ਪੰਜਾਬ ਦੇ, ਦੇਸ਼ ਭਗਤਾਂ ਦੇ ਪਿੰਡ ਜੰਡਿਆਲਾ ਮੰਜਕੀ ਵਿਚ 10 ਫਰਵਰੀ 1916 ਨੂੰ ਸ: ਦਲੀਪ ਸਿੰਘ ਅਤੇ ਮਾਤਾ ਬਿਸ਼ਨ ਕੌਰ ਦੇ ਘਰ ਜਨਮੇ ਸ: ਦਰਬਾਰਾ ਸਿੰਘ ਪੰਜਾਬ ਦੇ ਲੋਹਪੁਰਸ਼ ਸਨ। ਮੁਢਲੀ ਵਿੱਦਿਆ ਖਾਲਸਾ ਹਾਈ ਸਕੂਲ ਸਮਰਾਏ ਜੰਡਿਆਲਾ ਤੋਂ ਪ੍ਰਾਪਤ ਕਰਨ ਉਪਰੰਤ ਆਪ ਨੇ ਮੈਟ੍ਰਿਕ ਖਾਲਸਾ ਬੁੰਡਾਲਾ ਤੋਂ ਕੀਤੀ। 1938 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆਪ ਗ੍ਰੈਜੂਏਟ ਬਣੇ। ਸ: ਦਰਬਾਰਾ ਸਿੰਘ ਨੂੰ ਦੇਸ਼ ਭਗਤੀ ਦੀ ਚੇਟਕ ਵਿਦਿਆਰਥੀ ਜੀਵਨ \'ਚ ਲੱਗ ਗਈ ਸੀ। 1942 ਵਿਚ ਲਾਲਾ ਲਾਜਪਤ ਰਾਏ ਵੱਲੋਂ ਚਲਾਈ ਵਪਾਰ ਮੰਡਲ ਦੀ ਮੁਹਿੰਮ ਵਿਚ ਆਪ ਸ਼ਾਮਿਲ ਹੋ ਗਏ ਅਤੇ ਜੰਡਿਆਲਾ ਤੋਂ ਆਪਣੇ ਸਾਥੀਆਂ ਸਮੇਤ ਗ੍ਰਿਫਤਾਰੀ ਦਿੱਤੀ। ਪੁਲਿਸ ਨੇ ਆਪ \'ਤੇ ਰੱਜ ਕੇ ਤਸ਼ਦੱਦ ਕੀਤਾ ਅਤੇ ਆਪ ਨੇ 7 ਸਾਲ ਕੈਦ ਵਿਚ ਗੁਜਾਰੇ। 1946 ਵਿਚ ਜਦੋਂ ਆਪ ਜੇਲ੍ਹ ਤੋਂ ਰਿਹਾਅ ਹੋਏ ਤਾਂ ਸਭ ਤੋਂ ਪਹਿਲਾਂ ਆਪ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਫਿਰ ਪ੍ਰਧਾਨ ਬਣਾਇਆ ਗਿਆ। ਸ: ਦਰਬਾਰਾ ਸਿੰਘ ਦੀ ਸੂਝ-ਬੂਝ ਅਤੇ ਫਰਜ਼ ਪਾਲਣਾ ਦੀ ਭਾਵਨਾ ਨੇ ਆਪ ਦੀ ਕਾਂਗਰਸ ਦੀਆਂ ਮੋਹਰਲੀਆਂ ਸਫ਼ਾਂ ਵਿਚ ਥਾਂ ਬਣਾਉਣ ਵਿਚ ਮਦਦ ਕੀਤੀ। ਆਪ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਹੁਤ ਨੇੜੇ ਸਨ, ਜਿਨ੍ਹਾਂ ਨੇ ਆਪ ਨੂੰ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਅਤੇ ਅੱਗੇ ਚੱਲ ਕੇ ਸ੍ਰੀਮਤੀ ਇੰਦਰਾ ਗਾਂਧੀ ਨੇ ਆਪ ਨੂੰ ਕਾਂਗਰਸ ਦੇ ਪਾਰਲੀਮਾਨੀ ਬੋਰਡ ਦਾ ਮੈਂਬਰ ਬਣਾਇਆ। ਸ: ਦਰਬਾਰਾ ਸਿੰਘ, ਸ: ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਵਿਚ ਵਿਕਾਸ ਮੰਤਰੀ ਰਹੇ। ਸ: ਦਰਬਾਰਾ ਸਿੰਘ ਨੇ 1962 ਵਿਚ ਹਲਕਾ ਨੂਰਮਹਿਲ ਤੋਂ ਵਿਧਾਨ ਸਭਾ ਚੋਣ ਵਿਚ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਹਰਾਇਆ, ਜਦਕਿ 1971 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਹਲਕਾ ਹੁਸ਼ਿਆਰਪੁਰ ਤੋਂ ਗਿਆਨੀ ਕਰਤਾਰ ਸਿੰਘ ਨੂੰ ਹਰਾਇਆ। ਲੋਕ ਸਭਾ ਵਿਚ ਆਪ ਨੂੰ ਕਾਂਗਰਸ ਪਾਰਲੀਮਾਨੀ ਪਾਰਟੀ ਦਾ ਡਿਪਟੀ ਲੀਡਰ ਬਣਾਇਆ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ \'ਤੇ ਆਪ ਨੇ ਪੰਜਾਬ ਅੰਦਰ ਪਾਰਟੀ ਨੂੰ ਮਜ਼ਬੂਤ ਕੀਤਾ ਅਤੇ 1982 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਝੋਲੀ 11 ਲੋਕ ਸਭਾ ਸੀਟਾਂ ਪਾਈਆਂ। ਇਸ ਉਪਰੰਤ ਹਲਕਾ ਨਕੋਦਰ ਤੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਹਰਾ ਕੇ ਪੰਜਾਬ ਵਿਧਾਨ ਸਭਾ ਵਿਚ ਪਹੁੰਚਣ \'ਤੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਆਪ ਜਿਥੇ ਰਾਜਨੀਤੀ ਵਿਚ ਨਿਪੁੰਨ ਸਨ, ਉਥੇ ਚੰਗੇ ਤੇ ਸਿਆਣੇ ਪ੍ਰਸ਼ਾਸਕ ਵੀ ਸਨ। ਸਿੱਖੀ ਵਿਚ ਪ੍ਰਪੱਕਤਾ, ਨਿੱਤ ਨੇਮ ਅਤੇ ਗੁਰਬਾਣੀ ਆਪ ਦੇ ਜੀਵਨ ਦਾ ਆਧਾਰ ਸੀ। ਸ: ਦਰਬਾਰਾ ਸਿੰਘ ਦੇ ਪੁੱਤਰ ਸ: ਜੋਗਿੰਦਰ ਸਿੰਘ ਜੌਹਲ ਅਤੇ ਦੋ ਪੋਤਰੇ ਸਰਬਜੀਤ ਸਿੰਘ ਜੌਹਲ, ਮਨਿੰਦਰ ਸਿੰਘ ਜੌਹਲ ਪੰਜਾਬ ਤੋਂ ਬਾਹਰ ਧੰਨਬਾਦ ਅਤੇ ਕੋਲਕਾਤਾ ਵਿਚ ਕਾਰੋਬਾਰ ਕਰਦੇ ਹੋਏ ਉਨ੍ਹਾਂ ਦੀ ਗੁੜ੍ਹਤੀ ਅਨੁਸਾਰ ਕੰਮ ਕਰ ਰਹੇ ਹਨ। ਦੇਸ਼ ਭਗਤੀ ਅਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਸ: ਦਰਬਾਰਾ ਸਿੰਘ ਹੁਰਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਗੁਣਾਂ ਕਾਰਨ ਅੱਜ ਵੀ ਯਾਦ ਕੀਤਾ ਜਾਂਦਾ ਹੈ। ਅੱਜ ਉਨ੍ਹਾਂ ਦੀ 23ਵੀਂ ਬਰਸੀ \'ਤੇ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।
-
ਸੁਰਜੀਤ ਸਿੰਘ ਜੰਡਿਆਲਾ ਮੋਬਾ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.