ਗੋਆ ਦੇ ਕਾਰੋਬਾਰ ਵਿਚ ਪੰਜਾਬੀਆਂ ਦੇ ਬੱਲੇ-ਬੱਲੇ
ਕਰਨਲ ਸਵਰਗੀ ਨਿਰੰਜਨ ਸਿੰਘ ਦਾ ਪਰਿਵਾਰ ਸੀ ਗੋਆ ਦਾ ਮੋਹਰੀ ਪੰਜਾਬੀ
ਖ਼ੂਬਸੂਰਤ ਬੀਚਾਂ ਵਾਲੇ ਜਿਸ ਸੈਲਾਨੀ ਸੂਬੇ ਗੋਆ ਵਿਚ ਅਕਾਲੀ- ਬੀ ਜੇ ਪੀ ਨੇਤਾਵਾਂ ਦਾ ਚਿੰਤਨ ਕੈਂਪ ਲਾਇਆ ਗਿਆ ਹੈ, ਇਸ ਜਗਾ ਨਾਲ ਪੰਜਾਬ ਦਾ ਕਾਫ਼ੀ ਪੁਰਾਣਾ ਅਤੇ ਬਹੁਪੱਖੀ ਰਿਸ਼ਤਾ ਹੈ।ਇਸ ਛੋਟੇ ਜਿਹੇ ਆਪਣੀ ਕਿਸਮ ਦੇ ਸਭਿਆਚਾਰ ਵਾਲੇ ਗੋਆ ਦੀਆਂ ਕਈ ਤੰਦਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ।ਇਹ ਤੰਦਾ ਇਤਿਆਹਸਕ ਵੀ ਹਨ ਅਤੇ ਤਰੋ ਤਾਜ਼ੀਆਂ ਵੀ।ਜਿਥੇ ਪੁਰਤਗੇਜ਼ੀ ਸਾਮਰਾਜ ਤੋਂ ਗੋਆ ਦੀ ਆਜ਼ਾਦੀ ਦੀ ਜੰਗ ਵਿਚ ਵੀ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਫ਼ੌਜੀ ਅਫ਼ਸਰ ਮੋਹਰੀ ਸਨ ਉਥੇ ਅਜੋਕੇ ਗੋਆ ਦੇ ਵਿਕਾਸ ਅਤੇ ਖ਼ੁਸ਼ਹਾਲੀ ਵਿੱਚ ਸਿੱਖਾਂ ਦੀ ਅਹਿਮ ਭੂਮਿਕਾ ਹੈ।
ਦਸੰਬਰ 1961 ਵਿਚ ਭਾਰਤੀ ਫ਼ੌਜ ਵੱਲੋਂ ਗੋਆ ਨੂੰ ਪੁਰਤਗਾਲ ਤੋਂ ਆਜ਼ਾਦ ਕਰਾਉਣ ਦੀ ਲੜੀ ਗਈ ਲੜਾਈ ਵਿਚ ਹੀ ਕਰਨੈਲ ਸਿੰਘ ਈਸੜੂ ਬੈਨੀਪਾਲ ਜੰਗ ਦੇ ਮੋਰਚੇ ਤੇ ਸ਼ਹੀਦ ਹੋਏ ਸਨ। ਸ਼ਹੀਦ ਕਰਨੈਲ ਸਿੰਘ ਦੀ ਯਾਦ ਚ ਖੰਨਾ ਲਾਗਲੇ ਉਨ੍ਹਾਂ ਦੇ ਜੱਦੀ ਪਿੰਡ ਈਸੜੂ ਚ ਹਰ ਸਾਲ ਬੜਾ ਭਾਰੀ ਮੇਲਾ ਵੀ ਭਰਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਸ ਵੇਲੇ ਗੋਆ ਤੇ ਹਮਲਾ ਕਰਨ ਵਾਲੀ ਭਾਰਤੀ ਫ਼ੌਜ ਦੇ ਯੂਨਿਟਾਂ ਦੇ ਕਮਾਂਡਿੰਗ ਅਫ਼ਸਰ ਵੀ ਸਿੱਖ ਸ਼ਿਵਦੇਵ ਸਿੰਘ ਸਿੱਧੂ ਸਨ ਅਤੇ ਗੋਆ ਉੱਤੇ ਭਾਰਤੀ ਹਵਾਈ ਫ਼ੌਜ ਦਾ ਹਮਲਾ ਕਰਨਾ ਵਾਲੇ ਹਵਾਈ ਫ਼ੌਜੀ ਦਸਤੇ ਦੇ ਮੁਖੀ ਵੀ ਵਿੰਗ ਕਮਾਂਡਰ ਸੁਰਿੰਦਰ ਸਿੰਘ ਹੀ ਸਨ।ਭਾਰਤੀ ਫ਼ੌਜ ਦੇ ਇਸ ਆਜ਼ਾਦੀ ਆਪ੍ਰੇਸ਼ਨ ਵਿੱਚ ਦੂਜੀ ਸਿੱਖ ,ਤੀਜੀ ਸਿੱਖ ਅਤੇ ਚੌਥੀ ਸਿੱਖ ਲਾਈਟ ਇਨਫੈਂਟਰੀ ਦੇ ਜਵਾਨਾਂ ਨੇ ਹਿੱਸਾ ਲਿਆ।ਇਥੋਂ ਤੱਕ ਕੁਝ ਪੁਰਤਗਾਲੀ ਯੂਨਿਟਾਂ ਦਾ ਆਤਮ ਸਮਰਪਣ ਵੀ ਸਿੱਖ ਫ਼ੌਜੀ ਅਫ਼ਸਰਾਂ ਅੱਗੇ ਹੀ ਹੋਇਆ ਸੀ।
ਦਰਅਸਲ ਗੋਆ ਦੀ ਆਜ਼ਾਦੀ ਤੋਂ ਬਾਅਦ ਗੋਆ ਵਿਚ ਸਿੱਖਾਂ ਦੀ ਵਸੋਂ ਦੀ ਸ਼ੁਰੂਆਤ ਵੀ ਭਾਰਤੀ ਫ਼ੌਜ ਅਤੇ ਖ਼ਾਸ ਕਰਕੇ ਨੇਵੀ ਵਿਚ ਤਾਇਨਾਤ ਸਿੱਖ ਅਫ਼ਸਰਾਂ ਤੋਂ ਸ਼ੁਰੂ ਹੋਈ। ਗੋਆ ਚ ਸੈਟਲ ਹੋਣ ਵਾਲਾ ਸਭ ਤੋਂ ਪਹਿਲਾ ਸਿੱਖ ਪਰਿਵਾਰ ਨੇਵਲ ਕਮਾਂਡਰ ਨਿਰੰਜਨ ਸਿੰਘ ਦਾ ਸੀ। ਸਵਰਗੀ ਨਿਰੰਜਨ ਸਿੰਘ ਉਹ ਪਹਿਲੇ ਸਿੱਖ ਸਨ, ਜਿਨਾਂ ਦੀ ਪਹਿਲਕਦਮੀ ਕਰਕੇ ਹੀ ਉਸ ਵੇਲੇ ਗੋਆ ਦੇ ਸਿੱਖ ਗਵਰਨਰ ਗੋਪਾਲ ਸਿੰਘ ਨੇ ਗੋਆ ਚ ਪਹਿਲਾ ਗੁਰਦੁਆਰਾ ਬਣਾਉਣ ਲਈ ਜਗਾ ਮੁਹੱਈਆ ਕਰਵਾਈ, ਜਿਥੇ ਕਿ ਹੁਣ ਗੁਰਦੁਆਰਾ ਬੇਟਿਨ ਸਾਹਿਬ ਬਣਿਆ ਹੋਇਆ ਹੈ। ਗੋਆ ਦੇ ਇਕ ਨਾਮਵਰ ਸਿਖ ਪਰਿਵਾਰ ਦੀ ਸੇਵਕ ਇੰਡਸਟਰੀ ਦੇ ਮੁਖੀ ਰੁਪਿੰਦਰਜੀਤ ਸਿੰਘ ਖੇਰ ਅਨੁਸਾਰ ਸੰਨ 2000 ਤਕ ਗੋਆ ਚ ਜਿਹੜੇ ਸਿਖ ਪਰਿਵਾਰ ਵਸੇ, ਉਨ੍ਹਾਂ ਚੋਂ ਬਹੁਤੇ ਨੇਵੀ ਤੇ ਭਾਰਤੀ ਫੌਜ ਦੇ ਸਾਬਕਾ ਅਫਸਰ ਹੀ ਸਨ। ਸੰਨ 2003 ਚ ਜਦੋਂ ਉਸਾਰੀ ਇੰਡਸਟਰੀ ਪ੍ਰਫੁੱਲਤ ਹੋਣੀ ਸ਼ੁਰੂ ਹੋਈ ਤੇ ਦਿੱਲੀ ਤੋਂ ਗੋਆ ਲਈ ਸਿਧੀਆਂ ਉਡਾਨਾਂ ਸ਼ੁਰੂ ਹੋਈਆਂ ਤਾਂ ਉਦੋਂ ਪੰਜਾਬੀਆਂ ਨੇ ਹੋਟਲ ਸਨਅਤ ਤੇ ਕੁਝ ਹੋਰ ਕਾਰੋਬਾਰ ਚ ਆਪਣੇ ਪੈਰ ਜਮਾਏ। ਇਸ ਵੇਲੇ ਹੋਟਲ ਇੰਡਸਟਰੀ ਚ ਪੰਜਾਬੀ ਤੇ ਸਿੱਖ ਕਾਰੋਬਾਰੀਆਂ ਦਾ ਕਾਫੀ ਵੱਡਾ ਯੋਗਦਾਨ ਹੈ। ਗੋਆ ਦੇ ਪ੍ਰਮੁੱਖ ਸਿੱਖ ਪਰਿਵਾਰਾਂ ਚ ਨਿਰੰਜਨ ਸਿੰਘ ਦੇ ਪਰਿਵਾਰ ਤੋਂ ਇਲਾਵਾ ਮਡਗਾਓ ਦਾ ਸੈਣੀ ਪਰਿਵਾਰ ਤੇ ਸੁਰਜੀਤ ਸਿੰਘ ਖਾਲਸਾ ਪਰਿਵਾਰ ਪ੍ਰਮੁੱਖ ਹਨ।
ਗੋਆ ਚ ਕੁਲ 4 ਗੁਰਦੁਆਰੇ ਹਨ। ਇਨ੍ਹਾਂ ਚੋਂ ਦੋ ਸਿਵਲ ਇਲਾਕੇ ਤੇ ਦੋ ਫੌਜੀ ਛਾਉਣੀ ਚ ਹਨ। ਵਾਸਕੋ ਗੁਰਦੁਆਰੇ ਦੇ ਪ੍ਰਧਾਨ ਜਗਵੰਤ ਸਿੰਘ ਭੱਟੀ ਗੁਰਦਾਸਪੁਰ ਵਾਸੀ ਹਨ ਤੇ ਪੰਜਾਬ ਦੇ ਸਿੱਖ ਭਾਈਚਾਰੇ ਚ ਵੀ ਜਾਣੇ ਪਛਾਣੇ ਹਨ। ਗੋਆ ਦਾ ਖਾਲਸਾ ਪਰਿਵਾਰ ਵੀ ਗੁਰਦਾਸਪੁਰ ਦੇ ਪਿਛੋਕੜ ਦਾ ਹੈ। 10 ਕੁ ਵਰ੍ਹੇ ਪਹਿਲਾਂ ਗੋਆ ਦੇ ਡੀ. ਜੀ. ਪੀ. ਰਹੇ ਗੁਰਚਰਨ ਸਿੰਘ ਸੰਧੂ ਨੇ ਵੀ ਪੰਜਾਬੀ ਪਰਿਵਾਰਾਂ ਨੂੰ ਸੈਟਲ ਹੋਣ ਚ ਕਾਫੀ ਮਦਦ ਕੀਤੀ।
ਇਹ ਵੀ ਦਿਲਚਸਪ ਇਤਫ਼ਾਕ ਹੈ ਕਿ ਪੰਜਾਬ ਦੇ ਜੰਮਪਲ ਕਰਨਲ ਪਰਤਾਪ ਸਿੰਘ ਗਿੱਲ ਗੋਆ ਦੇ ਲੈਫਟੀਨੈਂਟ ਗਵਰਨਰ ਰਹੇ ਹਨ ਜਦੋਂਕਿ ਗੋਆ ਦੇ ਜੰਮਪਲ ਜਨਰਲ ਐਸ. ਐਫ. ਰੋਡਰਿਗਜ਼ ਪੰਜਾਬ ਦੇ ਰਾਜਪਾਲ ਰਹੇ ਹਨ। ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਗੋਆ ਦੇ ਆਰਥਕ ਤੇ ਸਮਾਜਕ ਢਾਂਚੇ ਚ ਅਹਿਮ ਸਥਾਨ ਰੱਖਣ ਦੇ ਬਾਵਜੂਦ ਵੀ ਸਿੱਖ ਪਰਿਵਾਰਾਂ ਨੇ ਗੋਆ ਦੀ ਰਾਜਨੀਤੀ ਚ ਕੋਈ ਵਿਸ਼ੇਸ਼ ਰੁਚੀ ਤੇ ਸਰਗਰਮੀ ਨਹੀਂ ਦਿਖਾਈ ਜਦੋਂਕਿ ਆਮ ਤੌਰ ਤੇ ਦੁਨੀਆ ਭਰ ਚ ਜਿਥੇ ਵੀ ਸਿੱਖ ਵਸੇ ਹਨ, ਉਨ੍ਹਾਂ ਨੇ ਉਥੋਂ ਦੀ ਸਿਆਸਤ ਚ ਜ਼ਰੂਰ ਪੈਰ ਧਰੇ ਹਨ। ਦੱਖਣੀ ਗੋਆ ਚ ਕਾਰੋਬਾਰੀ ਹਸਤੀਆਂ ਵਲੋਂ ਬਣਾਈ ਗਈ ਪੰਜਾਬੀ ਐਸੋਸੀਏਸ਼ਨ ਵੀ ਕਾਫੀ ਸਰਗਰਮ ਹੈ।
ਗੋਆ ਚ ਜੇ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਵੀ ਇਥੇ ਪੰਜਾਬੀਆਂ ਦੀ ਚੜ੍ਹਤ ਹੈ। ਖਾਸ ਤੌਰ ਤੇ ਜੇਕਰ ਗੋਆ ਵਿਚਲੀ ਹੋਟਲ ਸਨਅਤ ਦਾ ਜ਼ਕਿਰ ਕਰੀਏ ਤਾਂ ਇਸ ਤੇ ਮੁੱਖ ਤੌਰ ਤੇ ਪੰਜਾਬੀਆਂ ਦਾ ਹੀ ਕਬਜ਼ਾ ਹੈ ਤੇ ਵਿਜੇ ਪਾਲ ਸਿੰਘ ਡਿੰਪੀ ਵਰਗੇ ਪੰਜਾਬੀਆਂ ਨੇ ਕੁਝ ਹੀ ਸਮੇਂ ਚ ਇਸ ਖਿੱਤੇ ਚ ਚੰਗਾ ਨਾਮਣਾ ਖੱਟਿਆ ਹੈ। ਚੰਡੀਗੜ੍ਹ ਦੇ ਨਾਮਵਰ ਪੰਜਾਬੀ ਤੇ ਉਘੇ ਕਾਰੋਬਾਰੀ ਵਿਜੇ ਪਾਲ ਸਿੰਘ ਡਿੰਪੀ ਨੇ ਇਥੇ ਹੋਟਲ ਸਨਅਤ ਚ ਨਿਵੇਸ਼ ਕਰਕੇ ਡੇਢ ਸਾਲ ਚ ਹੀ ਆਪਣੀ ਅਣਥੱਕ ਮਿਹਨਤ ਸਦਕਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ ਹੈ। ਇਸ ਵੇਲੇ ਉਨ੍ਹਾਂ ਦੇ ਰਾਇਲ ਮਿਰਾਜ਼ ਗਰੁੱਪ ਹੇਠ ਗੋਆ ਚ 4 ਹੋਟਲ ਤੇ ਰਿਜ਼ਾਰਟ ਤੇ ਇਕ ਨਾਈਟ ਕਲੱਬ ਹੈ। ਡਿੰਪੀ ਹੋਰਾਂ ਦਾ ਗੋਆ ਦੇ ਮੋਰਜਿਮ ਬੀਚ ਤੇ ਮੌਰਿਜਮ ਗਰੈਂਡ ਹੋਟਲ ਤੇ ਮੌਰਜਿਮ ਕਲੱਬ ਹੋਟਲ ਹੈ ਜਦਕਿ ਕੰਡੋਲਿਮ ਬੀਚ ਤੇ ਰੌਇਲ ਮਿਰਾਜ ਬੁਟੀਕ ਹੋਟਲ, ਰੌਇਲ ਮਿਰਾਜ਼ ਬੀਚ ਰਿਜ਼ਾਰਟ ਤੋਂ ਇਲਾਵਾ ਕਲੱਬ ਮਿਰਾਜ਼ ਦੇ ਨਾਂ ਹੇਠ ਨਾਈਟ ਕਲੱਬ ਵੀ ਹੈ।ਇਸ ਤੋਂ ਇਲਾਵਾ ਕਈ ਹੋਰ ਪੰਜਾਬੀਆਂ ਦੇ ਵੀ ਗੋਆ ਵਿਚ ਹੋਟਲ, ਰਿਜ਼ਾਰਟ ਤੇ ਕਲੱਬ ਹਨ।
ਇਸ ਵੇਲੇ ਗੋਆ ਚ ਬੀਜੇਪੀ ਦੀ ਸਰਕਾਰ ਹੈ। ਇਹ ਵੀ ਸਬੱਬ ਹੈ ਕਿ ਗੋਆ ਵਿਧਾਨ ਸਭਾ ਦੀ ਪਿਛਲੇ ਵਰ੍ਹੇ ਹੋਈ ਚੋਣ ਮੌਕੇ ਪੰਜਾਬ ਦੇ ਜੰਮਪਲ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਗੋਆ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਨ.
-
ਬਲਜੀਤ ਬੱਲੀ -91-991517722,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.