ਖੇਤ ਮਜ਼ਦੂਰ ਔਰਤਾਂ ਸਾਡੇ ਸਮਾਜ ਦਾ ਸਭ ਤੋਂ ਹੇਠਲਾ, ਸਭ ਤੋਂ ਵੱਧ ਤਿੱਖੀ ਤਰ੍ਹਾਂ ਲੁੱਟਿਆ, ਲਤਾੜਿਆ ਅਤੇ ਦੁਰਕਾਰਿਆ ਜਾਂਦਾ ਹਿੱਸਾ ਹਨ। ਉਹ ਇੱਕੋ ਸਮੇਂ, ਪੂਰੇ-ਸੂਰੇ ਦੋਵੇਂ ਕਿਸਮ ਦੇ ਕੰਮਾਂ ਦਾ ਜੁੰਮਾ ਚੁੱਕਦੀਆਂ ਹਨ। ਉਹ ਖੇਤ ਮਜ਼ਦੂਰਾਂ ਵਜੋਂ ਸਾਰੇ ਦਾ ਸਾਰਾ ਮੁਸ਼ੱਕਤੀ ਕੰਮ ਕਰਦੀਆਂ ਹਨ। ਉਹ ਔਰਤਾਂ ਵਜੋਂ ਕੁਦਰਤ ਵੱਲੋਂ ਸੌਂਪੀ ਅਤੇ ਸਮਾਜ ਵੱਲੋਂ ਮੜ੍ਹੀ ਜਿੰਮੇਵਾਰੀ, ਪੂਰੀ ਦੀ ਪੂਰੀ ਨਿਭਾਉਂਦੀਆਂ ਹਨ। ਕੁਦਰਤ ਵੱਲੋਂ ਸੌਂਪੀ ਜੁੰਮੇਵਾਰੀ ਹੈ, ਮਨੁੱਖੀ ਨਸਲ ਨੂੰ ਅੱਗੇ ਤੋਰਨ ਲਈ ਔਲਾਦ ਨੂੰ ਜਨਮ ਦੇਣਾ। ਸਮਾਜ ਵੱਲੋਂ ਮੜ੍ਹੀ ਜੁੰਮੇਵਾਰੀ ਹੈ, ਔਲਾਦ ਨੂੰ ਤੇ ਸਾਰੇ ਪਰਿਵਾਰ ਨੂੰ ਪਾਲਣ-ਪੋਸਣ ਲਈ ਘਰੇਲੂ ਕੰਮਾਂ ਦੇ ਭਾਰ ਦਾ ਕੋਹਲੂ ਗੇੜਨਾ। ਇਹਨਾਂ ਦੋਵਾਂ ਕੰਮਾਂ ਦੇ ਭਾਰ ਨੂੰ ਮਿਨਣ-ਜੋਖਣ ਲਈ ਇਹ ਕਹਾਵਤ ਠੀਕ ਢੁਕਦੀ ਹੈ, \'\'ਨਾ ਭੱਠਾ ਮੁੱਕੇ, ਨਾ ਗਧਾ ਛੁੱਟੇ\'\'।
ਉਹਨਾਂ ਦੇ ਕੰਮਾਂ ਦਾ ਬੋਝ ਬੇਅੰਤ ਹੈ। ਉਹਨਾਂ ਲਈ ਖਾਧ-ਖੁਰਾਕ, ਆਰਾਮ ਤੇ ਸੰਭਾਲ ਨਹੀਂ ਹੈ। ਨਿਰੀ ਸੁੱਕੀ ਹੱਡ ਰਗੜਾਈ ਹੈ। ਕਾਮੇ ਵਜੋਂ, ਬੱਝਵਾਂ ਤੇ ਸੁਰੱਖਿਅਤ ਰੁਜ਼ਗਾਰ ਮਿਲਣ ਪੱਖੋਂ, ਉਹ ਆਪਣੇ ਸਾਥੀ ਮਰਦ ਮਜ਼ਦੂਰਾਂ ਤੋਂ ਕਿਤੇ ਵੱਧ ਭੈੜੀ ਕਿਸਮ ਦੀ ਅਰਧ-ਰੁਜ਼ਗਾਰੀ ਦਾ ਸ਼ਿਕਾਰ ਹਨ। ਕੰਮ ਦਾ ਪੂਰਾ ਸੂਰਾ ਮਿਹਨਤਾਨਾ ਝੋਲੀ ਪੈਣ ਪੱਖੋਂ ਉਹ ਆਪਣੇ ਸਾਥੀ ਮਰਦ ਖੇਤ ਮਜ਼ਦੂਰਾਂ ਤੋਂ ਕਿਤੇ ਵੱਧ ਫਾਡੀ ਹਨ। ਜਿਥੋਂ ਤੱਕ ਰਾਜ-ਭਾਗ ਅਤੇ ਜ਼ਮੀਨ, ਜਾਇਦਾਦ ਦੀਆਂ ਮਾਲਕ ਜਮਾਤਾਂ ਦੇ ਦਾਬੇ ਦਾ ਸਵਾਲ ਹੈ, ਉਹਨਾਂ ਦੇ ਮਰਦ-ਹੰਕਾਰ ਅਤੇ ਕਾਮ ਵਾਸ਼ਨਾ ਦਾ ਸ਼ਿਕਾਰ ਹੋਣ ਦੇ ਖਤਰੇ ਦਾ ਸਵਾਲ ਹੈ, ਉਹ ਔਰਤਾਂ ਦੀ ਸਭ ਤੋਂ ਬੁਰੀ ਤਰ੍ਹਾਂ ਅਤੇ ਲਗਾਤਾਰ ਕੋਹੀ ਜਾਂਦੀ ਪਰਤ ਬਣਦੀਆਂ ਹਨ। ਉਹਨਾਂ ਦੀ ਹਾਲਤ ਜੰਗਲੀ ਭੇੜੀਆਂ ਦੀ ਹੇੜ੍ਹ ਮੂਹਰੇ ਬੰਨ੍ਹ ਕੇ ਸੁੱਟੇ ਪਠੋਰਿਆ ਦੇ ਵੱਗ ਵਰਗੀ ਹੈ। ਇਹ ਕੁੱਝ ਨਿਰਖਾਂ ਹਨ, ਜਿਹੜੀਆਂ ਖੇਤ ਮਜ਼ਦੂਰਾਂ ਦੀਆਂ ਕੰਮ ਹਾਲਤਾਂ ਨੂੰ ਜਾਨਣ-ਸਮਝਣ ਲਈ ਨੇੜਿਉਂ ਹੋ ਕੇ ਵਿਚਰਦਿਆਂ ਬਣੀਆਂ ਹਨ। ਇਹਨਾਂ ਨਿਰਖਾਂ ਨੂੰ ਉਭਾਰਦੀਆਂ ਕੁੱਝ ਹਕੀਕਤਾਂ ਇਥੇ ਦਰਜ਼ ਕੀਤੀਆਂ ਹਨ। ਇਹ ਹਕੀਕਤਾਂ ਬਠਿੰਡਾ-ਫਰੀਦਕੋਟ ਦੇ ਦਰਮਿਆਨ ਪੈਂਦੇ ਖਿੱਤੇ ਵਿਚਲੇ ਖੇਤਰ \'ਤੇ ਆਧਾਰਤ ਹਨ।
ਪਾਪੀ ਪੇਟ ਦਾ ਸਵਾਲ
ਪੌਣ-ਪਾਣੀ ਤੇ ਅੰਨ! ਬੰਦੇ ਵਿਚ ਸਾਹ ਵਗਦੇ ਰੱਖਣ ਲਈ ਏਦੂੰ ਘੱਟ ਚੀਜ਼ਾਂ ਨਾਲ ਨਹੀਂ ਸਰਦਾ। ਕੁਦਰਤ ਦੀ ਦਾਤ, ਪੌਣ ਦੀ ਬਹੁਤਾਤ ਹੈ। ਇਹ ਕਿਸੇ ਦੇ ਬੰਨ੍ਹਣ-ਖੋਲ੍ਹਣ ਦੀ ਮੁਥਾਜ਼ ਨਹੀਂ। ਕਿਸੇ ਦੀ ਰੋਕ-ਟੋਕ ਤੋਂ ਬਿਨਾ ਵਗਦੀ ਹੈ। ਇਸ ਲਈ ਸਭ ਨੂੰ ਮਿਲਦੀ ਹੈ। ਪਰ ਪੀਣ, ਨਹਾਉਣ ਤੇ ਕੱਪੜੇ ਧੋਣ ਲਈ ਪਾਣੀ ਆਮੋ-ਆਮ ਨਹੀਂ ਹੈ। ਪਾਣੀ ਆਮ ਹੋਵੇ ਤਾਂ ਚੰਗੇ ਭਾਗਾਂ ਦੀ ਗੱਲ ਸਮਝੀ ਜਾਂਦੀ ਹੈ। ਬਹੁਤੇ ਪਿੰਡ ਅਜਿਹੇ ਹਨ, ਜਿਥੋਂ ਦਾ ਪਾਣੀ ਪੀਣ ਲਈ ਬੇ-ਸੁਆਦ ਹੈ। ਸਰੀਰ ਦਾ ਨਾਸ਼ ਮਾਰਨ ਵਾਲਾ ਹੈ। ਇਹ ਹੱਡੀਆਂ ਨੂੰ ਗਾਲ਼ਦਾ ਹੈ। ਮਰੋੜਦਾ ਹੈ, ਸਾਹ-ਦਮਾ ਵਰਗੀਆਂ ਨਾ-ਮੁਰਾਦ ਬਿਮਾਰੀਆਂ ਦੇ ਹੱਲੇ ਨੂੰ ਹੱਲਾਸ਼ੇਰੀ ਦਿੰਦਾ ਹੈ। ਜੇ ਪਾਣੀ ਦੀ ਇਹ ਹਾਲਤ ਹੈ ਤਾਂ ਤੁਸੀਂ ਵਾਟਰ ਵਰਕਸ ਦੀ ਟੂਟੀ ਆਪਣੇ ਘਰੇ ਲਵਾ ਲਓ। ਕਿਉਂ ਨਹੀਂ ਲਵਾਉਂਦੇ? ਜੇ ਤੁਸੀਂ ਇਹ ਸਵਾਲ ਖੇਤ ਮਜ਼ਦੂਰ ਪਰਿਵਾਰਾਂ ਨੂੰ ਕਰ ਬੈਠੋ ਤਾਂ ਤੁਸੀਂ \'\'ਨਿਰੇ ਯੱਬਲ੍ਹ\'\' ਸਮਝੇ ਜਾਓਗੇ। ਇਹ ਪੱਕੀ ਗੱਲ ਹੈ। ਕਿਉਂਕਿ, ਪਹਿਲੇ, ਸਰਕਾਰੀ ਵਾਟਰ ਵਰਕਸ ਦੀ ਟੈਂਕੀ ਦਾ ਐਨਾ ਮਾਜਨਾ ਕਿਥੇ ਹੈ ਕਿ ਉਹ ਘਰ ਘਰ ਨੂੰ ਟੂਟੀ ਦੇ ਸਕੇ। ਦੂਜੇ, ਖੇਤ ਮਜ਼ਦੂਰ ਪਰਿਵਾਰ ਦੀ ਕਮਾਈ ਵਿਚ ਐਨੀ ਬਰਕਤ ਕਿਥੇ ਹੈ ਕਿ ਉਹ ਪਾਣੀ ਵਰਗੀ ਸਹੂਲਤ ਨੂੰ ਮਾਨਣ ਲਈ ਪੈਸਾ ਖਰਚ ਸਕੇ। ਸੋ ਇਹ ਤਾਂ ਮਜ਼ਦੂਰ ਵਿਹੜੇ ਵਿਚ ਇੱਕ ਜਾਂ ਦੋ ਥਾਵਾਂ \'ਤੇ ਲੱਗੀ ਟੂਟੀ ਹੀ ਹੈ, ਜਿਹੜੀ \'ਬੜੀ ਨਿਆਮਤ ਚੀਜ਼ ਹੈ।\'\' ਉਹ ਦਿਹਾੜੀ ਵਿਚ ਇੱਕ ਵਾਰ ਵਗੇ ਜਾਂ ਦੋ ਵਾਰ। ਘੰਟੇ ਵਾਸਤੇ ਆਵੇ ਜਾਂ ਮਿੰਟਾਂ ਵਾਸਤੇ, ਇਹੀ ਦਾਤੀ ਹੈ। \'\'ਟੂਟੀ ਆਗੀ\'\' ਦਾ ਹੋਕਰਾ ਵੀਹੀ ਵਿਚ ਪੈਂਦਾ ਹੈ। ਹੋਕਰਾ ਪੈਣ ਸਾਰ ਇੱਕ ਦੂਜੀ ਤੋਂ ਜ਼ਿਆਦਾ ਤੇ ਪਹਿਲਾਂ ਪਾਣੀ ਭਰਨ ਲਈ ਟੂਟੀ ਦੇ ਘੜਮੱਸ ਪੈਂਦੀ ਹੈ। ਲਾਈਨ ਲੱਗਦੀ ਹੈ। ਕਈ ਵਾਰ ਤੂੰ-ਤੂੰ, ਮੈਂ-ਮੈਂ ਵੀ ਹੋ ਜਾਂਦੀ ਹੈ। ਧੀਉ-ਭੈਣੀ ਵੀ ਹੋ ਜਾਂਦੀ ਹੈ। ਸੋ ਘਰ ਦੇ ਸਾਰੇ ਜੀਆਂ ਦੇ ਪੀਣ ਤੇ ਨਹਾਉਣ ਦੇ ਪਾਣੀ ਦਾ ਪ੍ਰਬੰਧ ਕਰਨਾ ਔਰਤ ਦੀ ਜੁੰਮੇਵਾਰੀ ਹੈ। ਮਰਦਾਂ ਲਈ ਇਹ ਕੰਮ ਲੱਗਣਾ, ਮਿਹਣਾ ਹੈ। ਔਰਤਾਂ ਲਈ 8-10 ਘੜੇ ਪਾਣੀ ਦੇ ਭਰੀ ਰੱਖਣਾ ਜ਼ਰੂਰੀ ਹੈ। ਤੋਟ ਦਾ ਪਾਣੀ ਵਰਤਣ ਲਈ ਸੰਜਮ ਤੋਂ ਕੰਮ ਲੈਣਾ ਜ਼ਰੂਰੀ ਹੈ। ਇਸ ਨੂੰ ਸੁਭਾਅ ਦਾ ਅੰਗ ਬਣਾਉਣਾ ਉਹਨਾਂ ਦੀ ਮਜ਼ਬੂਰੀ ਹੈ। ਕੱਪੜੇ ਧੋਣ ਤੇ ਪਸ਼ੂਆਂ ਨੂੰ ਨਹਾਉਣ ਪਿਆਉਣ ਦਾ ਆਹਰ ਕਰਨਾ ਇਸਤੋਂ ਵੱਖਰਾ ਰਿਹਾ।
\'\'ਅੰਨ! ਜਾਣੀ ਦੋਵੇਂ ਡੰਗ ਤੇ ਰੱਜਵੀਂ ਰੋਟੀ!! ਜੇ ਇਹ ਯਕੀਨੀ ਹੋ ਜਾਵੇ ਤਾਂ......।\'\' ਤੁਸੀਂ ਕਿਸੇ ਖੇਤ ਮਜ਼ਦੂਰ ਪਰਿਵਾਰ ਨੂੰ ਇਉਂ ਪੁੱਛੋਂ। \'\'ਫੇਰ ਕੀਹਦੇ ਲੈਣ ਦੇ ਆਂ\'\' ਚਮਕਦੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਨਾਲ ਉਹਨਾਂ ਦਾ ਜੁਆਬ ਆਵੇਗਾ। \'\'ਦੋਵੇ ਡੰਗ ਤੇ ਰੱਜਵੀਂ ਰੋਟੀ\'\' ਤੋਂ ਉਹਨਾਂ ਦੀ ਕੀ ਮੁਰਾਦ ਹੈ? ਸਾਡੇ ਸਿਹਤ ਵਿਗਿਆਨੀਆਂ ਅਤੇ ਸਿਹਤ ਸੰਭਾਲ ਦੇ ਨੁਖਸੇ ਦੱਸਣ ਵਾਲੇ ਸਰਕਾਰੀ ਪਰਚਾਰਕਾਂ ਵੱਲੋਂ ਗਿਣਾਏ ਜਾਂਦੇ ਪਦਾਰਥਾਂ ਵਿਚੋਂ ਉਹ ਕੀ ਖਾਣਾ ਮੰਗਦੇ ਹਨ? ਦੁੱਧ, ਪਨੀਰ, ਅੰਡੇ, ਮੱਛੀ, ਮੀਟ, ਫਲ, ਫਲਾਂ ਦਾ ਰਸ, ਸੁੱਕੇ ਮੇਵੇ, ਦਾਲਾਂ, ਪੱਤੇਦਾਰ ਸਬਜ਼ੀਆਂ, ਫਲੀਦਾਰ ਸਬਜ਼ੀਆਂ, ਹਰੀਆਂ ਕੱਚੀਆਂ ਸਬਜ਼ੀਆਂ, ਜਿਵੇਂ ਮੂਲੀ, ਗਾਜਰ, ਖੀਰਾ, ਟਮਾਟਰ ਜਾਂ ਹੋਰ ਕੋਈ ਸਲਾਦ? ਨਹੀਂ, ਨਹੀਂ। ਇਹੋ ਜਿਹਾ ਕੁੱਝ ਵੀ ਨਹੀਂ ਮੰਗਦੇ! ਕੀ ਉਹ \'\'ਦੁੱਧ ਮੱਖਣ ਨਾਲ ਪਲਣ\'\' ਵਾਲਾ, ਪੰਜਾਬੀਆਂ ਵਾਲਾ ਸ਼ੌਕ ਪੂਰਾ ਕਰਨ ਦੀ ਤਮੰਨਾ ਰੱਖਦੇ ਹਨ? ਦੋਵੇਂ ਡੰਗ ਰੱਜਵਾਂ ਥੰਦਾ-ਮਿੱਠਾ, ਦੁੱਧ ਤੇ ਦਹੀਂ ਮੰਗਦੇ ਹਨ? ਨਹੀਂ ਇਹ ਵੀ ਨਹੀਂ! ਇਹਦੇ ਵਿਚੋਂ ਕੁੱਝ ਵੀ ਨਹੀਂ। ਉਹ ਤਾਂ ਦੋ ਡੰਗਾਂ ਲਈ ਪੂਰੇ ਟੱਬਰ ਜੋਗਾ ਆਟਾ ਮੰਗਦੇ ਹਨ। ਤੇ ਜੇ ਹੋ ਸਕੇ ਤਾਂ ਨਾਲ ਖਾਣ ਨੂੰ ਦਾਲ ਮੰਗਦੇ ਹਨ। ਇਹ ਉਹਨਾਂ ਦਾ ਹਮੇਸ਼ਾਂ ਅਧੂਰਾ ਰਹਿੰਦਾ ਟੀਚਾ ਹੈ। ਦੋਵੇਂ ਡੰਗ ਦਾਲ-ਸਬਜ਼ੀ ਖਰੀਦਣ ਵਾਸਤੇ, ਪਹਿਲੀ ਗੱਲ ਤਾਂ ਪੱਲੇ ਪੈਸਾ ਹੀ ਨਹੀਂ ਹੁੰਦਾ। ਜਦੋਂ ਕਣਕ ਅਤੇ ਨਰਮੇ ਦੇ ਸੀਜਨ ਵਿਚ ਪੈਸਾ ਹੱਥ ਹੁੰਦਾ ਹੈ ਤਾਂ ਕੰਮ ਦੇ ਕਸ ਸਦਕਾ ਬਣਾਉਣ ਦਾ ਟੈਮ ਨਹੀਂ ਹੁੰਦਾ। ਇੱਕ ਡੰਗ ਦਾਲ ਸਬਜ਼ੀ ਤੇ ਇੱਕ ਡੰਗ ਲੂਣ-ਮਿਰਚਾਂ ਨਾਲ ਰੋਟੀ ਜੁੜ ਜਾਵੇ ਤਾਂ \'\'ਸ਼ੁਕਰ ਹੈ\'\' ਕਿਹਾ ਜਾਂਦਾ ਹੈ। ਮੰਗਵੀਂ ਲੱਸੀ ਮਿਲ ਜਾਣੀ ਚੰਗੀ ਨਿਆਮਤ ਹੈ। ਟਾਵਿਆਂ ਘਰਾਂ ਦੇ ਨਸੀਬਾਂ ਵਿਚ ਹੈ। ਲੱਸੀ ਦੀ ਕੌਲੀ ਵਿਚ ਘੋਲੀਆਂ ਮਿਰਚਾਂ, ਮਿਰਚਾਂ ਵਿਚ ਕੁੱਟਿਆ ਗੰਢਾ ਜਾਂ ਚਿੱਬੜ ਜਾਂ ਲੂਣ ਤੇ ਪਾਣੀ ਦੀਆਂ ਤਿੱਪਾਂ, ਇਹੀ ਖਾਈਆ ਹੈ, ਮੰਨੀਆਂ ਦੇ ਨਾਲ ਖਾਣ ਵਾਲਾ।
ਕੁੱਝ ਪਰਿਵਾਰ, ਕੁੱਝ ਦਿਨਾਂ ਵਾਸਤੇ ਤਾਂ ਲਾਜ਼ਮੀ ਹੀ ਨਿਰੇ ਆਟੇ ਤੋਂ ਵੀ ਖਾਲੀ ਰਹਿ ਜਾਂਦੇ ਹਨ। ਉਹ ਫਾਕੇ ਕੱਟਦੇ ਹਨ। ਭੁੱਖ, ਢਿੱਡ ਦੀਆਂ ਆਂਦਰਾ ਨੂੰ ਅੰਦਰੋਂ ਖੁਰਚਦੀ ਹੈ। ਖੋਂਹਦੀ ਹੈ। ਸਰੀਰ ਨੂੰ ਤੜਪਾਉਂਦੀ ਹੈ। ਪਰ ਚਾਰੇ ਪਾਸਿਉਂ ਬੇਵਸ ਪਰਿਵਾਰ, ਹਿੱਕ ਨਾਲ ਗੋਡੇ ਘੁੱਟ ਕੇ ਗੁੱਛਾ-ਮੁੱਛਾ ਹੋ ਰਹਿੰਦਾ ਹੈ। ਬਹੁਤੇ ਪਰਿਵਾਰ ਅਗਾਊਂ ਡੂਢੀ-ਸਵਾਈ ਤੇ ਦਾਣੇ ਲੈ ਕੇ, ਆਉਂਦੀ ਫਸਲ ਵਿਚ ਮੋੜਨਾ ਕਰਕੇ ਜਾਂ ਵਿਆਜੂ ਫੜਕੇ ਗੁਜਾਰਾ ਕਰਦੇ ਹਨ। ਜਿਹਨਾਂ ਪਰਿਵਾਰਾਂ ਕੋਲ ਸਾਰੇ ਸਾਲ ਲਈ ਖਾਣ ਜੋਗਰੇ ਦਾਣੇ ਜਮ੍ਹਾਂ ਹੋਣ \'ਤੇ ਸਿਰ \'ਤੇ ਕਰਜ਼ ਨਾ ਹੋਵੇ, ਉਹ ਚੰਗੇ ਗੁਜਾਰੇ ਵਾਲੇ ਗਿਣੇ ਜਾਂਦੇ ਹਨ। ਟਾਵੇਂ ਹੀ ਅਜਿਹੇ ਪਰਿਵਾਰ ਹੋਣਗੇ। ਇਉਂ ਇਹ ਪਾਪੀ ਪੇਟ ਬਹੁਤ ਸਤਾਉਂਦਾ ਹੈ। ਇਸਨੂੰ ਭਰਨ ਦਾ ਹੀਲਾ-ਵਸੀਲਾ ਕਰਨਾ ਹੀ ਜ਼ਿੰਦਗੀ ਦਾ ਵੱਡਾ ਕੰਮ ਬਣਿਆ ਰਹਿੰਦਾ ਹੈ।
ਤਪਸ਼, ਠਾਰੀ ਤੇ ਮੀਂਹ ਦੀ ਮਾਰ
\'\'ਨੰਗ ਢਕਣ ਤੇ ਸਿਰ ਢਕਣ ਦਾ ਮਾੜਾ- ਮੋਟਾ ਜੁਗਾੜ ਕਰੇ ਬਿਨਾ ਵੀ ਨਹੀਂ ਸਰਦਾ।\'\' ਇਹ ਹੈ ਵੱਧੋ-ਵੱਧ ਆਸਾਂ ਦਾ ਘੇਰਾ। ਸਿਆਲ ਦੀ ਠੰਡ ਦੇ ਕਹਿਰ ਨੂੰ ਝੱਲਣ ਵਾਸਤੇ \'ਕੱਲੇ ਸਰੀਰ ਦੀ ਤਾਕਤ ਤੇ ਗਰਮੀ, ਭਾਵੇਂ ਉਹ ਕਿੰਨੀ ਵੀ ਕਿਉਂ ਨਾ ਹੋਵੇ, ਪੂਰੀ ਨਹੀਂ ਪੁਗਦੀ। ਰਾਤਾਂ ਨੂੰ ਸਾਰੇ ਜੀਆਂ ਵਾਸਤੇ ਗਦੈਲਾ, ਰਜਾਈ ਚਾਹੀਦੀ ਹੈ। ਦਿਨ ਨੂੰ ਮੋਟੇ ਸਿਆਲੂ ਕੱਪੜੇ ਚਾਹੀਦੇ ਹਨ। ਕੋਈ ਸਵੈਟਰ ਜਾਂ ਕੋਟੀ ਅਤੇ ਉਪਰ ਲੈਣ ਨੂੰ ਕੋਈ ਖੇਸ ਜਾਂ ਕੰਬਲ। ਇਹ ਸਭ ਕੁੱਝ ਤਾਂ ਅਣਸਰਦੀ ਲੋੜ ਹੀ ਹੈ। ਪਰ ਖੇਤ ਮਜ਼ਦੂਰ ਪਰਿਵਾਰ ਇਸ ਅਣ-ਸਰਦੇ ਨਿੱਘ ਤੋਂ ਵਿਰਵੇ ਰਹਿੰਦੇ ਹਨ। ਪਾਲੇ ਦਾ ਕਹਿਰ ਆਪਣੇ ਪਿੰਡਿਆਂ \'ਤੇ ਝੱਲਦੇ ਹਨ। ਇੱਕ ਬਿਸਤਰੇ ਵਿਚ ਪਰਿਵਾਰ ਦੇ ਵੱਡੇ ਜੀਆਂ ਨਾਲ ਇੱਕ ਦੋ ਜਾਂ ਤਿੰਨ ਜੁਆਕਾਂ ਨੂੰ ਪਾਉਣਾ ਆਮ ਗੱਲ ਹੈ। ਇਸ ਨੂੰ \'\'ਲੋੜ ਜੋਗਰਾ ਹੈਗਾ\'\' ਸਮਝ ਲਿਆ ਜਾਂਦਾ ਹੈ। ਕਿਸੇ ਆਏ ਗਏ ਵਾਸਤੇ ਰਾਖਵਾਂ ਸਿਆਲੂ ਬਿਸਤਰਾ ਹੋਣਾ, ਵਿਰਲੇ ਘਰਾਂ ਦਾ ਮਾਮਲਾ ਹੀ ਹੈ। ਇਸ ਨੂੰ ਪਰਿਵਾਰ ਦੀ ਚੰਗੀ ਹਾਲਤ ਸਮਝਿਆ ਜਾਂਦਾ ਹੈ। ਇਹੋ ਹਾਲ ਲੋੜੀਂਦੇ ਮੰਜਿਆਂ ਦਾ ਹੈ। ਬੱਸ ਮਜ਼ਦੂਰਾਂ ਦੇ ਪੱਲੇ ਚੁੱਲ੍ਹੇ ਦਾ ਨਿੱਘ ਜਾਂ ਧੂਣੀ ਵਿਚੋਂ ਉਠਦਾ ਸੇਕ ਹੀ ਹੈ। ਇਹੀ ਸਿਰ ਤੱਕ ਚੜ੍ਹਦੀ ਠਾਰੀ ਨੂੰ ਭੰਨਣ ਲਈ \'\'ਸੁਆਦ ਵਾਲੀ ਚੀਜ਼ ਹੈ।\'\' ਇਹਦੇ ਦੁਆਲੇ ਵੱਡਿਆਂ-ਛੋਟਿਆਂ ਦੇ ਗੁਫਲੇ ਜੁੜੇ ਰਹਿੰਦੇ ਹਨ।
ਗਰਮੀਆਂ ਦੀ ਧੁੱਪ ਦੇ ਸੇਕ ਤੇ ਭੜਦਾਅ ਨੂੰ ਝੱਲਣ ਵਾਸਤੇ ਸਿਰ-ਪੈਰ ਦਾ ਚੱਜ ਨਾਲ ਢਕਿਆ ਹੋਣਾ ਚਾਹੀਦਾ ਹੈ। ਹਵਾਦਾਰ, ਛਾਂ-ਦਾਰ ਵਿਹੜਾ ਤੇ ਘਰ ਹੋਣਾ ਚਾਹੀਦਾ ਹੈ। ਪਰ ਇਹ ਕੁੱਝ ਤਾਂ ਉਂਗਲਾਂ \'ਤੇ ਗਿਣੇ ਜਾਣ ਜੋਗੇ ਪਰਿਵਾਰਾਂ ਕੋਲ ਵੀ ਨਹੀਂ ਹੁੰਦਾ। ਪਰਿਵਾਰ ਦੇ ਸਾਰੇ ਜੀਆਂ ਵਾਸਤੇ ਇੱਕੋ-ਇੱਕ ਕੋਠੜੀ ਹੁੰਦੀ ਹੈ। \'\'ਏਨੇ ਨਾਲ ਸਿਰ ਢਕਣ ਹੋ ਗਿਆ\'\' ਮੰਨ ਲੈਣ ਲਈ ਇਹੀ ਕੋਠੜੀ ਕਾਫੀ ਸਮਝੀ ਜਾਂਦੀ ਹੈ। ਪਰਿਵਾਰਾਂ ਦਾ ਵੱਡਾ ਹਿੱਸਾ ਇਉਂ ਹੀ ਰਹਿੰਦਾ ਹੈ। ਇਉਂ ਹੀ ਜਿਉਂਦਾ ਹੈ, ਸਬਰ ਕਰਦਾ ਹੈ। ਪਹਿਨਣ-ਪਚਰਨ ਦੇ ਨਿੱਤ ਬਦਲਦੇ ਫੈਸ਼ਨ, ਕੱਪੜੇ-ਜੁੱਤੇ ਦੇ ਨਵੇਂ-ਨਕੋਰ ਡੀਜਾਈਨ, ਉਹਨਾਂ ਦੇ ਸੁਪਨਿਆ ਵਿਚੋਂ ਵੀ ਗਾਇਬ ਹਨ। ਸਾਫ਼, ਖੁੱਲ੍ਹੇ ਤੇ ਹਵਾਦਾਰ ਘਰ ਤੇ ਸ਼ਾਦੀ -ਸ਼ੁਦਾ ਜੋੜਿਆਂ ਵਾਸਤੇ ਨਿਵੇਕਲਾ ਵੱਖਰਾ ਢਾਰਸ ਹੋਣ ਦੀ ਆਸ ਰੱਖਣੀ, \'\'ਬਹੁਤ ਓਪਰੀ ਗੱਲ ਹੈ।\'\' ਬਿਜਲੀ ਦਾ ਕੋਈ ਕੋਈ ਬਲਬ ਅੱਧੇ ਕੁ ਘਰਾਂ ਵਿਚ ਜਗਦਾ ਹੈ। ਬਾਕੀ ਥਾਵਾਂ \'ਤੇ ਮਿੱਟੀ ਦੇ ਤੇਲ ਦਾ ਦੀਵਾ ਤੇ ਨਿੱਕੜੀ ਮੋਮਬੱਤੀ ਹੀ ਮੱਚਦੀ ਹੈ। ਰਾਤ ਨੂੰ ਘਰ ਦੀਆਂ ਮੋਟੀਆਂ ਚੀਜ਼ਾਂ ਪਛਾਨਣ ਵਾਲੇ \'\'ਚੰਗਾ ਚਾਨਣ\'\' ਗਿਣੀ ਜਾਂਦੀ ਹੈ।
ਬਰਸਾਤ ਸ਼ੁਰੂ ਹੋ ਜਾਵੇ ਤਾਂ ਖਾਣ-ਪਕਾਉਣ ਦਾ ਕੰਮ ਪੈਣ-ਸੌਣ ਵਾਲੀ ਕੋਠੜੀ ਵਿਚ ਹੀ ਆ ਜਾਂਦਾ ਹੈ। ਸੁੱਕਾ ਬਾਲਣ ਸਾਂਭਣ-ਲਿਆਉਣ ਤੇ ਨੀਰਾ ਲਿਆਉਣ ਦਾ ਕੰਮ ਦੁੱਭਰ ਹੋ ਜਾਂਦਾ ਹੈ। ਪਸ਼ੂਆਂ ਦੇ ਢਿੱਡ ਭਰਨਾ ਮੁਸ਼ਕਲ ਹੋ ਜਾਂਦਾ ਹੈ। ਜੇ ਮੀਂਹ ਵਧ ਜਾਵੇ, ਪਾਣੀ ਚੜ੍ਹ ਜਾਵੇ ਤਾਂ \'\'ਕੱਚਾ ਸਿਰ-ਢਕਣ\'\' ਫਿੱਸਣ-ਚੋਣ ਲੱਗ ਜਾਂਦਾ ਹੈ। ਗਰਨ-ਗਰਨ ਡਿਗਣ ਲੱਗ ਜਾਂਦਾ ਹੈ। ਨਾ ਹੜ੍ਹਾਂ ਸਦਕਾ ਮਰੇ ਰੁਜ਼ਗਾਰ ਦਾ ਮੁਆਵਜਾ ਮਿਲਦਾ ਹੈ। ਖੋਲ਼ਾ ਬਣੇ ਕੋਠੜਿਆਂ ਨੂੰ ਥੰਮ੍ਹੀਆਂ ਦੇਣ ਲਈ ਕੋਈ ਸਹਾਰਾ ਮਿਲਦਾ ਹੈ। ਬੱਸ ਆਪਣੀ ਬਣੀ, ਆਪੇ ਨਿਬੇੜਨ। ਬੱਸ ਇਹੋ ਜਿਹਾ ਹੈ, ਖੇਤ ਮਜ਼ਦੂਰ ਪਰਿਵਾਰਾਂ ਦਾ \'\'ਖਾਣ-ਹੰਢਾਉਣ\'\'। ਜੀਹਦੇ ਵਿਚ ਇਹ ਔਰਤਾਂ ਪੈਦਾ ਹੁੰਦੀਆਂ ਹਨ। ਬਚਪਨਾ ਗੁਜਾਰਦੀਆਂ ਹਨ। ਵੱਡੀਆਂ ਹੁੰਦੀਆਂ ਹਨ ਤੇ ਜ਼ਿੰਦਗੀ ਦੇ ਢਲੇ ਦਿਨ ਗੁਜਾਰਦੀਆਂ ਹਨ। ਉਹਨਾਂ ਦੀ ਸੋਚ, ਸੁਭਾਅ ਅਤੇ ਸਰੀਰ ਉੱਤੇ ਇਹਨਾਂ ਹਾਲਤਾਂ ਦੀ ਡੂੰਘੀ ਮੋਹਰਛਾਪ ਹੁੰਦੀ ਹੈ। ਸਪੱਸ਼ਟ, ਸਿੱਧੀ-ਸਾਦੀ ਤੇ ਮੋਟੀ-ਠੁੱਲ੍ਹੀ ਸੋਚਣੀ। ਸੰਸਿਆਂ, ਝੋਰਿਆਂ, ਤੇ ਤੰਗੀਆਂ-ਤੁਰਸ਼ੀਆਂ ਵਿਚ ਹੰਢਿਆ-ਤਪਿਆ, ਬੇਸੰਸ, ਸਖਤ ਤੇ ਲੜਾਕੂ ਸੁਭਾਅ। ਮਿਹਨਤਾਂ ਮੁਸ਼ੱਕਤਾਂ ਵਿਚ ਰੜ੍ਹਿਆ ਤੇ ਹਾੜ੍ਹ-ਸਿਆਲ ਦੇ ਤੱਤੇ-ਠੰਡੇ ਵਿਚ ਨਿਭ ਕੇ ਬਣਿਆ, ਕਾਠੀ ਹੱਡੀ ਵਾਲਾ ਸਰੀਰ।
ਸੋਕੜੇ ਮਾਰਿਆ ਰਿਜ਼ਕ
ਐਨੇ ਮਿਹਨਤੀ ਅਤੇ ਸਿਰੜੀ ਸੁਭਾਅ ਦੀਆਂ ਮਾਲਕ, ਇਹ ਖੇਤ ਮਜ਼ਦੂਰ ਔਰਤਾਂ, ਕੀ ਚੱਜ ਹਾਲ ਦਾ ਜਿਉਣ ਲਈ ਹੋਰ ਕਮਾਈ ਨਹੀਂ ਕਰ ਸਕਦੀਆਂ? ਹੋਰ ਮਿਹਨਤ-ਮੁਸ਼ੱਕਤ ਕਰਕੇ ਚੰਗਾ ਤੋਰਾ ਨਹੀਂ ਤੋਰ ਸਕਦੀਆਂ? ਇਉਂ ਸਵਾਲ ਪੁੱਛਿਆ ਜਾਣਾ ਕੁਦਰਤੀ ਹੈ। ਨਹੀਂ ਕਰ ਸਕਦੀਆਂ, ਜਿੰਨਾ ਚਿਰ ਜ਼ਮੀਨ ਜਾਇਦਾਦ ਦੀ ਕਾਣੀ ਵੰਡ ਵਾਲੀ ਮਾਲਕੀ ਵਾਲਾ ਮੌਜੂਦਾ ਪ੍ਰਬੰਧ ਨਹੀਂ ਬਦਲਦਾ। ਇਸ ਲੁੱਟ-ਖਸੁੱਟ ਤੇ ਕਾਣੀ ਵੰਡ ਵਾਲੇ ਆਰਥਕ ਪਰਬੰਧ ਦੀ ਰਾਖੀ ਕਰਦਾ, ਮੌਜੂਦਾ ਰਾਜ ਪ੍ਰਬੰਧ ਮੁੱਢੋਂ-ਸੁੱਢੋਂ ਨਹੀਂ ਬਦਲਦਾ। ਉਹਨਾਂ ਕੋਲ ਹੋਰ ਮਿਹਨਤ ਕਰਨ ਲਈ, ਨਾ ਹਿੰਮਤ ਦੀ ਤੋਟ ਹੈ, ਨਾ ਇਰਾਦੇ ਦੀ ਘਾਟ ਹੈ। ਜੇ ਤੋਟ ਹੈ ਤਾਂ ਰਿਜ਼ਕ ਦੀ, ਰੁਜ਼ਗਾਰ ਦੇ ਮੌਕਿਆਂ ਦੀ। ਰੁਜ਼ਗਾਰ ਦੇ ਇਵਜ਼ ਵਿਚ ਮਿਲਦੇ ਵਾਜਬ ਮਿਹਨਤਾਨੇ ਦੀ।
ਬੀਜਣ ਤੋਂ ਵੱਢਣ ਤੱਕ 4 ਮਹੀਨੇ ਲੈਂਦੀ ਹੈ, ਹਾੜੀ ਦੀ ਫਸਲ। ਪਰ ਸਿਰਫ ਵਾਢੀ ਦੇ ਜ਼ੋਰ ਵਾਲੇ 15 ਜਾਂ 20 ਦਿਨ ਕੰਮ ਮਿਲਦਾ ਹੈ। ਉਹਨਾਂ ਦੇ ਪਰਿਵਾਰਾਂ ਦੇ ਮਰਦ ਕਾਮਿਆਂ ਕੋਲੋਂ ਵੀ ਵਹਾਈ, ਬਿਜਾਈ ਤੇ ਗੁਡਾਈ ਦਾ ਕੰਮ ਟਰੈਕਟਰ ਤੇ ਦਵਾਈਆਂ ਨੇ ਖੋਹ ਲਿਆ ਹੈ। ਇਹਨਾਂ 15-20 ਦਿਨਾਂ ਵਿਚ ਹਰ ਉਮਰ ਦੀਆਂ ਔਰਤਾਂ ਕੰਮ ਵਿਚ ਜੁਟਦੀਆਂ ਹਨ। ਬੱਚੀਆਂ ਤੋਂ ਲੈ ਕੇ, ਚਲਦੇ ਨੈਣ-ਪਰਾਣਾਂ ਵਾਲੀਆਂ ਬੁੱਢੀਆਂ ਮਾਵਾਂ ਤੱਕ। ਕਿਸੇ ਨੂੰ ਦਿਹਾੜੀ ਮਿਲੇ ਜਾਂ ਪਰਿਵਾਰ ਵੱਲੋਂ ਠੇਕੇ-ਹਿੱਸੇ \'ਤੇ ਵੱਢਣ ਲਈ ਖਿੱਤਾ ਮਿਲ ਜਾਵੇ, ਉਹ ਜਾਨ ਤੋੜ ਕੇ ਕੰਮ ਕਰਦੀਆਂ ਹਨ। ਨਰਮੇ ਦੀ ਫਸਲ ਬਾਕੀ ਦੇ 8 ਮਹੀਨੇ ਲੈਂਦੀ ਹੈ। ਇਹਦੇ ਵਿਚੋਂ ਨਰਮੇ ਦੀ ਚੋਣੀ ਦੇ ਢਾਈ ਤੋਂ ਤਿੰਨ ਮਹੀਨੇ ਔਰਤਾਂ ਦੇ ਕਰਨ ਜੋਗਰਾ \'\'ਚੋਣੀ\'\' ਦਾ ਕੰਮ ਨਿਕਲਦਾ ਹੈ। ਇਥੇ ਫੇਰ ਉਹ, ਉਵੇਂ ਜਿਵੇਂ ਹੀ ਜੁਟਦੀਆਂ ਹਨ। ਜੀਅ-ਜਾਨ ਨਾਲ ਕੰਮ ਕਰਦੀਆਂ ਹਨ। ਹਰੇਕ ਉਮਰ ਦੀਆਂ, ਮਾੜੀ-ਚੰਗੀ ਸਿਹਤ ਵਾਲੀਆਂ ਸਭ ਦੀਆਂ ਸਭ ਖੇਤੀਂ ਹੁੰਦੀਆਂ ਹਨ। ਮਰਦ ਖੇਤ ਮਜ਼ਦੂਰਾਂ ਨੂੰ ਸੌਣੀ ਦੀ ਫਸਲ ਵਿਚੋਂ ਕੁੱਝ ਹੱਦ ਤੱਕ ਨਰਮੇ ਦੀ ਗੁਡਾਈ ਦਾ (ਸੀਜਨ ਦੇ ਵਾਧੇ ਘਾਟੇ ਸਮੇਤ) ਅਤੇ ਦਵਾਈ ਛਿੜਕਾਈ ਦਾ ਕੰਮ ਮਿਲਦਾ ਹੈ। ਦਵਾਈ ਛਿੜਕਾਈ ਦਾ ਕੰਮ ਹੁੰਦਾ ਵੀ ਥੋੜ੍ਹਾ ਹੈ। ਹੈ ਵੀ ਜਾਨ ਦਾ ਖੌਅ। ਮਰਦੇ ਨੂੰ ਅੱਕ ਚੱਬਣ ਵਾਲੇ ਦਾ ਹੀ ਕੰਮ ਹੈ। ਟਾਵੇਂ ਹੀ ਇਸ ਜਹਿਰ ਦੀ ਢੋਲੀ ਨੂੰ ਜੱਫੀ ਪਾਉਂਦੇ ਹਨ। ਬੱਸ ਇਹ ਹੈ ਸਾਲ ਦੇ 12 ਮਹੀਨਿਆਂ ਵਿਚੋਂ ਬਾਕਾਇਦਾ ਰੁਜ਼ਗਾਰ ਮਿਲਣ ਦਾ ਸਮਾਂ। ਔਰਤਾਂ ਲਈ ਤਿੰਨ ਤੋਂ ਸਾਢੇ ਤਿੰਨ ਮਹੀਨੇ ਤੇ ਮਰਦਾਂ ਲਈ ਚਾਰ ਤੋਂ ਪੰਜ ਮਹੀਨੇ। ਜਿਹੜੇ ਮਜ਼ਦੂਰ ਸਾਲ ਲਈ ਠੇਕੇ ਤੇ ਰਲ਼ਦੇ ਹਨ, ਉਹਨਾਂ ਦੀ ਦਿਹਾੜੀ ਕੰਮ ਦੇ ਬਾਰਾਂ ਤੇਰਾਂ ਘੰਟਿਆਂ ਦੀ ਹੁੰਦੀ ਹੈ। ਸਾਰਾ ਸਾਲ ਇਹ ਤਾਂ ਪੱਕੀ ਹੀ ਰਹਿੰਦੀ ਹੈ। 17-18 ਘੰਟਿਆਂ ਤੱਕ ਵੀ ਜਾਂਦੀ ਰਹਿੰਦੀ ਹੈ। ਇਹ ਫਸਲ ਦੀ ਰਾਖੀ, ਪਾਣੀ, ਲੁਆਈ ਅਤੇ ਕੰਮ ਦੇ ਜ਼ੋਰ ਦੇ ਨਾਂ ਹੇਠ ਵਧਦੀ ਹੈ। ਠੇਕੇ \'ਤੇ ਲੱਗੇ ਕਾਮੇ ਦੇ ਘਰ ਦੀਆਂ ਔਰਤਾਂ ਲਈ ਘਰ ਦਾ ਅਗਲਾ-ਪਿਛਲਾ ਕੰਮ ਕਰਨਾ ਜ਼ਰੂਰੀ ਹੋ ਜਾਂਦਾ ਹੈ। ਔਰਤਾਂ ਸਿਰ ਕੰਮ ਦਾ ਭਾਰ ਹੋਰ ਵਧ ਜਾਂਦਾ ਹੈ। ਖੇਤ ਮਜ਼ਦੂਰਾਂ ਦਾ ਮਿਹਨਤਾਨਾ ਬਹੁਤ ਊਣਾ ਹੈ। ਪਰ ਔਰਤਾਂ ਨੂੰ ਉਸੇ ਕੰਮ ਦਾ, ਉਨਾ ਹੀ ਸਮਾਂ ਲਾਉਣ ਦਾ, ਮਿਹਨਤਾਨਾ, ਮਰਦ ਕਾਮਿਆਂ ਨਾਲੋਂ ਤੀਜਾ ਜਾਂ ਚੌਥਾ ਹਿੱਸਾ ਘੱਟ ਮਿਲਦਾ ਹੈ। ਜੇ ਕਿਤੇ ਕੁਦਰਤ ਦੀ ਕਰੋਪੀ ਸਦਕਾ ਫਸਲਾਂ ਦਾ ਨੁਕਸਾਨ ਹੋ ਜਾਵੇ। ਫਸਲਾਂ ਦੀ ਕੋਈ ਬਿਮਾਰੀ ਫਸਲਾਂ ਨੂੰ ਦੱਬ ਲਵੇ ਤਾਂ ਮਜ਼ਦੂਰ ਦਾ ਰੁਜ਼ਗਾਰ ਨਾਲ ਹੀ ਦੱਬਿਆ ਜਾਂਦਾ ਹੈ। ਬਦਲਵੇਂ ਰੁਜ਼ਗਾਰ ਲਈ ਕੋਈ ਥਾਂ ਨਹੀਂ ਹੈ। ਸਗੋਂ ਨੇੜਲੇ ਕਸਬਿਆਂ ਦੇ ਬਦਲਵੇਂ ਰੁਜ਼ਗਾਰ ਦੇ ਕੰਮ ਵੀ ਸੁੰਗੜ ਜਾਂਦੇ ਹਨ। ਗਰੀਬੀ ਤੇ ਕਰਜ਼ੇ ਦਾ ਕੇੜਾ ਹੋਰ ਚੜ੍ਹ ਜਾਂਦਾ ਹੈ।
ਪੀੜਾਂ ਦਾ ਪਰਾਗਾ
ਪਰ ਐਨੇ ਕੁ ਰੁਜ਼ਗਾਰ ਨਾਲ, ਇਸ ਨਿਗੂਣੀ ਆਮਦਨ ਨਾਲ ਪੂਰੀ ਨਹੀਂ ਪੈਂਦੀ। ਜਿਉਣ ਲਈ ਤਾਂ ਹੋਰ ਵੀ ਅਣ-ਸਰਦੀਆਂ ਲੋੜਾਂ ਮੂੰਹ ਅੱਡੀਂ ਖੜ੍ਹੀਆਂ ਹਨ। ਔਲਾਦ ਨੂੰ ਜੰਮਣਾ ਤੇ ਪਾਲਣਾ ਬਾਕੀ ਹੈ। ਜੇ ਅੱਖਰਾਂ ਦੇ ਸੂੰਹੇ ਕਰਾਉਣਾ ਹੋਵੇ ਤਾਂ ਫੱਟੀ ਬਸਤਾ ਦੇਣ ਦੇ ਖਰਚੇ ਬਾਕੀ ਹਨ। ਬੁੱਢੇ ਵਾਰੇ ਹੋ ਕੇ ਡੰਗ ਟਪਾਈ ਕਿਵੇਂ ਹੋਊ? ਇਹ ਝੋਰਾ ਦੂਰ ਕਰਨਾ ਰਹਿੰਦਾ ਹੈ। ਏਸ ਉਮਰ ਨੂੰ ਪਹੁੰਚੇ ਤੇ ਕੰਮੋਂ ਰਹੇ ਮਾਪਿਆਂ ਨੂੰ ਸਾਂਭਣਾ ਜ਼ਰੂਰੀ ਹੈ। ਧੀਆਂ, ਪੁੱਤਰਾਂ ਦੇ ਵਿਆਹਾਂ ਅਤੇ ਜਾਪਿਆਂ ਦੇ ਖਰਚੇ ਕਰਨੇ ਬਣਦੇ ਹਨ। ਅੱਡ-ਵਿੱਢ ਕਰਨ ਵੇਲੇ ਆਪਣੀ ਔਲਾਦ ਨੂੰ ਕੋਈ ਕੋਠੜੀ-ਬਠਲੀ ਦੇਣੀ ਪੈਣੀ ਹੈ। ਵੱਖਰੀ ਥਾਂ ਬਣਾਉਣੀ ਪੈਣੀ ਹੈ। ਜ਼ੋਰ ਵਾਲੀਆਂ ਨੇੜਲੀਆਂ ਸਕੀਰੀਆਂ ਵਿਚ ਦੁਖਦੇ-ਸੁਖਦੇ ਸਫਰ ਕਰਕੇ ਪਹੁੰਚਣ ਦਾ ਖਰਚਾ ਸਿਰ ਪੈਣਾ ਹੈ। ਉਹਨਾਂ ਦੀਆਂ ਵਿਆਹ ਸ਼ਾਦੀਆਂ ਤੇ ਹੋਰ ਰਸਮਾਂ ਵਿਚ ਸ਼ਾਮਲ ਹੋਣ ਵੇਲੇ \'\'ਕੁਸ਼ ਨਾ ਕੁਸ਼\'\' ਕਰਨਾ ਹੀ ਪੈਣਾ ਹੈ। ਉਹ ਕਿਹੜਾ ਘਰ ਹੈ ਜਿਥੇ ਕੋਈ ਨਾ ਕੋਈ ਬਿਮਾਰੀ ਜਾਂ ਕੋਈ ਨਾ ਕੋਈ ਜਹਿਮਤ ਵਾਰੀ ਸਿਰ ਗੇੜਾ ਨਾ ਮਾਰਦੀ ਹੋਵੇ। ਇਸ ਦੇ ਨਾਲ ਕੰਮ ਵਿਚ ਖਲਿਆਰ ਪੈਂਦੀ ਹੈ। ਦਵਾਈਆਂ-ਬੂਟੀਆਂ ਦੇ ਖਰਚੇ ਪੈਂਦੇ ਹਨ। ਡਾਕਟਰਾਂ ਦੀਆਂ ਫੀਸਾਂ ਤੇ ਵੱਢੀਆਂ ਘਰਾਂ ਦੇ ਭਾਂਡੇ ਚੱਟ ਜਾਂਦੀਆਂ ਹਨ। ਸਰੀਰ ਵਿਚ ਕਮਜ਼ੋਰੀ ਆਉਣ ਜਾਂ ਬੱਜ ਪੈਣ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ। ਇਉਂ ਬਿਮਾਰੀ ਦੀ ਫੇਟ ਬਹੁਤੇ ਪਾਸਿਆਂ ਤੋਂ ਮਾਰ ਕਰਦੀ ਹੈ। ਜੇ ਕੋਈ ਹਾਦਸਾ ਪੇਸ਼ ਆ ਜਾਵੇ, ਕੋਈ ਮੁਕੱਦਮਾ ਸਿਰ ਪੈ ਜਾਵੇ ਤਾਂ ਘਰ ਪੱਟੇ ਜਾਂਦੇ ਹਨ। ਵਰ੍ਹਿਆਂ ਬੱਧੀ ਤਾਬ ਨਹੀਂ ਆਉਂਦੇ। ਇਉਂ ਮਜ਼ਦੂਰ ਦੀ ਜ਼ਿੰਦਗੀ ਤਾਂ \'\'ਕੰਢੇ \'ਤੇ ਚਰਦੀ ਹੈ\'\' ਮਾੜੇ ਜਿਹੇ ਧੱਫੇ ਨਾਲ ਚੌਫਾਲ ਜਾ ਪੈਂਦੀ ਹੈ।
ਇਹਨਾਂ ਅਣ-ਪੂਰੀਆਂ, ਅਣ-ਸਰਦੀਆਂ ਲੋੜਾਂ ਦੀ ਦਾਬ ਹੇਠ ਖੇਤ ਮਜ਼ਦੂਰ ਔਰਤਾਂ ਦੀ ਜ਼ਿੰਦਗੀ ਸੁੱਖਾਂ ਦੀ ਸੇਜ ਨਹੀਂ ਰਹਿੰਦੀ। ਪੀੜਾਂ ਦਾ ਪਰਾਗਾ ਬਣ ਜਾਂਦੀ ਹੈ। ਪੀੜਾਂ ਦੇ ਪਰਾਗੇ ਕੱਢਦੀ ਇਹ ਭਠੀ ਤਪੀ ਹੀ ਰਹਿੰਦੀ ਹੈ। ਇਸ ਨੂੰ ਝੋਕਾ ਲੱਗਾ ਹੀ ਰਹਿੰਦਾ ਹੈ। ਐਹੋ ਜਿਹੀ ਜੋਖਮ ਭਰੀ ਹਾਲਤ ਵਿਚ ਅੱਖਰ ਗਿਆਨ, ਸੂਝ-ਵਿਕਾਸ, ਬੌਧਿਕ-ਵਿਕਾਸ ਤੇ ਸਮਾਜਕ ਤਰੱਕੀ ਦੇ ਮੌਕਿਆਂ ਨੂੰ ਪਾਉਣ ਬਾਰੇ ਭਲਾ ਕੋਈ ਕਿਵੇਂ ਸੋਚ ਸਕਦਾ ਹੈ? ਹੱਸਣ-ਖੇਡਣ, ਗਾਉਣ -ਵਜਾਉਣ , ਤ
-
ਲਸ਼ਮਣ ਸਿੰਘ ਸੇਵੇਵਾਲਾ 98763-94014, 94170-79170,,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.