20 ਫਰਵਰੀ ਬੁੱਧਵਾਰ ਦਾ ਦਿਨ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਦੇ ਇਤਿਹਾਸ ਦਾ ਉਹ ਪਹਿਲਾ ਦਿਨ ਬਣੇਗਾ ਜਿਸ ਵਿੱਚ ਸੂਬੇ ਦੇ 14 ਹਜਾਰ ਦੇ ਕਰੀਬ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜਦੇ 12 ਲੱਖ ਬੱਚੇ, 40 ਹਜਾਰ ਦੇ ਕਰੀਬ ਅਧਿਆਪਕ ਅਤੇ ਤਕਰੀਬਨ 25 ਲੱਖ ਦੇ ਕਰੀਬ ਮਾਪੇ, ਪੰਚਾਇਤਾਂ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਂਇਦੇ ਇੱਕੋ ਸਮੇਂ ਸਕੂਲਾਂ ਦੇ ਸਾਲਾਨਾ ਦਿਵਸ ਮਨਾਉਣਗੇ। ਕਈ ਤਰਾਂ ਦੀਆਂ ਮੁਸ਼ਕਲਾਂ ਨਾਲ ਜੂਝਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਨਾਏ ਜਾਣ ਵਾਲੇ ਇਹ ਸਾਲਾਨਾ ਦਿਵਸ ਸਮਾਗਮ ਜਿੱਥੇ ਭਾਈਚਾਰੇ ਨੂੰ ਮੁੜ ਤੋਂ ਸਰਕਾਰੀ ਸਕੂਲਾਂ ਨਾਲ ਜੋੜਣ ਦਾ ਆਧਾਰ ਬਣਨਗੇ ਉੱਥੇ ਹੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਮਾਜਿਕ ਤਬਦੀਲੀ ਦਾ ਮੁੱਢ ਵੀ ਬੰਨਣਗੇ। ਸਰਕਾਰ ਨੇ ਜਦੋਂ ਤੋਂ ਪੰਜਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਲੈਣੀ ਬੰਦ ਕੀਤੀ ਹੈ, ਸਕੂਲਾਂ ਦੇ ਸਾਰੇ ਦੇ ਸਾਰੇ ਬੱਚੇ ਪਾਸ ਐਲਾਨੇ ਜਾ ਰਹੇ ਹਨ ਅਤੇ ਹੁਣ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਕਾਰਨ ਬੱਚਿਆਂ ਦੀਆਂ ਫਸਟ, ਸੈਕਿੰਡ ਅਤੇ ਥਰਡ ਪੁਜੀਸ਼ਨਾਂ ਵੀ ਦੱਸਣੀਆਂ ਬੰਦ ਹੋ ਚੁੱਕੀਆਂ ਸਨ ਤਾਂ ਅਜਿਹੇ ਮਾਹੌਲ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਸਾਲਾਨਾ ਦਿਵਸ ਮਨਾਉਣੇਂ ਲਗਭਗ ਬੰਦ ਹੋ ਚੁੱਕੇ ਸਨ।ਜਿਸਦਾ ਨਤੀਜਾ ਇਹ ਨਿਕਲਿਆ ਕਿ ਸਮੁਦਾਇ ਦਾ ਇੱਕ ਵੱਡਾ ਹਿੱਸਾ ਹੌਲੀ ਹੌਲੀ ਇਹਨਾਂ ਸਕੂਲਾਂ ਤੋਂ ਦੂਰ ਹੋ ਗਿਆ ਸੀ। ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸਨੇ ਚਾਹੇ ਦੇਰ ਨਾਲ ਹੀ ਸਹੀ ਪ੍ਰੰਤੂ ਇੱਕ ਵੱਡੀ ਤਬਦੀਲੀ ਲਿਆਉਣ ਵਾਲਾ ਕਦਮ ਚੁੱਕਿਆ ਹੈ ਜਿਸ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸਿੱਖਿਆ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਅਤੇ ਡਾਇਰੈਕਟਰ ਜਨਰਨ ਸਕੂਲ ਸਿੱਖਿਆ ਸ੍ਰੀ ਕਾਹਨ ਸਿੰਘ ਪੰਨੂੰ ਵਧਾਈ ਦੇ ਹੱਕਦਾਰ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ 20 ਫਰਵਰੀ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਮਨਾਏ ਜਾਣ ਵਾਲੇ ਇਸ ਦਿਵਸ ਵਿੱਚ ਹਰ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਬੱਚੇ ਭਾਸ਼ਨ, ਗੀਤ, ਕਵੀਸ਼ਰੀ, ਕਵਿਤਾ ਗਾਇਣ, ਸੁੰਦਰ ਲਿਖਾਈ, ਫੈਂਸੀ ਡਰੈੱਸ, ਕੋਰੀਓਗ੍ਰਾਫੀ, ਗਿੱਧਾ, ਭੰਗੜਾ, ਕਲੇਅ ਮਾਡਲਿੰਗ ਅਤੇ ਖੇਡਾਂ/ਲੋਕ ਖੇਡਾਂ ਰਾਹੀਂ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ। ਇਸੇ ਤਰ੍ਹਾਂ ਹੀ ਹਰੇਕ ਸਕੂਲ ਵਿੱਚ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਤਿਆਰ ਕੀਤੀ ਸਿੱਖਿਆ ਸਹਾਇਕ ਸਮੱਗਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।ਸਕੂਲਾਂ ਦੇ ਮੁੱਖ ਅਧਿਆਪਕ ਇਸ ਮੌਕੇ ਆਪਣੇ ਆਪਣੇ ਸਕੂਲ ਦੀ ਸਾਲਾਨਾ ਰਿਪੋਰਟ ਪੜਣਗੇ ਜਿਸ ਵਿੱਚ ਸਕੂਲ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀ ਪ੍ਰਗਤੀ ਅਤੇ ਪ੍ਰਾਪਤੀਆਂ ਬਾਰੇ ਦੱਸਿਆ ਜਾਵੇਗਾ। ਇਸ ਸਮਾਗਮ ਰਾਹੀਂ ਜਿੱਥੇ ਬੱਚਿਆਂ ਨੂੰ ਆਪਣੀਆਂ ਵੱਖ ਵੱਖ ਤਰਾਂ ਦੀਆਂ ਪ੍ਰਤੀਭਾਵਾਂ ਨੂੰ ਉਭਾਰਨ ਦਾ ਵੱਡਾ ਮੌਕਾ ਮਿਲੇਗਾ ਉੱਥੇ ਹੀ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਸਹੂਲਤਾਂ ਅਤੇ ਇਹਨਾਂ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਕਾਰਗੁਜਾਰੀ ਸਮਾਜ ਦੇ ਸਾਹਮਣੇ ਪੇਸ਼ ਕਰਨ ਦਾ ਵਧੀਆ ਮੰਚ ਵੀ ਮਿਲੇਗਾ।
ਪੰਜਾਬ ਦੀ ਪ੍ਰਾਇਮਰੀ ਸਿੱਖਿਆ ਨੂੰ ਰੌਚਿਕ ਬਨਾਉਣ ਅਤੇ ਇਸ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਵਾਸਤੇ ਸਰਕਾਰ ਵੱਲੋਂ ਪਹਿਲਾਂ ਹੀ ਚਲਾਏ ਜਾ ਰਹੇ \'\'ਪ੍ਰਵੇਸ਼ ਪ੍ਰਾਜੈਕਟ\'\' (ਪ੍ਰਾਇਮਰੀ ਵਿੱਦਿਆ ਸੁਧਾਰ ਪ੍ਰਾਜੈਕਟ) ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਯਤਨ ਕੀਤੇ ਜਾ ਰਹੇ ਹਨ ਅਤੇ ਸਾਲਾਨਾ ਦਿਵਸ ਦੇ ਰੂਪ ਵਿੱਚ ਮਨਾਏ ਜਾ ਰਹੇ ਇਸ ਸਮਾਗਮ ਰਾਹੀਂ ਸਰਕਾਰੀ ਸਕੂਲਾਂ ਵਿੱਚ ਬੱਚੇ ਪੜਾਉਣ ਵਾਲੇ ਮਾਪਿਆਂ ਨੂੰ ਵੀ ਇਹੀ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਹੈ ਕਿ ਉਹਨਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਿੱਚ ਪੜਣ ਵਾਲੇ ਬੱਚਿਆਂ ਤੋਂ ਘੱਟ ਨਹੀਂ ਹਨ।
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਵਿੱਦਿਅਕ ਸੈਸ਼ਨ 2013-14 ਵਾਸਤੇ ਵੀ ਕਾਫੀ ਸ਼ੁਭ ਸ਼ਗਨ ਸਾਬਿਤ ਹੋਵੇਗਾ।ਇਸ ਦਾ ਪਹਿਲਾ ਪ੍ਰਭਾਵ ਤਾਂ ਇਹ ਹੋਵੇਗਾ ਕਿ ਸਾਲਾਨਾ ਦਿਵਸ ਤੋਂ ਬਾਅਦ ਸਕੂਲਾਂ ਵਿੱਚ ਤੁਰੰਤ ਨਵੇਂ ਦਾਖਲੇ ਸ਼ੁਰੂ ਹੋ ਜਾਣਗੇ ਜਦੋਂ ਕਿ ਪਹਿਲਾਂ ਇਹ ਦਾਖਲੇ ਇੱਕ ਅਪ੍ਰੈਲ ਤੋਂ ਹੁੰਦੇ ਸਨ। ਦੂਜਾ ਹੁਣ ਤੱਕ ਇਹ ਆਮ ਧਾਰਨਾ ਬਣੀ ਹੋਈ ਸੀ ਕਿ ਸਰਕਾਰੀ ਸਕੂਲ ਸਿਰਫ ਗਰੀਬਾਂ ਦੇ ਬੱਚਿਆਂ ਲਈ ਹੀ ਹਨ ਅਤੇ ਇਹਨਾਂ ਸਕੂਲਾਂ ਵਿੱਚ ਨਾਂ ਹੀ ਤਾਂ ਪੜਾਈ ਹੈ ਅਤੇ ਨਾਂ ਹੀ ਇਹਨਾਂ ਸਕੂਲਾਂ ਦੇ ਬੱਚਿਆਂ ਨੂੰ ਪੜਾਈ ਤੋਂ ਬਗੈਰ ਕੋਈ ਹੋਰ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿੰਨਾਂ ਨਾਲ ਬੱਚੇ ਦਾ ਬਹੁਪੱਖੀ ਵਿਕਾਸ ਹੁੰਦਾ ਹੋਵੇ।
ਬਿਨਾਂ ਸ਼ੱਕ ਸਮਾਜ ਦਾ ਇੱਕ ਵੱਡਾ ਹਿੱਸਾ ਹੌਲੀ ਹੌਲੀ ਸਰਕਾਰੀ ਸਕੂਲਾਂ ਤੋਂ ਦੂਰ ਹੋ ਰਿਹਾ ਸੀ ਪ੍ਰੰਤੂ ਜੇਕਰ ਹੁਣ ਦੇਖੀਏ ਤਾਂ ਸਰਕਾਰ ਦੇ ਯਤਨਾਂ ਸਦਕਾ ਇਹ ਸਕੂਲ ਕਿਸੇ ਪੱਖੋਂ ਵੀ ਘੱਟ ਨਹੀਂ ਜਾਪਦੇ। ਪਹਿਲਾਂ ਸਰਕਾਰੀ ਸਕੂਲ, ਅਧਿਆਪਕਾਂ ਦੀ ਵੱਡੀ ਘਾਟ ਦੇ ਸ਼ਿਕਾਰ ਸਨ ਪਰ ਹੁਣ ਲਗਾਤਾਰ ਹੋ ਰਹੀ ਨਵੀਂ ਭਰਤੀ ਨੇ ਕਾਫੀ ਹੱਦ ਤੱਕ ਇਹ ਘਾਟ ਪੂਰੀ ਕਰ ਦਿੱਤੀ ਹੈ। ਉਂਜ ਵੀ ਸਿੱਖਿਆ ਅਧਿਕਾਰ ਕਾਨੂੰਨ ਲਾਗੂ ਹੋਣ ਕਾਰਨ ਸਰਕਾਰ 31 ਮਾਰਚ 2013 ਤੱਕ ਹਰ ਸਕੂਲ ਵਿੱਚ ਨਿਯਮਾਂ ਅਨੁਸਾਰ ਲੋੜੀਂਦਾ ਸਟਾਫ ਮੁਹੱਈਆ ਕਰਵਾਉਣ ਸਬੰਧੀ ਕਾਨੂੰਨੀ ਤੌਰ ਤੇ ਪਾਬੰਦ ਹੈ।
\'\'ਸਿੱਖਿਆ ਸਭ ਦਾ ਬੁਨਿਆਦੀ ਹੱਕ, ਹਰ ਬੱਚਾ ਪਹੁੰਚੇ ਸਕੂਲ ਤੱਕ\'\' ਦੇ ਨਾਹਰੇ ਨੂੰ ਸਾਕਾਰ ਕਰਨ ਅਤੇ ਸਕੂਲਾਂ ਤੋਂ ਬਾਹਰ ਰਹਿ ਗਏ ਬੱਚਿਆਂ ਨੂੰ ਸਕੂਲਾਂ ਨਾਲ ਜੋੜਣ ਅਤੇ ਪਹਿਲਾਂ ਤੋਂ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵਾਸਤੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੇ ਕਾਫੀ ਅਸਰਦਾਰ ਸਿੱਟੇ ਨਿਕਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।ਸਰਕਾਰ ਦੀ ਇਹਨਾਂ ਸਮਾਗਮਾਂ ਰਾਹੀਂ ਲੜਕੀਆਂ ਦੀ ਸਿੱਖਿਆ ਨੂੰ ਵੀ ਉਤਸ਼ਾਹਿਤ ਕਰਨ ਦੀ ਯੋਜਨਾ ਹੈ। ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਇਸ ਦਿਹਾੜੇ ਦੀ ਵੱਡੀ ਮਹੱਤਤਾ ਦੇ ਮੱਦੇਨਜਰ ਪੁੰਨ ਦਾ ਕੰਮ ਸਮਝ ਕੇ ਹੀ ਆਪਣੀਆਂ ਜੇਬਾਂ ਵਿੱਚੋਂ ਇਹਨਾਂ ਸਮਾਗਮਾਂ ਤੇ ਮੋਟੀ ਰਾਸ਼ੀ ਖਰਚ ਕਰ ਰਹੇ ਹਨ ਜਦੋਂ ਕਿ ਵਿਭਾਗ ਵੱਲੋਂ ਸਕੂਲ ਪ੍ਰਬੰਧਕ ਕਮੇਟੀਆਂ ਦੀ ਟ੍ਰੇਨਿੰਗ ਵਾਲੀ ਗ੍ਰਾਂਟ ਵਰਤਣ ਸਬੰਧੀ ਜੋ ਹੁਕਮ ਜਾਰੀ ਕੀਤੇ ਹਨ, ਉਸ ਗ੍ਰਾਂਟ ਦੇ ਤਾਂ ਬਹੁਗਿਣਤੀ ਸਕੂਲ ਵਰਤੋਂ ਸਰਟੀਫਿਕੇਟ ਵੀ ਦੇ ਚੁੱਕੇ ਹਨ। ਸੋ ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅੱਗੇ ਤੋਂ ਮੈਰਿਜ ਪੈਲੇਸਾਂ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਦੀਆਂ ਟ੍ਰੇਨਿੰਗਾਂ ਦੇ ਨਾਂ ਤੇ ਲੱਖਾਂ ਰੁਪਏ ਖਰਚਣ ਦੀ ਜਗ੍ਹਾ ਜੇਕਰ ਅਜਿਹੇ ਦਿਵਸ ਸਕੂਲਾਂ ਵਿੱਚ ਮਨਾਉਣ ਲਈ ਰਾਸ਼ੀ ਮੁਹੱਈਆ ਕਰਵਾਈ ਜਾਵੇ ਅਤੇ ਵਿੱਦਿਅਕ ਕੈਲੰਡਰ ਵਿੱਚ ਪੱਕੇ ਨਿਯਮ ਬਣਾ ਦਿੱਤੇ ਜਾਣ ਤਾਂ ਵਧੀਆ ਹੋਵੇਗਾ।
-
ਗੁਰਮੀਤ ਬਰਾੜ ਭਲਾਈਆਣਾ, 98144-22022 ਈ-ਮ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.