ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ਸਾਡੇ ਬਹੁਤੇ ਵਿਦਵਾਨਾਂ ਨੇ ਇਸ ਨੂੰ ਸੱਚ ਕਰ ਜਾਣਿਆ ਅਤੇ ਰਾਤੋ ਰਾਤ ਫਿਕਰਮੰਦੀ ਦੇ ਮਤੇ ਪਾਸ ਕਰਨ ਲੱਗ ਪਏ। ਘਰ ਘਰ ਫੂਹੜੀਆਂ ਵਿਛਾ ਕੇ ਬੈਠ ਗਏ। ਅੰਤਿਮ ਸੰਸਕਾਰ ਵਾਲੀ ਮਾਨਸਿਕਤਾ ਨਾਲ ਅਸੀਂ ਆਪਣੀ ਜ਼ੁਬਾਨ ਨਾਲ ਕੋਝਾ ਵਿਹਾਰ ਕਰਨ ਲੱਗੇ। ਕੁਝ ਸਿਆਣਿਆਂ ਨੇ ਰਿਪੋਰਟਾਂ ਫੋਲੀਆਂ ਤਾਂ ਗੱਲ ਵਿਚੋਂ ਇਹ ਨਿਕਲੀ ਕਿ ਜਿਹੜੀਆਂ ਭਾਸ਼ਾਵਾਂ ਖਤਰੇ ਅਧੀਨ ਹਨ ਉਨਾਂ ਵਿੱਚ ਪੰਜਾਬੀ ਦਾ ਵੀ ਨਾਂ ਬੋਲਦਾ ਹੈ। ਇਸ ਗੱਲ ਲਈ ਸਾਨੂੰ ਕਿਸੇ ਬਾਹਰਲੀ ਏਜੰਸੀ ਪਾਸੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ ਹੈ ਸਗੋਂ ਹਕੀਕਤ ਇਹ ਹੈ ਕਿ ਅਸੀਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?
ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ? ਤੁਹਾਡਾ ਬੱਚਾ ਟੀ ਵੀ ਚੈਨਲ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ ਜੇਕਰ ਉਸ ਦਾ ਵੱਸ ਚੱਲੇ ਤਾਂ ਉਹ ਕਿਹੜੇ ਗੀਤਾਂ ਨੂੰ ਟੀ ਵੀ ਜਾਂ ਇੰਟਰੈਨੈੱਟ ਤੋਂ ਸੁਣਦਾ ਹੈ ? ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਨੇ ਉਨਾਂ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ । ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।
ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ। ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ। ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।
ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ। ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਿਹਰੀਆਂ, ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਯੂਨੈਸਕੋ ਦੀ ਰਿਪੋਰਟ ਨੂੰ ਝੁਠਲਾ ਸਕਦੇ ਹਾਂ। ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ। ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆਂ 1100 ਤੋਂ ਵੱਧ ਨਹੀਂ। ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜਨੇ ਤੇ ਪੜਾਵਨੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ। ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਮੋਹਨ ਭੰਡਾਰੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, ਭੂਸ਼ਣ ਧਿਆਨਪੁਰੀ, ਕੇ ਐਲ ਗਰਗ, ਡਾ: ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨਾਂ ਚਾਰ ਪਾਵਿਆਂ ਤੇ ਹੀ ਸਾਡਾ ਵਿਕਾਸ ਮਾਡਲ ਖੜਾ ਹੈ। ਇਨਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-
ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ ਦੇ ਮੈਦਾਨ ਨੂੰ ਜਾਂਦਾ ਹੈ।
ਭਾਸ਼ਾ ਦੇ ਵਾਂਗ ਹੀ ਸਭਿਆਚਾਰ ਵੀ ਕਿਸੇ ਖਿੱਤਾ ਵਿਸੇਸ਼ ਦੀ ਪਛਾਣ ਅਤੇ ਸ਼ਕਤੀ ਹੁੰਦੀ ਹੈ ਪਰ ਭਾਸ਼ਾ ਜਿਥੇ ਨਿਸ਼ਚਿਤ ਸਰੂਪ ਦੀ ਧਾਰਨੀ ਹੁੰਦੀ ਹੈ ਉਥੇ ਸਭਿਆਚਾਰ ਕੋਈ ਸਥੂਲ ਵਸਤੂ ਦਾ ਨਾਮ ਨਹੀਂ ਹੈ। ਇਹ ਤਾਂ ਵਗਦੇ ਦਰਿਆ ਦੀ ਰਵਾਨੀ ਵਾਂਗ ਹੁੰਦਾ ਹੈ ਜਿਸ ਵਿੱਚ ਤਰਲਤਾ ਵੀ ਹੈ, ਲਹਿਰਾਂ ਵੀ, ਮਿੱਟੀ ਵੀ, ਅੱਥਰੂਆਂ, ਖੁਸ਼ੀਆਂ ਅਤੇ ਚਾਵਾਂ ਤੇ ਉਤਸ਼ਾਹਾਂ ਦਾ ਸੁਮੇਲ। ਸਭਿਆਚਾਰ ਵਰਿਆਂ ਦਾ ਗੁਲਾਮ ਨਹੀਂ ਹੁੰਦਾ ਅਤੇ ਨਾ ਹੀ ਸਮਾਕਾਲ ਦਾ ਮੁਣਸ਼ੀ ਹੁੰਦਾ ਹੈ। ਰੋਜ਼ਨਾਮਚਾ ਨਹੀਂ ਹੁੰਦਾ ਸਭਿਆਚਾਰ, ਇਹ ਤਾਂ ਕਿਸੇ ਵੀ ਧਰਤੀ ਤੇ ਲੋਕਾਂ ਦੀ ਜੀਵਨ ਧੜਕਣ ਦੀ ਮਹਿਕ ਹੁੰਦੀ ਹੈ। ਖਿੱਤਾ ਵਿਸ਼ੇਸ਼ ਦੀ ਸ਼ਕਤੀ, ਵਿਸੇਸ਼ ਧਰਤੀ ਤੇ ਵਸਦੇ ਲੋਕਾਂ ਦਾ ਸੰਘਰਸ਼ ਥੁੜਾਂ, ਤੰਗੀਆਂ-ਤੁਰਸ਼ੀਆਂ ਅਤੇ ਨਿਰੰਤਰ ਤੁਰਨ ਦਾ ਅੰਦਾਜ਼। ਪੰਜਾਬੀ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਮਾਣ ਤਾਂ ਹੈ ਪਰ ਇਸ ਬਾਰੇ ਚੇਤਨਾ ਗੈਰ ਹਾਜ਼ਰ ਹੈ।
ਬਹੁਤੇ ਲੋਕ ਨੱਚਣ ਗਾਉਣ ਅਤੇ ਰੰਗ ਬਰੰਗੇ ਪਹਿਰਾਵਿਆਂ ਤੀਕ ਹੀ ਸਭਿਆਚਾਰ ਨੂੰ ਸੀਮਤ ਕਰ ਲੈਂਦੇ ਹਨ। ਇਹ ਤਾਂ ਫੁਲਕਾਰੀ ਦੇ ਨਮੂਨਿਆਂ ਵਿਚੋਂ ਇਕ ਰੰਗ ਦਾ ਧਾਗਾ ਹੋ ਸਕਦਾ ਹੈ ਪਰ ਸਮੁੱਚੀ ਫੁਲਕਾਰੀ ਤਾਂ ਸਾਰੇ ਰੰਗਾਂ ਦੇ ਸੁਮੇਲ ਨਾਲ ਹੀ ਬਣਦੀ ਹੈ। ਪੰਜਾਬੀ ਸਭਿਆਚਾਰ ਦੀ ਸ਼ਕਤੀ ਸ਼ਬਦ ਵਿੱਚ ਹੈ। ਸ਼ਬਦ ਸਾਡਾ ਗੁਰੂ ਹੈ। ਰਿਗਵੇਦ ਤੋਂ ਲੈ ਕੇ ਅੱਜ ਦੇ ਸਿਰਜਕਾਂ ਤੀਕ ਸ਼ਬਦ ਦੀ ਸਰਦਾਰੀ ਸਾਡੇ ਸਾਹਾਂ ਸਵਾਸਾਂ ਵਿੱਚ ਵਸਦੀ ਹੈ। ਇਹ ਗੱਲ ਵੱਖਰੀ ਹੈ ਕਿ ਟੈਲੀਵੀਜ਼ਨ ਅਤੇ ਫਿਲਮਾਂ ਰਾਹੀਂ ਸੌਖੀ ਹਜ਼ਮ ਹੋਣ ਵਾਲੀ ਤਕਨਾਲੋਜੀ ਕਾਰਨ ਪੁਸਤਕ ਸਭਿਆਚਾਰ ਹੌਲੀ ਹੌਲੀ ਦਮ ਤੋੜ ਰਿਹਾ ਹੈ ਪਰ ਇਹ ਗੱਲ ਕਦੇ ਨਾ ਭੁਲਾਇਓ ਕਿ ਹਰ ਗਿਆਨ ਅਤੇ ਟੈਕਨਾਲੋਜੀ ਦੀ ਮਾਂ ਪੁਸਤਕ ਹੀ ਹੈ।
ਬਾਲ ਨੂੰ ਮਾਂ ਵੱਲੋਂ ਦਿੱਤੀ ਲੋਰੀ ਤੋਂ ਲੈ ਕੇ ਉਸ ਦੇ ਹੱਥ ਵਿੱਚ ਡੰਗੋਰੀ ਫੜਨ ਤੀਕ ਸਾਰਾ ਸਫ਼ਰ ਵੇਖੋ। ਗੋਦੀ ਵਿੱਚ ਪਾ ਕੇ ਬੱਚੇ ਨੂੰ ਮਾਂ ਥਾਪੜਦੀ ਹੈ, ਇਹ ਤਾਲ ਹੈ ਜੋ ਮੂੰਹ ਨਾਲ ਅਲਾਪਦੀ ਹੈ ਉਸ ਸੁਰ ਹੈ। ਸਾਡੀਆਂ ਮਾਵਾਂ ਨੇ ਕਿਸੇ ਉਸਤਾਦ ਸੰਗੀਤਕਾਰ ਤੋਂ ਇਹਦੀ ਸਿਖਲਾਈ ਨਹੀਂ ਲਈ ਹੁੰਦੀ ਸਗੋਂ ਸਹਿਜ ਸੁਭਾਅ ਸੰਗੀਤ ਸਾਡੇ ਸਾਹਾਂ ਵਿੱਚ ਨਿਵਾਸ ਕਰਦਾ ਹੈ। ਓਹੀ ਅੱਗੇ ਤੁਰ ਕੇ ਬੱਚੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅੱਜ ਦੀ ਮਸ਼ੀਨੀ ਦੌੜ ਨੇ ਮਾਵਾਂ ਕੋਲੋਂ ਇਹ ਮੌਕੇ ਖੋਹ ਲਏ ਹਨ। ਜਿਹੜੀਆਂ ਮਾਵਾਂ ਬੱਚੇ ਨੂੰ ਗੋਦੀ ਪਾ ਕੇ ਨੀਂਦਰ ਰਾਣੀ ਲਿਆਉਣ ਲਈ ਇਹ ਵਿਧੀ ਅੱਜ ਨਹੀਂ ਵਰਤਦੀਆਂ ਉਨਾਂ ਦੇ ਬਾਲਾਂ ਦੀ ਮਾਨਸਿਕਤਾ ਵਿੱਚ ਤਰਲਤਾ ਦੀ ਗੈਰ ਹਾਜ਼ਰੀ ਯਕੀਨੀ ਹੈ। ਨੌਕਰਾਂ ਚਾਕਰਾਂ ਕੋਲ ਪਲੇ ਬਾਲ ਫਿਰ ਸਕੂਲਾਂ ਦੇ ਹੋਸਟਲਾਂ ਵਿੱਚ ਗੱਭਰੂ ਹੋਏ ਬੱਚੇ ਤੋਂ ਜਵਾਨ ਬਣੇ ਵਿਅਕਤੀ ਕੋਲੋਂ ਤੁਸੀਂ ਹੱਥਾਂ ਦੀਆਂ ਤਲੀਆਂ ਵਿੱਚ ਗਿੱਧੇ ਅਤੇ ਪੈਰਾਂ ਵਿੱਚ ਭੰਗੜੇ ਦੀ ਆਸ ਨਹੀਂ ਰੱਖ ਸਕਦੇ। ਅਮਜ਼ਦ ਅਲੀ ਖਾਨ ਦਾ ਸਰੋਦਵਾਦਨ ਹੋਵੇ ਜਾਂ ਉਸਤਾਦ ਵਿਲਾਇਤ ਖਾਂ ਸਾਹਿਬ ਦਾ ਸਿਤਾਰ ਵਾਦਨ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਹੀ ਰਹੇਗਾ। ਪਰਿਵਾਰ ਵਿੱਚ ਸਭਿਆਚਾਰ ਦੀ ਗੁੜਤੀ ਸਾਨੂੰ ਸਿਰਫ ਕਿਤਾਬਾਂ ਦੇ ਸਬਕ ਨਹੀਂ ਦਿੰਦੇ ਸਗੋਂ ਬਹੁਤ ਕੁਝ ਅਸੀਂ ਆਪਣੇ ਵਿਹਾਰ ਰਾਹੀਂ ਅਗਲੀ ਪੀੜੀ ਨੂੰ ਸੌਂਪਣਾ ਹੁੰਦਾ ਹੈ। ਬੱਚੇ ਨੂੰ ਬੱਚਾ ਨਾ ਸਮਝੋ, ਉਸ ਦੀਆਂ ਦੋ ਅੱਖਾਂ ਨੂੰ ਅੱਖਾਂ ਨਾ ਸਮਝੋ । ਉਹ ਦੋ ਕੈਮਰੇ ਲਈ ਫਿਰਦਾ ਹੈ ਜੋ ਤੁਹਾਡੇ ਹਰ ਹਰਕਤ ਨੂੰ ਆਪਣੇ ਮਨ ਦੀ ਹਾਰਡ ਡਿਸਕ ਵਿੱਚ ਜਮਾਂ ਕਰੀ ਜਾਂਦਾ ਹੈ। ਇਸ ਡਿਸਕ ਵਿੱਚ ਕਦੇ ਵਾਇਰਸ ਨਹੀਂ ਆਉਂਦਾ । ਚੇਤ ਅਚੇਤ ਇਹ ਸਮਾਂ ਪੈਣ ਤੇ ਹਾਜ਼ਰ ਨਾਜ਼ਰ ਹੋ ਜਾਂਦਾ ਹੈ ਜਿਸ ਨੂ ੰਅਸੀਂ ਆਮ ਭਾਸ਼ਾ ਵਿੱਚ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ ਆਖਦੇ ਹਾਂ। ਉਹ ਇਹੀ ਵਿਹਾਰ ਹੈ ਜੋ ਬੱਚਾ ਮਾਂ-ਬਾਪ ਤੋਂ ਹਾਸਲ ਕਰਦਾ ਹੈ ਅਤੇ ਅਗਲੀ ਪੁਸ਼ਤ ਤੀਕ ਲੈ ਕੇ ਜਾਂਦਾ ਹੈ।
ਆਮ ਲੋਕ ਇਸ ਗੱਲ ਵਿੱਚ ਫਖਰ ਮਹਿਸੂਸ ਕਰਦੇ ਹਨ ਕਿ ਮੈਂ ਹੱਥੀਂ ਕੋਈ ਕੰਮ ਨਹੀਂ ਕਰਦਾ। ਕਿਰਤ ਸਭਿਆਚਾਰ ਸਾਡੀ ਸ਼ਕਤੀ ਨਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਖੇਤਾਂ ਵਿੱਚ ਵਾਹੀ ਨਹੀਂ ਸੀ ਕਰਨੀ। ਉਨਾਂ ਨੇ ਕਿਰਤ ਦਾ ਸਬਕ ਪੜਾਉਣ ਲਈ ਕਰਤਾਰਪੁਰ ਨੂੰ ਹੀ ਕਿਤਾਬ ਬਣਾ ਦਿੱਤਾ। ਪੰਜ ਸਦੀਆਂ ਤੋਂ ਵਧ ਸਮਾਂ ਬੀਤ ਚੁੱਕਾ ਹੈ । ਅਸੀਂ ਇਸ ਕਿਤਾਬ ਨੂੰ ਜਿੰਨਾ ਜਿੰਨਾ ਪੜਿਆ ਹੈ ਉਨਾ ਉਨਾ ਹੀ ਸੁਖ ਪਾਇਆ ਹੈ। ਜਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ Àੁਂਕਾਰ ਨੂੰ ਇਕ ਕਿਹਾ ਸੀ ਉਸ ਥਾਂ ਤੇ ਜਾਓ। ਸੁਲਤਾਨਪੁਰੀ ਲੋਧੀ ਦੀ ਧਰਤੀ ਉਪਰੋਂ ਵਹਿੰਦੀ ਕਾਲੀ ਬੇਈਂ ਸਾਡੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਬੋਲ ਬੋਲ ਕੇ ਸੁਣਾਉਂਦੀ ਹੈ। ਕਿਵੇਂ ਵਿਰਸੇ ਨਾਲ ਖਿਲਵਾੜ ਕੀਤਾ ਹੈ ਅਸੀਂ। ਗੰਦਾ ਨਾਲਾ ਬਣਾ ਧਰਿਆ ਹੈ ਅਸਾਂ ਨਿਰਮਲ ਨੀਰ ਦਾ ਅਲੌਕਿਕ ਸੋਮਾ। ਧਰਮ ਦੇ ਨਾਂ ਤੇ ਬਣੀਆਂ ਸੰਸਥਾਵਾਂ ਅਤੇ ਅਦਾਰਿਆਂ ਦਾ ਮਲ ਮੂਤਰ ਵੀ ਜੇ ਇਸੇ ਪਵਿੱਤਰ ਸੋਮੇ ਵਿੱਚ ਪੈਣੋਂ ਰੋਕਣ ਲਈ ਕਿਸੇ ਬਲਬੀਰ ਸਿੰਘ ਸੀਚੇਵਾਲ ਵਰਗੇ ਮਹਾਂਪੁਰਸ਼ ਨੂੰ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ। ਅਸੀਂ ਸਭਿਆਚਾਰ ਨੂੰ ਸਿਰਫ ਮੰਚ ਪੇਸ਼ਕਾਰੀਆਂ ਤੀਕ ਸੀਮਤ ਕਰ ਲਿਆ ਹੈ ਜਦ ਕਿ ਸਾਡਾ ਸਭਿਆਚਾਰ ਪੌਣ ਨੂੰ ਗੁਰੂ ਮੰਨਣਾ ਹੈ, ਪਾਣੀ ਨੂੰ ਪਿਤਾ ਮੰਨਣਾ ਹੈ, ਧਰਤੀ ਨੂੰ ਮਾਤਾ ਮੰਨਣਾ ਹੈ । ਜਿਸ ਨੂੰ ਦਿਨ ਤੇ ਰਾਤ ਦੋ ਖਿਡਾਵੀ ਖਿਡਾਵੇ ਬਣ ਕੇ ਸਾਨੂੰ ਸਭ ਨੂੰ ਖਿਡਾਉਂਦੇ ਹਨ। ਅਸੀਂ ਸ਼ਬਦ ਤਾਂ ਪੜਦੇ ਹਾਂ ਪਰ ਉਸ ਨੂੰ ਜੀਵਨ ਧਾਰਾ ਵਿੱਚ ਲਾਗੂ ਨਹੀਂ ਕਰਦੇ।
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਹੁਤ ਵਾਰ ਸੁਣਿਆ ਹੈ ਪਰ ਇਸ ਤੇ ਅਮਲ ਕਰਨ ਵਾਲੇ ਵਿਰਲੇ ਹਨ। ਭਗਤ ਪੂਰਨ ਸਿੰਘ ਹੋਵੇ ਜਾਂ ਇਸ ਤੋਂ ਪਹਿਲਾਂ ਭਾਈ ਘਨੱਈਆ, ਗੁਰੂ ਦੇ ਇਨਾਂ ਸਿੰਘਾਂ ਨੇ ਆਪਣੇ ਇਸ਼ਟ ਦੀ ਹੁਕਮ ਪਾਲਣਾ ਇਸ ਅੰਦਾਜ਼ ਨਾਲ ਹੀ ਕੀਤੀ ਹੈ। ਜੰਗ ਵਿੱਚ ਜ਼ਖ਼ਮੀ ਨੂੰ ਪਾਣੀ ਦੇਣ ਵੇਲੇ ਧਰਮ ਦਾ ਨਿਸ਼ਾਨ ਵੇਖਣ ਵਾਲਾ ਗੁਰੂ ਦਾ ਸਿੱਖ ਨਹੀਂ ਹੁੰਦਾ। ਭਾਈ ਘਨੱਈਆ ਇਸੇ ਕਰਕੇ ਸਾਡੇ ਸਭਿਆਚਾਰ ਦੀ ਸ਼ਕਤੀ ਵਜੋਂ ਉੱਭਰਦਾ ਹੈ। ਭਗਤ ਪੂਰਨ ਸਿੰਘ ਵਰਗੇ ਨਿਰਛਲ, ਨਿਰਕਪਟ ਅਤੇ ਨਿਰਵਿਕਾਰ ਵਿਅਕਤੀ ਮਾਵਾਂ ਰੋਜ਼ ਨਹੀਂ ਜੰਮਦੀਆਂ। ਧਰਤੀ ਦੇ ਇਨਾਂ ਸੁਲੱਗ ਪੁੱਤਰਾਂ ਕਾਰਨ ਹੀ ਪੰਜਾਬ ਦੀ ਦਸਤਾਰ ਦਾ ਸ਼ਮਲਾ ਪੂਰੇ ਵਿਸ਼ਵ ਵਿੱਚ ਦੂਰੋਂ ਦਿਸਦਾ ਹੈ। ਸਰਮਾਇਆ ਬੜੇ ਲੋਕਾਂ ਕੋਲ ਹੈ ਪਰ ਦਿਲਾਂ ਵਿੱਚ ਗਰੀਬੀ ਵੀ ਕਮਾਲ ਦੀ। ਆਪਣੇ ਘਰਾਂ ਦੇ ਅੰਦਰ ਅੰਦਰ ਹੀ ਉਹ ਸਭਿਆਚਾਰ ਦੇ ਰਾਖੇ ਹਨ ਪਰ ਘਰ ਦੀ ਬਾਹਰਲੀ ਦੀਵਾਰ ਦੇ ਨਾਲ ਹੀ ਕੂੜੇ ਦੇ ਢੇਰ ਉਨਾਂ ਕੀ ਅਸਲੀਅਤ ਦਾ ਪਾਜ਼ ਉਘਾੜਦੇ ਹਨ। ਧਰਤੀ ਮਾਤਾ ਮੰਨਣ ਵਾਲੀ ਕੌਮ ਦੇ ਵਾਰਸਾਂ ਸਾਹਮਣੇ ਵਾਤਾਵਰਨ ਬਹੁਤ ਵੱਡਾ ਸੁਆਲ ਬਣ ਕੇ ਖੜਾ ਹੈ। ਬਿਰਖਾਂ ਦੀ ਹਰਿਆਵਲੀ ਧਰਤੀ ਅੱਜ ਘੋਨਮੋਨ ਹੋ ਚੱਲੀ ਹੈ। ਅਨਾਜ ਉਗਾਉਣ ਦੇ ਲਾ
-
ਗੁਰਭਜਨ ਸਿੰਘ ਗਿੱਲ, ਪ੍ਰਧਾਨ Ą,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.