ਼ਵ \'ਚ ਤੰਬਾਕੂ ਦੇ ਸੇਵਨ ਤੇ ਸਮੋਕਿੰਗ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਭਾਰਤ \'ਚ ਸਮੋਕਿੰਗ ਤੇ ਤੰਬਾਕੂ ਆਦਿ ਦੇ ਸੇਵਨ ਕਰਨ ਨਾਲ ਹਰ ਰੋਜ਼ ਵੱਡੀ ਸੰਖਿਆ \'ਚ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ। ਸਰਕਾਰਾਂ ਦੇਸ਼ \'ਚ ਸਮੋਕਿੰਗ ਤੇ ਤੰਬਾਕੂ ਆਦਿ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਫੀ ਪੈਸਾ ਖਰਚ ਕਰ ਰਹੀਆਂ ਹਨ। ਕਈ ਸੰਸਥਾਵਾਂ ਸਮੋਕਿੰਗ ਤੇ ਤੰਬਾਕੂ \'ਤੇ ਪਾਬੰਦੀ ਲਗਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਕਈ ਰਾਜਾਂ \'ਚ ਤੰਬਾਕੂ \'ਤੇ ਪੂਰਣ ਤੌਰ \'ਤੇ ਵੈਨ ਕਰ ਦਿੱਤਾ ਗਿਆ ਹੈ, ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮਾਰੀਕਟ \'ਚ ਬੀੜੀ ਸਿਗਰੇਟ ਪੀਣ ਵਾਲਿਆਂ ਦੇ ਚਲਾਨ ਕੱਟੇ ਜਾਣ ਲੱਗੇ ਹਨ ਪਰ ਹਾਲੇ ਵੀ ਇਸ ਵੱਲ ਹੋਰ ਧਿਆਨ ਦੇਣ ਤੇ ਸਖਤ ਕਾਨੂੰਨ ਲਾਗੂ ਕਰਨ ਦੀ ਜ਼ਰੂਰ ਹੈ।
ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊਐਚਓ) ਦੀ ਹਾਲੀਆ ਰਿਪੋਰਟ ਮੁਤਾਬਿਕ ਭਾਰਤ \'ਚ ਹਰ ਵਰ੍ਹੇ ਸਮੋਕਿੰਗ ਤੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਕਰਨ ਨਾਲ ਲਗਭਗ 8-9 ਲੱਖ ਤੇ ਪੂਰੀ ਦੁਨੀਆਂ \'ਚ ਲਗਭਗ 60 ਲੱਖ ਲੋਕ ਮੌਤ ਦਾ ਸ਼ਿਕਾਰ ਬਣਦੇ ਹਨ। ਭਾਰਤ \'ਚ ਲਗਭਗ 90 ਪ੍ਰਤੀਸ਼ਤ ਮੌਤਾਂ ਤੰਬਾਕੂ ਦੇ ਸੇਵਨ ਨਾਲ ਹੁੰਦੀਆਂ ਹਨ। ਲਗਭਗ 40 ਪ੍ਰਤੀਸ਼ਤ ਲੋਕਾਂ ਨੂੰ ਕੈਂਸਰ ਤੰਬਾਕੂ ਖਾਣ ਕਰਕੇ ਹੁੰਦਾ ਹੈ। ਭਾਰਤ \'ਚ ਸਮੋਕਿੰਗ ਤੇ ਤੰਬਾਕੂ ਆਦਿ ਦੇ ਸੇਵਨ ਨਾਲ ਲਗਭਗ ਹਰ ਰੋਜ਼ 2500 ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ। ਜਿਨ੍ਹਾਂ \'ਚ ਪੈਸਿਵ ਸਮੋਕਿੰਗ ਕਾਰਨ ਮਰਨ ਵਾਲੇ ਕੇਸ ਵੀ ਵੱਡੀ ਮਾਤਰਾ ਹਨ, ਲਗਭਗ 6 ਲੱਖ ਲੋਕਾਂ ਦੀ ਮੌਤ ਪੈਸਿਵ ਸਮੋਕਿੰਗ ਨਾਲ ਹੁੰਦੀ ਹੈ, ਜਿਨ੍ਹਾਂ ਨੇ ਨਾ ਤਾਂ ਕਦੇ ਸਿਗਰੇਟ ਪੀਤੀ ਹੁੰਦੀ ਹੈ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਦੇ ਤੰਬਾਕੂ ਦਾ ਸੇਵਨ ਕੀਤਾ ਹੁੰਦਾ ਹੈ। ਅਜਿਹੇ ਲੋਕਾਂ ਦੀ ਮੌਤ ਸਿਰਫ ਬੀੜੀ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ \'ਚ ਆਉਣ ਨਾਲ ਹੀ ਹੋ ਜਾਂਦੀ ਹੈ।
ਮਾਹਿਰ ਡਾਕਟਰਾਂ ਮੁਤਾਬਿਕ ਪੈਸਿਵ ਸਮੋਕਿੰਗ ਨਾਲ ਮੌਤ, ਅਪੰਗਤਾ ਦਾ ਤੇ ਹੋਰ ਕਈ ਘਾਤਕ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਪੈਸਿਵ ਸਮੋਕਿੰਗ ਨਾਲ ਪ੍ਰਭਾਵਿਤ ਹੋਣ \'ਤੇ ਫੇਫੜਿਆਂ ਦਾ ਕੈਂਸਰ, ਦਿਲ ਦੇ ਰੋਗ, ਗਰਭਪਾਤ, ਨਵਜਾਤ ਬੱਚੇ \'ਚ ਕਮੀਆਂ, ਅਸਥਮਾ, ਕੰਨ ਦੀ ਤਕਲੀਫ, ਖੰਘ, ਗਲੇ \'ਚ ਖਰਾਸ਼, ਅੱਖਾਂ \'ਚ ਜਲਣ, ਨੱਕ ਵਹਿਣਾ, ਚੱਕਰ ਆਉਣਾ, ਉਲਟੀ, ਸਿਰ ਦਰਦ ਤੇ ਨਿਮੋਨਿਆ ਆਦਿ ਬੀਮਾਰੀਆਂ ਹੋ ਸਕਦੀਆਂ ਹਨ।
ਪੈਸਿਵ ਸਮੋਕਿੰਗ \'ਚ ਜਦੋਂ ਕੋਈ ਵੀ ਵਿਅਕਤੀ ਤੁਹਾਡੇ ਕੋਲ ਸਿਗਰੇਟ ਪੀਂਦਾ ਹੈ ਤਾਂ ਸਿਗਰੇਟ ਦਾ ਬਚਿਆ ਹੋਇਆ ਧੂੰਆਂ ਤੇ ਉਸ ਵਿਅਕਤੀ ਵੱਲੋਂ ਛੱਡਿਆ ਗਿਆ ਧੂੰਆਂ ਤੁਹਾਨੂੰ ਓਨ੍ਹਾਂ ਹੀ ਨੁਕਸਾਨ ਪਹੁੰਚਾ ਸਕਦਾ ਹੈ, ਜਿੰਨਾ ਕਿ ਸਮੋਕਿੰਗ ਕਰਨ ਵਾਲੇ ਨੂੰ। ਕਿਉਂਕਿ ਇਹ ਧੂੰਆਂ ਹਵਾ ਰਾਹੀਂ ਤੁਹਾਡੇ ਸ਼ਰੀਰ \'ਚ ਵੀ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਦੇ ਧੂੰਏ \'ਚ ਜ਼ਿਆਦਾ ਮਾਤਰਾ \'ਚ ਅਮੋਨੀਆ, ਕੈਡਮਿਅਮ ਤੇ ਹਾਈਡ੍ਰੋਜ਼ਨ ਸਾਈਨਾਈਡ ਨਾਮਕ ਜਹਿਰੀਲੀ ਗੈਸ ਮੌਜ਼ੂਦ ਰਹਿੰਦੀ ਹੈ। ਇਸ \'ਚ ਨਾਈਟ੍ਰੋਜਨ ਡਾਈਆਕਸਾਈਡ ਨਾਮਕ ਨੁਕਸਾਨਦਾਇਕ ਤੱਤ ਵੀ ਮੌਜ਼ੂਦ ਰਹਿੰਦਾ ਹੈ। ਜੇਕਰ ਕਿਸੇ ਨੂੰ ਲਗਾਤਾਰ ਅਜਿਹੇ ਧੂੰਏ ਦ \'ਚ ਰਹਿਣਾ ਪਵੇ ਤਾਂ ਉਸਨੂੰ ਫੇਫੜਿਆਂ ਦੇ ਰੋਗ ਹੋਣ ਦਾ ਖਤਰਾ 25 ਪ੍ਰਤੀਸ਼ਤ ਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ 10 ਪ੍ਰਤੀਸ਼ਤ ਤੱਕ ਵਧ ਜਾਂਦਾ ਹੈ।
ਰਿਸਰਚਾਂ ਅਨੁਸਾਰ ਪਤਾ ਲੱਗਾ ਹੈ ਕਿ 2 ਮਹੀਨ ਤੋਂ 11 ਸਾਲ ਤੱਕ ਉਮਰ ਦੇ 43 ਪ੍ਰਤੀਸ਼ਤ ਬੱਚੇ ਅਜਿਹੇ ਮਹੌਲ \'ਚ ਰਹਿਣ ਲਈ ਮਜ਼ਬੂਰ ਹਨ, ਜਿਸ ਮਹੌਲ \'ਚ ਘੱਟੋ ਘੱਟ ਇੱਕ ਵਿਅਕਤੀ ਸਮੋਕਿੰਗ ਜ਼ਰੂਰ ਕਰਦਾ ਹੈ। ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਮੋਕਿੰਗ ਨਾਲ ਹੋਣ ਵਾਲੀਆਂ ਘਾਤਕ ਬੀਮਾਰੀਆਂ ਤੋਂ ਬਚਾਉਣ ਲਈ ਕਿਸੇ ਵੀ ਸਮੋਕ ਕਰਨ ਵਾਲੇ ਵਿਅਕਤੀ ਨੂੰ ਆਪਣੇ ਘਰ \'ਚ ਸਮੋਕ ਨਾ ਕਰਨ ਦਿਓ। ਜਿੱਥੋਂ ਤੱਕ ਹੋ ਸਕੇ ਅਜਿਹੇ ਸਥਾਨਾਂ \'ਤੇ ਨਾ ਜਾਓ ਜਿੱਥੇ ਦਾ ਮਹੌਲ ਬੀੜੀ ਸਿਗਰੇਟ ਪੀਣ ਵਾਲਿਆਂ ਦਾ ਹੋਵੇ। ਆਪਣੇ ਆਲੇ ਦੁਆਲੇ, ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਸਮੋਕਿੰਗ ਤੇ ਤੰਬਾਕੂ ਨਾਲ ਹੋਣ ਵਾਲੀਆਂ ਇਨ੍ਹਾਂ ਘਾਤਕ ਬੀਮਾਰੀਆਂ ਤੋਂ ਬਚਾਉਣ ਲਈ ਅੱਜ ਹੀ ਬੀੜ੍ਹਾ ਚੁੱਕੋ ਕੀ ਅਸੀਂ ਕਦੇ ਵੀ ਅਜਿਹੀਆਂ ਲਾਹਨਤਾਂ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦੇਵਾਂਗੇ।
-
ਸੰਦੀਪ ਜੈਤੋਈ 81465-73901,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.