ਪਿਛਲੇ ਦਿਨੀ ਪੰਜਾਬੀ ਦੇ ਕਈ ਅਖ਼ਬਾਰਾਂ \'ਚ ਦਿੱਲੀ \'ਚ ਪੰਜ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਬਾਰੇ ਮੇਰੀ ਇੱਕ ਪ੍ਰਤੀਕ੍ਰਿਆ ਛਪੀ ਸੀ। ਕਈ ਲੋਕਾਂ ਦੇ ਫੋਨ ਆਏ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕੀਤੇ। ਕਈ ਲੋਕਾਂ ਨੇ ਕਿਹਾ ਕਿ ਸਿਰਫ ਇਸ ਨਾਲ ਕੁਝ ਨੀ ਹੋਣਾ ਤੇ ਕਈਆਂ ਨੇ ਕਿਹਾ ਕਿ ਇਸ ਤੋਂ ਵੀ ਸਖਤ ਸਜਾ ਦੇਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਜਦ ਅਸੀਂ ਨਿਆਣੇ ਹੁੰਦੇ ਸੀ ਤਾਂ ਸਾਡੀ ਕਿਸੇ ਗਲਤੀ \'ਤੇ ਸਾਡੇ ਮਾਪਿਆਂ ਵੱਲੋਂ ਦਿੱਤੀ ਜਾਂਦੀ ਸਜਾ ਤੋਂ ਬਾਅਦ ਅਸੀਂ ਤਾਂ ਕਿ ਸਾਡੇ ਨਾਲ ਦੇ ਹੋਰ ਨਿਆਣੇ ਵੀ ਉਸ ਗਲਤੀ ਨੂੰ ਕਰਨ ਤੋਂ ਡਰਦੇ ਸਨ। ਕਿਸੇ ਨੂੰ ਕੀ ਸਜਾ ਦੇਣੀ ਹੈ ਇਹ ਤਾਂ ਕਾਨੂੰਨ \'ਤੇ ਨਿਰਭਰ ਕਰਦਾ ਹੈ। ਅਸੀਂ ਤਾਂ ਆਪਣੇ ਵਿਚਾਰ ਹੀ ਸਾਂਝੇ ਕਰ ਸਕਦੇ ਹਾਂ।
ਸ਼ਨੀਵਾਰ ਨੂੰ ਸਵੇਰੇ ਮੈਂ ਆਪਣੇ ਦਫ਼ਤਰ ਆ ਰਿਹਾ ਸੀ, ਰਸਤੇ \'ਚ ਫੋਨ ਵੱਜਿਆ, ਮੈਂ ਆਪਣੇ ਮੋਟਰ ਸਾਈਕਲ \'ਤੇ ਹੋਣ ਕਰਕੇ ਫੋਨ ਨਹੀਂ ਚੁੱਕਿਆ। ਦਫ਼ਤਰ ਆਉਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਕੀਤਾ। ਫੋਨ ਚੁੱਕਣ ਤੋਂ ਇੱਕ ਦੱਬੀ ਜਿਹੀ ਤੇ ਦਰਦ ਭਰੀ ਅਵਾਜ \'ਚ ਇੱਕ ਮਹਿਲਾ ਨੇ ਕਿਹਾ \'ਵੀਰ ਜੀ ਸਤਿ ਸ੍ਰੀ ਅਕਾਲ, ਮੈਂ ਵੀ ਅੱਗੋ ਸਤਿ ਸ੍ਰੀ ਅਕਾਲ ਬੁਲਾਈ। ਉਸ ਮਹਿਲਾ ਨੇ ਮੈਨੂੰ ਕਿਹਾ ਕਿ ਮੈਂ ਅਖ਼ਬਾਰ ਪੜ੍ਹ ਰਹੀ ਸੀ ਤੇ ਤੁਹਾਡੀ ਦਿੱਲੀ ਵਾਲੇ ਕਾਂਡ \'ਤੇ ਫਾਂਸੀ ਦੀ ਪ੍ਰਤਿਕ੍ਰਿਆ ਛਪੀ ਹੋਈ ਹੈ, ਮੈਂ ਕਿਹਾ ਹਾਂਜੀ, ਮੈਂ ਹੀ ਲਿਖੀ ਸੀ। ਉਨ੍ਹਾਂ ਨੇ ਕਿਹਾ ਕਿ ਵੀਰ ਜੀ ਕੀ ਫਾਂਸੀ ਦੀ ਸਜਾ ਇਸਦਾ ਹੱਲ ਹੈ, ਮੈਂ ਕਿਹਾ ਜੀ ਇਹ ਤਾਂ ਕਾਨੂੰਨ ਦਾ ਕੰਮ ਹੈ, ਮੈਂ ਤਾਂ ਆਪਣੇ ਵਿਚਾਰ ਸਾਂਝੇ ਕੀਤੇ ਨੇ।
ਉਨ੍ਹਾਂ ਨੇ ਕਿਹਾ ਵੀਰ ਜੀ ਚਲੋ ਇਨ੍ਹਾਂ ਲਈ ਤਾਂ ਕਾਨੂੰਨ ਜੋ ਸਜਾ ਤੈਅ ਕਰੇਗਾ ਓਹ ਇਨ੍ਹਾਂ ਨੂੰ ਮਿਲ ਜਾਣੀ ਪਰ ਜਿਹੜੇ ਲੋਕਾਂ ਦੇ ਘਰ ਤੁੜਵਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਦੀ ਕੀ ਸਜਾ ਹੋਣੀ ਚਾਹੀਦੀ ਹੈ। ਜਿਨ੍ਹਾਂ ਲੋਕਾਂ ਪਿੱਛੇ ਲੱਗ ਕੇ ਲੋਕ ਆਪਣਿਆਂ ਦੇ ਘਰ ਉਜਾੜ ਦਿੰਦੇ ਹਨ ਹਨ, ਇਨ੍ਹਾਂ ਦੀ ਕੀ ਸਜਾ ਹੋਵੇ। ਜਾਦੂ–ਟੂਣਿਆ ਤੇ ਸਾਧਾਂ ਦੇ ਚੱਕਰਾਂ \'ਚ ਪੈ ਕੇ ਲੋਕਾਂ ਦੇ ਘਰਾਂ \'ਚ ਅੱਗ ਲਗਾਉਣ ਵਾਲਿਆਂ ਦੀ ਕੀ ਸਜਾ ਹੋਵੇ। ਮੇਰੇ ਕੋਲ ਇਨ੍ਹਾਂ \'ਚੋਂ ਕਿਸੇ ਸਵਾਲ ਦਾ ਜਵਾਬ ਨਹੀਂ ਸੀ। ਸ਼ਾਇਦ ਮੈਂ ਹੀ ਨਹੀਂ ਹੋਰ ਕੋਈ ਵੀ ਇਨ੍ਹਾਂ ਗੱਲਾਂ ਦਾ ਜਵਾਬ ਨਾ ਦੇ ਸਕੇ, ਕਿਉਂਕਿ ਸਮਾਜ ਦਾ ਵੱਡਾ ਵਰਗ ਅੱਜ ਅਜਿਹੇ ਕਾਰਿਆਂ ਤੋਂ ਅਛੂਤਾ ਨਹੀਂ ਰਿਹਾ।
ਉਨ੍ਹਾਂ ਨੇ ਫਿਰ ਕਿਹਾ ਵੀਰ ਜੀ ਜਿਹੜੇ ਰਿਸ਼ਵਤਾਂ ਲੈਂਦੇ ਫੜ੍ਹੇ ਜਾਂਦੇ ਨੇ ਇਨ੍ਹਾਂ ਦੀ ਕੀ ਸਜਾ ਹੋਵੇ, ਖੇਡਾਂ \'ਚ ਨਸ਼ੇ ਦੀ ਵਰਤੋਂ ਕਰਨ ਵਾਲੇ ਖਿਡਾਰੀਆਂ ਦੀ, ਸਰਕਾਰੀ ਦਫ਼ਤਰਾਂ \'ਚ ਬੈਠ ਕੇ ਸਰੇਆਮ ਲੁੱਟਣ ਵਾਲਿਆਂ, ਮੰਦਰਾਂ ਤੇ ਗੁਰੂ ਘਰਾਂ \'ਚ ਧਾਰਮੀਕ ਗ੍ਰੰਥਾਂ ਦੇ ਨਾ \'ਤੇ ਲੁੱਟਣ ਵਾਲਿਆਂ, ਲੋਕਾਂ ਨੂੰ ਝੂਠੀਆਂ ਗੱਲਾਂ ਦੇ ਅਧਾਰ \'ਤੇ ਕਿਸੇ ਦਾ ਮਾੜਾ ਕਰਵਾਉਣ ਵਾਲਿਆਂ ਲਈ, ਡੇਰਿਆਂ \'ਚ ਬੈਠੇ ਪੁੱਛਾਂ ਦੇਣ ਵਾਲਿਆਂ ਕੀ ਸਜਾ ਹੋਵੇ। ਮੈਂ ਕਿਹਾ ਕਿ ਇਹ ਤਾਂ ਆਪਣੀ ਆਪਣੀ ਸਮਝ ਹੈ, ਇਸ ਬਾਰੇ ਮੈਂ ਕੀ ਕਹਿ ਸਕਦਾ, ਉਨ੍ਹਾਂ ਨੇ ਕਿਹਾ ਵੀਰ ਜੀ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਇਸ \'ਚ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਲੋਕ ਤਾਂ ਇਹ ਸਮਝ ਹੀ ਸਕਦੇ ਹਨ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ।
ਫਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਇਸ ਕੀਤੇ ਕਰਾਏ ਦੇ ਚੱਕਰ \'ਚ ਸਿਰਫ ਸਾਡਾ ਘਰ ਹੀ ਨਹੀਂ ਪਤਾ ਨਹੀਂ ਹੋਰ ਕਿੰਨੇ ਘਰ ਖ਼ਰਾਬ ਕੀਤੇ ਹੋਣਗੇ। ਲੋਕ ਆਪਣਾ ਭਲਾ ਕਰਾਉਣ ਲਈ ਦੂਜਿਆਂ ਦਾ ਬੁਰਾ ਕਰਨਾ ਕਦ ਛੱਡÎਣਗੇ। ਸਮਾਜ \'ਚ ਵਿਚਰ ਰਹੇ ਹਰ ਬੰਦੇ ਦੀ ਸੋਚ ਅਲੱਗ ਹੈ ਪਰ ਆਪਣੇ ਆਪ ਨੂੰ ਉੱਚਾ ਵਿਖਾਉਣਾ ਕਦ ਛੱਡਣਗੇ। ਮੇਰੇ ਕੋਲ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਸੀ। ਇਹ ਗੱਲ ਸਿਰਫ ਤੇ ਸਿਰਫ ਉਨ੍ਹਾਂ ਦੇ ਘਰ ਦੀ ਨਹੀਂ ਬਲਿਕ ਅੱਜ ਦੇ ਸਮੇਂ \'ਚ ਹਰ ਤੀਜੇ ਘਰ ਦੀ ਹੈ, ਜਿਹੜਾ ਇਨ੍ਹਾਂ ਹਾਲਾਤਾਂ \'ਚੋਂ ਗੁਜ਼ਰ ਰਿਹਾ ਹੈ। ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਅੱਜ ਦਾ ਸਮਾਜ ਪਖੰਡੀਆਂ ਦੇ ਚੁੰਗਲ \'ਚੋਂ ਅਜ਼ਾਦ ਨਹੀਂ ਹੋ ਸਕਿਆ। ਮਨੁੱਖ ਆਪਣੀਆਂ ਹੀ ਨਜ਼ਰਾਂ \'ਚ ਦਿਨ ਪ੍ਰਤੀ ਦਿਨ ਗਿਰਦਾ ਜਾ ਰਿਹਾ ਹੈ। ਅੱਜ ਮਨੁੱਖ ਵਿਖਾਵੇ ਲਈ ਕੁਝ ਤੇ ਕਰਨ ਲਈ ਕੁਝ ਬਣ ਗਿਆ ਹੈ। ਕਹਿੰਦਾ ਕੁਝ ਹੈ ਤੇ ਕਰਦਾ ਕੁਝ। ਝੂਠ, ਫਰੇਬ ਮੱਕਾਰੀ ਦੇ ਜਾਲ \'ਚ ਇਸ ਤਰ੍ਹਾਂ ਫਸ ਗਿਆ ਹੈ ਕਿ ਉਸਨੂੰ ਆਪਣੇ ਤੋਂ ਇਲਾਵਾ ਕਿਸੇ ਹੋਰ ਦਾ ਘਰ ਵੱਸਦਾ ਵੇਖਿਆ ਹੀ ਨਹੀਂ ਜਾਂਦਾ।
-
ਸੰਦੀਪ ਜੈਤੋਈ, 81465–73901,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.