ਪ੍ਰੀਮੀਅਰ ਕ੍ਰਿਸਟੀ ਕਲਾਰਕ ਵੀ ਪੂਰੇ ਉਤਸ਼ਾਹ ਵਿਚ
ਮੌਜੂਦਾ ਵਿਧਾਇਕ ਹੈਰੀ ਬੈਂਸ, ਹੈਰੀ ਲਾਲੀ, ਜਗਰੂਪ ਜਰਖੜ ਤੇ ਰਾਜ ਚੌਹਾਨ ਤੋਂ
ਇਲਾਵਾ 32 ਤੋਂ ਉਪਰ ਪੰਜਾਬੀ ਉਮੀਦਵਾਰ ਮੈਦਾਨ ਵਿਚ
ਸਿਹਤ, ਸਿੱਖਿਆ, ਵਾਤਾਵਰਣ, ਭਾਰੀ ਕਰ, ਬੇਰੁਜਗਾਰੀ ਤੇ ਅਪਰਾਧ ਬਣੇ ਮੁੱਖ ਮੁੱਦੇ
ਸਰੀ- ਕੈਨੇਡਾ ਵਿਚ ਪੰਜਾਬੀਆਂ ਦੀ ਘਣੀ ਵਸੋਂ ਵਾਲੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਅੱਜਕੱਲ੍ਹ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਸਰਗਰਮੀਆਂ ਸਿਖਰ \'ਤੇ ਹਨ। ਇਥੇ ਸੱਤਾਧਾਰੀ ਪਾਰਟੀ ਲਿਬਰਲ ਅਤੇ ਮੁੱਖ ਵਿਰੋਧੀ ਪਾਰਟੀ ਐਨ ਡੀ ਪੀ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ। ਲਿਬਰਲ ਪਾਰਟੀ ਦੀ ਅਗਵਾਈ ਮੌਜੂਦਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਕਰ ਰਹੀ ਹੈ ਜਦੋਂਕਿ ਐਨ ਡੀ ਪੀ ਦੇ ਆਗੂ ਐਡਰੀਅਨ ਡਿਕਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਲਿਬਰਲ ਤੋਂ ਦੋ ਕਦਮ ਅੱਗੇ ਦਿਖਾਈ ਦੇ ਰਹੀ ਹੈ। ਚੋਣ ਮੈਦਾਨ ਵਿਚ ਲਿਬਰਲ ਅਤੇ ਐਨ ਡੀ ਪੀ ਤੋਂ ਇਲਾਵਾ ਗਰੀਨ ਪਾਰਟੀ, ਬੀ ਸੀ ਕੰਜ਼ਰਵੇਟਿਵ ਸਮੇਤ ਲਗਪਗ 19 ਪਾਰਟੀਆਂ ਦੇ ਕੁੱਲ 376 ਉਮੀਦਵਾਰ ਕਿਸਮਤ ਅਜ਼ਮਾਈ ਕਰ ਰਹੇ ਹਨ। ਗਰੀਨ ਪਾਰਟੀ ਦੀ ਅਗਵਾਈ ਜੇਨ ਸਟੇਰਕ ਅਤੇ ਬੀ ਸੀ ਕੰਜ਼ਰਵੇਟਿਵ ਦੀ ਅਗਵਾਈ ਜੌਹਨ ਕਮਿਨਜ਼ ਦੇ ਹੱਥ ਹੈ। ਇਸ 14 ਮਈ ਦਿਨ ਮੰਗਲਵਾਰ ਨੂੰ 85 ਮੈਂਬਰੀ ਵਿਧਾਨ ਸਭਾ ਲਈ ਪੈ ਰਹੀਆਂ ੋਵੋਟਾਂ ਵਿਚ ਬੀ ਸੀ ਲਿਬਰਲ ਅਤੇ ਐਨ ਡੀ ਪੀ ਵੱਲੋਂ ਸਾਰੀਆਂ 85 ਸੀਟਾਂ ਉਪਰ ਉਮੀਦਵਾਰ ਉਤਾਰਨ ਤੋਂ ਬਿਨਾਂ ਬੀ ਸੀ ਗਰੀਨ ਪਾਰਟੀ ਦੇ 61 ਉਮੀਦਵਾਰ ਅਤੇ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ 56 ਉਮੀਦਵਾਰ ਮੈਦਾਨ ਵਿਚ ਹਨ ਜਦੋਂਕਿ 35 ਆਜ਼ਾਦ ਉਮੀਦਵਾਰ ਹਨ। ਇਹਨਾਂ ਚੋਣਾਂ ਵਿਚ ਲਗਪਗ 32 ਪੰਜਾਬੀ ਮੂਲ ਦੇ ਉਮੀਦਵਾਰ ਪੂਰੇ ਜੋਸ਼ ਨਾਲ ਚੋਣ ਲੜ ਰਹੇ ਹਨ। ਇਹਨਾਂ ਵਿਚ ਮੌਜੂਦਾ ਪੰਜਾਬੀ ਵਿਧਾਇਕ ਹੈਰੀ ਬੈਂਸ, ਹੈਰੀ ਲਾਲੀ, ਰਾਜ ਚੌਹਾਨ, ਜਗਰੂਪ ਸਿੰਘ ਬਰਾੜ ਵੀ ਦੁਬਾਰਾ ਚੋਣ ਮੈਦਾਨ ਵਿਚ ਹਨ। ਪੰਜਾਬੀ ਮੂਲ ਦੇ ਜ਼ਿਆਦਾਤਰ ਉਮੀਦਵਾਰ ਐਨ ਡੀ ਪੀ ਪਾਰਟੀ ਦੇ ਹਨ ਜਦਕਿ ਇਸਤੋਂ ਬਾਦ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਹਨ। ਮੌਜੂਦਾ ਚਾਰੇ ਪੰਜਾਬੀ ਵਿਧਾਇਕ ਵੀ ਐਨ ਡੀ ਪੀ ਦੇ ਹੀ ਹਨ।
ਬ੍ਰਿਟਿਸ਼ ਕੋਲੰਬੀਆ ਚੋਣ ਦੰਗਲ ਵਿਚ ਪ੍ਰੀਮੀਅਰ ਕ੍ਰਿਸਟੀ ਕਲਾਰਕ ਭਾਵੇਂਕਿ ਕਾਫੀ ਉਤਸ਼ਾਹ ਅਤੇ ਉਮੀਦ ਨਾਲ ਚੋਣ ਲੜ ਰਹੀ ਹੈ ਪਰ ਸਿਆਸੀ ਮਾਹਿਰਾਂ ਮੁਤਾਬਿਕ ਇਸ ਵਾਰ ਐਨ ਡੀ ਪੀ ਦੀ ਕਾਫੀ ਹਵਾ ਹੈ। ਐਨ ਡੀ ਪੀ ਦੇ ਸੂਬਾਈ ਪ੍ਰਧਾਨ ਸਾਬਕਾ ਪੰਜਾਬੀ ਮੰਤਰੀ ਮੋ ਸਹੋਤਾ ਹਨ ਜਦੋਂਕਿ ਪਾਰਟੀ ਆਗੂ ਐਡਰੀਅਨ ਡਿਕਸ ਦੀ ਅਗਵਾਈ ਹੇਠ ਪਾਰਟੀ ਦੂਸਰੀਆਂ ਪਾਰਟੀਆਂ ਨਾਲੋਂ ਬੇਹਤਰ ਕਾਰਗੁਜ਼ਾਰੀ ਦਿਖਾ ਰਹੀ ਪ੍ਰਤੀਤ ਹੁੰਦੀ ਹੈ। ਪਿਛਲੇ ਦਿਨੀਂ ਆਏ ਚੋਣ ਸਰਵੇਖਣ ਮੁਤਾਬਿਕ ਐਨ ਡੀ ਪੀ ਸੱਤਾ ਦਾ ਸੁਖ ਭੋਗ ਰਹੀ ਲਿਬਰਲ ਨਾਲੋਂ 7 ਪ੍ਰਤੀਸ਼ਤ ਅੱਗੇ ਸੀ। ਚਾਰ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਵਿਚਾਲੇ ਬਹਿਸ ਦੌਰਾਨ ਵੀ ਐਡਰੀਅਨ ਡਿਕਸ ਕਾਫੀ ਕੁਸ਼ਲਤਾ ਵਿਖਾ ਰਹੇ ਹਨ। ਦੂਸਰੇ ਗੇੜ ਦੀ ਜਨਤਕ ਬਹਿਸ ਦੌਰਾਨ ਪ੍ਰੀਮੀਅਰ ਕ੍ਰਿਸਟੀ ਕਲਾਰਕ ਦੀ ਲੋਕਪ੍ਰਿਯਤਾ ਵਿਚ ਕੁਝ ਸੁਧਾਰ ਆਇਆ। ਇਸ ਉਪਰੰਤ ਚੋਣ ਸਰਵੇਖਣ ਮੁਤਾਬਿਕ ਲਿਬਰਲ ਪਾਰਟੀ ਥੋੜਾ ਉਪਰ ਆਈ ਤੇ ਉਸਨੇ 3 ਪ੍ਰਤੀਸ਼ਤ ਬੜ੍ਹਤ ਹਾਸਲ ਕੀਤੀ ਭਾਵ ਦੋਵਾਂ ਪਾਰਟੀਆਂ ਦੀ ਲੋਕਪ੍ਰਿਯਤਾ ਵਿਚ 4 ਪ੍ਰਤੀਸ਼ਤ ਦਾ ਅੰਤਰ ਹੈ। ਸਿਆਸੀ ਮਾਹਿਰਾਂ ਮੁਤਾਬਿਕ ਭਾਵੇਂਕਿ ਲਿਬਰਲ ਪਾਰਟੀ ਦੀ ਕਾਰਗੁਜ਼ਾਰੀ ਵਿਚ ਸੁਧਾਰ ਦਰਜ ਕੀਤਾ ਗਿਆ ਹੈ ਪਰ ਇਸਦੇ ਬਾਵਜੂਦ ਐਨ ਡੀ ਪੀ ਦੇ ਆਗੂ ਐਡਰੀਅਨ ਡਿਕਸ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਲੋਕ ਉਹਨਾਂ ਨੂੰ ਅਗਲੇ ਪ੍ਰੀਮੀਅਰ ਵਜੋਂ ਵੇਖ ਰਹੇ ਹਨ । ਵੋਟ ਪ੍ਰਤੀਸ਼ਤ ਜਾਂ ਵਿਧਾਇਕਾਂ ਦੀ ਗਿਣਤੀ ਦਾ ਅੰਤਰ ਭਾਵੇਂ ਥੋੜਾ ਹੀ ਰਹੇ, ਇਹ ਉਮੀਦ ਕੀਤੀ ਜਾਂਦੀ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਅਗਲੀ ਸਰਕਾਰ ਐਨ ਡੀ ਪੀ ਬਣਾਏਗੀ। ਤਾਜ਼ਾ ਚੋਣ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਵੇਂਕਿ ਲਿਬਰਲ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਵਧਿਆ ਹੈ ਪਰ ਮਹਿਲਾ ਵੋਟਰ ਬਿਨਾਂ ਲਿੰਗ ਭੇਦ ਕੀਤਿਆਂ ਐਨ ਡੀ ਪੀ ਨੂੰ ਵਧੇਰੇ ਵੋਟਾਂ ਪਾਉਣ ਲਈ ਉਤਸੁਕ ਹਨ। ਜਿਵੇਂ ਇਹ ਸਮਝਿਆ ਜਾਂਦਾ ਹੈ ਕਿ ਪ੍ਰੀਮੀਅਰ ਕ੍ਰਿਸਟੀ ਕਲਾਰਕ ਦੇ ਇਕ ਔਰਤ ਹੋਣ ਦੇ ਨਾਤੇ ਔਰਤ ਵੋਟਰਾਂ ਉਹਨਾਂ ਵੱਲ ਜ਼ਿਆਦਾ ਪ੍ਰੇਰਿਤ ਹੋ ਸਕਦੀਆਂ ਹਨ, ਪਰ ਅਜਿਹੀ ਦਿਖਾਈ ਨਹੀਂ ਦੇ ਰਿਹਾ। ਇਹਨਾਂ ਚੋਣਾਂ ਵਿਚ ਸਿਹਤ, ਸਿੱਖਿਆ, ਵਾਤਾਵਰਣ, ਤੇਲ ਗੈਸ, ਜੀ ਐਸ ਟੀ, ਬੇਰੁਜਗਾਰੀ, ਨਸ਼ੇ, ਅਪਰਾਧ ਦੀ ਦਰ ਵਿਚ ਵਾਧਾ ਅਤੇ ਗੈਂਗਵਾਰ ਆਦਿ ਮੁੱਦੇ ਕਾਫੀ ਭਖਵੇਂ ਹਨ। ਪਿਛਲੇ ਸਮੇਂ ਦੌਰਾਨ ਜੀ ਐਸ ਟੀ ਦੇ ਮੁੱਦੇ ਉਪਰ ਕ੍ਰਿਸਟੀ ਸਰਕਾਰ ਦੀ ਲੋਕਾਂ ਵੱਲੋਂ ਭਾਰੀ ਆਲੋਚਨਾ ਕੀਤੀ ਜਾਂਦੀ ਰਹੀ ਹੈ। ਇਸ ਮੁੱਦੇ ਉਪਰ ਲੋਕ ਰਾਇ ਵੀ ਲਈ ਗਈ ਪਰ ਜੀ ਐਸ ਟੀ ਦੀ ਦਰ ਘਟਾਉਣ ਵਿਚ ਸਰਕਾਰ ਨੇ ਕਾਫੀ ਸੁਸਤੀ ਦਿਖਾਈ। ਐਨ ਡੀ ਪੀ ਸਰਕਾਰ ਨੂੰ ਇਸ ਮੁੱਦੇ ਉਪਰ ਕਰੜੇ ਹੱਥੀਂ ਲਿਆ ਜਾ ਰਿਹਾ ਹੈ। ਇਕ ਮਜ਼ਬੂਤ ਤੇ ਸੁਰੱਖਿਅਤ ਭਵਿੱਖ ਲਈ ਐਨ ਡੀ ਪੀ ਲੋਕਾਂ ਵਿਚ ਆਪਣਾ ਵਿਸ਼ਵਾਸ ਪਕੇਰਾ ਕਰ ਰਹੀ ਹੈ। ਐਨ ਡੀ ਪੀ ਆਗੂ ਡਿਕਸ ਦਾ ਕਹਿਣਾ ਹੈ ਕਿ ਲਿਬਰਲ ਦੀਆਂ ਜੋ ਨੀਤੀਆਂ ਹਨ ਉਸ ਨਾਲ ਸੂਬੇ ਨੂੰ ਬਹੁਤ ਬੁਰੇ ਦਿਨ ਦੇਖਣੇ ਪੈ ਸਕਦੇ ਹਨ। ਇਥੋਂ ਤੱਕ ਕਿ ਲੋਕਾਂ ਨੂੰ ਰੋਜ਼ਗਾਰ ਦੀ ਤਲਾਸ਼ ਵਿਚ ਅਲਬਰਟਾ ਸੂਬੇ ਵੱਲ ਧਿਆਨ ਕਰਨਾ ਪੈ ਸਕਦਾ ਹੈ। ਅਲਬਰਟਾ ਤੇਲ ਪਾਈਪ ਲਾਈਨ ਦੇ ਮੁੱਦੇ ਉਪਰ ਵੀ ਕ੍ਰਿਸਟੀ ਕਲਾਰਕ ਦੀ ਨੀਤੀ ਦੀ ਨਿੰਦਾ ਹੋ ਰਹੀ ਹੈ।
ਬ੍ਰਿਟਿਸ਼ ਕੋਲੰਬੀਆ ਚੋਣਾਂ ਵਿਚ ਪੰਜਾਬੀਆਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਇਸ ਉਤਸ਼ਾਹ ਦੀ ਮਿਸਾਲ ਇਹ ਹੈ ਕਿ ਲਗਪਗ 32 ਦੇ ਕਰੀਬ ਪੰਜਾਬੀ ਇਸ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੌਜੂਦਾ ਪੰਜਾਬੀ ਵਿਧਾਇਕ ਬਰਨਬੀ ਐਡਮੰਡਜ ਤੋਂ ਰਾਜ ਚੌਹਾਨ, ਫਰੇਜ਼ਰ ਨਿਕੋਲਾ ਤੋਂ ਹੈਰੀ ਲਾਲੀ, ਸਰੀ ਫਲੀਟਵੁੱਡ ਤੋਂ ਜਗਰੂਪ ਬਰਾੜ ਤੇ ਸਰੀ ਨਿਊਟਨ ਤੋਂ ਹੈਰੀ ਬੈਂਸ ਮੁੜ ਕਿਸਮਤ ਅਜ਼ਮਾਈ ਕਰ ਰਹੇ ਹਨ। ਇਹ ਚਾਰੇ ਆਗੂ ਐਨ ਡੀ ਪੀ ਨਾਲ ਸਬੰਧਿਤ ਹਨ। ਐਨ ਡੀ ਪੀ ਦੀ ਟਿਕਟ ਉਪਰ ਐਬਸਟਫੋਰਡ ਸਾਉਥ ਤੋਂ ਲਖਵਿੰਦਰ ਝੱਜ, ਐਬਸਫੋਰਡ ਵੈਸਟ ਤੋਂ ਸੁਖੀ ਧਾਮੀ, ਐਬਸਫੋਰਡ ਮਿਸ਼ਨ ਤੋਂ ਪ੍ਰੀਤ ਰਾਏ, ਪ੍ਰਿੰਸ ਜੌਰਜ ਤੋਂ ਬੈਬੀ ਦੀਪਕ, ਰਿਚਮੰਡ ਈਸਟ ਤੋਂ ਗਿਆਨ ਸਹੋਤਾ, ਸਰੀ ਪੈਨੋਰਮਾ ਤੋਂ ਅਮਰੀਕ ਮਾਹਲ, ਸਰੀ ਟੈਨੀਹੈਡ ਤੋਂ ਅਵਤਾਰ ਬੈਂਸ ਉਮੀਦਵਾਰ ਹਨ ਜਦੋਕਿ ਲਿਬਰਲ ਪਾਰਟੀ ਵੱਲੋਂ ਸਾਨਿਚ ਸਾਉਥ ਤੋਂ ਰਿਸ਼ੀ ਸ਼ਰਮਾ, ਸਰੀ ਗਰੀਨ ਟਿੰਬਰ ਤੋਂ ਡਾ ਅਮਰੀਕ ਤੁੰਗ, ਸਰੀ ਟੈਨੀਹੈਡ ਤੋਂ ਅਮਰੀਕ ਵਿਰਕ, ਸਰੀ ਵੈਲੀ ਤੋਂ ਰੇਡੀਓ ਹੋਸਟ ਕੁਲਜੀਤ ਕੌਰ, ਵੈਨਕੂਵਰ ਕਿੰਗਜ਼ਵੇਅ ਤੋਂ ਗੁਰਜੀਤ ਢਿੱਲੋਂ ਉਮੀਦਵਾਰ ਮੈਦਾਨ ਵਿਚ ਹਨ। ਸਰੀ ਫਲੀਟਵੁੱਡ ਤੋਂ ਐਨ ਡੀ ਪੀ ਦੇ ਜਗਰੂਪ ਬਰਾੜ ਖਿਲਾਫ ਕੰਜ਼ਰਵੇਟਿਵ ਦੇ ਮੁਰਲੀ ਕ੍ਰਿਸ਼ਨ ਤੇ ਬੀਸੀ ਵਿਜ਼ਨ ਦੇ ਅਰਵਿਨ ਕੁਮਾਰ ਉਮੀਦਵਾਰ ਹਨ। ਹੋਰਾਂ ਪੰਜਾਬੀ ਉਮੀਦਵਾਰਾਂ ਵਿਚ ਸਰੀ ਗਰੀਨ ਟਿੰਬਰ ਤੋਂ ਹਰਜੀਤ ਹੇਅਰ, ਸਰੀ ਨਿਊਟਨ ਤੋਂ ਸਤਿੰਦਰ ਸਿੰਘ, ਸਰੀ ਪੈਨੋਰਮਾ ਤੋਂ ਸਾਰਾ ਸ਼ਰਮਾ, ਕੇਵਿਨ ਰੱਖੜਾ, ਸਰੀ ਟੈਨੀਹੈਡ ਤੋਂ ਅਵਤਾਰ ਬੈਂਸ ਸੁਖੀ ਗਿੱਲ, ਸਰੀ ਵੈਲੀ ਤੋਂ ਸੰਨੀ ਚੌਹਾਨ, ਜੈਗ ਭੰਡਾਰੀ, ਵੈਨਕੂਵਰ ਫਰੇਜ਼ਰ ਵਿਊ ਤੋਂ ਰਾਜੀਵ ਪਾਂਡੇ, ਵੈਨਕੂਵਰ ਕਿੰਗਸਟਨ ਤੋਂ ਰਾਜ ਗੁਪਤਾ, ਵੈਨਕੂਵਰ ਲੈਂਗਰਾ ਤੋਂ ਗੁਰਜਿੰਦਰ ਬੈਂਸ ਤੇ ਵੈਨਕੂਵਰ ਮਾਉਂਟ ਤੋਂ ਬਰਿੰਦਰ ਹਾਂਸ ਗਰੀਨ ਪਾਰਟੀ ਦੇ ਉਮੀਦਵਾਰ ਹਨ। ਬੀ ਸੀ ਚੋਣਾਂ ਵਿਚ ਐਨ ਡੀ ਪੀ ਪਾਰਟੀ ਵੱਲੋਂ ਪੰਜਾਬੀ ਉਮੀਦਵਾਰਾਂ ਦੀ ਵਧੇਰੇ ਗਿਣਤੀ ਹੈ। ਮੁੱਖ ਮੁਕਾਬਲਾ ਐਨ ਡੀ ਪੀ ਤੇ ਲਿਬਰਲ ਵਿਚਾਲੇ ਹੀ ਹੈ ਜਦੋਂਕਿ ਗਰੀਨ ਪਾਰਟੀ ਤੇ ਕੰਜ਼ਰਵੇਟਿਵ ਪਾਰਟੀਆਂ ਆਪਣੇ ਪੈਰ ਜਮਾਂ ਰਹੀਆਂ ਹਨ। ਇਹਨਾਂ ਪਾਰਟੀਆਂ ਵੱਲੋਂ 7 ਤੋਂ 10 ਪ੍ਰਤੀਸ਼ਤ ਵੋਟ ਹਾਸਲ ਕਰਨ ਦੀ ਉਮੀਦ ਹੈ। ਐਨ ਡੀ ਪੀ ਵੱਲੋ ਨਵੀਂ ਸਰਕਾਰ ਬਣਾਏ ਜਾਣ ਦੀ ਪੂਰੀ ਉਮੀਦ ਹੈ ਪਰ ਲਿਬਰਲ ਉਸ ਲਈ ਇਹ ਰਾਹ ਇਤਨਾ ਸੌਖਾਲਾ ਨਹੀਂ ਰਹਿਣ ਦੇਵੇਗੀ।
-
ਸੁਖਵਿੰਦਰ ਸਿੰਘ ਚੋਹਲਾ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.