23 ਮਾਰਚ 1931 ਨੂੰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਅੰਗਰੇਜ਼ ਸਰਕਾਰ ਚੋਰੀ--ਚੋਰੀ ਫ਼ਾਂਸੀ ਲਗਾ ਦਿੰਦੀ ਹੈ।ਭਗਤ ਸਿੰਘ ਨੂੰ ਫ਼ਾਂਸੀ ਦੇਣੀ ਇਸ ਲਈ ਲਾਜ਼ਮੀ ਬਣ ਗਈ ਸੀ ਕਿ ਉਹ ਇੱਕ ਵਿਅਕਤੀ ਨਾ ਰਹਿ ਕੇ ਇੱਕ ਵਿਚਾਰਧਾਰਾ ਬਣ ਗਿਆ ਸੀ।ਕਿਸੇ ਵਿਅਕਤੀਗਤ ਨੂੰ ਖਤਮ ਕਰਨ ਨਾਲੋਂ ਬਹੁਤ ਔਖਾ ਹੁੰਦਾ ਹੈ ਕਿਸੇ ਵਿਚਾਰ ਨੂੰ ਖਤਮ ਕਰਨਾ।
ਭਗਤ ਸਿੰਘ ਨੂੰ ਹਲਾਤਾਂ ਨੇ ਹੀਰੋ ਬਣਾਇਆ।ਉਸ ਸਮੇਂ ਜੋ ਦੇਸ਼ ਦੀ ਹਾਲਤ ਸੀ ਉਸ ਨੂੰ ਦੇਖ ਕੇ ਬਹੁਤ ਸਾਰੇ ਨੌਜਵਾਨਾਂ ਦਾ ਖੂਨ ਖੌਲਦਾ ਸੀ।ਭਗਤ ਸਿੰਘ ਦਾ ਵੀ ਖ਼ੂਨ ਖੌਲਿਆ ਪਰ ਉਸ ਦੀ ਬਾਗੀਆਨਾ ਤਬੀਅਤ ਅਤੇ ਜੋਸ਼ ਨੂੰ ਮਾਰਕਸਵਾਦ ਦਾ ਜਾਗ ਲੱਗਿਆ।ਜਿਸ ਕਾਰਨ ਉਸ ਨੇ ਕਿਤਾਬਾਂ ਨੂੰ ਯਾਰ ਬਣਾਇਆ ਅਤੇ ਲੁੱਟ ਰਹਿਤ ਸਮਾਜ ਸਿਰਜਣ ਦਾ ਸੁਪਨਾ ਲਿਆ।ਇੱਕ ਅਜਿਹਾ ਸਮਾਜ ਜਿੱਥੇ ਗ਼ਰੀਬੀ -ਅਮੀਰੀ ਦਾ ਪਾੜਾ ਖਤਮ ਹੋਵੇਗਾ,ਇਨਸਾਨ ਦਾ ਆਪਣੀ ਜ਼ਿੰਦਗੀ \'ਤੇ ਪੂਰਾ-ਪੂਰਾ ਅਧਿਕਾਰ ਹੋਵੇਗਾ ਅਤੇ ਕੋਈ ਕਿਸੇ ਦੇ ਅਧੀਨ ਨਹੀਂ ਹੋਵੇਗਾ।
1947 ਵਿਚ ਸੱਤਾ ਦਾ ਤਬਾਦਲਾ ਜਰੂਰ ਹੋਇਆ ਪਰ ਉਹ ਅਜ਼ਾਦੀ ਨਹੀਂ ਆਈ ਜਿਸ ਦਾ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਸੁਪਨਾ ਲਿਆ ਸੀ।ਲੁੱਟ ਰਹਿਤ ਸਮਾਜਵਾਦੀ ਸਮਾਜ ਸਿਰਜਣਾ ਅੱਜ ਵੀ ਨੌਜਵਾਨਾਂ ਲਈ ਸਵਾਲ ਬਣਿਆ ਹੋਇਆ ਹੈ।ਇਸ ਮਕਸਦ ਲਈ ਭਾਂਵੇਂ ਕਿ ਬਹੁਤ ਸਾਰੇ ਲੋਕ ਅੱਜ ਵੀ ਸ਼ਹੀਦਾਂ ਦੀ ਉਸ ਲੜਾਈ ਨੂੰ ਅੱਗੇ ਤੋਰੀ ਹੋਏ ਨੇ ਪਰ ਉਸ ਵਿਚਾਰਧਾਰਾ ਦੀ ਲਹਿਰ ਅੱਜ ਬੜੇ ਮਾੜੇ ਹਲਾਤਾਂ ਵਿਚੋਂ ਗੁਜਰ ਰਹੀ ਹੈ।ਇਨਕਲਾਬੀ ਸ਼ਕਤੀਆਂ ਕਮਜ਼ੋਰ ਨੇ ਜਦਕਿ ਫ਼ਾਸੀਵਾਦੀ ਸ਼ਕਤੀਆਂ ਪੂਰੇ ਜੋਬਨ \'ਤੇ ਸਰਕਾਰੀ ਸਰਪ੍ਰਸਤੀ ਹੇਠ ਵੱਧ ਫੁੱਲ ਰਹੀਆਂ ਨੇ।
ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਥੋੜੇ ਹੀ ਸਮੇਂ ਵਿਚ ਲੁੱਟ \'ਤੇ ਟਿਕੇ ਇਸ ਸਮਾਜ ਦਾ ਅਧਿਐਨ ਕੀਤਾ ਅਤੇ ਏਥੇ ਕਾਮੇ ਕਿਰਤੀਆਂ ਦਾ ਰਾਜ ਲਿਆਉਣ ਲਈ ਇੱਕ ਜੰਗ ਵਿੱਢੀ ।ਜਿਸ ਦਾ ਮਕਸਦ ਸੀ ਇਨਸਾਨ ਹੱਥੋਂ ਇਨਸਾਨ ਦੀ ਲੁੱਟ ਖਤਮ ਕਰਨਾ।
ਕਾਲਜ ਵਿਚ ਪੜ੍ਹਦਿਆਂ ਭਗਤ ਸਿੰਘ ਨੇ ਉਸ ਸਿੱਖਿਆ ਪ੍ਰਣਾਲੀ ਦਾ ਵਿਰੋਧ ਕੀਤਾ ਜੋ ਇਨਸਾਨ ਨੂੰ ਮੌਜੂਦਾ ਸਮੱਸਿਆਂ ਸਮਝਣ ਦੇ ਕਾਬਿਲ ਬਣਾਉਣ ਦੀ ਬਜਾਏ ਸਿਰਫ ਕਲਰਕ ਬਣਾਉਂਦੀ ਸੀ।ਅੱਜ ਵੀ ਸਾਡਾ ਸਿੱਖਿਆ ਪ੍ਰਬੰਧ ਇਹੋ ਹੈ ਜੋਂ ਸਰਕਾਰੀ ਮਸ਼ੀਨਰੀ ਦੇ ਪੂਰਜੇ ਪੈਦਾ ਕਰਦਾ ਹੈ।ਸਿੱਖਿਆ ਪ੍ਰਣਾਲੀ ਉਸ ਸਮੇਂ ਵੀ ਅਮੀਰ ਜਮਾਤ ਦੇ ਪੱਖ ਵਿਚ ਭੁਗਤਦੀ ਸੀ ਤੇ ਅੱਜ ਵੀ ਅਜਿਹੇ ਪੁਰਜੇ ਪੈਦਾ ਕਰਦੀ ਹੈ ਜੋ ਅੱਗੇ ਚੱਲ ਕੇ ਸਿਸਟਮ ਵਿਚ ਫਿਟ ਹੋਕੇ ਉਸ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਂਦੇ ਨੇ।ਪਰ ਭਗਤ ਸਿੰਘ ਨੇ ਇਸ ਨਕਾਰਾ ਸਿੱਖਿਆ ਪ੍ਰਣਾਲੀ ਦਾ ਵਿਰੋਧ ਕਰਦਿਆਂ ਖ਼ੁਦ ਨੂੰ ਕਿਤਾਬਾਂ ਰਾਹੀਂ ਅਧਿਐਨ \'ਚ ਲਗਾਇਆ ਅਤੇ ਸਮਾਜ ਨੂੰ ਸਮਝਣ ਤੋਂ ਬਾਅਦ ਇਸ ਨੂੰ ਬਦਲਣ ਦੀ ਜੰਗ ਛੇੜੀ।ਅੱਜ ਭਗਤ ਸਿੰਘ ਦੇ ਵਾਰਸ ਉਸ ਦੀ ਉਮੀਦਾਂ ਤੋਂ ਕੋਹਾਂ ਦੂਰ ਨੇ...ਏਥੇ ਤਾਂ ਭਗਤ ਸਿੰਘ ਨੂੰ ਸਿੱਖ ਜਾਂ ਆਰੀਆ ਸਮਾਜੀ ਘੋਸ਼ਿਤ ਕਰਨ ਦੀ ਹੋੜ ਮੱਚੀ ਹੋਈ ਹੈ।
ਭਗਤ ਸਿੰਘ ਨਾਂ ਤਾਂ ਆਪਣੇ ਆਪ ਨੂੰ ਸਿੱਖ ਕਹਿੰਦਾ ਸੀ ਅਤੇ ਨਾ ਹੀ ਆਰੀਆ ਸਮਾਜੀ ਸਗੋਂ, ਉਸ ਨੇ ਆਪਣੇ ਆਪ ਨੂੰ ਨਾਸਤਿਕ ਐਲਾਨਿਆ ਸੀ, ਜਿਸ ਦੇ ਚੱਲਦਿਆ ਉਹਨਾਂ ਇੱਕ ਲੇਖ \"ਮੈਂ ਨਾਸਤਿਕ ਕਿਉਂ ਹਾਂ\" ਵੀ ਲਿਖਿਆ ।ਇਸ ਕਿਤਾਬ ਵਿਚ ਉਹਨਾਂ ਆਪਣੇ ਨਾਸਤਿਕ ਹੋਣ ਅਤੇ ਲੋਕਾਂ ਦੀ ਲੁੱਟ ਵਿਚ ਸਹਾਇਕ ਹੋਣ ਵਾਲੇ ਰੱਬ ਦੀ ਹੋਂਦ ਨੂੰ ਮੰਨਣ ਤੋਂ ਕੋਰਾ ਇਨਕਾਰ ਕੀਤਾ।
ਗੱਲ ਅੱਜ ਦੇ ਸੰਧਰਭ ਦੀ ਕਰਨੀ ਹੋਵੇ ਤਾਂ ਭਗਤ ਸਿੰਘ ਦੀ ਸੋਚ ਤੋਂ ਪਰੇ, ਉਸ \'ਤੇ ਲਿਖੇ ਗੀਤਾਂ ਅਤੇ ਗਾਣਿਆਂ ਵਿਚ ਉਸਨੂੰ ਅਜਿਹੇ ਫਿਲਮੀ ਹੀਰੋ ਵੱਜੋਂ ਪੇਸ਼ ਕੀਤਾ ਜਾ ਰਿਹਾ, ਜਿਹੜਾ ਹਰ ਵੇਲੇ ਕਤਲੋਗਾਰਤ ਕਰਨ ਲਈ ਕਾਹਲਾ ਹੋਵੇ ਅਤੇ ਜਿਸ ਦਾ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸਰੋਕਾਰ ਨਾ ਹੋਵੇ। ਦੂਜੇ ਪਾਸੇ, \'\'ਮਿੱਤਰਾਂ ਦੀ ਮੁੱਛ ਦਾ ਸਵਾਲ\'\' ਹੇਠ ਲਿਖਤ ਅਤੇ ਭਗਤ ਸਿੰਘ ਦੀਆਂ ਮੁਛਾਂ ਨੂੰ ਮਰੋੜਣ ਵਾਲੀਆਂ ਤਸਵੀਰਾਂ, ਨੌਜਵਾਨਾਂ ਦੇ ਮੋਟਰ ਸਾਇਕਲਾਂ ਅਤੇ ਫੋਟੋ ਥੱਲੇ ਤਖਤੇ ਮੂਹਰੇ ਪਿਸਤੌਲ ਲਈ ਖੜ੍ਹੇ ਭਗਤ ਸਿੰਘ ਦੀਆਂ ਫੋਟੋਆਂ ਨੂੰ ਆਮ ਦੇਖਿਆ ਜਾ ਸਕਦਾ। ਜਿਵੇਂ ਹਰ ਵੇਲੇ ਉਹਦੇ ਸਿਰ \'ਤੇ ਖੂਨ ਹੀ ਸਵਾਰ ਹੋਵੇ। ....ਹੋਰ ਤਾਂ ਹੋਰ ਨਵੀਂ ਪੀੜ੍ਹੀ ਦੇ ਨੌਜਵਾਨਾਂ ਲਈ ਭਗਤ ਸਿੰਘ ਨੂੰ ਵੀਡੀਓ ਗੇਮਜ਼ ਦਾ ਚਕਾਚੌਂਦ ਹੀਰੋ ਬਣਾਕੇ ਵੀ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਡੌਲਿਆਂ \'ਤੇ ਟੈਟੂ ਬਣਾ ਕੇ ਫੋਕੀ ਫੂੰਫਾਂ ਵਾਲੇ ਸਰਮਾਏਦਾਰੀ ਸਭਿਆਚਾਰ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ....ਇਥੋਂ ਤੱਕ ਕਿ ਨਾਟਕ ਟੀਮਾਂ ਵੱਲੋਂ ਵੀ ਉਸ ਨੂੰ ਇਕ ਧੌਂਸਗਿਰੀ ਤੇ ਹਿੱਕ ਜਿਹੀ ਕੱਢ ਕੇ ਤੁਰਨ ਵਾਲਾ ਸਮਾਜ ਤੋਂ ਵੱਖਰਾ ਇਕ ਅਜਿਹਾ ਨੌਜਵਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਰਗਾ ਕੋਈ ਨਹੀਂ ਬਣ ਸਕਦਾ।
ਭਗਤ ਸਿੰਘ ਸਿਰ ਲੜ ਛਡਵੀਂ ਪੱਗ ਬੰਨ੍ਹਣ ਜਾਂ ਤਿਰਛੀ ਟੋਪੀ ਪਾਉਂਦੇ ਪਹਿਨਣ ਵਾਲਾ ਨੌਜਵਾਨ ਨਹੀਂ ਸੀ। ਉਨ੍ਹਾਂ ਨੂੰ ਟੋਪੀ ਜਾਂ ਪਗ ਵਾਲੀਆਂ ਅਰਥਹੀਣ ਬਹਿਸਾਂ ਵਿਚ ਵੰਡਿਆ ਜਾ ਰਿਹਾ ਹੈ
ਹਲਾਤ ਇਹ ਬਣ ਚੁੱਕੇ ਨੇ ਕਿ ਕੁਝ ਫ਼ਾਸੀਵਾਦੀ ਸ਼ਕਤੀਆਂ ਭਗਤ ਸਿੰਘ ਨੂੰ ਇੱਕ ਮੂਰਤ ਬਣਾ ਕੇ ਸਾਡੇ ਸਾਹਮਣੇ ਪੂਜਣ ਲਈ ਸਥਾਪਿਤ ਕਰ ਰਹੀਆਂ ਨੇ।ਭਗਤ ਸਿੰਘ ਇੱਕ ਵਿਚਾਰ ਸੀ ਜਿਸ ਨੂੰ ਦੇਸ਼ ਦੇ ਹਰ ਕੋਨੇ ਵਿਚ ਹੁਣ ਤੱਕ ਫੈਲ ਜਾਣਾ ਚਾਹੀਦਾ ਸੀ।ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਭਗਤ ਸਿੰਘ ਇੱਕ ਵਿਚਾਰ ਸੀ, ਇੱਕ ਅਦਰਸ਼ ਇਨਕਲਾਬੀ ਸਖਸ਼ੀਅਤ ਸੀ ਤਾਂ ਅਜ਼ਾਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਉਸ ਦੇ ਵਿਚਾਰਾਂ ਨੂੰ ਅੱਗੇ ਵਧਾਉਂਦਿਆ ਉਹਨਾਂ ਦੇ ਸੁਪਨਿਆਂ ਦਾ ਸਮਾਜ ਕਿਉਂ ਨਹੀਂ ਸਿਰਜਿਆ ਜਾ ਸਕਿਐ?
ਅਸਲ ਵਿਚ ਕਾਮਰੇਡਾਂ, ਅਕਾਲੀਆਂ, ਕਾਂਗਰਸੀਆਂ ਅਤੇ ਮਨਪ੍ਰੀਤ ਬਾਦਲ ਸਮੇਤ ਹਰ ਸਿਆਸੀ ਦਲ ਨੇ ਆਪੋ-ਆਪਣੇ ਹਿੱਤਾਂ ਲਈ ਭਗਤ ਸਿੰਘ \'ਤੇ ਰਾਜਨੀਤੀ ਕੀਤੀ ਹੈ। ਦਰਅਸਲ ਲੋਕਾਂ ਨੂੰ ਇਕ ਸਾਜ਼ਿਸ਼ ਤਹਿਤ ਗੁੰਮਰਾਹ ਕੀਤਾ ਜਾ ਰਿਹਾ ਹੈ। ਕੁਰਸੀਆਂ \'ਤੇ ਕਾਬਜ਼ ਹਾਕਮ ਇਹ ਜਾਣਦੇ ਹਨ, ਜੇਕਰ ਭਗਤ ਸਿੰਘ ਦੀ ਵਿਚਾਰਧਾਰਾ ਲੋਕਾਂ ਦੇ ਜਿਹਨ ਦਾ ਹਿੱਸਾ ਬਣ ਗਈ ਤਾਂ ਰਾਜਨੀਤੀ ਕਾਰਨ ਚਲਦਾ ਉਨ੍ਹਾਂ ਦਾ ਤੋਰੀ ਫੁਲਕਾ ਹਮੇਸ਼ਾ-ਹਮੇਸ਼ਾ ਲਈ ਖੁੱਸ਼ ਜਾਵੇਗਾ ਤੇ ਫੇਰ ਉਨ੍ਹਾਂ ਨੂੰ ਕਿਸੇ ਨੇ ਬੇਰਾਂ ਵਟੇ ਵੀ ਨੀ ਪਛਾਣਨਾ। ਇਹੀ ਕਾਰਨ ਅੰਗਰੇਜ਼ਾਂ ਤੋਂ ਬਾਅਦ ਹੁਣ ਦੇਸੀ ਅੰਗਰੇਜ਼ ਭਗਤ ਸਿੰਘ ਦੀ ਵਿਚਾਰਧਾਰਾ \'ਤੇ ਮਿੱਟੀ ਪਾਉਣ \'ਚ ਰੁੱਝੇ ਹੋਏ ਹਨ
ਮੌਜੂਦਾ ਹਲਾਤ ਵੀ ਲੁੱਟ ਖੁਸੱਟ ਵਾਲੇ ਢਾਂਚੇ ਨੇ, ਉਸੇ ਤਰ੍ਹਾਂ ਦੇ ਬਣਾ ਦਿੱਤੇ ਨੇ, ਜੋ ਅਜ਼ਾਦੀ ਤੋਂ ਪਹਿਲਾਂ ਸੀ।ਪਰ ਹੁਣ ਏਥੇ ਆਪਣਿਆਂ ਤੇ ਦੁਸ਼ਮਣਾਂ ਦੀ ਪਛਾਣ ਕਰਨੀ ਔਖੀ ਹੋਈ ਪਈ ਹੈ।ਭਾਰਤ ਸਮੇਤ ਪੂਰੇ ਵਿਸ਼ਵ ਵਿਚ ਸਾਮਰਾਜੀ ਸ਼ਕਤੀਆਂ ਦਾ ਦਬਦਬਾ ਹੈ ਜਿਸ ਦੇ ਚੱਲਦਿਆਂ ਮਜ਼ਦੂਰਾਂ,ਕਿਸਾਨਾਂ ਅਤੇ ਫੈਕਟਰੀ ਕਾਮਿਆਂ ਦੀ ਲੁੱਟ ਸਿਰੇ \'ਤੇ ਪਹੁੰਚ ਚੁੱਕੀ ਹੈ।ਗੁੜਗਾਂਓ ਦੇ ਮਾਨੇਸਰ ਮਾਰੂਤੀ ਪਲਾਂਟ ਵਿਚ ਹਿੰਸਾ ਹੁੰਦੀ ਹੈ, ਵੱਡੀ ਗਿਣਤੀ ਮਜ਼ਦੂਰਾਂ ਨੂੰ ਕੱਢਿਆ ਜਾਂਦਾ ਹੈ ਅਤੇ ਮਜ਼ਦੂਰ ਆਗੂਆਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾ ਹੈ, ਭਾਰਤ ਦੇ ਜੰਗਲਾਂ ਵਿਚ ਰਹਿ ਰਹੇ ਆਦਿਵਾਸੀਆਂ ਦਾ ਉਜਾੜਾ ਕਰਕੇ ਮਲਟੀਨੇਸ਼ਨ ਕੰਪਨੀਆਂ ਨੂੰ ਜ਼ਮੀਨਾਂ ਪਰੋਸੀਆਂ ਜਾ ਰਹੀਆਂ ਨੇ, ਹਜ਼ਾਰਾਂ ਲੋਕਾਂ ਦੇ ਕਾਤਿਲ ਅਤੇ ਬਲਾਤਕਾਰੀ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਣ ਲਈ ਹਿੰਦੂ ਤਾਕਤਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਉਧਰ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਲਈ ਕਾਂਗਰਸ ਸਰਕਾਰ ਸੰਸਦ ਦੇ ਹਮਲੇ ਦੇ ਦੋਸ਼ \'ਚ ਅਫ਼ਜ਼ਲ ਗੁਰੂ ਨੂੰ ਭਗਤ ਸਿੰਘ ਦੀ ਤਰ੍ਹਾਂ ਚੁੱਪ ਚਪੀਤੇ ਚੋਰੀ-ਚੋਰੀ ਫ਼ਾਂਸੀ ਚੜਾ ਦਿੰਦੀ ਹੈ।
ਇਹਨਾਂ ਹਲਾਤਾਂ ਵਿਚ ਜਦੋਂ ਮੀਡੀਆ ਵੀ ਸਰਕਾਰੀ ਬੋਲੀ ਬੋਲਦਾ ਹੈ ਤਾਂ ਸੱਚ ਲੋਕਾਂ ਤੋਂ ਕੋਹਾਂ ਦੂਰ ਰਹਿ ਜਾਂਦਾ ਹੈ ਅਜਿਹਾ ਹੀ ਸੱਚ ਭਗਤ ਸਿੰਘ ਦੀ ਵਿਚਾਰਧਾਰਾਂ ਦਾ ਹੈ ਜਿਸ ਨੂੰ ਸਾਡੀ ਨੌਜਵਾਨ ਪੀੜੀ ਤੋਂ ਬਹੁਤ ਦੂਰ ਰੱਖਿਆ ਜਾ ਰਿਹਾ ਹੈ।ਭਗਤ ਸਿੰਘ ਦਾ ਲੇਖ ਤਾਂ ਬੱਚਿਆਂ ਦੇ ਸਕੂਲ ਦੇ ਸਿਲੇਬਸ \'ਚੋਂ ਸਿਰਫ ਇਹ ਕਹਿ ਕੇ ਕੱਢ ਦਿੱਤਾ ਜਾਂਦਾ ਹੈ ਕਿ ਇਹ ਹਿੰਸਾ ਨੂੰ ਉਤਸ਼ਾਹਿਤ ਕਰਦਾ ਹੈ।ਸਾਡੇ ਨੌਜਵਾਨਾਂ \'ਚ ਕੁੰਢੀਆਂ ਮੁੱਛਾਂ ਵਾਲੇ ਭਗਤ ਸਿੰਘ ਦੀ ਅਜ਼ਾਦੀ ਪ੍ਰਾਪਤ ਕਰਨ ਤੱਕ ਦੀ ਸੋਚ ਨੂੰ ਪਹੁੰਚਾਇਆ ਗਿਆ ਹੈ।ਜਿਸ ਤੋਂ ਬਾਅਦ ਹੁਣ ਉਸ ਨੂੰ ਪੂਜਣ ਯੋਗ ਵਸਤੂ ਬਣਾ ਕੇ ਰੱਖ ਦਿੱਤਾ ਗਿਆ ਹੈ।ਅਜਿਹੇ ਹਲਾਤਾਂ ਵਿਚ ਭਗਤ ਸਿੰਘ ਦੇਸ਼ ਦੇ ਕੋਨੇ-ਕੋਨੇ ਵਿਚ ਇੱਕ ਵਿਚਾਰ ਵੱਜੋਂ ਕਿਵੇਂ ਪਹੁੰਚੇ, ਕਿਵੇਂ ਨੌਜਵਾਨਾ ਪੀੜੀ ਉਸ ਦੇ ਸਹੀ ਵਿਚਾਰ \'ਤੇ ਲਾਮਬੰਧ ਹੋਵੇ.
ਭਗਤ ਸਿੰਘ ਦੇ ਸਮਾਜਿਕ ਨਾ ਬਰਾਬਰੀ ਵਾਲੇ ਸਮਾਜ ਵਿਚ ਤਾਂ ਹਰ ਕਿਸੇ ਕੋਲ ਰੁਜ਼ਗਾਰ ਹੋਵੇਗਾ, ਵਿਦਿਅਕ ਪੱਖੋਂ ਹਰ ਕੋਈ ਪੂਰਾ-ਸੂਰਾ ਹੋਵੇਗਾ, ਬੱਚਿਆਂ ਦੇ ਹੱਥ ਹੋਟਲਾਂ ਦੇ ਭਾਂਡੇ ਨਹੀਂ, ਸਗੋਂ ਦਿਲ ਪ੍ਰਚਾਹੁਣ ਲਈ ਖਿਡੌਣੇ ਹੋਣਗੇ। ਨੌਜਵਾਨ ਵਰਗ ਰੁਜ਼ਗਾਰ ਨਾ ਮਿਲਣ ਦੀਆਂ ਚਿੰਤਾਵਾਂ \'ਚ ਫਸ ਕੇ ਨਸ਼ਿਆਂ ਦੀ ਦਲਦਲ ਵਿਚ ਨਹੀਂ ਫਸਣਗੇ। ਔਰਤਾਂ ਨੂੰ ਸਮਾਜ ਵਿਚ ਬਰਾਬਰ ਸਨਮਾਨ ਮਿਲੇਗਾ। ਬਜ਼ੁਰਗ ਬੁਢਾਪੇ ਨੂੰ ਸਰਾਪ ਵਾਂਗ ਨਹੀਂ ਹੰਢਾਉਣਗੇ ਅਤੇ ਨਾ ਹੀ ਉਹ ਬੁਢਾਪਾ ਪੈਨਸ਼ਨ ਲਈ ਦਰ-ਦਰ \'ਤੇ ਠੋਕਰਾਂ ਖਾਣਗੇ। ਉਸ ਦੇ ਬਰਾਬਰਤਾ ਵਾਲੇ ਸਮਾਜ ਵਿਚ ਸਰਮਾਏਦਾਰੀ ਅਤੇ ਜਗੀਰਦਾਰੀ ਦੀ ਕੋਈ ਜਗ੍ਹਾ ਨਹੀਂ। ਇਸ ਲਈ ਕੁਰਸੀਆਂ \'ਤੇ ਕਾਬਜ਼ ਹਾਕਮ, ਉਨ੍ਹਾਂ ਦੀ ਸੋਚ ਨੂੰ ਹੂ-ਬ-ਹੂ ਲਾਗੂ ਕਰਨ ਦੀ ਗਲਤੀ ਕਦੇ ਵੀ ਨਹੀਂ ਕਰਨਗੇ।
ਇਹੀ ਵਜ੍ਹਾ ਹੈ ਕਿ ਭਗਤ ਸਿੰਘ ਦੀ ਸੋਚ ਨੂੰ ਲੋਕ ਮਨਾਂ ਵਿਚ ਵਸਣ ਤੋਂ ਰੋਕਣ ਲਈ, ਉਹ ਆਪਣਾ ਬਣਦਾ ਜ਼ੋਰ ਲਾ ਰਹੇ ਹਨ। ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਅਵਾਮ ਹੀ ਸਿਰਜ ਸਕਦੀ ਹੈ, ਜਿਸ ਵਿਚ ਨੌਜਵਾਨਾਂ ਦਾ ਵਡਮੁੱਲਾਂ ਯੋਗਦਾਨ ਰਹਿਣਾ ਹੈ।ਇਸ ਲਈ, ਜੋ ਲੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਹੱਸ -ਹੱਸ ਕੇ ਫ਼ਾਂਸੀ \'ਤੇ ਚੜੇ ਪਰ ਹੁਣ ਉਹ ਸਾਡੇ ਅੰਗ ਸੰਗ ਰਹਿ ਕੇ ਸਾਥੋਂ ਬਹੁਤ ਸਾਰੀਆਂ ਉਮੀਦਾਂ ਕਰਦੇ ਨੇ, ਜਿਨ੍ਹਾਂ ਤੋਂ ਸਾਨੂੰ ਭੱਜਣਾ ਨਹੀਂ ਚਾਹੀਦਾ।
-ਅਵਤਾਰ ਸਿੰਘ
ਮੋ:9041770155
-
By Avtar Singh,e-mail:Avtar singh , ਮੋ: 9041770155,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.