ਪਿਛਲੇ ਕਾਫੀ ਅਰਸੇ ਤੋਂ ਮੀਡੀਆ ਤੇ ਇੰਟਰਨੈਟ ਉਪਰ ਸੋਸ਼ਲ ਮੀਡੀਆ ਵਿਚ ਫਿਲਮ \'ਸਾਡਾ ਹੱਕ\' ਬਾਰੇ ਚਰਚਾ ਗਰਮ ਸੀ। ਅਖੀਰ ਪਿਛਲੇ ਦਿਨੀਂ ਕੈਨੇਡੀਅਨ ਸਿੱਖ ਅਲਾਇੰਸ ਵਲੋਂ ਫਿਲਮ ਦਾ ਪਰੀਮਿਅਮ ਸ਼ੋ ਦੇਖਣ ਦਾ ਸੱਦਾ ਪੱਤਰ ਦਿੰਦੀ ਈਮੇਲ ਆਈ।ਸਰੀ ਵਿਚ ਸਟਰਾਬੇਰੀ ਹਿਲ ਸਿਨੇਪਲੈਕਸ ਵਿਚ 6.30 ਵਜੇ ਦਾ ਸ਼ੋਅ ਦੇਖਣ ਪਹੁੰਚੇ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਭਾਅ ਜੀ ਅੰਦਰ ਚਲ ਕੇ ਬੈਠੋ ਫਿਰ ਸੀਟਾਂ ਭਰ ਜਾਣੀਆਂ ਹਨ।ਸ਼ੁਰੂ ਵਿਚ ਪ੍ਰਬੰਧਕ ਬੀਬੀ ਨੇ ਸੰਖੇਪ ਵਿਚ ਫਿਲਮ ਬਾਰੇ ਤੇ ਕੈਨੇਡੀਅਨ ਸਿੱਖ ਅਲਾਇੰਸ ਬਾਰੇ ਜਾਣਕਾਰੀ ਦਿਤੀ।ਫਿਲਮ ਦਿਖਾਉਣ ਤੋਂ ਪਹਿਲਾਂ ਸਿਨਮੇ ਦੀ ਪ੍ਰੋਮੋਸ਼ਨਲ ਕਲਿਪ ਸ਼ੁਰੂ ਕਰਦਿਆਂ ਕਰਦਿਆਂ 5-6 ਵਾਰੀ ਰੁਕੀ। ਅੱਧਾ ਘੰਟਾ ਇਵੇਂ ਨਿਕਲ ਗਿਆ।ਹਾਲ ਵਿਚ ਚੁੰਝ ਚਰਚਾ ਸ਼ੁਰੂ ਹੋ ਗਈ।ਲਓ ਲੈ ਲਓ ਅਪਣੇ ਹੱਕ! ਇਹ ਤਾਂ ਲੜ ਕੇ ਲੈਣੇ ਪੈਂਦੇ ਹਨ! ਇਹ ਸਾਰੀ ਆਈ. ਐਸ ਆਈ ਦੀ ਸ਼ਰਾਰਤ ਹੈ! ਇੰਡੀਅਨ ਕੌਂਸਲੇਟ ਦੇ ਹੱਥ ਬੜੇ ਲੰਮੇ ਹਨ! ਨਾ ਜੀ ਇਹ ਸਾਰੀ ਕਾਰਵਾਈ ਤਾਂ ਵਿਦੇਸ਼ੀ ਹੱਥ ਦੀ ਹੈ!ਉਹ ਨਹੀਂ ਬਾਈ, ਇਹ ਸਾਰਾ ਕੁਝ ਸੀ. ਆਈ . ਏ. ਕਰਵਾ ਰਹੀ ਹੈ। ਗਲ ਕੀ ਜਿਨੇ ਮੂੰਹ ਉਨੀਆਂ ਗੱਲਾਂ । ਕੋਈ ਕਹਿੰਦਾ ਅਗੇ ਤਾਂ ਐਨੀ ਵਾਰੀ ਆਈਦਾ ਉਦੋਂ ਤਾਂ ਕਦੇ ਨੀ ਇਓ ਹੋਇਆ। ਲੋਕ ਗਲਾਂ ਨਾਲ ਮਨ ਪਰਚਾਵਾ ਕਰ ਰਹੇ ਸਨ। ਇਨੇ ਚਿਰ ਨੂੰ ਪ੍ਰਬੰਧਕਾਂ ਫਿਰ ਆ ਕੇ ਦਸਿਆ ਕਿ ਕੋਈ ਤਕਨੀਕੀ ਨੁਕਸ ਪੈ ਗਿਆ ਹੈ ਸਿਨੇ ਪਲੈਕਸ ਵਾਲੇ ਫਿਕਸ ਕਰ ਰਹੇ ਹਨ, ਉਨਾਂ ਚਿਰ ਬਾਹਰ ਚਾਹ ਤੇ ਪਕੌੜਿਆਂ ਦਾ ਪ੍ਰਬੰਧ ਹੈ ਉਹ ਛਕੋ। ਫੇਰ ਚਰਚਾ ਸ਼ੁਰੂ ਹੋ ਗਈ ਕਿ ਪੰਜਾਬੀਆਂ ਨੂੰ ਤਾਂ ਚਾਹ ਪਕੌੜੇ ਖਵਾ ਕੇ ਜਦੋਂ ਮਰਜੀ ਖੁਸ਼ ਕਰ ਲਵੋ। ਖੈਰ ਇਕ ਘੰਟੇ ਦੀ ਦੇਰੀ ਨਾਲ ਦੂਸਰੇ ਸਿਨਮੇ ਵਿਚ ਫਿਲਮ ਸ਼ੁਰੂ ਹੋਈ।
ਪਹਿਲੇ ਹੀ ਸੀਨ ਤੋਂ ਫਿਲਮ ਦਰਸ਼ਕ ਨੂੰ ਬੰਨ ਲੈਂਦੀ ਹੈ। ਮੁਖ ਤੌਰ ਤੇ ਜੇ ਕਹਾਣੀ ਦੱਸੀਏ ਤਾਂ ਇਹ ਹੈ ਕਿ ਕਿਵੇਂ ਪੰਜਾਬ ਵਿਚ ਪੁਲਸ ਦੀਆਂ ਕਾਰਵਾਈਆਂ ਤੇ ਤਸ਼ਦਦ,ਦਾ ਸਤਿਆ ਇਕ ਸਾਧਾਰਨ ਬੇਕਸੂਰ ਪੇਂਡੂ ਨੌਜਵਾਨ ਹਥਿਆਰ ਚਕ ਲੈਂਦਾ ਹੈ ।ਤੇ ਅਖੀਰ ਫਿਲਮ ਦੇ ਅੰਤ ਵਿਚ ਉਹ ਮੰਨਦਾ ਹੈ ਕਿ ਭਾਵੇਂ ਉਸਦਾ ਇਹ ਰਾਹ ਤੇ ਇਸ ਵਿਚ ਸ਼ਾਮਲ ਹੋਏ ਨੌਜਵਾਨ ਅਪਣੇ ਯਤਨ ਵਿਚ ਕਾਮਯਾਬ ਨਹੀਂ ਹੋਏ ਪਰ ਨਾਲ ਹੀ ਉਹ ਆਸ ਪ੍ਰਗਟ ਕਰਦਾ ਹੈ ਕਿ ਅਪਣੇ ਹੱਕਾਂ ਨੂੰ ਹਾਸਲ ਕਰਨ ਲਈ ਲਹਿਰ ਵਾਂਗ ਲੋਕ ਉਠਣਗੇ ਤੇ ਕਾਮਯਾਬ ਹੋਣਗੇ।ਇਹ ਸਾਰੀ ਕਹਾਣੀ ਕੈਨੇਡਾ ਤੋਂ ਪੀ. ਐਚ. ਡੀ. ਲਈ ਖੋਜ ਕਰਨ ਪੰਜਾਬ ਗਈ ਵਿਦਿਆਰਥਣ ਰਾਹੀਂ ਬਿਆਨ ਹੁੰਦੀ ਹੈ। ਭਾਵੇਂ ਅਰੰਭ ਵਿਚ ਰਵਾਇਤ ਵਾਂਗ ਫਿਲਮ ਨੂੰ ਗਲਪ ਦਸਿਆ ਗਿਆ ਹੈ ਤੇ ਇਸਦੇ ਪਾਤਰਾਂ ਦਾ ਕਿਸੇ ਜਿਉਂਦੇ ਮਰੇ ਵਿਅਕਤੀ ਨਾਲ ਸੰਬੰਧ ਨਾ ਹੋਣ ਬਾਰੇ ਲਿਖਿਆ ਹੈ ਪਰ ਸਾਰੇ ਪਾਤਰ ਜਾਣੇ ਪਹਿਚਾਣੇ ਤੇ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰਦੇ ਵਰਤਾਰੇ ਦਾ ਪਰਛਾਵਾਂ ਜਾਪਦੇ ਹਨ।
ਫਿਲਮ ਵਿਚ ਜਗਾਹ ਜਗਾਹ ਪੰਜਾਬ ਨੂੰ ਦਰਪੇਸ਼ ਸਿਆਸੀ ਮਸਲਿਆਂ ਨੂੰ ਡਾਇਲਾਗ ਰਾਹੀਂ ਛੋਹਿਆ ਗਿਆ ਹੈ।ਪੰਜਾਬ ਦੇ ਉਸ ਸਮੇਂ ਦੇ ਦੌਰ ਦੇ ਝੂਠੇ ਮੁਕਾਬਲੇ, ਮਨੁਖੀ ਅਧਿਕਾਰ ਕਾਰਕੁੰਨ ਦਾ ਉਚ ਪੁਲੀਸ ਅਧਿਕਾਰੀ ਵਲੋਂ ਕਤਲ, ਰਾਜਸੀ ਲੀਡਰਾਂ ਦਾ ਕਤਲ, ਇਸ ਸਾਰੇ ਕੁਝ ਨੂੰ ਫਿਲਮ ਅਪਣੇ ਕਲੇਵੇ ਵਿਚ ਲੈਂਦੀ ਹੈ।
ਫਿਲਮ ਦੇਖਣ ਦੌਰਾਨ ਇਕ ਦ੍ਰਿਸ਼ ਵਿਚ ਜਦੋਂ ਕੁਝ ਕੈਦੀ, ਜਿਹਨਾਂ ਵਿਚ ਇਕ 70 ਸਾਲਾ ਬਜ਼ੁਰਗ ਵੀ ਸ਼ਾਮਲ ਹਨ ਦਾ ਪੁਲੀਸ ਮੁਕਾਬਲਾ ਬਣਾਉਂਦੇ ਹਨ ਤਾਂ ਮੈਂ ਨਾਲ ਬੈਠੇ ਸੱਜਣ ਨੂੰ ਟਿਪਣੀ ਕੀਤੀ, ਯਾਰ ਇਹ ਦਿਨੇ ਹੀ ਮੁਕਾਬਲਾ ਬਣਾਈ ਜਾਂਦੇ ਹਨ, ਤਾਂ ਉਹ ਬੋਲਿਆਂ ੳਦੋਂ ਤਾਂ ਇਵੇਂ ਹੀ ਕਰਦੇ ਸੀ ਸਾਲੇ! ਇਸ ਤੋਂ ਪ੍ਰਗਟ ਹੁੰਦਾ ਹੈ ਕਿ ਦਰਸ਼ਕਾਂ ਨੂੰ ਲਗਦਾ ਸੀ ਕਿ ਇਹ ਸਾਰਾ ਕੁਝ ਉਹਨਾਂ ਦੇ ਆਲੇ ਦੁਆਲੇ ਵਾਪਰਿਆ ਹੈ ਤੇ ਉਹਨਾਂ ਨੇ ਹੰਡਾਇਆ ਹੈ।ਫਿਲਮ ਬਿਆਨ ਕਰਦੀ ਹੈ ਕਿ ਜਦੋਂ ਲਹਿਰਾਂ ਚਲਦੀਆਂ ਹਨ ਤਾਂ ਕਿਵੇਂ ਉਹਨਾਂ ਨੂੰ ਖਤਮ ਕਰਨ ਲਈ ਸਰਕਾਰ ਇਹਨਾਂ ਵਿਚ ਘੁਸਪੈਠ ਕਰਦੀ ਹੈ।ਇਹ ਸਾਰਾ ਵਰਤਾਰਾ ਅਸੀਂ ਪੰਜਾਬ ਦੀਆਂ ਪਹਿਲਾਂ ਚਲ ਚੁਕੀਆਂ ਲਹਿਰਾਂ ਵੇਲੇ ਦੇਖ ਤੇ ਸੁਣ ਚੁਕੇ ਹਾਂ।ਪੁਲੀਸ ਦੇ ਉਚ ਅਧਿਕਾਰੀ ਵੀ 300 ਤੋਂ ਵਧ ਪੁਲੀਸ ਕੈਟਾਂ ਬਾਰੇ ਮੰਨ ਚੁਕੇ ਹਨ ਜੋ ਖਾੜਕੂ ਸਫਾਂ ਵਿਚ ਜਾ ਕੇ ਦਹਿਸ਼ਤੀ ਕਾਰਵਾਈਆਂ ਕਰਦੇ ਸਨ।ਸਰਾਪੇ ਦੌਰ ਤੋਂ 25 ਸਾਲ ਬਾਦ ਪੁਲੀਸ ਕੈਟਾਂ ਤੇ ਆਲਮ ਸੈਨਾ , ਕਾਲੇ ਕੱਛਿਆਂ ਵਾਲਿਆਂ ਬਾਰੇ ਮੀਡੀਆ ਵਿਚ ਇੰਕਸ਼ਾਫ ਹੋ ਚੁਕੇ ਹਨ।ਫਿਲਮ ਵਿਚ ਪੁਲਸ ਤਸ਼ੱਦਦ ਤੇ ਬਲਾਤਕਾਰ ਦੇ ਦ੍ਰਿਸ਼ ਬੜੀ ਸੰਜੀਦਗੀ ਨਾਲ ਫਿਲਮਾਏ ਗਏ ਹਨ।ਫਿਲਮ ਵਿਚ ਜਿਥੇ ਪੁਲੀਸ ਦਾ ਜ਼ੁਲਮੀ ਤੇ ਅਤਿਆਚਾਰੀ ਕਿਰਦਾਰ ਪੇਸ਼ ਕੀਤਾ ਹੈ ਦੂਜੇ ਪਾਸੇ ਇਸ ਵਿਚ ਸ਼ਾਮਲ ਜਾਗਦੀ ਜ਼ਮੀਰ ਤੇ ਇਨਸਾਨੀ ਕਦਰਾਂ ਕੀਮਤਾਂ ਰੱਖਣ ਵਾਲੇ ਪੁਲੀਸ ਕਰਮੀਆਂ ਦੇ ਕਿਰਦਾਰ ਵੀ ਪੇਸ਼ ਕੀਤੇ ਹਨ।ਫਿਲਮ ਵਿਚ ਹਿੰਦੂਤਵੀ ਅਨਸਰਾਂ ਦੀ ਫਿਰਕੂ ਸੋਚ ਦਾ ਮੁਜ਼ਾਹਰਾ ਉਸ ਸਮੇਂ ਹੁੰਦਾ ਹੈ ਜਦੋਂ ਕਰਤਾਰ ਸਿੰਘ ਦੀ ਪੇਸ਼ੀ ਸਮੇਂ ਦਰਸ਼ਕਾਂ ਵਿਚ ਸ਼ਾਮਲ ਸਥਾਨਕ ਸ਼ਿਵ ਸੈਨਿਕ ਨੂੰ ਉਸਦਾ ਸਾਥੀ ਕਹਿੰਦਾ ਹੈ ਬਸ ਇਕ ਵਾਰੀ ਪੱਗ ਲਾਹ ਦੇ ਉਸਦੀ , ਫਿਰ ਅਸੀਂ ਸਾਂਭ ਲਾਂਗੇ ਤੇ ਨਾਲ ਸਕਿਉਰਟੀ ਵੀ ਦਵਾ ਦਊਂ।
ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿਧੂ ਵਲੋਂ ਹੀ ਫਿਲਮ ਦੇ ਮੁਖ ਕਿਰਦਾਰ ਕਰਤਾਰ ਸਿੰਘ ਬਾਜ਼ ਦਾ ਰੋਲ ਬਾਖੂਬੀ ਨਿਭਾਇਆ ਗਿਆ ਹੈ । ਕਿਤੇ ਵੀ ਲਗਦਾ ਹੀ ਨਹੀਂ ਕਿ ਇਹ ਇਸਦਾ ਪਹਿਲਾ ਫਿਲਮ ਰੋਲ ਹੈ। ਬਿਲਕੁਲ ਹੀ ਕੈਮਰਾ ਕਾਂਨਸ਼ੰਸ ਨਹੀਂ । ਇਨਾਂ ਖੁੱਭ ਕੇ ਕਰਤਾਰ ਸਿੰਘ ਦੇ ਪਾਤਰ ਨੂੰ ਨਿਭਾਇਆ ਹੈ ਕਿ ਹੈਰਾਨੀ ਹੁੰਦੀ ਹੈ। ਨਿਸਚੇ ਹੀ ਪੰਜਾਬੀ ਸਿਨੇਮਾ ਨੂੰ ਇਕ ਵਧੀਆ ਹੀਰੋ ਮਿਲਿਆ ਹੈ। ਇਸ ਤੋਂ ਪਹਿਲਾਂ ਨਵੇਂ ਪੰਜਾਬੀ ਹੀਰੋਆਂ ਵਿਚੋਂ ਕੋਈ ਵੀ ਇਨੀ ਸਹਿਜਤਾ ਨਾਲ ਕੈਮਰੇ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਸਨ।ਬਾਕੀ ਕਲਾਕਾਰਾਂ ਨੇ ਵੀ ਅਪਣੇ ਅਪਣੇ ਕਿਰਦਾਰ ਵਧੀਆ ਨਿਭਾਏ ਹਨ।ਮਨਦੀਪ ਬੈਨੀਪਾਲ ਦਾ ਨਿਰਦੇਸ਼ਨ ਵੀ ਵਧੀਆ ਹੈ।ਫਿਲਮ ਦੇ ਲੇਖਕ ਕੁਲਜਿੰਦਰ ਸਿੱਧੂ ਹਨ ਤੇ ਡਾਇਲਾਗ ਵੀ ਉਸਦੇ ਲਿਖੇ ਹਨ। ਡਾਇਲਾਗ ਲੇਖਣ ਵਿਚ ਸ਼ਿਵਚਰਨ ਜੱਗੀ ਕੁੱਸੇ ਦੇ ਠੇਠ ਮੁਹਾਵਰੇ ਦਾ ਯੋਗਦਾਨ ਇਹਨਾਂ ਨੂੰ ਹੋਰ ਵੀ ਰੋਚਕ ਬਣਾਉਂਦਾ ਹੈ।ਨਿਰਮਾਤਾ ਕੁਲਜਿੰਦਰ ਸਿਧੂ ਤੇ ਦਿਨੇਸ਼ ਸੂਦ ਵਲੋਂ ਬਣਾਈ ਇਹ ਫਿਲਮ ਨਿਸਚੇ ਹੀ ਪੰਜਾਬੀ ਫਿਲਮਾਂ ਦੇ ਖੇਤਰ ਵਿਚ ਇਕ ਨਵਾਂ ਰਾਹ ਖੋਲੇਗੀ।ਫਿਲਮ ਦੀ ਪ੍ਰੋਡਕਸ਼ਨ ਦਾ ਸਾਰਾ ਰੰਗ ਢੰਗ ਚੰਗੀਆਂ ਹਿੰਦੀ ਫਿਲਮਾਂ ਵਰਗਾ ਹੈ। ਫੋਟੋਗਰਾਫੀ ਬਹੁਤ ਵਧੀਆ ਹੈ।ਕਰਤਾਰ ਸਿੰਘ ਬਾਜ਼ ਦਾ ਪੁਲਿਸ ਵਲੋਂ ਪਿੱਛਾ ਕਰਨ ਦਾ ਦ੍ਰਿਸ਼ ਬਾਕਮਾਲ ਫਿਲਮਾਇਆ ਗਿਆ ਹੈ। ਜੇਲ ਵਿਚ ਦੂਜੇ ਕੈਦੀਆਂ ਨਾਲ ਕਰਤਾਰ ਸਿੰਘ ਤੇ ਸਾਥੀਆਂ ਦੀ ਲੜਾਈ ਦਾ ਦ੍ਰਿਸ਼ ਵੀ ਬਹੁਤ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ।ਕਿਤੇ ਕਿਤੇ ਕੁਝ ਸੀਨ ਬੇਲੋੜੇ ਲੰਮੇ ਸਨ ਜਿਹਨਾਂ ਦੀ ਕਾਂਟ ਛਾਂਟ ਕੀਤੀ ਜਾ ਸਕਦੀੇ ਸੀ, ਜੋ ਨਿਸਚੇ ਫਿਲਮ ਨੂੰ ਹੋਰ ਵਧੀਆ ਬਣਾਉਂਦੇ।
ਹੁਣ ਇਸ ਫਿਲਮ ਨੂੰ ਸਮੁੱਚਤਾ ਵਿਚ ਦੇਖਦਿਆਂ ਇਸ ਤੇ ਲਗਾਇਆ ਬੈਨ ਬੜਾ ਹਾਸੋਹੀਣਾ ਤੇ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਹੀ ਲਗਦਾ ਹੈ। ਅਸੂਲਨ ਦੇਖਿਆ ਜਾਵੇ ਤਾਂ ਜਿਸ ਫਿਲਮ ਨੂੰ ਹਿੰਦੋਸਤਾਨ ਦੀ ਕੇਂਦਰੀ ਸਰਕਾਰ ਵਲੋਂ ਸਥਾਪਤ ਰੈਗੂਲੇਟਰੀ ਸੰਸਥਾ ਕੇਂਦਰੀ ਫਿਲਮ ਸੈਂਸਰ ਬੋਰਡ ਵਲੋਂ ਪਾਸ ਕਰ ਦਿਤਾ ਗਿਆ ਹੈ , ਰਾਜ ਸਰਕਾਰ ਦਾ ਉਸ ਨੂੰ ਬੰਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ।ਰਹੀ ਗਲ ਪੰਜਾਬ ਦੇ ਸ਼ਾਂਤਮਈ ਮਾਹੌਲ ਦੇ ਭੰਗ ਹੋਣ ਦੀ, ਤਾਂ ਉਸ ਦਾ ਪ੍ਰਗਟਾਵਾ ਉਦੋਂ ਹੋ ਜਾਂਦਾ ਹੈ ਜਦੋਂ ਸਿਰਸੇ ਵਾਲੇ ਸਾਧ ਦੇ ਕਾਂਢ ਵਾਪਰਦਾ ਹੈ ਤਾਂ ਪਤਾ ਲਗ ਜਾਂਦਾ ਹੈ ਕਿ ਸਹੀ ਅਰਥਾਂ ਵਿਚ ਪੰਜਾਬ ਵਾਸੀ ਮਾਨਸਿਕ ਤੌਰ ਤੇ ਕਿਨਾਂ ਕੁ ਸਹਿਜ ਸ਼ਾਂਤ ਹੈ ਤੇ ਇਥੋਂ ਦਾ ਮਾਹੌਲ ਕਿਨਾਂ ਕੁ ਸ਼ਾਂਤ ਹੈ।ਦਬੇ ਰੋਸ ਤੇ ਸੁਲਗਦੇ ਰੋਹ ਸਮੇਂ ਦੇ ਨਾਲ ਭਾਂਬੜ ਬਣ ਜਾਂਦੇ ਹਨ।ਜੇ ਇਸ ਫਿਲਮ ਨੂੰ ਲਾਲ, ਪੀਲੀਆਂ, ਭਗਵੀਆਂ, ਨੀਲੀਆਂ ਜਾਂ ਚਿਟੀਆਂ ਐਨਕਾਂ ਲਾਹ ਕੇ ਦੇਖਿਆ ਜਾਵੇ ਤਾਂ ਇਸ ਵਿਚ ਕੁਝ ਵੀ ਇਤਰਾਜ਼ ਯੋਗ ਨਹੀਂ । ਕਈ ਇਸ ਨੂੰ ਇਕ ਪਾਸੜ ਤੇ ਇਕ ਪੱਖੀ ਕਹਿ ਸਕਦੇ ਹਨ , ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਇਕ ਫਿਲਮ ਹੀ ਹੈ, ਡਾਕੂਮੈਂਟਰੀ ਨਹੀਂ ਜਿਸ ਵਿਚ ਮਸਲੇ ਦੇ ਹਰ ਪਹਿਲੂ ਬਾਰੇ ਗਲ ਕੀਤੀ ਜਾਵੇ।ਸਿਰਫ ਇਕ ਫਿਲਮ ਵਾਂਗ ਤੇ ਫਿਲਮ ਦੇ ਮਾਪਦੰਢਾ ਅਨੁਸਾਰ ਦੇਖਿਆ ਜਾਵੇ ਤਾਂ ਇਹੋ ਜਿਹੀਆਂ ਸੈਂਕੜੇ ਫਿਲਮਾਂ ਬਣੀਆਂ ਹਨ , ਜਿਹਨਾਂ ਵਿਚ ਸਿਸਟਮ, ਪੁਲਿਸ ਤੇ ਡਾਢੇ ਜ਼ੋਰਾਵਰਾਂ ਦੇ ਜ਼ੁਲਮ ਦਾ ਸਤਾਇਆ ਹੋਇਆ ਨਾਇਕ ਸਥਾਪਤੀ ਦੇ ਵਿਰੁਧ ਹਥਿਆਰ ਚੁਕਦਾ ਹੈ। ਇਸ ਫਿਲਮ ਦੀ ਤਰਾਸਦੀ ਤੇ ਇਕੋ ਇਕ ਕਸੂਰ ਇਹੋ ਹੀ ਹੈ ਕਿ ਇਸ ਦਾ ਨਾਇਕ ਸਿੱਖ ਹੈ , ਧਰਤੀ ਪੰਜਾਬ ਹੈ ਤੇ ਸਮਾਂ ਤੇ ਸਥਿਤੀਆਂ ਉਸ ਦੌਰ ਦੀਆਂ ਹਨ ਜਿਹਨਾਂ ਬਾਰੇ ਕੋਈ ਵੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਗਲ ਨਹੀਂ ਕਰਨਾ ਚਾਹੁੰਦਾ , ਕਿਉਂਕਿ ਹਰ ਕੋਈ ਇਸ ਵਿਚ ਦੋਸ਼ੀ ਹੈ ਤੇ ਉਹਦੇ ਹੱਥ ਪੰਜਾਬ , ਪੰਜਾਬੀਅਤ, ਦੇ ਖੂਨ ਨਾਲ ਲਿਬੜੇ ਹਨ।
-
by Jarnail Singh Artist ,Surrey ,Canada.ਜਰਨੈਲ ਸਿੰਘ ਆਰਟਿਸਟ,,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.