9 ਫਰਵਰੀ ਦੀ ਸਵੇਰ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਕਹੀ ਜਾਣ ਵਾਲੀ ਡੈਮੋਕਰੇਸੀ ਦੇ ਮੂੰਹ \'ਤੇ ਚਪੇੜ ਮਾਰੀ ਗਈ, ਸੰਸਦ \'ਤੇ ਹਮਲੇ ਦੇ ਦੋਸ਼ \'ਚ ਅਫ਼ਜ਼ਲ ਗੁਰੂ ਨੂੰ ਚੋਰੀ-ਚੋਰੀ ਰਾਜਨੀਤਿਕ ਫਾਇਦੇ ਲਈ ਫ਼ਾਂਸੀ ਚੜ੍ਹਾ ਦਿੱਤਾ ਗਿਆ।ਅਫ਼ਜ਼ਲ ਗੁਰੂ ਦੀ ਫ਼ਾਂਸੀ ਨੂੰ ਸਰਕਾਰ ਉਮਰ ਕੈਦ \'ਚ ਤਬਦੀਲ ਕਰਦੀ ਇਹ ਉਮੀਦ ਲਗਾਉਣੀ ਹੀ ਗਲਤ ਸੀ ਸਗੋਂ ਸਰਕਾਰ ਸਿਰਫ ਸਮਾਂ ਦੇਖ ਰਹੀ ਸੀ ਕਿ ਅਫ਼ਜ਼ਲ ਗੁਰੂ ਦੀ ਫ਼ਾਂਸੀ ਵਾਲਾ ਸਿੱਕਾ ਕਦੋਂ ਵਰਤਿਆ ਜਾਵੇ।ਮੋਦੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਅਤੇ ਕੱਟੜ ਹਿੰਦੂ-ਪੰਥੀਆਂ ਨੂੰ ਖ਼ੁਸ਼ ਕਰਨ ਵਾਸਤੇ ਕਾਂਗਰਸ ਵੱਲੋਂ 2014 ਦੀਆਂ ਚੋਣਾਂ ਤੋਂ ਪਹਿਲਾਂ ਅਫ਼ਜ਼ਲ ਨੂੰ ਕਤਲ ਕੀਤਾ ਗਿਆ।ਇਸ ਕਾਲੇ ਕਾਰਨਾਮੇ ਦੀ ਨਾਂ ਤਾਂ ਅਫ਼ਜ਼ਲ ਦੇ ਪਰਿਵਾਰ ਨੂੰ ਕੋਈ ਸੂਚਨਾ ਦਿੱਤੀ ਗਈ ਅਤੇ ਨਾਂ ਹੀ ਫ਼ਾਂਸੀ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਰਿਵਾਰ ਹਵਾਲੇ ਕੀਤੀ ਗਈ।
ਅਫ਼ਜ਼ਲ ਨੂੰ ਫ਼ਾਂਸੀ ਦੇ ਵਿਰੋਧ \'ਚ ਜਦੋਂ 9 ਫਰਵਰੀ ਨੂੰ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਦਿੱਲੀ ਦੇ ਜੰਤਰ ਮੰਤਰ \'ਤੇ ਰੋਸ ਪ੍ਰਦਰਸ਼ਨ ਕਰਨ ਪਹੁੰਚੀਆਂ ਤਾਂ ਏਥੇ ਬਜਰੰਗ ਦਲ ਤੇ ਕੁਝ ਹੋਰ ਫ਼ਾਸੀਵਾਦੀ ਜਥੇਬੰਦੀਆਂ ਦੇ ਕਾਰਕੁੰਨ ਪਹੁੰਚ ਕੇ ਹਿੰਸਾ ਦਾ ਨੰਗਾ ਨਾਚ ਨਚਾਉਣ ਲੱਗੇ।ਸਾਂਤਮਈ ਰੋਸ ਜਤਾ ਰਹੇ ਲੋਕਾਂ \'ਤੇ ਫ਼ਾਸੀਵਾਦੀਆਂ ਨੇ ਹਮਲਾ ਕਰ ਦਿੱਤਾ ਅਤੇ ਕੁੜੀਆਂ ਨਾਲ ਹੱਥੋਪਾਈ ਕਰਦਿਆਂ ਹੱਦ ਉਦੋਂ ਮੁਕਾ ਦਿੱਤੀ ਜਦੋਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ \'ਗੋਤਮ ਨਵਲੱਖਾ\' ਦੇ ਮੂੰਹ \'ਤੇ ਕਾਲਖ਼ ਲਗਾ ਕੇ ਉਸ ਨੂੰ ਪਾਕਿਸਤਾਨੀ ਤੱਕ ਕਹਿ ਦਿੱਤਾ ਗਿਆ।ਪਰ ਫਿਰ ਵੀ ਅਫ਼ਜ਼ਲ ਦੀ ਫ਼ਾਂਸੀ ਦਾ ਵਿਰੋਧ ਕਰ ਰਹੇ ਲੋਕਾਂ ਨੇ \'ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ ਲਗਾਉਣੇ ਜਾਰੀ ਰੱਖੇ। ਹਿੰਦੂ ਫ਼ਾਸੀਵਾਦੀਆਂ ਵੱਲੋਂ ਮਚਾਏ ਇਸ ਤਾਡਵ ਨੂੰ ਦਿੱਲੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਅਤੇ ਅੰਤ ਹਿੰਸਾ ਕਰ ਰਹੇ ਹਿੰਦੂ ਫ਼ਾਸੀਵਾਦੀਆਂ ਨੂੰ ਫੜਨ ਦੀ ਬਜ਼ਾਏ, ਅਫ਼ਜ਼ਲ ਦੀ ਫ਼ਾਂਸੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਹੀ ਗ੍ਰਿਫਤਾਰ ਕਰ ਥਾਣੇ ਲੈ ਗਈ। -ਲੋਕ ਸਾਂਝ
ਅਫ਼ਜ਼ਲ ਬਾਰੇ ਆਰ.ਡੀ.ਐੱਫ. ਦਾ ਪੱਖ
ਅਫ਼ਜ਼ਲ ਗੁਰੂ ਦੀ ਗ੍ਰਿਫਤਾਰੀ, ਮੁਕੱਦਮਾਂ ਅਤੇ ਹੇਠਲੀ ਅਦਾਲਤ ਵੱਲੋਂ ਉਸ ਨੂੰ ਸਜ਼ਾ ਦੇਣਾ, ਸੁਪਰੀਮ ਕੋਰਟ ਵੱਲੋਂ ਫ਼ਾਂਸੀ ਬਰਕਰਾਰ ਰੱਖਣਾ, ਉਸ ਦੀ ਪਟੀਸ਼ਨ ਦਾ ਰਾਸ਼ਟਰਪਤੀ ਵੱਲੋਂ ਰੱਦ ਕੀਤੇ ਜਾਣਾ, ਕੇਸ ਦੇ ਜੁਡੀਸ਼ੀਅਲ ਰਿਵਿਊ ਦੀ ਮੰਗ ਰੱਦ ਹੋਣਾ ਅਤੇ ਆਖਿਰ \'ਚ ਉਸ ਨੂੰ ਚੁੱਪ-ਚਾਪ ਫਾਂਸੀ ਟੰਗਿਆ ਜਾਣਾ, ਸਾਰੀ ਭਾਰਤੀ ਨਿਆ ਪ੍ਰਣਾਲੀ ਦੇ ਨਾਟਕੀਪਣੇ ਵੱਲ ਇਸ਼ਾਰਾ ਕਰਦਾ ਹੈ।ਇਹ ਸਭ ਕੁਝ ਪੂਰੇ ਮੌਜੂਦਾ ਸਿਆਸੀ ਸਿਸਟਮ ਦੀ ਸਿਆਸੀ ਬਾਗੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਖਤਮ ਕਰਨ ਦੀ ਸ਼ਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ।ਆਰ.ਡੀ.ਐਫ, ਦਿੱਲੀ ਪੁਲਿਸ ਵੱਲੋਂ ਪ੍ਰੋ: ਐਸ.ਏ.ਆਰ. ਗਿਲਾਨੀ ਦੀ ਗ੍ਰਿਫਤਾਰੀ ਅਤੇ ਨਿਆ ਪ੍ਰਣਾਲੀ ਵਰਤ ਕੇ ਅਫ਼ਜ਼ਲ ਗੁਰੂ ਦੇ ਕੀਤੇ ਕਤਲ ਵਿਰੁੱਧ ਉੱਠਣ ਵਾਲੀ ਕਸ਼ਮੀਰੀਆਂ ਦੀ ਅਵਾਜ਼ ਦਬਾਉਣ ਲਈ ਘਾਟੀ ਵਿਚ ਲਗਾਏ ਗਏ ਅਣਮਿੱਥੇ ਕਰਫ਼ਿਊ ਦੀ ਵੀ ਘੋਰ ਨਿਖੇਦੀ ਕਰਦੀ ਹੈ।
13 ਦਸੰਬਰ 2001 ਨੂੰ ਸਟੇਜ ਕੀਤਾ ਗਿਆ ਪਾਰਲੀਮੈਂਟ ਅਟੈਕ ਭਾਰਤੀ ਸਰਕਾਰ, ਇਸ ਦੀਆਂ ਫੌਜਾਂ, ਇੰਟੈਲੀਜੈਂਸ ਏਜੰਸੀਆਂ ਅਤੇ ਕਸ਼ਮੀਰ ਪੁਲਿਸ ਵੱਲੋਂ ਉਸ ਵੇਲੇ ਦੇ ਗ੍ਰਹਿ ਮੰਤਰੀ ਐਲ.ਕੇ. ਅਡਵਾਨੀ ਦੀਆਂ ਹਦਾਇਤਾਂ ਹੇਠ ਰਚੀ ਗਈ ਸਾਜ਼ਿਸ਼ ਦਾ ਨਤੀਜ਼ਾ ਸੀ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਹਮਲਾ ਕਰਨ ਵਾਲੇ ੫ ਲੋਕਾਂ ਵਿਚੋਂ ਕਿਸੇ ਦੀ ਵੀ ਪਛਾਣ ਨਹੀਂ ਦੱਸੀ ਗਈ! ਆਲਮੀ ਸਿਆਸਤ ਵਿਚ ਵਰਲਡ ਟਰੇਡ ਸੈਂਟਰ \'ਤੇ ਹੋਏ ਹਮਲੇ ਤੋਂ ਬਾਅਦ ਉਸ ਵੇਲੇ ਦੀ ਭਾਰਤੀ ਹਾਕਮ ਜਮਾਤ ਅਮਰੀਕੀ ਅਗਵਾਈ ਵਾਲੀ \'ਵਾਰ ਔਨ ਟੈਰਰ\' ਦਾ ਸਰਗਰਮ ਹਿੱਸਾ ਬਨਣ ਲਈ ਕਾਹਲੀ ਸੀ।ਭਾਰਤੀ ਪਾਰਲੀਮੈਂਟ \'ਤੇ ਹਮਲਾ ਸਮਕਾਲੀ ਭਾਜਪਾ ਸਰਕਾਰ ਵੱਲੋਂ ਮੁਸਲਿਮ ਘੱਟ ਗਿਣਤੀਆਂ ਵਿਰੁੱਧ ਅਤੇ ਕਸ਼ਮੀਰ ਦੀ ਕੌਮੀ ਅਜ਼ਾਦੀ ਦੀ ਲਹਿਰ ਵਿਰੁੱਧ ਜ਼ਮੀਨ ਤਿਆਰ ਕਰਨ ਲਈ ਕੀਤਾ ਗਿਆ ਸੀ ।
9/11ਅਤੇ 13 ਦਸੰਬਰ ਤੋਂ ਬਾਅਦ ਆਲਮੀ ਪੱਧਰ \'ਤੇ ਜੋ ਕੁਝ ਹੋਇਆ ਉਹ ਸਭ ਕੁਝ ਇੱਕੋਂ ਖਾਂਚੇ \'ਚ ਫਿੱਟ ਹੁੰਦਾ ਹੈ। ਅੱਤਵਾਦ ਖਿਲਾਫ ਜੰਗ ਅਤੇ \'ਇਸਲਾਮੋਫੋਬੀਆ\' ਦੇ ਨਾਂ \'ਤੇ ਹਜ਼ਾਰਾਂ ਭਾਰਤੀ ਅਤੇ ਕਸ਼ਮੀਰੀ ਨੌਜਵਾਨ ਬੇਹਿਸਾਬ ਢੰਗ ਨਾਲ ਗ੍ਰਿਫਤਾਰ ਕਰਕੇ ਤਸ਼ੱਦਦ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਜਾਂ ਤਾਂ ਲੰਮਾ ਸਮਾਂ ਜੇਲ੍ਹਾਂ \'ਚ ਸੁੱਟੇ ਗਏ ਜਾਂ ਕਤਲ ਕੀਤੇ ਗਏ। ਇਹ ਸਭ ਕੁਝ ਭਾਰਤੀ ਸਟੇਟ ਵੱਲੋਂ ਕਾਨੂੰਨ ਅਤੇ ਨਿਆ ਪ੍ਰਣਾਲੀ ਨੂੰ ਛਿੱਕੇ ਟੰਗ ਕੇ ਕੀਤਾ ਗਿਆ।ਅਫ਼ਜ਼ਲ ਗੁਰੂ ਦੀ ਫਾਂਸੀ, ੧੧ ਫਰਵਰੀ ੧੯੮੪ ਨੂੰ ਏਸੇ ਜੇਲ੍ਹ \'ਚ ਕਸ਼ਮੀਰੀ ਨੌਜਵਾਨ ਮਕਬੂਲ ਬੱਟ ਨੂੰ ਦਿੱਤੀ ਗਈ ਫ਼ਾਂਸੀ ਵਾਂਗ ਇੱਕ ਪਾਸੇ ਤਾਂ ਹਿੰਦੂ ਫਾਂਸ਼ੀਵਾਦੀ ਤਾਕਤਾਂ ਨੂੰ ਵਧਾਵਾ ਦੇਵੇਗੀ ਜਦੋਂਕਿ ਦੂਜੇ ਪਾਸੇ ਕਸ਼ਮੀਰ ਅਤੇ ਭਾਰਤ ਦੇ ਹੋਰ ਹਿੱਸਿਆ \'ਚ ਚੱਲ ਰਹੇ ਅਜ਼ਾਦੀ ਦੇ ਸੰਘਰਸ਼ ਨੂੰ ਵੀ ਬਾਲਣ ਬਖਸ਼ੇਗੀ।
ਚੇਤਾ ਰਹੇ ਕਿ ਜੇ.ਕੇ.ਐਲ.ਐਫ. ਲਈ ਸਿਖਲਾਈ ਲੈਣ ਪਾਕਿਸਤਾਨ ਗਿਆ ਐਮ.ਬੀ.ਬੀ.ਐਸ. ਵਿਦਿਆਰਥੀ ਅਫ਼ਜ਼ਲ ਗੁਰੂ ਕੁਝ ਹੀ ਹਫਤਿਆਂ \'ਚ ਵਾਪਿਸ ਆ ਗਿਆ ਅਤੇ ਸਟੇਟ ਟਾਸਕ ਫੋਰਸ ਕੋਲੋ ਆਤਮ ਸਮਰਪਨ ਕਰ ਚੁੱਕੇ ਅੱਤਵਾਦੀ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਆਪਣੀ ਛੋਟੀ ਜਿਹੀ ਦਵਾਈਆਂ ਤੇ ਸਰਜੀਕਲ ਇੰਸਟਰੂਮੈਂਟਾਂ ਦੀ ਦੁਕਾਨ ਚਲਾ ਰਿਹਾ ਸੀ। ਭ੍ਰਿਸ਼ਟ ਐਸ.ਟੀ.ਐਫ. ਨੇ ਉਸ ਨੂੰ ਪੁਲਿਸ ਦਾ ਕੈਟ(ਮੁਖਬਰ) ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਵਾਰ-ਵਾਰ ਉਸ ਨੂੰ ਐਸ.ਟੀ.ਐਫ. ਕੈਂਪਾਂ \'ਚ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।ਹਾਲ ਏਥੋਂ ਤੱਕ ਵਿਗੜ ਗਏ ਕਿ ਅਫ਼ਜ਼ਲ ਗੁਰੂ ਦੀ ਇਕਲੌਤੀ ਜਾਇਦਾਦ ਉਸ ਦਾ ਸਕੂਟਰ ਅਤੇ ਉਸ ਦੀ ਪਤਨੀ ਤਬੱਸੁਮ ਦੇ ਗਹਿਣੇ ਵੇਚ ਕੇ ਅਫ਼ਜ਼ਲ ਦੀ ਰਿਹਾਈ ਲਈ ਰਿਸ਼ਵਤ ਇਕੱਠੀ ਕੀਤੀ ਗਈ।
ਧਮਕੀਆਂ ਅਤੇ ਤਸ਼ੱਦਦ ਦੇ ਇਸ ਮਹੌਲ ਵਿਚ ਐਸ.ਟੀ.ਐਫ. ਨੇ 2001 \'ਚ ਉਸ ਨੂੰ ਭਾਰਤ ਸਰਕਾਰ ਦੀ ਇਸ ਸਾਜਿਸ਼ ਵਿਚ ਫਸਾਇਆ।ਅਫ਼ਜ਼ਲ ਗੁਰੂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸੁਸ਼ੀਲ ਕੁਮਾਰ ਨੂੰ ਇਹ ਸਭ ਚਿੱਠੀ ਵਿਚ ਲਿਖ ਕੇ ਦੱਸਿਆ।ਉਸ ਖਿਲਾਫ ਸਬੂਤ ਦੇ ਤੌਰ \'ਤੇ ਸਿਰਫ ਉਸ ਦੇ ਫੌਨ ਨੰਬਰ ਵਾਲੀ ਇੱਕ ਪਰਚੀ ਪੇਸ਼ ਕੀਤੀ ਗਈ, ਜਿਹੜੀ ਹਮਲਾਵਰਾਂ ਵਿਚੋਂ ਇੱਕ ਦੀ ਜੇਬ ਵਿਚੋਂ ਮਿਲੀ ਸੀ।
ਹਿਰਾਸਤ \'ਚ ਅਫ਼ਜ਼ਲ ਗੁਰੂ ਨੂੰ ਇਹ ਧਮਕੀ ਦਿੱਤੀ ਗਈ ਕਿ ਜੇ ਉਹ ਪਾਰਲੀਮੈਂਟ ਹਮਲੇ \'ਚ ਸ਼ਮੂਲੀਅਤ ਕਬੂਲ ਨਹੀਂ ਕਰਦਾ ਤਾਂ ਉਸ ਦੇ ਪਰਿਵਾਰ ਲਈ ਨਤੀਜ਼ੇ ਖ਼ਤਰਨਾਕ ਹੋਣਗੇ। 20 ਦਸੰਬਰ 2001 ਨੂੰ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿੰਦੂਵਾਦੀ ਮੀਡੀਆ ਅਤੇ ਜੁਡੀਸ਼ੀਅਰੀ ਉਸ ਦੇ ਖਿਲਾਫ਼ ਹੋ ਚੁੱਕੇ ਸਨ ਅਤੇ ਮੀਡੀਆ ਟਰੈਲ ਵਿਚ ਉਸ ਨੂੰ ਪਹਿਲਾਂ ਹੀ ਅੱਤਵਾਦੀ ਐਲਾਨ ਦਿੱਤਾ ਗਿਆ ਸੀ।
ਅਫ਼ਜ਼ਲ ਗੁਰੂ ਦਾ ਕਤਲ ਹੋਣ ਤੱਕ, ਸਾਰੀ ਕਾਨੂੰਨ ਪ੍ਰਕ੍ਰਿਆ ਦੌਰਾਨ ਉਸ ਨੂੰ ਨਾਂ ਤਾਂ ਮਰਜੀ ਦਾ ਵਕੀਲ ਦਿੱਤਾ ਗਿਆ, ਨਾਂ ੮੦ ਗਵਾਹਾਂ \'ਚੋਂ ਕਿਸੇ ਨਾਲ ਜਿਰ੍ਹਾ ਕਰਨ ਦਿੱਤੀ ਗਈ।ਏਥੋਂ ਤੱਕ ਕਿ ਪੋਟਾ ਅਦਾਲਤ ਨੂੰ ਦਿੱਤੇ ਗਏ ੮ ਵਕੀਲਾਂ ਦੀ ਸੂਚੀ ਵਿਚੋਂ ਕੋਈ ਵਕੀਲ ਦੇਣ ਦੀ ਥਾਂ ਇੱਕ ਇਹੋ ਜਿਹੇ ਵਿਅਕਤੀ ਨੂੰ ਉਸ ਦੀ ਵਕਾਲਤ ਦਾ ਜ਼ਿੰਮਾਂ ਸੌਂਪਿਆ ਗਿਆ ਜਿਹੜਾ ਮੁਜ਼ਰਮਾਂ ਨਾਲ ਨਿਜੱਠਣ ਦਾ ਮਾਹਿਰ ਹੀ ਨਹੀਂ ਸੀ ।
ਟਰਾਇਲ ਕੋਰਟ ਵੱਲੋਂ ਦਿੱਤੀ ਫਾਂਸੀ ਵਿਰੁੱਧ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਮੰਨਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਬਣਾਈ ਝੂਠੀ ਗਵਾਹੀ ਦੇ ਅਧਾਰ \'ਤੇ ਉਸ ਨੂੰ ਫਾਂਸੀ ਦਿੱਤੀ ਗਈ ਹੈ।
ਸੁਪਰੀਮ ਕੋਰਟ ਨੇ ਉੁਸ ਨੂੰ ਪਾਬੰਧੀਸ਼ੁਦਾ ਜਥੇਬੰਦੀਆਂ ਦੇ ਨਾਲ ਜੁੜੇ ਹੋਣ ਦੇ ਕੇਸ \'ਚੋ ਬਰੀ ਕੀਤਾ। ਅਦਾਲਤਾਂ ਨੇ ਇਹ ਵੀ ਮੰਨਿਆ ਕਿ ਨਾਂ ਸਿਰਫ ਉਸ ਖਿਲਾਫ਼ ਕੇਸ ਕਮਜ਼ੋਰ ਹੈ ਸਗੋਂ ਦਿੱਲੀ ਪੁਲਿਸ ਨੇ ਸੱਚ ਬੋਲਣ ਦੀ ਸਹੁੰ ਖਾ ਕੇ ਝੂਠ ਬੋਲਿਆ ਹੈ ਅਤੇ ਅਫ਼ਜ਼ਲ \'ਤੇ ਤਸ਼ੱਦਦ ਕੀਤਾ ਗਿਆ ਹੈ।
ਇਸ ਗੱਲ ਦੀ ਸਚਾਈ ਉਦੋਂ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਏ ਜਦੋਂ ਘੱਟ ਗਿਣਤੀ ਨਾਲ ਸਬੰਧਤ ਦੋ ਹੋਰ ਮੁਲਜ਼ਮਾਂ ਪ੍ਰੋ: ਐਸ.ਏ.ਆਰ. ਗਿਲਾਨੀ ਅਤੇ ਨਵਜੋਤ ਸੰਧੂ ਨੂੰ ਸਬੂਤਾਂ ਦੀ ਅਣਹੋਂਦ ਕਾਰਨ ਰਿਹਾਅ ਕੀਤਾ ਗਿਆ।ਪਰ ਇਸ ਦੇ ਬਾਵਜੂਦ ਕਾਨੂੰਨ ਦਾ ਸਿੱਧਾ ਮਜ਼ਾਕ ਉਡਾਦਿਆਂ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਨੇ ਇਹ ਕਹਿ ਕੇ ਉਸ ਦੀ ਫਾਂਸੀ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਕਿ \"ਸਮਾਜ ਦੀ ਸਮੂਹਿਕ ਸੋਚ ਨੂੰ ਉਦੋਂ ਹੀ ਤਸੱਲੀ ਮਿਲੇਗੀ ਜਦੋਂ ਮੁਲਜ਼ਮ ਨੂੰ ਫਾਂਸੀ ਦਿੱਤੀ ਜਾਵੇਗੀ।\"
ਨਾਂ ਸਿਰਫ ਅਫ਼ਜ਼ਲ ਨੂੰ ਇਨਸਾਫ ਤੋਂ ਦੂਰ ਰੱਖਿਆ ਗਿਆ ਸਗੋਂ ਰਾਸ਼ਟਰਪਤੀ ਵੱਲੋਂ ਪੂਰੀ ਬੇਦਰਦੀ ਨਾਲ 8 ਸਾਲ ਉਸ ਦੀ ਪਟੀਸ਼ਨ ਲਮਕਾ ਕੇ ਉਹਦੀ ਧੌਣ \'ਤੇ ਮੌਤ ਦੀ ਤਲਵਾਰ ਟੰਗੀ ਰੱਖੀ ਗਈ।ਮੌਤ ਦੀ ਸਜ਼ਾ ਨੂੰ ਉਮਰ ਕੈਦ \'ਚ ਤਬਦੀਲ ਕਰਕੇ 12 ਸਾਲ ਦੀ ਜੇਲ੍ਹ ਪੂਰੀ ਹੋ ਜਾਣ ਕਾਰਨ ਉਸ ਨੂੰ ਰਿਹਾਅ ਕਰਨਾ ਬਣਦਾ ਸੀ ਪਰ ਇਸ ਦੀ ਥਾਂ ਉਸਦੇ ਕਤਲ ਦੀ ਤਿਆਰੀ ਕੀਤੀ ਗਈ।ਰਾਸ਼ਟਰਪਤੀ ਵੱਲੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਉਸ ਨੂੰ ਸੁਪਰੀਮ ਕੋਰਟ \'ਚ ਜੁਡੀਸ਼ੀਅਲ ਰਿਵਿਊ ਦਾ ਹੱਕ ਵੀ ਨਹੀਂ ਦਿੱਤਾ ਗਿਆ ।ਪਰਿਵਾਰ ਨੂੰ ਉਸ ਦੀ ਫਾਂਸੀ ਬਾਰੇ ਜਾਣਕਾਰੀ ਦਿੱਤੇ ਬਿਨ੍ਹਾਂ 9 ਫਰਵਰੀ 2013 ਨੂੰ ਉਸ ਦੀ ਜਾਨ ਲਈ ਗਈ।ਪੂਰੀ ਕਸ਼ਮੀਰ ਵਾਦੀ \'ਚ ਕਰਫ਼ਿਊ ਲਗਾਇਆ ਗਿਆ।ਪ੍ਰੋ: ਗਿਲਾਨੀ ਨੂੰ ਡਰ ਦੇ ਮਾਰੇ ਗ੍ਰਿਫਤਾਰ ਕੀਤਾ ਗਿਆ।
ਅਫ਼ਜ਼ਲ ਗੁਰੂ ਦੀ ਜਾਨ ਲੈਣ ਖਿਲਾਫ ਮੁਲਕ ਭਰ ਦੀਆਂ ਲੋਕਤੰਤਰੀ ਅਤੇ ਅਗਾਂਹਵਧੂ ਤਾਕਤਾਂ ਨੂੰ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਸ਼ਹੀਦ ਭਗਤ ਸਿੰਘ, ਭੂਮਈਆ, ਕਿਸ਼ਤਾ ਗੌੜਾ ਅਤੇ ਮਕਬੂਲ ਬੱਟ ਵਾਂਗ ਅਫ਼ਜ਼ਲ ਗੁਰੂ ਦਾ ਕਤਲ ਵੀ ਸਾਨੂੰ ਇਸ ਨਾਇਨਸਾਫੀ ਭਰੇ ਅਤੇ ਸ਼ੋਸ਼ਕ ਸਿਸਟਮ ਖਿਲਾਫ ਲੜਨ \'ਤੇ ਇਸ ਨੂੰ ਤਬਦੀਲ ਕਰਨ ਲਈ ਪ੍ਰੇਰਦਾ ਰਹੇਗਾ।
(ਲੇਖ ਵਿਚਲੇ ਵਿਚਾਰ ਲੇਖਕ ਦੇ ਨਿੱਜੀ ਹਨ)
-
ਵਰਵਰਾ ਰਾਓ, ਪ੍ਰਧਾਨ, ਆਰ.ਡੀ.ਐਫ. :,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.