ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਸ਼ਮੀਰ ਵਿਚ ਫੌਜੀਆਂ ਵਲੋਂ, ਜੋ ਤਸ਼ੱਦਦ ਹੋ ਰਹੇ ਹਨ, ਉਹ ਕਿਸੇ ਫੌਜੀ ਦਾ ਨਿੱਜੀ ਰਵੱਈਆ ਨਹੀਂ ਹੈ, ਸਗੋਂ ਉਹ ਸੰਸਥਾਗਤ ਯੋਜਨਾ ਹੈ। ....ਅਲਜੀਰੀਆ ਜਦੋਂ ਫਰਾਂਸ ਦੀ ਬਸਤੀ ਸੀ ਤਾਂ ਉਸ ਸਮੇਂ ਇਕ ਫਰਾਂਸੀਸੀ ਫੌਜੀ ਨੇ ਕਿਹਾ ਕਿ, \"ਇਹ ਮੇਰਾ ਕੰਮ ਹੈ ਕਿ ਮੈਂ ਅਲਜੀਰੀਆ ਵਿਚ ਮਨੁੱਖੀ ਅਧਿਕਾਰ ਨੂੰ ਤੋੜਾਂ, ਇੱਥੋਂ ਦੇ ਲੋਕਾਂ ਨੂੰ ਡਰਾ ਕੇ ਰੱਖਾਂ, ਲੋਕਾਂ ਨੂੰ ਤਸੀਹੇ ਦੇਵਾਂ। ਮੈਨੂੰ ਅਜਿਹਾ ਹੀ ਪਾਠ ਪੜ੍ਹਾਇਆ ਗਿਆ ਹੈ!\" ਇਸ ਲਈ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਮਸਲਾ ਕਿਸੇ ਦਾ ਨਿੱਜੀ ਮਾਮਲਾ ਨਹੀਂ ਹੈ, ਇਹ ਸੰਸਥਾਗਤ ਹੈ ਅਤੇ ਅਜਿਹੀ ਸਥਿਤੀ ਵਿਚ ਇਸ ਤੱਥ \'ਤੇ ਨਜ਼ਰ ਦੌੜਾਓ ਕਿ ਕਿਵੇਂ ਭਾਰਤੀ ਫੌਜ ਇਹ ਕਹਿੰਦੀ ਹੈ ਕਿ ਕਸ਼ਮੀਰ ਵਿਚ ਉਹ ਫੌਜ ਵਲੋਂ ਹੋਏ ਮਨੁੱਖੀ ਅਧਿਕਾਰ ਉਲੰਘਣ ਦੀ ਜਾਂਚ ਖੁਦ ਆਪਣੀ ਸੰਸਥਾ ਦੇ ਮਾਰਫ਼ਤ ਕਰਵਾਏਗੀ! ਇਸ ਨੂੰ ਕਿਸੇ ਰੂਪ ਵਿਚ ਲਿਆ ਜਾਣਾ ਚਾਹੀਦਾ?
.... ਕਸ਼ਮੀਰ ਦੀ ਹਾਲਤ ਬੇਹੱਦ ਖ਼ਸਤਾ ਹੈ ਅਤੇ ਇਸ ਲਿਹਾਜ਼ ਨਾਲ ਪੀ.ਯੂ.ਡੀ.ਆਰ ਨੇ ਜਿਹੜਾ ਕੰਮ ਕੀਤਾ ਹੈ, ਉਸ ਦੀ ਸਾਨੂੰ ਲੋੜ ਹੈ। ਕਸ਼ਮੀਰ ਸਬੰਧ ਲੋਕਾਂ ਕੋਲ ਹੁਣ ਸੂਚਨਾਵਾਂ ਆਉਣ ਲੱਗੀਆਂ ਹਨ। ਇਸ ਲਈ ਕਈ ਦਫ਼ਾ ਕਈ ਸੱਜਣ ਇਹ ਕਹਿਣ ਲੱਗ ਜਾਂਦੇ ਹਨ, ਓ ਯਾਰ, \"ਕੀ ਹੋਵੇਗਾ ਇਨ੍ਹਾਂ ਅੰਕੜਿਆਂ ਅਤੇ ਗੱਲਾਂ ਦਾ, ਕੀ ਫ਼ਾਇਦਾ ਹੋਣ ਜਾ ਰਿਹਾ?\" ਪਰ ਅਜਿਹੇ ਮੁਸ਼ਕਲ ਹਾਲਾਤ ਵਿਚ ਕੰਮ ਕਰਨ ਵਾਲਿਆਂ ਨੂੰ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਕੰਮ ਦੇ ਪੁਲੰਦਿਆਂ ਵਿਚ ਅਸਰ ਛੁਪਿਆ ਹੁੰਦਾ ਹੈ।
ਮੈਨੂੰ ਨਰਮਦਾ ਘਾਟੀ ਦੀ ਇਕ ਗੱਲ ਯਾਦ ਆ ਰਹੀ ਹੈ: ਇਕ ਪਿੰਡ ਵਿਚ ਆਦਿਵਾਸੀ ਲੋਕ ਆਪਣੇ ਖੇਤ ਵਿਚ ਗੁਡਾਈ ਕਰ ਰਹੇ ਸਨ। ਉਹ ਪਿੰਡ ਨਿਆਂਈ (ਨੀਵੀਂ ਥਾਂ) ਵਿਚ ਆਉਣ ਵਾਲਾ ਸੀ, ਤਾਂ ਮੈ ਪੁੱਛਿਆ ਕਿ ਜਦੋਂ ਫ਼ਸਲ ਡੁੱਬਣੀ ਹੀ ਹੈ ਤਾਂ ਉਹ ਗੁਡਾਈ ਕਿਉਂ ਕਰ ਰਹੇ ਹਨ? ਪਿੰਡ ਵਾਲਿਆਂ ਨੇ ਜਵਾਬ ਦਿੱਤਾ ਕਿ ਉਹ ਜਾਣਦੇ ਹਨ ਕਿ ਫ਼ਸਲ ਡੁੱਬ ਜਾਵੇਗੀ, ਪਰ ਉਹ ਹੋਰ ਕੀ ਕਰ ਸਕਦੇ ਹਨ। ਫ਼ਸਲ ਬੀਜਣਾ ਉਨ੍ਹਾਂ ਦਾ ਕੰਮ ਹੈ ਅਤੇ ਉਹ ਅਜਿਹਾ ਕਰਨਗੇ। ਇਸ ਲਈ ਡੁਬੋਣ ਵਾਲਿਆਂ ਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਆਪਣਾ ਕੰਮ ਕਰਦੇ ਰਹੋ।
ਹਾਲਾਂਕਿ, ਇਹ ਰਿਪੋਰਟ ਮਹਿਜ ਇਨ੍ਹਾਂ ਅੰਕੜਿਆਂ ਦੀ ਸੂਚੀ ਅਤੇ ਘਟਨਾਵਾਂ ਦਾ ਸੰਗ੍ਰਹਿ ਨਹੀਂ ਹੈ ਕਿ ਕਿੰਨੇ ਲੋਕ ਕਸ਼ਮੀਰ ਵਿਚ ਮਾਰੇ ਗਏ ਅਤੇ ਕਿੰਨਿਆਂ ਨੂੰ ਤਸੀਹੇ ਮਿਲੇ, ਸਗੋਂ ਇਹ ਸਾਡੇ ਸਾਹਮਣੇ ਕਿਤੇ ਜ਼ਿਆਦਾ ਗੰਭੀਰ ਸਵਾਲ ਉਠਾਉਂਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਅਸਲ ਵਿਚ ਫੌਜ ਦਬਦਬੇ ਦਾ ਨਤੀਜਾ ਕਿਸ ਰੂਪ ਵਿਚ ਸਾਹਮਣੇ ਆ ਰਿਹਾ ਹੈ। ਫੌਜ ਅੱਤਿਆਚਾਰ ਦੀਆਂ ਇਨ੍ਹਾਂ ਘਟਨਾਵਾਂ ਨੂੰ ਵੱਖ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਅਜਿਹਾ ਨਹੀਂ ਹੈ ਕਿ ਇਕ ਫੌਜ ਦਾ ਜਵਾਨ ਆਇਆ ਅਤੇ ਤਸੀਹੇ ਦੇ ਗਿਆ, ਇਕ ਫੌਜ ਦਾ ਜਵਾਨ ਆਇਆ ਅਤੇ ਖ਼ੂਨ ਵਹਾ ਗਿਆ, ਅਸਲ ਵਿਚ ਇਹ ਸੰਸਥਾਗਤ ਮਸਲਾ ਹੈ। ਇਹ ਘਟਨਾਵਾਂ ਭਟਕਾਉਣ ਜਾਂ ਅਪਵਾਦ ਨੂੰ ਚਿੰਨਤ ਨਹੀਂ ਕਰਦੀਆਂ। ਉਨ੍ਹਾਂ ਨੂੰ ਉਨ੍ਹਾਂ ਦੇ ਹੀ ਖ਼ਾਤਰ ਤਿਆਰ ਕੀਤਾ ਗਿਆ ਹੈ ਅਤੇ ਉਹ ਜਿਹੜੇ ਉੱਥੇ ਕਰ ਰਹੇ ਹਨ, ਉਹ ਉਨ੍ਹਾਂ ਦਾ ਫ਼ਰਜ਼ ਹੈ!
ਮੈਂ ਕਈ ਵਾਰ ਕਸ਼ਮੀਰ ਗਈ ਹਾਂ ਅਤੇ ਮੈਂ ਦੇਖਿਆ ਹੈ, ਉੱਥੇ ਲੋਕਾਂ ਦੀਆਂ ਅੱਖਾਂ ਵਿਚ ਕੀ ਹੈ? ਅਫ਼ਸਪਾ ਵਰਗੇ ਕਾਨੂੰਨ ਦੇ ਛਾਏ ਵਿਚ ਜੀਅ ਰਹੇ ਕਸ਼ਮੀਰ ਵਿਚ ਅੱਤਿਆਚਾਰ ਦੀਆਂ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਇਹ ਸਭ ਇੱਧਰ ਦੇ ਲੋਕਾਂ ਦੀ ਕਲਪਨਾ ਤੋਂ ਪਰ੍ਹੇ ਦੀ ਗੱਲ ਹੈ। ਕਸ਼ਮੀਰ ਦੇ (ਤਕਰੀਬਨ) ਕਿਸੇ ਵੀ ਘਰ ਵਿਚ ਚਲੇ ਜਾਓ, ਉੱਥੇ ਦਸਤਾਵੇਜ਼ਾਂ ਨਾਲ ਭਰਿਆ ਪਲਾਸਟਕ ਦਾ ਥੈਲਾ ਤੁਹਾਨੂੰ ਮਿਲ ਜਾਵੇਗਾ। ਲੋਕ ਤੁਹਾਨੂੰ ਦੱਸਣਗੇ,- ਮੈਂ ਇੱਥੇ ਐਫ.ਆਈ.ਆਰ ਕੀਤੀ, ਉੱਥੇ ਅਰਜ਼ੀ ਪਾਈ, ਫਿਰ ਉਪਰ ਗਿਆ, ਅਦਾਲਤਾਂ ਦੇ ਚੱਕਰ ਕੱਟੇ, ਪਰ ਕੁੱਝ ਨਹੀਂ ਬਣਿਆ। ਅਜਿਹੀ ਨਿਰਾਸ਼ਾਂ ਹਰ ਘਰ ਵਿਚ ਪਸਰੀ ਮਿਲੇਗੀ। ਦਸਤਾਵੇਜ਼ਾਂ ਦੇ ਪੁਲੰਦਿਆਂ ਦੇ ਬਾਵਜੂਦ ਕੁੱਝ ਨਹੀਂ ਹੋ ਰਿਹਾ! ਪੂਰੀ ਜਨਤਾ ਨਾਲ ਇਹ ਕਿਸ ਤਰ੍ਹਾਂ ਦਾ ਰਵੱਈਆ ਹੈ?
... ਸਵਾਲ ਇਹ ਹੈ ਕਿ ਅਸੀਂ ਇਸ ਰਿਪੋਰਟ ਦਾ ਕੀ ਕਰੀਏ? ਸਾਨੂੰ ਕਸ਼ਮੀਰ ਬਾਰੇ ਕੀ ਕਰਨਾ ਚਾਹੀਦਾ ਹੈ? ਚਲੋ ਇਕ ਆਮ ਸਰੀਫ਼ ਭਾਰਤੀ ਲਈ ਇਸ ਦੇ ਮਾਅਨੇ ਲੱਭਦੇ ਹਾਂ। ਤੁਸੀਂ ਦੇਖੋ ਨਾ, ਅੰਨਾ ਹਜ਼ਾਰੇ ਦੇ ਨਾਲ ਅਤੇ ਦਿੱਲੀ ਬਲਾਤਕਾਰ ਕਾਂਡ ਦੇ ਵਿਰੋਧ ਵਿਚ ਹੋਏ ਅੰਦੋਲਨ ਵਿਚ ਗੋਤੇ ਖਾਂਦੇ ਲੋਕ ਕਿੱਥੇ ਖੜ੍ਹੇ ਹਨ? ਕੌਣ ਬੋਲ ਰਿਹਾ ਹੈ ਕਸ਼ਮੀਰ ਦੀ ਆਜ਼ਾਦੀ \'ਤੇ? ਉਨ੍ਹਾਂ ਦੀ ਪੁਜੀਸ਼ਨ ਅਤੇ ਮੁੱਦੇ ਸਾਫ਼ ਹਨ। ਕਸ਼ਮੀਰ ਨਾਲ ਉਨ੍ਹਾਂ ਦਾ ਕੀ ਲੈਣਾ-ਦੇਣਾ ਹੈ? ਪਰ ਇਕ ਉਦਾਰ ਰਾਜਨੀਤੀ ਦੇ ਵਿਅਕਤੀ ਨੂੰ ਵੀ ਇਸ ਮੁੱਦੇ \'ਤੇ ਸੋਚਣਾ ਚਾਹੀਦਾ ਹੈ। ਮੈਂ ਤਾਂ ਕਹਾਂਗੀ ਕਿ ਰਾਸ਼ਟਰਵਾਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮੁੱਦੇ ਉਨ੍ਹਾਂ ਲਈ ਕਿਉਂ ਮਹੱਤਵਪੂਰਨ ਹਨ! ਮੈਂ ਕਾਰਨ ਦੱਸਦੀ ਹਾਂ। ਆਜ਼ਾਦੀ ਦੇ 60 ਸਾਲ ਬਾਅਦ ਤੱਕ ਪੁਲੀਸ, ਭਾਰਤੀ ਫੌਜ, ਸੀ.ਆਰ.ਪੀ.ਐਫ ਅਤੇ ਬੀ.ਐਸ.ਐਫ ਨੇ ਨਾਗਾਲੈਂਡ, ਮਣੀਪੁਰ ਅਤੇ ਕਸ਼ਮੀਰ ਵਿਚ ਕਬਜ਼ੇ ਦੀ ਬਦੌਲਤ, ਜਿਸ ਤਰ੍ਹਾਂ ਆਪਣੀ ਹਾਜ਼ਰੀ ਦਰਜ ਕਰਵਾਈ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਜਿਹੜੀ ਭੂਮਿਕਾ ਨਿਭਾਈ ਹੈ, ਉਸ ਨੇ ਸੰਸਥਾਗਤ ਰੂਪ ਲੈ ਲਿਆ ਹੈ। ਰਾਸ਼ਟਰਵਾਦੀਆਂ ਨੂੰ ਬੱਸ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਰੱਖਿਆ ਬਲਾਂ ਨੇ ਜਿਹੜੀ ਕਸਰਤ ਉਨ੍ਹਾਂ ਇਲਾਕਿਆਂ ਵਿਚ ਕੀਤੀ ਹੈ। ਉਹ ਹੁਣ ਭਾਰਤ ਦੀ \'ਮੁੱਖ ਭੂਮੀ\' ਵਿਚ ਉਨ੍ਹਾਂ ਦੀ ਵਰਤੋਂ ਕਰਨ ਲੱਗ ਗਈ ਹੈ। ਛੱਤੀਸਗੜ੍ਹ ਵਿਚ ਏਹੀ ਕਾਰਵਾਈ ਹੋ ਰਹੀ ਹੈ ਅਤੇ ਹੌਲੀ-ਹੌਲੀ ਇਸ ਦੇ ਘੇਰਾ ਵਧਦਾ ਜਾ ਰਿਹਾ ਹੈ...
... ਰੱਖਿਆ ਬਲਾਂ ਵਲੋਂ ਦਿੱਤੇ ਜਾਣ ਵਾਲੇ ਤਸੀਹਿਆਂ \'ਤੇ ਤਾਂ ਸਵਾਲ ਵੀ ਨਹੀਂ ਉੱਠਦੇ। ਵੱਡੀ ਆਬਾਦੀ ਤਸੀਹੇ ਦੇਣ ਵਾਲਿਆਂ ਦੇ ਚੱਕਰਵਿਊ ਵਿਚ ਖ਼ੁਦ ਨੂੰ ਨੱਥੀ ਹੋਈ ਦੇਖਦੀ ਹੈ। ਮੈਨੂੰ ਸੰਸਦ ਭਵਨ \'ਤੇ ਹੋਏ ਹਮਲੇ ਦੇ ਤੁਰੰਤ ਬਾਅਦ ਹੋਏ ਇਕ ਟੀ.ਵੀ. ਸ਼ੋਅ ਦੀ ਯਾਦ ਆ ਰਹੀ ਹੈ, ਜਿਹੜੀ ਸ਼ਾਇਦ ਸੀ.ਐਨ.ਐਨ-ਆਈ.ਬੀ.ਐਨ \'ਤੇ ਪ੍ਰਸਾਰਤ ਹੋਈ ਸੀ, ਉਸ ਵਿਚ ਇਕ ਸੀਨੀਅਰ ਪੁਲੀਸ ਅਧਿਕਾਰੀ ਕਹਿ ਰਿਹਾ ਸੀ, \'\'ਹਾਂ, ਇਹ ਸੱਚ ਹੈ ਕਿ ਅਫ਼ਜ਼ਲ ਗੁਰੂ ਨੂੰ ਮੈਂ ਤਸੀਹੇ ਦਿੱਤੇ, ਮੈਂ ਉਸ ਦੀ ਗੁਦਾ ਵਿਚ ਪੈਟਰੋਲ ਪਾਇਆ, ਮੈਂ ਉਸ ਨੂੰ ਬੇਤਹਾਸ ਕੁੱਟਿਆ ਹੈ, ਪਰ ਅਫ਼ਸੋਸ ਉਸ ਨੇ ਕੁੱਝ ਨਹੀਂ ਕਬੂਲਿਆ।\'\' ਉਸ ਚਰਚਾ ਵਿਚ ਕਈ ਸਿਆਸੀ ਵਿਸ਼ਲੇਸ਼ਕ, ਟਿੱਪਣੀਕਾਰ ਅਤੇ ਪੱਤਰਕਾਰ ਵੀ ਸਨ, ਸ਼ਾਇਦ ਰਾਜਦੀਪ ਸਰਦੇਸਾਈ ਸ਼ੋਅ ਨੂੰ ਐਂਕਰ ਕਰ ਰਹੇ ਸਨ, ਪਰ ਕਿਸੇ ਨੇ ਪੁਲੀਸ ਅਧਿਕਾਰੀ ਦੇ ਕਬੂਲਨਾਮੇ \'ਤੇ ਇਕ ਸ਼ਬਦ ਨਹੀਂ ਕਿਹਾ। ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸ ਨੇ ਰਾਸ਼ਟਰਹਿਤ ਵਿਚ ਅਜਿਹਾ ਕੀਤਾ ਹੈ। ... . ਇਸ ਲਈ ਮੇਰਾ ਇਹ ਮੰਨਣਾ ਹੈ ਕਿ ਇਹ ਰਿਪੋਰਟ ਨਾ ਤਾਂ ਕਾਰਪੋਰੇਟ ਮੀਡੀਆ ਲਈ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ ਅਜਿਹੇ ਤਸੀਹਿਆਂ ਨੂੰ ਦੇਖਣ-ਸੁਣਨ ਵਿਚ ਖੁਸ਼ ਮਿਲਦੀ ਹੈ।
ਇਹ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਸੱਚੀਉਂ ਇਨ੍ਹਾਂ ਤਸੀਹਿਆਂ ਨੂੰ ਸੰਦਰਭ ਸਮੇਤ ਸਮਝਣਾ ਚਾਹੁੰਦੇ ਹਨ ਕਿ ਲੰਘੇ ਛੇ ਦਹਾਕਿਆਂ ਵਿਚ ਕਸ਼ਮੀਰ ਵਿਚ ਅਸਲ ਵਿਚ ਹੋਇਆ ਕੀ ਹੈ? ਵੱਡੀ ਆਬਾਦੀ ਦੀ ਰਾਜਨੀਤੀ ਨੂੰ ਰੱਦ ਕਰਨ ਨਾਲ ਉਪਜੇ ਸਵਾਲ ਨੂੰ ਲੈ ਕੇ ਕਈ ਲੋਕ ਅਸਹਿਜ ਅਤੇ ਪ੍ਰੇਸ਼ਾਨ ਹੋ ਜਾਂਦੇ ਹਨ। ਪਰ ਇਹ ਢੌਂਗ ਨਹੀਂ ਹੈ, ਰਾਜਨੀਤੀ ਹੈ। ਮੈਂ ਇਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਅੱਜ ਜੇਕਰ ਇਕ ਕਸ਼ਮੀਰੀ ਪੰਡਿਤ 200 ਲੋਕਾਂ ਦਾ ਸੰਦਰਭ ਦੇ ਕੇ ਇਕ ਕਿਤਾਬ ਲਿਖਦਾ ਹੈ ਤਾਂ ਲੋਕ ਉਸ ਨੂੰ ਹੱਥੋ-ਹੱਥ ਲੈ ਲੈਂਦੇ ਹਨ, ਕਸ਼ਮੀਰ ਦਾ ਇਕ ਭੈੜਾ ਚਿਹਰਾ ਲੋਕਾਂ ਸਾਹਮਣੇ ਨਿਮੋਝੂਣਾ ਹੋਣ ਲੱਗਦਾ ਹੈ। ਪਰ ਅੱਜ ਹੀ ਜੇਕਰ ਤੁਸੀਂ ਹਜ਼ਾਰਾਂ ਪੇਜ ਦੇ ਦਸਤਾਵੇਜ਼ ਨਾਲ ਉਸ ਕਸ਼ਮੀਰ \'ਤੇ ਸੈਂਕੜਿਆਂ ਪੇਜ ਦੀ ਕਿਤਾਬ ਲਿਖੋਗੇ ਤਾਂ ਲੋਕ ਤਵੱਜੋ ਤੱਕ ਨਹੀਂ ਦੇਣਗੇ। ਇਹ ਰਾਜਨੀਤੀ ਹੈ। ਰਾਜਨੀਤੀ ਏਹੀ ਹੈ ਕਿ ਬਹੁਗਿਣਤੀ ਆਬਾਦੀ ਨੂੰ ਕੀ ਰਾਸ ਆ ਰਿਹਾ ਹੈ ਅਤੇ ਲੋਕ ਕਿਸ ਮੁੱਦੇ ਦੇ ਨਾਲ ਤਾਮਾਸ਼ਮਈ ਬਣ ਰਹੇ ਹਨ। ਪਰ ਅਜਿਹੇ ਕੰਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ, ਕਸ਼ਮੀਰ \'ਤੇ ਇਹ ਵਧੀਆ ਰਿਪੋਰਟ ਹੈ, ਜਿਸ ਨੂੰ ਜ਼ਰੂਰ ਪੜ੍ਹਿਆ ਜਾਣਾ ਚਾਹੀਦਾ ਹੈ।
-
ਲੋਕ ਸਾਂਝ ਚੋ ਧੰਨਵਾਦ ਸਾਹਿਤ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.