ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਇਕ ਵਾਰ ਫਿਰ ਕਾਨੂੰਨੀ ਬਾਜ਼ੀ ਹਾਰ ਗਿਆ ਹੈ ਅਤੇ ਉਸ ਦੀ ਸਾਬਕਾ ਕਾਂਗਰਸੀ ਲੀਡਰ ਮਨਿੰਦਰਜੀਤ ਸਿੰਘ ਬਿੱਟਾ ਨੂੰ ਬੰਬ ਧਮਾਕੇ ਵਿਚ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਫਾਂਸੀ ਲਾਉਣ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ। ਯਾਦ ਰਹੇ ਕਿ ਇਹ ਧਮਾਕਾ 1993 ਵਿਚ ਹੋਇਆ ਸੀ ਜਿਸ ਵਿਚ ਬਿੱਟਾ ਤਾਂ ਬਚ ਗਿਆ ਸੀ ਪਰ 9 ਵਿਅਕਤੀ ਮਾਰੇ ਗਏ ਸਨ। ਅਸਲ ਵਿਚ ਭੁੱਲਰ ਨੂੰ ਇਸ ਮਾਮਲੇ ਵਿਚ ਫਾਂਸੀ ਦੀ ਸਜ਼ਾ 2003 \'ਚ ਮਿਲ ਗਈ ਸੀ ਪਰ ਅੱਗੇ ਤੋਂ ਅੱਗੇ ਕਾਨੂੰਨੀ ਪ੍ਰਕ੍ਰਿਆ ਕਾਰਨ ਇਹ ਮਾਮਲਾ ਲਟਕਦਾ ਗਿਆ ਸੀ। ਰਾਸ਼ਟਰਪਤੀ ਨੇ ਵੀ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਨੂੰ ਠੁਕਰਾ ਦਿਤਾ ਸੀ। ਜਿਉਂ ਹੀ ਇਹ ਖਬਰ ਮੀਡੀਏ \'ਚ ਆਈ ਤਾਂ ਕਾਂਗਰਸ, ਭਾਜਪਾ ਅਤੇ ਹੋਰ ਕਈ ਸਿਆਸੀ ਪਾਰਟੀਆਂ ਨੇ ਇਸ ਉੁਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਹਿੰਦੂ ਸ਼ਿਵ ਸੈਨਾ ਤਾਂ ਦੋ ਕਦਮ ਹੋਰ ਅੱਗੇ ਚਲੀ ਗਈ ਅਤੇ ਉਸ ਨੇ ਕਈ ਥਾਵਾਂ ਉਤੇ ਲੱਡੂ ਵੀ ਵੰਡੇ। ਸਿੱਖ ਭਾਵੇਂ ਦੇਸ਼ ਭਗਤ ਹਨ ਪਰ ਉਨ੍ਹਾਂ ਦੀ ਤਰਾਸਦੀ ਇਹ ਹੈ ਕਿ ਉਹ ਇਸ ਫੈਸਲੇ ਦਾ ਸਵਾਗਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮੌਜੂਦਾ ਫੈਸਲੇ ਦੀਆਂ ਜੜ੍ਹਾਂ ਉਸ ਖੂਨੀ ਦੌਰ ਤੱਕ ਫੈਲੀਆਂ ਹੋਈਆਂ ਹਨ ਜਿਸ ਵਿਚ ਪੰਜਾਬੀਆਂ ਦਾ ਖੂਨ ਪਾਣੀ ਵਾਂਗ ਵਹਿ ਚੁੱਕਾ ਹੈ। ਉਸ ਦੌਰਾਨ ਪੰਜਾਬ ਅੰਦਰ ਖਾੜਕੂਵਾਦ ਫੈਲਿਆ। ਖਾੜਕੂਆਂ ਨੇ ਆਪਣੇ ਸੰਘਰਸ਼ ਦੌਰਾਨ ਅਣਗਿਣਤ ਨਿਰਦੋਸ਼ ਲੋਕਾਂ ਨੂੰ ਮਾਰਿਅਲਾ ਪਰ ਇਸ ਹਕੀਕਤ ਨੂੰ ਕੋਈ ਨਹੀਂ ਭੁੱਲ ਸਕਦਾ ਕਿ ਉਸ ਸਮੇਂ ਦੌਰਾਨ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਖਾੜਕੂਆਂ ਨੂੰ ਦਰਬਾਰ ਸਾਹਿਬ \'ਚੋਂ ਕੱਢਣ ਜਾਂ ਕਹਿ ਲਵੋ ਖਦੇੜਨ ਦੀ ਆੜ ਵਿਚ ਸਾਕਾ ਨੀਲਾ ਤਾਰਾ ਕੀਤਾ ਗਿਆ। ਦਰਬਾਰ ਸਾਹਿਬ ਵਿਚ ਟੈਂਕ ਵਾੜੇ ਗਏ ਅਤੇ ਤੋਪਾਂ ਚਲਾਈਆਂ ਗਈਆਂ। ਅਣਗਿਣਤ ਨਿਰਦੋਸ਼ ਸਿੱਖਾਂ ਦਾ ਫੌਜ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘੱਲੂਘਾਰੇ ਮਗਰੋਂ ਉਦੋਂ ਦੀ ਪ੍ਰਧਾਨ ਮੰੰਤਰੀ ਸ੍ਰੀਮਤੀ ਇੰਦਰਾ ਗਾਂਧੀ ਜਿਨ੍ਹਾਂ ਬਲਿਊ ਸਟਾਰ ਆਪ੍ਰੇਸ਼ਨ ਕਰਨ ਦੀ ਆਗਿਆ ਦਿੱਤੀ ਸੀ, ਦੇ ਕਤਲ ਮਗਰੋਂ ਦਿੱਲੀ ਅਤੇ ਦੇਸ਼ ਦੇ ਹੋਰ ਬਹੁਤ ਸਾਰੇ ਇਲਾਕਿਆਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਅਣਗਿਣਤ ਨਿਰਦੋਸ਼ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਉਸ ਦੌਰ ਦਾ ਪਿਛੋਕੜ ਵੀ ਸਿੱਖਾਂ ਨਾਲ ਹੋਈ ਬੇਇਨਸਾਫੀ ਦਾ ਦੌਰ ਹੈ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਹਾਕਮਾਂ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਅੱਜ ਤੱਕ ਪੰਜਾਬੀਆਂ ਨੂੰ ਆਪਣੀ ਰਾਜਧਾਨੀ ਨਸੀਬ ਨਹੀਂ ਹੋਈ। ਹਾਲੇ ਤੱਕ ਪੰਜਾਬ ਨੂੰ ਪੂਰੇ ਪੰਜਾਬੀ ਇਲਾਕੇ ਨਹੀਂ ਦਿੱਤੇ ਗਏ। ਉਪਰੋਂ ਸਿੱਖ ਸਿਆਸੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਕੇਂਦਰ ਵਿਚ ਹਮੇਸ਼ਾ ਸਾਜਿਸ਼ਾਂ ਹੁੰਦੀਆਂ ਰਹੀਆਂ। ਸਿੱਖਾਂ ਨੂੰ ਅਕਾਲੀ ਦਲ ਨਾਲੋਂ ਤੋੜਨ ਲਈ ਵੱਖ -ਵੱਖ ਸੰਪਰਦਾਵਾਂ ਜਾਂ ਧਾਰਮਿਕ ਜਥੇਬੰਦੀਆਂ ਨੂੰ ਸਿੱਖ ਪ੍ਰ੍ਰੰਪਰਾਵਾਂ ਦਾ ਉਲੰਘਣ ਕਰਨ ਲਈ ਉਕਸਾਇਆ। ਸਿੱਖਾਂ ਦੀਆਂ ਮੰਗਾਂ ਕਾਰਨ ਨੌਜਵਾਨਾਂ ਜਾਂ ਗਰਮ ਖਿਆਲੀਆਂ ਨੇ ਹਥਿਆਰ ਚੁੱਕ ਲਏ । ਸਿੱਖਾਂ ਨਾਲ ਪੈਰ-ਪੈਰ \'ਤੇ ਜੋ ਅਨਿਆਂ ਹੋਇਆ ਉਸਨੂੰ ਭਾਰਤ ਸਰਕਾਰ ਨੇ ਕਦੇ ਗੰਭੀਰਤਾ ਨਾਲ ਨਹੀਂ ਵਿਚਾਰਿਆ। ਕਦੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ? ਸਿੱਖਾਂ ਦੇ ਲੰਮੇ ਸੰਘਰਸ਼ ਮਗਰੋਂ ਅੱਜ ਸੱਜਣ ਕੁਮਾਰ ਜਾਂ ਜਗਦੀਸ਼ ਟਾਈਟਲਰ ਖਿਲਾਫ ਮੁਕੱਦਮੇ ਚੱਲੇ ਹਨ। ਹੁਣ ਕਾਂਗਰਸ ਕਹਿਣ ਲੱਗ ਗਈ ਹੈ ਕਿ ਉਹ ਕਿਸੇ ਵੀ ਦੋਸ਼ੀ ਨੂੰ ਆਪਣੇ ਵੱਲੋਂ ਸਹਾਇਤਾ ਨਹੀਂ ਦੇਵੇਗੀ। ਪਰ ਉਹ ਗੱਲ ਭੁੱਲ ਜਾਂਦੀ ਹੈ ਕਿ ਜੇਕਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਸੁਤੰਤਰਤਾ ਨਾਲ ਜਾਂਚ ਹੁੰਦੀ ਤਾਂ ਉਸ ਮੌਕੇ ਬਹੁਤ ਸਾਰੇ ਦੋਸ਼ੀ ਫਸ ਸਕਦੇ ਸਨ। ਉਦੋਂ 5 ਹਜ਼ਾਰ ਤੋਂ ਵੱਧ ਸਿੱਖ ਮਾਰੇ ਗਏ ਸਨ। ਇੰਨੇ ਸਿੱਖਾਂ ਨੂੰ ਮਾਰਨ ਲਈ ਇਕ ਦੋ ਬੰਦਿਆਂ ਨੇ ਹਥਿਆਰ ਨਹੀਂ ਚੁੱਕੇ। ਇਸ ਸਭ ਨੂੰ ਅੰਜ਼ਾਮ ਦੇਣ ਲਈ ਸੈਂਕੜੇ ਕਾਂਗਰਸੀਆਂ ਲੋਕਾਂ ਨੂੰ ਉਕਸਾਇਆ ਅਤੇ ਹਜ਼ਾਰਾਂ ਲੋਕਾਂ ਨੇ ਹਥਿਆਰ ਚੁੱਕ ਕੇ ਉਨ੍ਹਾਂ ਸਿੱਖਾਂ ਦਾ ਕਤਲ ਕੀਤਾ। ਸੱਜਣ ਕੁਮਾਰ ਤੇ ਟਾਈਟਲਰ ਤੋਂ ਇਲਾਵਾ ਹੋਰ ਵੀ ਦੋਸ਼ੀ ਹਨ,ਉਹ ਕਿਥੇ ਹਨ। ਉਸ ਦੌਰ ਵਿਚ ਅਣਗਿਣਤ ਨੌਜਵਾਨ ਲੜਕੇ ਜਿਨ੍ਹਾਂ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ, ਉਨ੍ਹਾਂ ਦਾ ਹਿਸਾਬ ਬਾਕੀ ਹੈ। ਹਾਲਾਂ ਕਿ ਇਸ ਨਿਆਂ ਅਤੇ ਅਨਿਆਂ ਨੂੰ ਵਹੀ ਖਾਤਿਆਂ ਰਾਹੀਂ ਦੱਸਿਆ ਜਾਂ ਸੁਣਿਆਂ ਨਹੀਂ ਜਾ ਸਕਦਾ । ਪਰ ਜੇਕਰ ਪੂਰੇ ਦੌਰ ਦਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਖਾਂ ਨਾਲ ਕਦੇ ਵੀ ਪੂਰਾ ਇਨਸਾਫ ਨਹੀਂ ਹੋਇਆ। ਮੌਜੂਦਾ ਕਾਂਗਰਸੀ ਲੀਡਰ ਇਸ ਗੱਲ ਦਾ ਅਹਿਸਾਸ ਵੀ ਕਰਦੇ ਹੋਣਗੇ। ਪਰ ਉਹ ਇਸ ਗੱਲ ਦੀ ਜੁਰਅਤ ਨਹੀਂ ਕਰਦੇ ਕਿ ਸਿੱਖਾਂ ਦੀਆਂ ਫਰਿਆਦਾਂ ਨੂੰ ਕਿਵੇਂ ਸੁਣਿਆ ਜਾਵੇ ਅਤੇ ਉਨ੍ਹਾਂ ਨੂੰ ਕਿਸ ਪ੍ਰਕਾਰ ਨਿਆਂ ਦਿੱਤਾ ਜਾਵੇ। ਪੁਰਾਣੇ ਸਮੇਂ ਤੋਂ ਲਮਕਦੇ ਮਾਮਲੇ ਅੱਜ ਬਦਲਵੀਂ ਸੋਚ ਅਤੇ ਪ੍ਰਸਥਿਤੀਆਂ ਦੇ ਬਾਵਜੂਦ ਹਰ ਸਿਆਸੀ ਪਾਰਟੀ ਲਈ ਗੰਭੀਰ ਚੁਣੌਤੀ ਹਨ। ਪਿਛਲੇ ਸਮੇਂ ਤੋਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲਗਾਤਾਰ ਫਾਂਸੀਆਂ ਦਿੱਤੀਆਂ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਭਾਜਪਾ ਨੂੰ ਸਿਆਸੀ ਤੌਰ ਤੇ ਕਮਜੋਰ ਕਰਨ ਲਈ ਘੱਟ ਗਿਣਤੀ ਦੇ ਲੋਕਾਂ ਨੂੰ ਫਾਂਸੀ ਦੇਣ ਦਾ ਸਿਲਸਿਲਾ ਆਰੰਭ ਕੀਤਾ ਹੈ। ਪ੍ਰੋ. ਦਵਿੰਦਰ ਸਿੰਘ ਭੁੱਲਰ ਵੀ ਘੱਟ ਗਿਣਤੀ ਦਾ ਇਕ ਹਿੱਸਾ ਹੈ। ਇਹ ਗੱਲ ਸਿੱਖਾਂ ਦੇ ਮਨਾਂ ਨੂੰ ਵੀ ਤਕਲੀਫ ਦਿੰਦੀ ਹੈ। ਉਹ ਪੂਰੇ ਘਟਨਾ ਚੱਕਰ ਦਾ ਹਿਸਾਬ ਕਿਤਾਬ ਲਗਾਉਂਦੇ ਹਨ। ਜੇਕਰ ਅੱਜ ਦੇ ਘਟਨਾਕ੍ਰਮ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਪ੍ਰੋ. ਭੁੱਲਰ ਦੇ ਸਵਾਸ ਕੁਝ ਦਿਨਾਂ ਦੇ ਬਾਕੀ ਹਨ। ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਸ ਸਮੇਂ ਸਰਕਾਰ ਉਹ ਤਾਂ ਚਾਹੁੰਦਾ ਹੈ ਕਿ ਉਸ ਨੂੰ ਗਲ ਪਏ ਜੰਜਾਲ ਵਿਚੋਂ ਕੇਂਦਰ ਸਰਕਾਰ ਹੀ ਕੱਢੇ ਪਰ ਸਿੱਖ ਭਾਵਨਾਵਾਂ ਦੀ ਖਾਤਰ ਉਹ ਹੋਰ ਅਪੀਲਾਂ ਕਰਨ ਲਈ ਤਿਆਰ ਹੈ। ਉਂਝ ਪ੍ਰੋ. ਭੁੱਲਰ, ਭਾਈ ਬਲਵੰਤ ਸਿੰਘ ਦੇ ਫਾਂਸੀ ਲੱਗਣ ਜਾਂ ਨਾ ਲੱਗਣ \'ਚ ਅਕਾਲੀ ਦਲ ਕਈ ਤਰ੍ਹਾਂ ਦੇ ਲਾਭ ਉਠਾਂਉਂਦਾ ਹੈ। ਜੇਕਰ ਫਾਂਸੀ ਹੁੰਦੀ ਹੈ ਤਾਂ ਉਸ ਦੇ ਲਈ ਉਹ ਕਾਂਗਰਸ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਜੇਕਰ ਫਾਂਸੀ ਨਹੀਂ ਲੱਗਦੀ ਤਾਂ ਫਾਂਸੀ ਤੋਂ ਬਚਾਉਣ ਲਈ ਉਹ ਸਿੱਖ ਭਾਵਨਾਵਾਂ ਨੂੰ ਕਾਂਗਰਸ ਖਿਲਾਫ ਹੀ ਵਰਤਦਾ ਹੈ। ਅਸਲ ਵਿਚ ਜਿਹੜੇ ਲੋਕ ਸਮੇਂ ਦੇ ਵਹਿਣ ਵਿਚ ਵਹਿ ਕੇ ਅਜਿਹੀਆਂ ਕਾਰਵਾਈਆਂ ਕਰ ਬੈਠੇ ਹਨ, ਅੱਜ ਉਹ ਉਸ ਅੰਦੋਲਨ ਨੂੰ ਚਲਾਉਣ ਦੇ ਸਮਰੱਥ ਨਹੀਂ ਹਨ। ਬੇਸ਼ੱਕ ਉਹ ਕਤਲਾਂ ਦੇ ਦੋਸ਼ੀ ਹਨ ਪਰ ਅੱਜ ਅਜਿਹਾ ਨਹੀਂ ਹੈ ਕਿ ਸਿੱਖ ਕੌਮ ਦੇ ਲੀਡਰ ਜਾਂ ਨੌਜਵਾਨ ਉਨ੍ਹਾਂ ਨੂੰ ਦੁਬਾਰਾ ਖੂਨ ਦੀਆਂ ਨਦੀਆਂ ਵਹਾਉਣ ਲਈ ਉਕਸਾਉਣਗੇ। ਅੱਜ ਸਿੱਖ ਕੌਮ ਦੇ ਜ਼ਖਮਾਂ \'ਤੇ ਮੱਲ੍ਹਮ ਲਗਾਉਣ ਦਾ ਸਮਾਂ ਹੈ। ਪ੍ਰੋ. ਭੁੱਲਰ ਤਾਂ ਪਿਛਲੇ 10 ਸਾਲ ਤੋਂ ਹੀ ਫਾਂਸੀ ਲਟਕ ਰਹੇ ਹਨ। ਅੱਜ ਉਨ੍ਹਾਂ ਦਾ ਦਿਮਾਗੀ ਤਵਾਜ਼ਨ ਵੀ ਠੀਕ ਨਹੀਂ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਨਹੀਂ ਹੈ। ਉਹ ਸਭ ਲਈ ਸਤਿਕਾਰਯੋਗ ਹੈ। ਉਸ ਨੇ ਅਜਿਹੇ ਫੈਸਲੇ ਕੀਤੇ ਹਨ ਜਿਨ੍ਹਾਂ \'ਤੇ ਸਿੱਖ ਕੌਮ ਨੂੰ ਵੀ ਫਖ਼ਰ ਹੈ। ਇਸ ਲਈ ਕੋਈ ਅਜਿਹੇ ਹਾਲਾਤ ਬਣਨੇ ਚਾਹੀਦੇ ਹਨ ਜਿਸ ਨਾਲ ਨਿਆਂ ਵਿਵਸਥਾ \'ਤੇ ਵੀ ਪ੍ਰਸ਼ਨਚਿੰਨ ਨਾ ਲੱਗਣ ਅਤੇ ਸਿੱਖ ਕੌਮ ਵੀ ਉਸ ਦਾ ਸਵਾਗਤ ਕਰਨਯੋਗ ਹੋ ਜਾਵੇ।
-
ਦਰਸ਼ਨ ਸਿੰਘ ਦਰਸ਼ਕ, 9855508918,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.