ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਹੋਈ ਰਿਕਾਰਡ ਜਿੱਤ ਤੋਂ ਉਤਸਾਹਿਤ ਹੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬੋਂ ਬਾਹਰ ਦੇ ਸੰਘਣੀ ਸਿੱਖ ਵਸੋਂ ਵਾਲੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਅਤੇ ਏਜੰਡੇ ਤੇ ਲੜੇਗਾ। ਇਸਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਚੰਡੀਗੜ੍ਹ ਵਿਖੇ ਇੱਕ ਪਤ੍ਰਕਾਰ ਨਾਲ ਹੋਈ ਮਿਲਣੀ ਦੌਰਾਨ ਆਪਣੇ ਇਸ ਐਲਾਨ ਵਿੱਚ ਸੋਧ ਕਰਦਿਆਂ ਕਿਹਾ ਕਿ ਪੰਜਾਬੋਂ ਬਾਹਰ ਦੇ ਕਈ ਰਾਜਾਂ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਆਦਿ, ਵਿੱਚ ਪੰਜਾਬੀਆਂ ਦੀ ਕਾਫੀ ਵਸੋਂ ਹੈ, ਜੋ ਆਪਣੇ ਹਿਤਾਂ ਆਧਿਕਾਰਾਂ ਦੀ ਰਾਖੀ ਲਈ, ਪੰਜਾਬੀਆਂ ਦੀ ਸਾਂਝੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲ ਵੇਖਦੇ ਹਨ। ਇਸ ਕਾਰਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਦੇ ਉਦੇਸ਼ ਨਾਲ ਉਨ੍ਹਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਆਪਣੇ ਹੀ ਏਜੰਡੇ ਅਤੇ ਚੋਣ ਨਿਸ਼ਾਨ ਤੇ ਲੜੇਗਾ।
ਸ. ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਗਏ ਇਸ ਐਲਾਨ ਤੋਂ ਜਾਪਦਾ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪ੍ਰਾਪਤ ਹੋਈ \'ਹੂਝਾਂ ਫੇਰ\' ਜਿੱਤ ਤੋਂ ਉਹ ਇਤਨੇ ਉਤਸਾਹਿਤ ਹੋ ਗਏ ਹੋਏ ਹਨ ਕਿ ਉਨ੍ਹਾਂ ਇਹ ਮੰਨ ਲਿਆ ਹੈ ਕਿ ਪੰਜਾਬੋਂ ਬਾਹਰ ਵਸਦੇ ਸਿੱਖਾਂ ਨੇ ਹੀ ਨਹੀਂ, ਸਗੋ ਪੰਜਾਬੀਆਂ ਨੇ ਵੀ ਉਨ੍ਹਾਂ ਦੀ ਅਗਵਾਈ ਨੂੰ ਸਵੀਕਾਰ ਕਰ ਲਿਆ ਹੈ। ਜਿਸ ਕਾਰਣ ਉਨ੍ਹਾਂ ਝਟ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਦੀਆਂ ਸਰਹਦਾਂ ਤੋਂ ਬਾਹਰ ਕਢ, ਉਸਨੂੰ ਕੌਮੀ ਰਾਜਸੀ ਪਾਰਟੀ ਵਜੋਂ ਸਥਾਪਤ ਕਰਨ ਦਾ ਏਜੰਡਾ ਅਪਨਾਣ ਦਾ ਫੈਸਲਾ ਕਰ ਲਿਆ ਹੈ। ਸ. ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬੋਂ ਬਾਹਰ ਵਸਦੇ ਪੰਜਾਬੀਆਂ, ਵਿਸ਼ੇਸ਼ ਕਰ ਸਿੱਖਾਂ ਨਾਲ ਜੋੜ, ਵਖ-ਵਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਮੈਦਾਨ ਵਿੱਚ ਉਤਾਰ, ਉਸਨੂੰ ਕੌਮੀ ਰਾਜਸੀ ਪਾਰਟੀ ਵਜੋਂ ਸਥਾਪਤ ਕਰਨ ਦਾ ਏਜੰਡਾ, ਸੁਆਗਤਯੋਗ ਤਾਂ ਹੈ ਹੀ, ਪ੍ਰਸ਼ੰਸਾਯੋਗ ਵੀ ਹੈ। ਪ੍ਰੰਤੂ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਣ ਤੋਂ ਪਹਿਲਾਂ ਜ਼ਮੀਨੀ ਸੱਚਾਈ ਨੂੰ ਜਾਨਣ ਲਈ ਉਨ੍ਹਾਂ ਨੂੰ ਪ੍ਰਭਾਵੀ ਹੋਮ ਵਰਕ ਕਰਨਾ ਹੋਵੇਗਾ।
ਇਧਰ ਅਕਾਲੀ ਰਾਜਨੀਤੀ ਤੇ ਤਿੱਖੀ ਨਜ਼ਰ ਰਖਣ ਵਾਲੇ ਰਾਜਸੀ ਮਾਹਿਰਾਂ ਵਲੋਂ ਇਹ ਸੁਆਲ ਉਠਾਇਆ ਜਾ ਰਿਹਾ ਹੈ ਕਿ ਕੀ ਸ. ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ਪਾਰਟੀ ਵਜੋਂ ਸਥਾਪਤ ਕਰਨ ਦੇ ਆਪਣੇ ਉਦੇਸ਼ ਵਿੱਚ ਸਫਲ ਹੋ ਸਣਗੇ? ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੇਂਦਰੀ ਸੰਗਠਨ ਵਿੱਚ ਪੰਜਾਬ ਵਿੱਚਲੇ ਵੱਖ-ਵੱਖ ਵਰਗਾਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਨਾਲ ਹੀ ਸਮੁਚੇ ਪੰਜਾਬੀਆਂ ਦਾ ਵਿਸ਼ਵਾਸ ਜਿੱਤ ਪਾਣਾ ਸੰਭਵ ਨਹੀਂ, ਕਿਉਂਕਿ ਬੀਤੇ ਅੱਠ-ਨੌਂ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਰੂਪ ਅਤੇ ਨੀਤੀ ਉਭਰ ਕੇ ਸਾਹਮਣੇ ਆ ਰਹੀ ਹੈ, ਉਸ ਤੋਂ ਉਹ ਕੇਵਲ ਸਿੱਖਾਂ ਦੀ ਪ੍ਰਤੀਨਿਧ ਜੱਥੇਬੰਦੀ ਵਜੋਂ ਹੀ ਸਥਾਪਤ ਹੋ ਚੁਕਿਆ ਹੈ ਅਤੇ ਗੈਰ-ਸਿੱਖ ਪੰਜਾਬੀਆਂ ਦਾ ਸਮਰਥਨ ਪ੍ਰਾਪਤ ਕਰਨ ਲਈ ਉਸਨੂੰ ਭਾਜਪਾ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਸਥਿਤੀ ਨੂੰ ਇਤਨੀ ਜਲਦੀ ਬਦਲ ਲੈਣਾ ਸਹਿਜ ਨਹੀਂ ਹੋਵੇਗਾ।
ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਇਹ ਗਲ ਵੀ ਧਿਆਨ ਵਿੱਚ ਰਖਣ ਵਾਲੀ ਹੈ ਕਿ ਸੰਨ-2007 ਵਿੱਚ ਹੋਈਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ \'ਕਮਲ\' \'ਤੇ ਪੰਜ ਅਕਾਲੀ ਉਮੀਦਵਾਰਾਂ ਦੀ ਹੋਈ ਜਿੱਤ ਦਾ \'ਜਸ਼ਨ\' ਮੰਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿੱਲੀ ਸਥਿਤ ਨਿਵਾਸ \'ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਉਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਅਤੇ ਜੇਤੂ ਪਾਰਸ਼ਦਾਂ ਨੂੰ ਵਧਾਈ ਦਿੰਦਿਆਂ, ਸਲਾਹ ਦਿੱਤੀ ਸੀ ਕਿ ਜਿੱਤ ਦਾ ਇਹ ਕਾਫਲਾ ਰੁਕਣਾ ਨਹੀਂ ਚਾਹੀਦਾ। ਉਹ ਅਗਲੇ ਵਰ੍ਹੇ (2008 ਵਿੱਚ) ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ। ਸ. ਸੁਖਬੀਰ ਸਿੰਘ ਬਾਦਲ ਨੇ ਉਸ ਸਮੇਂ ਇਹ ਇੱਛਾ ਵੀ ਪ੍ਰਗਟਾਈ ਸੀ ਕਿ ਉਹ ਚਾਹੁੰਦੇ ਹਨ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਲ ਵਲੋਂ ਆਪਣੇ ਹੀ ਚੋਣ ਚਿੰਨ੍ਹ \'ਤਕੜੀ\' \'ਤੇ ਘਟੋ-ਘਟ 15 ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣ। ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਪ੍ਰਦੇਸ਼ ਮੁਖੀਆਂ ਨੂੰ ਇਹ ਹਿਦਾਇਤ ਵੀ ਕੀਤੀ ਕਿ ਇੱਕ ਤਾਂ ਉਹ ਵਿਧਾਨ ਸਭਾ ਦੇ ਅਜਿਹੇ ਹਲਕਿਆਂ ਦੀ ਨਿਸ਼ਾਨਦੇਹੀ ਕਰਨ, ਜਿਥੋਂ ਦਲ ਦੇ ਉਮੀਦਵਾਰਾਂ ਦੀ ਜਿੱਤ ਨਿਸ਼ਚਿਤ ਹੋ ਸਕਦੀ ਹੈ, ਦੂਸਰਾ ਪ੍ਰਦੇਸ਼ ਭਾਜਪਾ ਦੇ ਨੇਤਾਵਾਂ ਨਾਲ ਗਲ ਕਰ, ਉਨ੍ਹਾਂ ਤੇ ਬਾਦਲ ਅਕਾਲੀ ਦਲ ਲਈ ਵਿਧਾਨ ਸਭਾ ਦੀਆਂ ਘਟੋਘਟ 15 ਸੀਟਾਂ ਛੱਡਣ ਲਈ ਦਬਾਉ ਬਣਾਉਣ।
ਉਸ ਸਮੇਂ ਵੀ ਅਕਾਲੀ ਰਾਜਨੀਤੀ ਦੇ ਜਾਣਕਾਰਾਂ ਨੇ ਅਕਾਲੀ ਮੁਖੀਆਂ ਨੂੰ ਸਲਾਹ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਲ ਦੀ ਭੂਮਿਕਾ ਨਿਸ਼ਚਿਤ ਕਰਨ ਤੋਂ ਪਹਿਲਾਂ, ਦਲ ਦੀ ਇੱਕ ਸਰਵੇ-ਟੀਮ ਬਣਾ, ਪ੍ਰਦੇਸ਼ ਮੁਖੀਆਂ ਦੇ ਸਹਿਯੋਗ ਨਾਲ ਰਾਜ ਦੀ ਜ਼ਮੀਨੀ ਸੱਚਾਈ ਅਤੇ ਦਲ ਦੀ ਸਥਾਨਕ ਰਾਜਨੈਤਿਕ ਸਥਿਤੀ ਦਾ ਗੰਭੀਰਤਾ ਨਾਲ ਮੁਲਾਂਕਣ ਕਰਵਾ, ਰਿਪੋਰਟ ਲੈਣੀ ਚਾਹੀਦੀ ਹੈ। ਉਸ ਰਿਪੋਰਟ ਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਕੇ, ਹੀ ਉਨ੍ਹਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕਿਤਨੀਆਂ ਸੀਟਾਂ ਤੇ ਦਲ ਦੇ ਉਮੀਦਵਾਰ ਆਪਣੇ ਚੋਣ ਚਿੰਨ੍ਹ ਤੇ ਚੋਣ ਲੜਨ ਲਈ ਤਿਆਰ ਹੋਣਗੇ ਅਤੇ ਉਨ੍ਹਾਂ ਵਿਚੋਂ ਕਿਤਨਿਆਂ ਦੇ ਜਿਤਣ ਦੀ ਸੰਭਾਵਨਾ ਹੋ ਸਕਦੀ ਹੈ? ਉਸਤੋਂ ਬਾਅਦ ਹੀ ਉਨ੍ਹਾਂ ਨੂੰ ਦਲ ਲਈ ਭਾਜਪਾ ਪਾਸੋਂ ਸੀਟਾਂ ਦੀ ਮੰਗ ਕਰਨ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਵਲੋਂ ਜੋ ਵੀ ਫੈਸਲਾ ਲਿਆ ਜਾਏ ਉਸਤੇ ਦਿੜ੍ਹਤਾ ਨਾਲ ਪਹਿਰਾ ਦਿੱਤਾ ਜਾਏ। ਅਜਿਹਾ ਕਰਕੇ ਹੀ ਉਹ ਆਪਣਾ ਸਨਮਾਨ ਅਤੇ ਦਲ ਪ੍ਰਤੀ ਲੋਕਾਂ ਦਾ ਵਿਸ਼ਵਾਸ ਕਾਇਮ ਰਖਣ ਵਿੱਚ ਸਫਲ ਹੋ ਸਕਣਗੇ। ਅਕਾਲੀ ਰਾਜਨੀਤੀ ਦੇ ਇਨ੍ਹਾਂ ਜਾਣਕਾਰਾਂ ਅਨੁਸਾਰ ਬਿਨਾ ਜ਼ਮੀਨੀ-ਸੱਚਾਈ ਸਮਝੇ ਤੇ ਸਵੀਕਾਰੇ ਸਫਲਤਾ ਸੰਭਵ ਨਹੀਂ ਹੋ ਪਾਇਗੀ।
ਇਹ ਜਾਣਕਾਰ ਦਸਦੇ ਹਨ ਕਿ ਸ. ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਦੀਆਂ 2008 ਦੀਆਂ ਚੋਣਾਂ ਨਾ ਕੇਵਲ ਦਲ ਦੇ ਚੋਣ ਚਿੰਨ੍ਹ \'ਤੇ 15 ਸੀਟਾਂ \'ਤੇ ਉਮੀਦਵਾਰ ਖੜੇ ਕਰਨ ਦਾ ਹੀ ਐਲਾਨ ਕੀਤਾ ਸੀ, ਸਗੋਂ ਇਥੋਂ ਤਕ ਵੀ ਦਾਅਵਾ ਕਰ ਦਿੱਤਾ ਸੀ ਕਿ ਇਨ੍ਹਾਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੇ ਉਮੀਦਵਾਰ ਜਿੱਤ ਦਾ ਰਿਕਾਰਡ ਕਾਇਮ ਕਰ, ਲਾਲ ਕਿਲ੍ਹੇ ਤੇ ਆਪਣਾ ਝੰਡਾ ਲਹਿਰਾਉਣ ਵਿੱਚ ਵੀ ਸਫਲ ਹੋਣਗੇ।
ਪ੍ਰੰਤੂ ਹੋਇਆ ਕੀ? ਬਾਦਲ ਅਕਾਲੀ ਦਲ ਦੇ ਆਗੂਆਂ ਨੂੰ ਭਾਜਪਾ ਵਲੋਂ ਦਿਤੀਆਂ ਕੇਵਲ 4 ਸੀਟਾਂ ਤੇ ਹੀ ਸੰਤੋਸ਼ ਕਰਨਾ ਪਿਆ, ਉਨ੍ਹਾਂ ਵਿਚੋਂ ਵੀ ਕੇਵਲ ਇੱਕ ਉਮੀਦਵਾਰ, ਜ. ਅਵਤਾਰ ਸਿੰਘ ਹਿਤ ਹੀ ਅਕਾਲੀ ਦਲ ਅਤੇ ਉਸਦੇ ਆਗੂਆਂ ਦੇ ਸਨਮਾਨ ਨੂੰ ਕਾਇਮ ਰਖਣ ਲਈ, ਦਲ ਦੇ ਚੋਣ ਚਿੰਨ੍ਹ ਤੇ ਚੋਣ ਲੜਨ ਦੀ ਦਲੇਰੀ ਵਿਖਾ ਸਕੇ। ਬਾਕੀ ਤਿੰਨੇ ਦਲ ਦੇ ਆਗੂਆਂ ਅਤੇ ਪਾਰਟੀ ਦਾ ਸਨਮਾਨ ਕਾਇਮ ਰਖਣ ਦਾ ਦਲੇਰੀ ਨਹੀਂ ਕਰ ਸਕੇ। ਉਨ੍ਹਾਂ ਪਿਛਲੇ ਦਰਵਾਜ਼ੇ ਭਾਜਪਾ ਦੀ ਵਫਾਦਾਰੀ ਦਾ ਦਮ ਭਰ, ਉਸਦੇ ਚੋਣ ਚਿੰਨ੍ਹ \'ਤੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿਤੇ।
ਇਨ੍ਹਾਂ ਜਾਣਕਾਰਾਂ ਅਨੁਸਾਰ ਇਨ੍ਹਾਂ ਤਿੰਨਾਂ ਵਿਚੋਂ ਇੱਕ ਨੇ ਤਾਂ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਅਤੇ ਸ. ਸੁਖਬੀਰ ਸਿੰਘ ਬਾਦਲ ਨੇ ਉਸਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਸੁਆਗਤ ਕਰਦਿਆਂ ਦਾਅਵਾ ਕੀਤਾ ਸੀ ਕਿ ਇਸਦੇ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਇਹ ਸਪਸ਼ਟ ਸੰਕੇਤ ਹੈ ਕਿ ਹੁਣ ਦਿੱਲੀ ਵਿੱਚ ਬਾਦਲ ਅਕਾਲੀ ਦਲ ਦੀ ਹਵਾ ਚਲ ਨਿਕਲੀ ਹੈ, ਜੋ ਜਲਦੀ ਹੀ ਹਨੇਰੀ ਦਾ ਰੂਪ ਧਾਰਣ ਕਰ ਜਾਇਗੀ।
ਦਿਲਚਸਪ ਗਲ ਇਹ ਰਹੀ ਕਿ ਜਿਥੇ ਦਲ ਦੇ ਚੋਣ ਚਿੰਨ੍ਹ \'ਤੇ ਚੋਣ ਲੜਨ ਦੀ ਦਲੇਰੀ ਵਿਖਾਣ ਵਾਲੇ ਜ. ਅਵਤਾਰ ਸਿੰਘ ਹਿਤ ਦੀ ਹਾਰ 50 ਤੋਂ ਵੀ ਘਟ ਵੋਟਾਂ ਦੇ ਫਰਕ ਨਾਲ ਹੋਈ, ਉਥੇ ਹੀ ਦਲ ਦੀ ਲੀਡਰਸ਼ਿਪ ਦੇ ਆਦੇਸ਼ ਦੀ ਉਲੰਘਣਾ ਕਰ, ਭਾਜਪਾ ਦੇ ਚੋਣ ਚਿੰਨ੍ਹ \'ਤੇ ਲੜਨ ਵਾਲੇ ਬਾਕੀ ਤਿੰਨਾਂ ਅਕਾਲੀ ਉਮੀਦਵਾਰਾਂ ਨੂੰ ਹਜ਼ਾਰਾਂ ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ।
ਇਨ੍ਹਾਂ ਜਾਣਕਾਰਾਂ ਦਾ ਕਹਿਣਾ ਹੈ ਕਿ ਕੀ ਇਹ ਸਥਿਤੀ ਇਸ ਗਲ ਦਾ ਸਬੂਤ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਜ਼ਮੀਨੀ ਸੱਚਾਈ ਤੋਂ ਅਨਜਾਣ ਹੀ ਨਹੀਂ, ਸਗੋਂ ਇਹ ਮੰਨ ਕੇ ਚਲਦੇ ਹਨ ਕਿ ਵੱਧ-ਚੜ੍ਹ ਕੇ ਗਲਾਂ ਕਰਨ ਅਤੇ ਦਮਗਜੇ ਮਾਰਨ ਨਾਲ ਹੀ ਸਥਿਤੀ ਨੂੰ ਆਪਣੇ ਪੱਖ ਵਿੱਚ ਬਦਲਿਆ ਜਾ ਸਕਦਾ ਹੈ। ।
ਇੱਕ ਗਲ ਹੋਰ ਧਿਆਨ ਵਿੱਚ ਰਖਣ ਵਾਲੀ ਹੈ ਕਿ ਬੀਤੇ ਸਮਿਆਂ ਵਿੱਚ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਵਸਦੇ ਸਿੱਖ, ਜੋ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਚਲੇ ਆ ਰਹੇ ਸਨ ਅਤੇ ਉਥੇ ਦਲ ਦੀਆਂ ਇਕਾਈਆਂ ਕਾਇਮ ਸਨ ਤਾਂ ਕੇਵਲ ਇਸ ਕਾਰਣ ਕਿ ਉਨ੍ਹਾਂ ਨੂੰ ਇਹ ਆਜ਼ਾਦੀ ਸੀ ਕਿ ਉਹ ਸਥਾਨਕ ਰਾਜਸੀ ਹਾਲਾਤ ਅਨੁਸਾਰ ਆਪਣੀ ਰਾਜਸੀ ਰਣਨੀਤੀ ਆਪ ਘੜ ਅਤੇ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਬਣਾ ਸਕਦੇ ਸਨ। ਇਸ ਸਥਿਤੀ ਵਿੱਚ ਉਸ ਸਮੇਂ ਬਦਲਾਉ ਆਇਆ, ਜਦੋਂ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦੀ ਇਸ ਆਜ਼ਾਦ ਹੋਂਦ ਨੂੰ ਖਤਮ ਕਰ, ਉਨ੍ਹਾਂ ਦੀ ਨਕੇਲ ਆਪਣੇ ਹੱਥ ਵਿੱਚ ਕੇਂਦ੍ਰਿਤ ਕਰਨ ਦੀ ਨੀਤੀ ਅਪਨਾ ਲਈ ਅਤੇ ਪੰਜਾਬ ਵਿਚਲੇ ਆਪਣੇ ਹਿਤਾਂ ਅਨੁਸਾਰ ਕੀਤੇ ਹੋਏ ਗਠਜੋੜ ਦੇ ਆਧਾਰ ਤੇ ਉਨ੍ਹਾਂ ਨੂੰ ਇੱਕ ਪਾਰਟੀ ਵਿਸ਼ੇਸ਼ (ਭਾਜਪਾ) ਨਾਲ ਜੁੜਨ ਦੀਆਂ ਹਿਦਾਇਤਾਂ ਜਾਰੀ ਕਰਨੀਆਂ ਸ਼ੁਰੂ ਕਰ ਦਿਤੀਆਂ। ਉਸਨੇ ਇਸ ਗਲ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕਰ ਦਿੱਤਾ ਕਿ ਪੰਜਾਬ ਅਤੇ ਪੰਜਾਬੋਂ ਬਾਹਰ ਦੇ ਰਾਜਸੀ ਹਾਲਾਤ ਵਿੱਚ ਜ਼ਮੀਨ-ਅਸਮਾਨ ਦਾ ਫਰਕ ਆ ਚੁਕਿਆ ਹੈ। ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿੱਚ ਧਰਮ ਨਿਰਪੱਖ ਕਾਂਗ੍ਰਸ ਦੀ ਚੁਨੌਤੀ ਦਾ ਸਾਹਮਣਾ ਕਰਨ ਲਈ ਸਿੱਖਾਂ ਦੀ ਪ੍ਰਤੀਨਿਧਤਾ ਦੇ ਦਾਅਵੇਦਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਹਿੰਦੂਆਂ ਦੀ ਪ੍ਰਤੀਨਿਧਤਾ ਦੀ ਦਾਅਵੇਦਾਰ ਭਾਜਪਾ ਲਈ ਆਪੋ ਵਿੱਚ ਗਠਜੋੜ ਕਰਨਾ ਰਾਜਸੀ ਮਜਬੂਰੀ ਹੈ, ਪ੍ਰੰਤੂ ਪੰਜਾਬੋਂ ਬਾਹਰ ਅਜਿਹੀ ਕੋਈ ਸਥਿਤੀ ਨਹੀਂ। ਬਦਲੇ ਰਾਜਸੀ ਹਾਲਾਤ ਅਨੁਸਾਰ ਦੇਸ਼ ਵਿੱਚ ਕੌਮੀ ਪਾਰਟੀਆਂ ਦੀ ਮਹਤੱਤਾ ਲਗਾਤਾਰ ਘਟਦੀ ਜਾ ਰਹੀ ਹੈ ਤੇ ਇਲਾਕਾਈ ਪਾਰਟੀਆਂ ਜ਼ੋਰ ਪਕੜਦੀਆਂ ਜਾ ਰਹੀਆਂ ਹਨ। ਇਨ੍ਹਾਂ ਹਾਲਾਤ ਵਿੱਚ ਜੇ ਪੰਜਾਬੋਂ ਬਾਹਰ ਵਸਦੇ ਸਿੱਖ, ਪੰਜਾਬ ਵਿਚਲੇ ਅਕਾਲੀ-ਭਾਜਪਾ ਗਠਜੋੜ ਦੇ ਆਧਾਰ ਤੇ ਕੇਵਲ ਭਾਜਪਾ ਨਾਲ ਜਾਂ ਉਸਦੇ ਵਿਰੁਧ ਕੇਵਲ ਕਾਂਗ੍ਰਸ ਜੁੜਦੇ ਹਨ ਤਾਂ ਫਿਰ ਉਹ ਕਿਵੇਂ ਉਨ੍ਹਾਂ ਰਾਜਾਂ ਵਿੱਚ ਆਪਣੇ ਹਿਤਾਂ-ਅਧਿਕਾਰਾਂ ਦੀ ਰਾਖੀ ਕਰ ਸਕਣਗੇ, ਜਿਨ੍ਹਾਂ ਵਿੱਚ ਇਲਾਕਾਈ ਪਾਰਟੀਆਂ ਸੱਤਾ ਵਿੱਚ ਹਨ ਅਤੇ ਉਨ੍ਹਾਂ ਦੇ ਸੱਤਾ ਵਿੱਚ ਆਉਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਇਸ ਕਾਰਣ ਉਨ੍ਹਾਂ ਦੀ ਮਜਬੂਰੀ ਹੈ ਕਿ ਉਹ ਆਪਣੇ ਸਥਾਨਕ ਹਿਤਾਂ ਅਨੁਸਾਰ ਹੀ ਕਿਸੇ ਇਕਾਲਾਈ ਜਾਂ ਕੌਮੀ ਪਾਰਟੀ ਨਾਲ ਸਮਝੌਤਾ ਕਰ ਕੇ ਚਲਣ।
ਅਤੇ ਅੰਤ ਵਿੱਚ : ਸ. ਸੁਖਬੀਰ ਸਿੰਘ ਬਾਦਲ ਨੂੰ ਸਾਰੀ ਸਥਿਤੀ ਨੂੰ ਗੰਭੀਰਤਾ ਨਾਲ ਘੋਖ-ਵਿਚਾਰ ਕੇ ਹੀ ਆਪਣੀ ਰਣਨੀਤੀ ਬਾਰੇ ਕੋਈ ਅੰਤਿਮ ਫੈਸਲਾ ਲੈਣਾ ਹੋਵੇਗਾ। ਕਾਹਲ ਵਿੱਚ ਜਾਂ ਕੇਵਲ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹੋਈ ਰਿਕਾਰਡ ਜਿਤ ਤੋਂ ਉਤਸਾਹਿਤ ਹੋ ਕੇ ਲਿਆ ਗਿਆ ਫੈਸਲਾ ਉਸੇ ਤਰ੍ਹਾਂ ਦੀ ਹਾਸੋਹੀਣੀ ਸਥਿਤੀ ਪੈਦਾ ਕਰਨ ਦਾ ਕਾਰਣ ਬਣ ਸਕਦਾ ਹੈ, ਜਿਸਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਰਨਾ ਪਿਆ ਸੀ।
-
-ਜਸਵੰਤ ਸਿੰਘ \'ਅਜੀਤ\' Mobile : +91 98 68 91 77 31 E-mail : jaswa,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.