ਪਿਛਲੇ ਕਈ ਸਾਲਾਂ ਤੋਂ ਆਪਣੇ ਭਰਾ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਦਲਬੀਰ ਕੌਰ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਦਾ ਭਰਾ ਸਰਬਜੀਤ ਸਿੰਘ ਜਦੋਂ ਭਾਰਤ ਪਰਤੇਗਾ ਤਾਂ ਉਹ ਲਾਸ਼ ਦੇ ਰੂਪ ਵਿਚ ਆਵੇਗਾ। ਇਸ ਨੂੰ ਆਮ ਮੌਤ ਨਾਲੋਂ ਜ਼ਿਆਦਾ ਵੱਡਾ ਦੁਖਾਂਤ ਕਿਹਾ ਜਾ ਸਕਦਾ ਹੈ ਕਿਉਂਕਿ ਇਕ ਵਿਅਕਤੀ ਜਿਹੜਾ ਪਿਛਲੇ 22 ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਨਰਕ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਅਤੇ ਸਿਰਫ਼ ਇਸ ਆਸ ਵਿਚ ਜਿਉ ਰਿਹਾ ਹੋਵੇ ਕਿ ਉਸ ਦਾ ਦੇਸ਼ ਅਤੇ ਪਰਿਵਾਰ ਉਸ ਦੀ ਰਿਹਾਈ ਲਈ ਯਤਨ ਕਰ ਰਿਹਾ ਹੈ ਤੇ ਕਦੇ ਸਮਾਂ ਆਵੇਗਾ ਜਦੋਂ ਆਪਣੇ ਬੱਚਿਆਂ ਵਿਚ ਜਾਵੇਗਾ ਤੇ ਆਪਣੀ ਭੈਣ ਤੋਂ ਗੁੱਟ \'ਤੇ ਰੱਖੜੀ ਬਨ੍ਹਾਏਗਾ। ਉਸ ਦੀ ਪਤਨੀ ਜੋ ਪਿਛਲੇ ਦੋ ਦਹਾਕਿਆਂ ਤੋਂ ਪਤਾ ਨਹੀਂ ਕਿੰਨੀਆਂ ਉਮੀਦਾਂ ਨੂੰ ਮਨ \'ਚ ਦਬਾਈ ਬੈਠੀ ਇਹ ਆਸ ਕਰ ਰਹੀ ਸੀ ਕਿ ਉਸ ਦਾ ਪਤੀ ਜਦੋਂ ਪਰਤੇਗਾ ਤਾਂ ਉਹ ਆਪਣੇ ਦਿਲ ਦਾ ਹਾਲ ਸੁਣਾਏਗੀ। ਪਰ ਕਿਸੇ ਦੀ ਆਸ ਨੂੰ ਫੁੱਲ ਨਹੀਂ ਲੱਗੇ। ਸਿਰਫ਼ ਤੇ ਸਿਰਫ਼ ਇਕ ਗਮਾਂ ਦੀਆਂ ਲੰਮੀਆਂ ਰਾਤਾਂ ਉਸ ਦੇ ਪਰਿਵਾਰ ਵਾਲਿਆਂ ਦੇ ਪੱਲੇ ਪੈ ਗਈਆਂ ਹਨ।
ਜਦੋਂ ਤੱਥ ਸਰਬਜੀਤ ਪਾਕਿਸਤਾਨ ਦੀ ਜੇਲ੍ਹ ਵਿਚ ਸੀ ਉਦੋਂ ਤੱਕ ਉਸ ਨੂੰ ਰਿਹਾਅ ਕਰਵਾਉਣ ਲਈ ਜੇਕਰ ਕਿਸੇ ਨੇ ਸੰਘਰਸ਼ ਕੀਤਾ, ਉਹ ਸਿਰਫ਼ ਉਸ ਦੇ ਪਰਿਵਾਰ ਖਾਸ ਕਰਕੇ ਉਨ੍ਹਾਂ ਦੀ ਭੈਣ ਦਲਬੀਰ ਕੌਰ ਨੇ ਕੀਤਾ। ਉਸ ਨੇ ਆਪਣੇ ਭਰਾ ਦੇ ਪਰਿਵਾਰ ਨੂੰ ਵੀ ਸੰਭਾਲਿਆ ਅਤੇ ਆਪਣੇ ਭਰਾ ਨੂੰ ਪਾਕਿਸਤਾਨ ਦੀਆਂ ਸਲਾਖਾਂ ਵਿਚੋਂ ਛੁਡਵਾਉਣ ਲਈ ਵੀ ਅਣਥੱਕ ਯਤਨ ਕੀਤੇ। ਉਸ ਮੌਕੇ ਕਿਸੇ ਵੀ ਸਿਆਸੀ ਪਾਰਟੀ ਜਾਂ ਸਰਕਾਰ ਨੇ ਕੋਈ ਗੰਭੀਰ ਯਤਨ ਨਹੀਂ ਕੀਤੇ ਜਿਸ ਨਾਲ ਕਿ ਪਾਕਿਸਤਾਨ \'ਤੇ ਦਬਾਅ ਪਾਇਆ ਜਾ ਸਕਦਾ। ਹੋਰ ਤਾਂ ਹੋਰ ਜਦੋਂ ਇਹ ਖਬਰ ਆਈ ਕਿ ਸਰਬਜੀਤ ਨੂੰ ਜੇਲ੍ਹ ਅੰਦਰ ਪਾਕਿਸਤਾਨੀ ਕੈਦੀਆਂ ਨੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਹੈ, ਉਦੋਂ ਵੀ ਸਰਕਾਰ ਨੇ ਕੋਈ ਅਜਿਹਾ ਵੱਡਾ ਕਦਮ ਨਹੀਂ ਚੁੱਕਿਆ ਜਿਸ ਨਾਲ ਕਿ ਸਰਬਜੀਤ ਸਿੰਘ ਦਾ ਇਲਾਜ ਕਿਸੇ ਹੋਰ ਮੁਲਕ ਵਿਚ ਕਰਵਾਇਆ ਜਾ ਸਕਦਾ। ਜਿਉਂ ਹੀ ਉਸ ਦੀ ਮੌਤ ਹੋਈ ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਸਿਆਸਤ ਆਰੰਭ ਕਰ ਦਿੱਤੀ। ਭਾਜਪਾ ਨੇ ਕਿਹਾ ਕਿ ਸਰਕਾਰ ਸਰਬਜੀਤ ਨੂੰ ਬਚਾਉਣ \'ਚ ਅਸਫ਼ਲ ਰਹੀ। ਅਕਾਲੀ ਦਲ ਵੀ ਭਾਜਪਾ ਦੀ ਸੁਰ ਵਿਚ ਹੀ ਬੋਲਿਆ। ਸਰਕਾਰ ਨੇ ਦੇਖਿਆ ਕਿ ਉਸ ਦੀ ਬਦਨਾਮੀ ਜ਼ਿਆਦਾ ਹੋ ਰਹੀ ਹੈ ਤਾਂ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ, ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਸ੍ਰ. ਪ੍ਰਤਾਪ ਸਿੰਘ ਬਾਜਵਾ ਵੀ ਪੀੜਤ ਪਰਿਵਾਰ ਨੂੰ ਮਿਲੇ। ਕੇਂਦਰ ਨੇ ਪਰਿਵਾਰ ਨੂੰ 25 ਲੱਖ ਦੇਣ ਦਾ ਵੀ ਐਲਾਨ ਕਰ ਦਿੱਤਾ। ਅਕਾਲੀ ਦਲ ਵੀ ਇਸ ਮੌਕੇ ਕੋਈ ਪਿਛੇ ਹਟਣ ਵਾਲਾ ਸੀ। ਸਰਕਾਰ ਨੇ ਵਿਧਾਨ ਸਭਾ \'ਚ ਮਤਾ ਪਾਸ ਕਰਕੇ ਸਰਬਜੀਤ ਨੂੰ \'ਕੌਮੀ ਸ਼ਹੀਦ\' ਕਰਾਰ ਦੇ ਦਿੱਤਾ। ਸਰਕਾਰ ਨੇ ਪਰਿਵਾਰ ਨੂੰ ਇਕ ਕਰੋੜ ਰੁਪਿਆਂ ਤੇ ਸਰਬਜੀਤ ਦੀਆਂ ਦੋਹਾਂ ਬੇਟੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ। ਸੂਬੇ ਵਿਚ ਤਿੰਨ ਦਿਨ ਦਾ ਸਰਕਾਰੀ ਸੋਗ ਮਨਾਉਣ ਲਈ ਕਿਹਾ ਅਤੇ ਸਰਬਜੀਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ।
ਸਰਬਜੀਤ ਦੇ ਪਰਿਵਾਰ ਨੂੰ ਇਸ ਲਈ ਵੱਡੀ ਰਾਹਤ ਮਿਲ ਗਈ ਹੈ ਕਿਉਂਕਿ ਸਰਬਜੀਤ ਦਾ ਕੇਸ ਕਾਫੀ ਲੰਮੇ ਸਮੇਂ ਤੋਂ ਮੀਡੀਏ ਵਿਚ ਉਲਝ ਰਿਹਾ ਸੀ। ਸਰਬਜੀਤ ਦੀ ਹੱਤਿਆ ਇਸ ਲਈ ਹੋਈ ਕਿਉਂਕਿ ਕਾਤਲ ਅਫ਼ਜ਼ਲ ਗੁਰੂ ਤੇ ਅਜਮਲ ਕਸਾਬ ਦੀ ਫਾਂਸੀ ਦਾ ਬਦਲਾ ਲੈਣਾ ਚਾਹੁੰਦੇ ਸਨ। ਪਾਕਿਸਤਾਨ ਵੀ ਇਹੀ ਕੁਝ ਚਾਹੁੰਦਾ ਸੀ ਜਿਸ ਨਾਲ ਸੱਪ ਵੀ ਮਰ ਜਾਏ ਤੇ ਸੋਟੀ ਵੀ ਟੁੱਟ ਜਾਏ। ਕਸਾਬ ਤੇ ਅਫ਼ਜ਼ਲ ਦੀ ਫਾਂਸੀ ਕਾਰਨ ਪਾਕਿਸਤਾਨੀ ਸਰਕਾਰ ਦਬਾਅ ਹੇਠ ਸੀ ਕਿ ਸਰਬਜੀਤ ਦਾ ਅੰਜ਼ਾਮ ਵੀ ਇਨ੍ਹਾਂ ਦੋ ਅਤਿਵਾਦੀਆਂ ਵਰਗਾ ਹੋਵੇ ਪਰ ਡਿਪਲੋਮੈਟਿਕ ਕਾਰਨਾਂ ਕਰਕੇ ਉਹ ਫਾਂਸੀ ਨਹੀਂ ਦੇ ਰਹੀ ਸੀ। ਇਸ ਲਈ ਉਸ ਨੇ ਅਜਿਹਾ ਰਾਹ ਲੱਭਿਆ ਜਿਸ ਨਾਲ ਫਾਂਸੀ ਨਾ ਦੇ ਕੇ ਵੀ ਉਸ ਨੇ ਸਰਬਜੀਤ ਨੂੰ ਫਾਂਸੀ ਦੇ ਦਿੱਤੀ। ਪਾਕਿਸਤਾਨ ਦੀ ਇਸ ਹਰਕਤ ਨੇ ਇਕ ਵਾਰ ਫਿਰ ਭਾਰਤ ਦੇ ਠੰਡੇ ਵਤੀਰੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਕ ਹੋਰ ਕੈਦੀ ਚਮੇਲ ਸਿੰਘ ਨੂੰ ਇਸੇ ਪ੍ਰਕਾਰ ਕੁੱਟ ਕੁੱਟ ਕੇ ਮਾਰਿਆ ਸੀ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸਰਬਜੀਤ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸ ਦੀ ਜਾਨ ਨੂੰ ਪਾਕਿਸਤਾਨੀ ਕੈਦੀਆਂ ਤੋਂ ਖਤਰਾ ਹੈ ਪਰ ਭਾਰਤ ਸਰਕਾਰ ਨੇ ਸਰਬਜੀਤ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕੀਤੀ।
ਅੱਜ ਸਿਆਸੀ ਪਾਰਟੀਆਂ ਦੇ ਲੀਡਰ ਇਸ ਲਈ ਸਰਬਜੀਤ ਦੇ ਸਸਕਾਰ \'ਤੇ ਪੁੱਜੇ ਕਿਉਂਕਿ ਪੂਰਾ ਕੌਮੀ ਮੀਡੀਆ ਉਥੇ ਪੁੱਜਿਆ ਹੋਇਆ ਸੀ। ਇਸ ਲਈ ਇਹ ਲੀਡਰ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਉਹ ਲੋਕਾਂ ਦੀ ਪ੍ਰਵਾਹ ਕਰਦੇ ਹਨ।
ਇਸ ਤੋਂ ਪਹਿਲਾਂ ਚਮੇਲ ਸਿੰਘ ਦੀ ਮੌਤ \'ਤੇ ਕਦੋਂ ਸਿਆਸੀ ਪਾਰਟੀਆਂ ਇੰਝ ਤੜਫੀਆਂ ਹਨ। ਸੁਰਜੀਤ ਸਿੰਘ ਤਿੰਨ ਦਹਾਕਿਆਂ ਮਗਰੋਂ ਰਿਹਾਅ ਹੋ ਕੇ ਆਇਆ ਉਸ ਨੂੰ ਕੋਈ ਸਰਕਾਰੀ ਨੁਮਾਇੰਦਾ ਲੈਣ ਤੱਕ ਨਹੀਂ ਪੁੱਜਾ। ਕਸ਼ਮੀਰ ਸਿੰਘ ਨੂੰ ਸਰਕਾਰ ਨੇ ਕਿੰਨਾ ਕੁ ਪੁੱਛਿਆ ਹੈ। ਭਾਵੇਂ ਸਰਕਾਰ ਇਹ ਗੱਲ ਨਾ ਸਵੀਕਾਰੇ ਕਿ ਇਹ ਭਾਰਤ ਵੱਲੋਂ ਪਾਕਿਸਤਾਨ ਭੇਜੇ ਗਏ ਜਸੂਸ ਸਨ ਪਰ ਇਹ ਲੋਕ ਵੀ ਭਾਰਤ ਮਾਂ ਦੀ ਸੇਵਾ ਕਰਕੇ ਹੀ ਆਏ ਸਨ। ਹੋਰ ਵੀ ਬਹੁਤ ਸਾਰੇ ਭਾਰਤੀ ਇਸ ਸਮੇਂ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਸੜ ਰਹੇ। ਉਨ੍ਹਾਂ ਵਿਚ ਕਈ ਤਾਂ ਜਸੂਸੀ ਦੇ ਕੇਸਾਂ ਵਿਚ ਹੀ ਜੇਲ੍ਹਾਂ ਵਿਚ ਡੱਕੇ ਹੋਏ ਹਨ। ਉਨ੍ਹਾਂ ਦੀ ਸਾਰ ਕੌਣ ਲਵੇਗਾ? ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪੁੱਛ ਰਿਹਾ ਹੈ? ਕੱਲ੍ਹ ਨੂੰ ਜੇਕਰ ਕਿਸੇ ਹੋਰ ਸਰਬਜੀਤ ਦੀ ਇਸੇ ਪ੍ਰਕਾਰ ਮੌਤ ਹੋ ਗਈ ਤਾਂ ਸਰਕਾਰਾਂ ਫਿਰ ਵੱਡੀਆਂ ਰਾਹਤਾਂ ਦਾ ਐਲਾਨ ਕਰ ਦੇਣਗੀਆਂ। ਚੰਗਾ ਹੋਵੇ ਜੇਕਰ ਅਜਿਹੇ ਪਰਿਵਾਰਾਂ ਦੀ ਪਹਿਲਾਂ ਹੀ ਸਹਾਇਤਾ ਕੀਤੀ ਜਾਵੇ ਤਾਂ ਜੋ ਅਜਿਹੇ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦਿਵਾ ਸਕਣ ਅਤੇ ਘਰ ਦਾ ਗੁਜ਼ਾਰਾ ਵਧੀਆ ਕਰ ਸਕਣ। ਜਦੋਂ ਦੇਸ਼ ਦੀ ਸੇਵਾ ਕਰਦੇ ਲੋਕ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਫਸ ਜਾਂਦੇ ਹਨ ਤਾਂ ਇਕ ਤਰ੍ਹਾਂ ਨਾਲ ਸਾਰੇ ਪਰਿਵਾਰ ਨੂੰ ਜੇਲ੍ਹ ਹੋ ਜਾਂਦੀ ਹੈ ਜਾਂ ਫਾਂਸੀ ਲੱਗ ਜਾਂਦੀ ਹੈ। ਜਦੋਂ ਕਮਾਉਣ ਵਾਲਾ ਵਿਦੇਸ਼ੀ ਜੇਲ੍ਹ \'ਚ ਹੁੰਦਾ ਹੈ ਤਾਂ ਪਿਛੇ ਬੈਠੇ ਪਰਿਵਾਰਾਂ ਦੀਆਂ ਹਾਲਤ ਮੰਗਤਿਆਂ ਵਰਗੀ ਹੋ ਜਾਂਦੀ ਹੈ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਹੈ। ਜਿਹੜੇ ਲੋਕ ਪੀੜਤ ਹਨ, ਉਨ੍ਹਾਂ ਦੀ ਪਹਿਲਾਂ ਤੋਂ ਹੀ ਸਹਾਇਤਾ ਕਰਨੀ ਚਾਹੀਦੀ ਹੈ।
ਅੰਤ ਵਿਚ ਇਹ ਗੱਲ ਬਹੁਤ ਅਫ਼ਸੋਸ ਨਾਲ ਕਹਿਣੀ ਪੈਂਦੀ ਹੈ ਕਿ ਜਿਹੜੀ ਨਿੰਦਣਯੋਗ ਕਾਰਵਾਈ ਪਾਕਿਸਤਾਨ ਦੀ ਜੇਲ੍ਹ ਵਿਚ ਹੋਈ ਹੈ ਉਹੋ ਜਿਹੀ ਕਾਰਵਾਈ ਹੀ ਜੰਮੂ ਜੇਲ੍ਹ ਵਿਚ ਹੋਈ ਹੈ। ਉਥੇ ਇਕ ਪਾਕਿਸਤਾਨੀ ਕੈਦੀ ਨੂੰ ਭਾਰਤੀ ਕੈਦੀਆਂ ਨੇ ਕੁੱਟਿਆ ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ ਹੈ। ਭਾਰਤੀ ਕੈਦੀਆਂ ਨੇ ਅਜਿਹਾ ਕਰਕੇ ਪਾਕਿਸਤਾਨ ਦੇ ਉਸ ਦਾਅਵੇ ਨੂੰ ਸਹੀ ਸਿੱਧ ਕਰ ਦਿੱਤਾ ਹੈ ਕਿ ਸਰਬਜੀਤ ਦੇ ਕਤਲ ਪਿਛੇ ਉਥੋਂ ਦੀ ਸਰਕਾਰ ਦਾ ਕੋਈ ਹੱਥ ਨਹੀਂ ਹੈ। ਇਸ ਕਾਰਵਾਈ ਨਾਲ ਭਾਰਤ ਦਾ ਪੱਖ ਕਮਜ਼ੋਰ ਹੋਇਆ ਹੈ।
-
ਦਰਸ਼ਨ ਸਿੰਘ ਦਰਸ਼ਕ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.