ਇੰਗਲੈਂਡ ਦੇ ਜਮਹੂਰੀ ਢੰਗ ਨਾਲ ਚੁਣੇ ਗਏ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਕਾਮਰੂਨ ਦਾ ਭਾਰਤ ਦਾ ਦੂਜਾ ਦੌਰਾ ਦੋਵਾਂ ਦੇਸ਼ਾਂ ਦੇ ਆਪਸੀ ਸਹਿਯੋਗ ਦੀ ਦੀਆਂ ਨਵੀਆਂ ਸੰਭਾਵਨਾ ਪੈਦਾ ਕਰਦਿਆਂ, ਪੁਰਾਣੀ ਇਤਿਹਾਸਕ ਕੁੜੱਤਣ ਨੂੰ ਕਾਫੀ ਹੱਦ ਤੱਕ ਘਟ ਕਰਨ ਵਿੱਚ ਸਫਲ ਰਿਹਾ । ਡੇਵਿਡ ਕਾਮਰੂਨ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਪ੍ਰਮਾਣੂ ਸਹਿਯੋਗ, ਦੂਪਾਸੀ ਨਿਵੇਸ਼ ਅਤੇ ਵੀਜ਼ੇ ਸਬੰਧੀ ਢਿੱਲ ਆਦਿ ਵਿਸ਼ਿਆ ਵਿੱਚ ਚੰਗੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਸ ਦੌਰੇ ਦੌਰਾਨ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਜਿੱਥੇ ਵਿਸ਼ਵ ਪੱਧਰ ਤੇ ਤੇਜ਼ੀ ਨਾਲ ਉਭਰ ਰਿਹਾ ਭਾਰਤ ਹੋਰ ਵੱਡੇ ਦੇਸ਼ਾਂ ਲਈ ਮਹੱਤਵਪੂਰਣ ਹੈ ਉਸ ਦੇ ਨਾਲ ਹੀ ਇੰਗਲੈਂਡ ਵੀ ਭਾਰਤ ਨੂੰ ਪੂਰੀ ਮਹੱਤਤਾ ਦੇ ਰਿਹਾ ਹੈ । ਸਮੁੱਚੀ ਦੁਨੀਆਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੀ ਹੈ ।ਇਸ ਸਮੇਂ ਭਾਰਤ ਇੱਕ ਵੱਡੀ ਮੰਡੀ ਅਤੇ ਕਿੱਤਾ ਮੁੱਖੀ ਵਰਕ ਫੋਰਸ ਦਾ ਇੱਕ ਵੱਡਾ ਸੋਮਾਂ ਵੀ ਹੈ। ਇੰਗਲੈਂਡ ਵਿਚ ਇਸ ਵੇਲੇ ਭਾਰਤੀ ਮੂਲ ਦੇ ਬਹੁਤ ਸਾਰੇ ਵਿਉਪਾਰੀ ਅਤੇ ਕਾਮੇ ਉੱਥੋਂ ਦੀ ਆਰਥਿਕਤਾ ਵਿੱਚ ਪਹਿਲਾਂ ਹੀ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੇ ਹਨ। ਡੇਵਿਡ ਕਾਮਰੂਨ ਨੇ ਇਸ ਫੇਰੀ ਦੌਰਾਨ ਜਿੱਥੇ ਵੀਜ਼ਾ ਸ਼ਰਤਾਂ ਵਿੱਚ ਕਾਫੀ ਢਿੱਲਾਂ ਦੇਣ ਦਾ ਐਲਾਨ ਕੀਤਾ ਹੈ ਉਸਦੇ ਨਾਲ ਹੀ ਭਾਰਤ ਤੋਂ ਇੰਗਲੈਂਡ ਵਿੱਚ ਪੜਾਈ ਲਈ ਜ਼ਾਣ ਵਾਲੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਰਿਆਇਤਾਂ ਦਾ ਵੀ ਐਲਾਨ ਕੀਤਾ ਗਿਆ ਹੈ । ਉਹਨਾਂ ਨੂੰ ਪੜਾਈ ਉੱਪਰੰਤ ਨੌਕਰੀਆਂ ਦੇਣ ਦਾ ਵੀ ਭਰੋਸਾ ਦਿੱਤਾ ਹੈ ਨਾਲ ਹੀ ਭਾਰਤੀ ਨਾਗਰਿਕਾਂ ਵੱਲੋਂ ਇੰਗਲੈਂਡ ਵਿੱਚ ਨਿਵੇਸ਼ ਕਰਨ ਲਈ ਬਿਨਾਂ ਦੇਰੀ ਤੋਂ ਸਿਰਫ ਇੱਕ ਦਿਨ ਵਿੱਚ ਹੀ ਵੀਜ਼ਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ।
ਇਸ ਫੇਰੀ ਦੀ ਸਭ ਤੋਂ ਵੱਡੀ ਪ੍ਰਾਪਤੀ ਡੇਵਿਡ ਕਾਮਰੂਨ ਵੱਲੋਂ ਅੰਮ੍ਰਿਤਸਰ ਦੌਰੇ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਜਲਿਆਂਵਾਲਾ ਬਾਗ ਵਿੱਚ ਜੰਗ-ਏ-ਆਜ਼ਾਦੀ ਦੇ ਦਰਦਨਾਕ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਅਤੇ ਇਸ ਘਟਨਾ ਨੂੰ ਹੁਣ ਤੱਕ ਦੀ ਸਭ ਤੋਂ ਸ਼ਰਮਨਾਕ ਘਟਨਾ ਕਰਾਰ ਦੇਣਾ ਹੈ। ਇਸ ਤਰਾਂ ਡੇਵਿਡ ਕਾਮਰੂਨ ਨੇ ਇਸ ਖੂਨੀ ਸਾਕੇ ਸਬੰਧੀ ਜਿੱਥੇ ਆਪਣੇ ਦੇਸ਼ ਵੱਲੋਂ ਅਸਿਧੇ ਢੰਗ ਨਾਲ ਜਿੰਮੇਵਾਰੀ ਪ੍ਰਵਾਨ ਕਰਦਿਆਂ ਭਾਰਤੀਆਂ ਦੇ ਵਲੂੰਧਰੇ ਹਿਰਦਿਆਂ ਤੇ ਮਲ੍ਹਮ ਲਗਾਉਣ ਦਾ ਯਤਨ ਕੀਤਾ ਹੈ । ਬੇਸ਼ਕ ਇਸ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਆਮ ਭਾਰਤੀਆਂ ਵੱਲੋਂ ਸਿੱਧੇ ਤੌਰ ਤੇ ਇਸ ਭਿਆਨਕ ਕਾਂਡ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਜਿਸ ਭਾਵਨਾ ਨਾਲ ਡੇਵਿਡ ਕਾਮਰੂਨ ਨੇ ਇਸ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਇਸ ਦਾ ਸਾਰ ੇਭਾਰਤੀਆਂ ਨੇ ਦਿਲੋਂ ਸੁਆਗਤ ਕੀਤਾ ਹੈ।ਉਂਝ ਤਾਂ ਪਹਿਲਾਂ ਵੀ ੧੯੯੭ ਵਿਚ ਬ੍ਰਿਟਿਸ਼ ਪ੍ਰਿੰਸ ਚਾਰਲਸ ਅਤੇ ੧੯੯੯ ਵਿਚ ਮਹਾਰਾਣੀ ਐਲਿਜ਼ਬਿਥ ਵੀ ਜੱਲਿਆਂਵਾਲੇ ਬਾਗ ਵਿਚ ਇਨਾ੍ਹਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਚੁਕੇ ਹਨ ਪ੍ਰੰਤੂ ਉਹ ਭਾਰਤੀਆਂ ਦੇ ਵਲੂੰਧਰੇ ਜ਼ਖਮਾਂ ਤੇ ਮਲ੍ਹਮ ਲਗਾਉਣ ਦਾ ਸੁਭਾਗ ਪ੍ਰਾਪਤ ਨਹੀਂ ਕਰ ਸਕੇ।
੧੯੧੯ ਵਿੱਚ ਵਿਸਾਖੀ ਵਾਲੇ ਦਿਨ ਵਾਪਰੇ ਜਲਿਆਂਵਾਲੇ ਬਾਗ ਦੇ ਇਸ ਮੰਦਭਾਗੇ ਖੂਨੀ ਸਾਕੇ ਜਿਸ ਵਿੱਚ ਸੈਂਕੜੇ ਨਿਰਦੋਸ਼ ਵਿਅਕਤੀ ਮਾਰੇ ਜਾਣ ਕਾਰਨ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਅੰਗਰੇਜਾਂ ਵਿਰੁੱਧ ਬੇਸ਼ੁਮਾਰ ਨਫਰਤ ਭਰੀ ਪਈ ਸੀ। ਬੇਸ਼ਕ ਦੇਸ਼ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਨੇ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵੱਰਨਰ ਸਰ ਮਾਈਕਲ ਓਡਵਾਇਰ ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਰ ਕੇ ਆਪਣੇ ਢੰਗ ਨਾਲ ਬਦਲਾ ਲਿਆ ਸੀ ਅਤੇ ਉਸ ਨੇ ਫਾਂਸੀ ਦੇ ਰੱਸੇ ਤੇ ਝੂਲ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ । ਬੇਸ਼ਕ ਖੂਨੀ ਸਾਕੇ ਦੀ ਘਟਨਾ ਦੇ ਸ਼ਹੀਦਾਂ ਨੂੰ ਭਾਰਤ ਸਰਕਾਰ ਵੱਲੋਂ ਵੀ ੨੦੦੮ ਵਿੱਚ ਮਾਨਤਾ ਦਿੱਤੀ ਗਈ ਪਰ ਅਜੇ ਤੱਕ ਇਹਨਾਂ ਦੇ ਪਰਿਵਾਰ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਮਿਲਣ ਵਾਲੀਆਂ ਸਹੁਲਤਾਂ ਤੋਂ ਵਾਂਝੇ ਹੀ ਚਲ ਰਹੇ ਹਨ। ਇੰਗਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਘਟਨਾਂ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਸ਼ਰਮਨਾਕ ਘਟਨਾ ਕਰਾਰ ਦੇਣ ਦਾ ਸੁਆਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਦਾ ਸੁਆਗਤ ਕੀਤਾਹੈ ਅਤੇ ਇਸ ਨੂੰ ਆਪਸੀ ਸਬੰਧ ਸੁਧਾਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਦੱਸਿਆ ਹੈ। ਡੈਵਿਡ ਕਾਮਰੂਨ ਦੀ ਇਸ ਫਿਰਾਖਦਿਲੀ ਤੋਂ ਭਾਰਤ ਸਰਕਾਰ ਨੂੰ ਵੀ ਸਬਕ ਸਿੱਖਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਾ ਮਜਬੂਤ ਕਰਨ ਲਈ ਸਾਕਾ ਨੀਲਾਤਾਰਾ, ੧੯੮੪ ਦੇ ਕਤਲੇਆਮ ਅਤੇ ਹੋਰ ਦੰਗਿਆਂ ਸਬੰਧੀ ਅਵਾਮ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਮਲ੍ਹਮ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ।
-
ਵਲੋਂ- ਦਰਸ਼ਨ ਸਿੰਘ ਸ਼ੰਕਰ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.