ਸਮਾਜ \'ਚ ਦਿਨ ਪ੍ਰਤੀ ਦਿਨ ਔਰਤਾਂ \'ਤੇ ਵਧ ਰਹੀਆਂ ਅੱਤਿਆਚਾਰ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ| ਔਰਤ ਆਪਣੀ ਅਜ਼ਾਦੀ ਦੇ ਨਾਲ ਨਾਲ ਅੱਜ ਵੀ ਗੁਲਾਮੀ ਦੀਆਂ ਜ਼ੰਜੀਰਾਂ \'ਚ ਜਕੜੀ ਹੋਈ ਹੈ| ਘਰ ਤੋਂ ਲੈ ਕੇ ਬਾਹਰ ਤੱਕ ਦੇ ਸਫ਼ਰ \'ਚ ਔਰਤ ਨੂੰ ਕਈ ਸਮਝੌਤੇ ਕਰਨੇ ਪੈਂਦੇ ਹਨ| ਆਟੋ ਰਿਕਸ਼ਾ, ਬੱਸਾਂ, ਰੇਲਗੱਡੀਆਂ \'ਚ ਸਫ਼ਰ ਦੌਰਾਨ ਵੀ ਔਰਤਾਂ ਨੂੰ ਮਰਦਾਂ ਦੀਆਂ ਘਟੀਆ ਟਿੱਪਣੀਆਂ ਸੁਣਨੀਆਂ ਪੈਂਦੀਆਂ ਹਨ| ਮਰਦ ਪ੍ਰਧਾਨ ਸਮਾਜ \'ਚ ਹਾਲੇ ਵੀ ਔਰਤ ਪ੍ਰਤੀ ਮਾੜੇ ਵਿਚਾਰ ਹੀ ਪਨਪ ਰਹੇ ਹਨ| ਔਰਤਾਂ ਦੇ ਸੋਸ਼ਣ ਦੀਆਂ ਘਟਨਾਵਾਂ \'ਚ ਲਗਾਤਾਰ ਵਾਧਾ ਹੋ ਰਿਹਾ ਹੈ| ਘਰ ਤੋਂ ਲੈ ਕੇ ਦਫ਼ਤਰਾਂ ਤੱਕ ਔਰਤ ਦਾ ਮਾਨਸਿਕ ਸੋਸ਼ਣ, ਜਿਸਮਾਨੀ ਸੋਸ਼ਣ ਤੇ ਉਨ੍ਹਾਂ ਦੀਆਂ ਸਦਰਾਂ ਦਾ ਕਤਲ ਕੀਤਾ ਜਾਂਦਾ ਹੈ|
ਸਰਕਾਰੀ ਦਫ਼ਤਰਾਂ ਤੋਂ ਲੇ ਕੇ ਵੱਡੇ-ਵੱਡੇ ਕਾਰਪੋਰੇਟ ਘਰਾਨਿਆਂ \'ਚ ਔਰਤ ਨੂੰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ| ਫਿਲਮ ਜਗਤ \'ਚ ਵੀ ਔਰਤਾਂ ਦਾ ਸੋਸ਼ਣ ਕੀਤਾ ਜਾਂਦਾ ਹੈ| ਦਫ਼ਤਰਾਂ \'ਚ ਤਰੱਕੀ ਦੇਣ ਲਈ, ਜਾਂ ਨੌਕਰੀ ਲਈ ਔਰਤ ਦਾ ਮਾਨਸਿਕ ਤੇ ਜਿਸਮਾਨੀ ਸੋਸ਼ਣ ਕੀਤਾ ਜਾਂਦਾ ਹੈ| ਛੋਟੇ ਤੋਂ ਛੋਟੇ ਦਫ਼ਤਰ \'ਚ ਔਰਤਾਂ \'ਤੇ ਅੱਤਿਆਚਾਰ ਕੀਤਾ ਜਾਂਦਾ ਹੈ| ਜਿਸਦਾ ਸਭ ਤੋਂ ਵੱਡਾ ਕਾਰਨ ਹੈ ਚੁੱਪ| ਔਰਤ ਕੱਲ੍ਹ ਵੀ ਲਾਚਾਰ ਸੀ ਤੇ ਅੱਜ ਵੀ ਲਾਚਾਰ ਹੀ ਹੈ| ਕਿਉਂਕਿ ਸਮਾਜ \'ਚ ਅੱਜ ਵੀ ਔਰਤ ਨੂੰ ਬਣਦੀ ਥਾਂ ਨਹੀਂ ਦਿੱਤੀ ਜਾਂਦੀ, ਮਰਦ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਦੇ ਹਨ ਤੇ ਔਰਤ ਵੀ ਆਪਣੇ ਆਪ ਨੂੰ ਮਰਦ ਤੋਂ ਕਮਜੋਰ ਸਮਝਦੀ ਹੈ|
ਫਿਲਮਾਂ \'ਚ ਰੋਲ ਦੇਣ ਬਦਲੇ ਔਰਤਾਂ ਨਾਲ ਜਿਸਮਾਨੀ ਸੋਸ਼ਣ ਦੀਆਂ ਕਈ ਘਟਨਾਵਾਂ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ| ਅਜਿਹੇ ਕਈ ਮਾਮਲੇ ਹਨ ਜਿਨ੍ਹਾਂ \'ਚ ਔਰਤਾਂ ਵੱਲੋਂ ਵੱਡੇ ਅਦਾਕਾਰਾਂ, ਡਾਇਰੈਕਟਰਾਂ ਤੇ ਪ੍ਰੋਡਿਊਸਰਾਂ \'ਤੇ ਜਿਸਮਾਨੀ ਸੋਸ਼ਣ ਦੇ ਆਰੋਪ ਲਗਾਏ ਹਨ| ਜਿਨ੍ਹਾਂ ਨੇ ਉਨ੍ਹਾਂ ਨਾਲ ਸਮਝੌਤਾ ਕਰ ਲਿਆ ਉਹ ਤਾਂ ਫਿਲਮ ਜਗਤ \'ਚ ਥਾਂ ਬਨਾਉਣ \'ਚ ਕਾਮਯਾਬ ਹੋ ਗਈਆਂ, ਤੇ ਜਿਨ੍ਹਾਂ ਨੇ ਸਮਝੌਤਾ ਨਹੀਂ ਉਹ ਕਾਬਿਲ ਹੋਣ ਦੇ ਬਾਵਜੂਦ ਵੀ ਦਰ-ਦਰ ਭਟਕਣ ਲਈ ਮਜ਼ਬੂਰ ਹਨ| ਜਿਸ ਦਾ ਉਦਹਾਰਣ ਪੇਸ਼ ਕਰਦੀ ਫਿਲਮ \'ਫੈਸ਼ਨ\' ਨੂੰ ਕਾਫੀ ਪਸੰਦ ਕੀਤਾ ਗਿਆ ਸੀ| ਫਿਲਮ \'ਚ ਜੋ ਵਿਖਾਇਆ ਗਿਆ ਸੀ, ਉਹ ਹਕੀਕਤ ਸੀ|
ਹਾਲਾਂਕਿ ਔਰਤਾਂ ਅੱਜ ਆਪਣੇ \'ਤੇ ਹੋਣ ਵਾਲੇ ਜ਼ ੁਲਮਾਂ ਵਿਰੁੱਧ ਅਵਾਜ ਚੁੱਕਣ ਲੱਗੀਆਂ ਹਨ, ਪਰ ਫਿਰ ਵੀ ਉਨ੍ਹਾਂ \'ਤੇ ਅੱਤਿਆਚਾਰਾਂ ਦੀ ਗਿਣਤੀ \'ਚ ਲਗਾਤਾਰ ਵਾਧਾ ਹੋ ਰਿਹਾ ਹੈ| ਮਰਦ ਪ੍ਰਧਾਨ ਸਮਾਜ \'ਚ ਔਰਤ ਦੀ ਤਸਵੀਰ ਕੱਲ੍ਹ ਵੀ ਧੁੰਦਲੀ ਸੀ ਤੇ ਅੱਜ ਵੀ ਧੁੰਦਲੀ ਹੈ| ਸਿਆਣੇ ਕਹਿੰਦੇ ਹਨ ਕਿ \'ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਹੈ\' ਪਰ ਮਰਦ ਤੋਂ ਔਰਤ ਦੀ ਕਾਮਯਾਬੀ ਕਿਉਂ ਨਹੀਂ ਜਰੀ ਜਾਂਦੀ| ਮਰਦ ਪ੍ਰਧਾਨ ਸਮਾਜ \'ਚ ਔਰਤ ਕਦ ਤੱਕ ਆਪਣੀ ਬਣਦੀ ਥਾਂ ਤਲਾਸ਼ਦੀ ਰਹੇਗੀ| ਕਦ ਤੱਕ ਔਰਤ ਮਰਦਾਂ ਦੀਆਂ ਘਿਨੌਣੀਆਂ ਹਰਕਤਾਂ ਦਾ ਸ਼ਿਕਾਰ ਹੁੰਦੀ ਰਹੇਗੀ| ਮਰਦ ਕਦ ਆਪਣੀ ਸੋਚ ਬਦਲ ਕੇ ਔਰਤ ਨੂੰ ਸਮਾਜ \'ਚ ਬਰਾਬਰ ਦੀ ਥਾਂ ਦੇਣਗੇ|
ਔਰਤ ਨੂੰ ਸਿਰਫ ਇਹੀ ਸੋਸ਼ਣ ਨਹੀਂ ਸਹਿਣੇ ਪੈਂਦੇ, ਟੀਵੀ, ਫਿਲਮਾਂ, ਗੀਤਾਂ \'ਚ ਵੀ ਔਰਤਾਂ ਦੀ ਮਿੱਟੀ ਪੁਲੀਤ ਕੀਤੀ ਜਾਂਦੀ ਹੈ| ਟੀਵੀ \'ਤੇ ਪ੍ਰਸਾਰਿਤ ਹੋਣ ਵਾਲੇ ਨਾਟਕਾਂ \'ਚ ਵੀ ਔਰਤ ਦੇ ਕਈ ਅਜਿਹੇ ਰੂਪ ਵਿਖਾਏ ਜਾਂਦੇ ਹਨ ਜਿਹੜੇ ਅਸਲ ਔਰਤ ਤੋਂ ਕੋਹਾਂ ਦੂਰ ਹੁੰਦੇ ਹਨ| ਫਿਲਮਾਂ \'ਚ ਵੀ ਔਰਤ ਦੇ ਅਜਿਹੇ ਹੀ ਕਿਰਦਾਰ ਦਿਖਾਏ ਜਾਂਦੇ ਹਨ, ਫਿਲਮਾਂ \'ਚ ਆਈਟਮ ਸੌਂਗ ਦੇ ਨਾਂਅ \'ਤੇ ਰੱਜ ਕੇ ਅਸ਼ਲੀਲਤਾ ਪਰੋਸੀ ਜਾਂਦੀ ਹੈ| ਗੀਤਾਂ \'ਚ ਕੁੜੀਆਂ ਨੂੰ ਪੁਰਜਾ, ਰਾਤਾਂ ਨੂੰ ਕੰਧ ਟੱਪ ਕੇ ਆਉਣ ਵਾਲੀ, ਦਾਰੂ ਦੀ ਬੋਤਲ ਤੇ ਪਤਾ ਨਹੀਂ ਹੋਰ ਕੀ ਕੀ ਕਿਹਾ ਜਾਂਦਾ ਹੈ| ਅੱਜ ਦੇ ਸਮੇਂ \'ਚ ਨਾ ਤਾਂ ਗੀਤਕਾਰਾਂ ਦੀ ਕਲਮ ਨੂੰ ਹੀ ਸ਼ਰਮ ਰਹੀ ਹੈ ਤੇ ਨਾ ਗਾਇਕਾਂ ਨੂੰ ਆਪਣੇ ਗਾਏ ਘਟੀਆ ਗੀਤਾਂ \'ਤੇ ਪਛਤਾਵਾ ਹੈ|
ਔਰਤ ਆਪਣੀ ਇੱਜਤ \'ਤੇ ਹੱਥ ਪਾਉਣ ਵਾਲਿਆਂ ਖਿਲਾਫ ਜਾਗਰੂਕ ਤਾਂ ਜ਼ਰੂਰ ਹੋਈ ਹੈ ਪਰ ਹਾਲੇ ਵੀ ਔਰਤਾਂ \'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ| ਅੱਜ ਔਰਤਾਂ ਨੂੰ ਸਿਰਫ ਗੀਤਾਂ ਤੇ ਗੀਤਕਾਰਾਂ ਵਿਰੁੱਧ ਨਾਅਰੇ ਲਗਾਉਣ ਤੋਂ ਇਲਾਵਾ ਟੀਵੀ ਚੈਨਲਾਂ \'ਤੇ ਪ੍ਰਸਾਰਿਤ ਕੀਤੇ ਜਾ ਰਹੇ ਨਾਟਕਾਂ ਤੇ ਫਿਲਮਾਂ \'ਚ ਪਰੋਸੀ ਜਾ ਰਹੀ ਅਸ਼ਲੀਲਤਾ ਵਿਰੁੱਧ ਅਵਾਜ ਚੁੱਕਣ ਦੀ ਜ਼ਰੂਰਤ ਹੈ| ਸਿਰਫ ਗੀਤਕਾਰਾਂ ਜਾਂ ਗਾਇਕਾਂ ਖਿਲਾਫ ਝੰਡੇ ਚੁੱਕਣ ਨਾਲ ਕੁਝ ਨਹੀਂ ਹੋਣਾ, ਜਿਹੜਾ ਵੀ ਪੱਖ ਔਰਤ ਦੇ ਅਕਸ ਨੂੰ ਵਿਗਾੜ ਰਿਹਾ ਹੈ ਔਰਤ ਨੂੰ ਹਰ ਉਸ ਪੱਖ ਖਿਲਾਫ ਆਪਣੀ ਅਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ| ਜਦ ਤੱਕ ਔਰਤਾਂ ਆਪ ਆਪਣੀ ਸੁਰੱਖਿਆ ਲਈ ਲਾਮਬੰਧ ਨਹੀਂ ਹੋਣਗੀਆਂ ਉਦੋਂ ਤੱਕ ਸਮਾਜ \'ਚ ਔਰਤਾਂ ਦੀ ਇੱਜਤ ਨਾਲ ਇਸੇ ਤਰ੍ਹਾਂ ਖਿਲਵਾੜ ਕੀਤਾ ਜਾਂਦਾ ਰਹੇਗਾ|
ਸੰਦੀਪ ਜੈਤੋਈ
81465-73901
-
ਸੰਦੀਪ ਜੈਤੋਈ 81465-73901, email: jaitoi.sandeep@gmail.com,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.