ਕੈਨੇਡਾ ਦੇ ਸ਼ਹਿਰ ਕੈਲਗਿਰੀ ਦੀ ਡਰੱਗ ਅਵੇਅਰਨੈਸ ਫਾਊਂਡੇਸ਼ਨ ਦੇ ਬਾਨੀ ਬਲਵਿੰਦਰ ਸਿੰਘ ਕਾਹਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ-ਕਸਬਿਆਂ \'ਚ ਨਸ਼ਿਆਂ ਦੇ ਖਿਲਾਫ ਪੰਜਾਬ ਯਾਤਰਾ ਦੇ ਪ੍ਰਬੰਧਾਂ \'ਚ ਲੱਗੇ ਹੋਏ ਹਨ। ਪਹਿਲਾਂ ਕੈਨੇਡਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੀਕ ਬਲਵਿੰਦਰ ਨੇ ਪੈਦਲ 7400 ਕਿਲੋਮੀਟਰ ਯਾਤਰਾ ਸਾਢੇ 6 ਮਹੀਨੇ \'ਚ ਕੀਤੀ ਅਤੇ ਹੁਣ ਉਹ ਪੰਜਾਬੀਆਂ ਨੂੰ ਨਸ਼ਿਆਂ ਦੇ ਖਿਲਾਫ ਹੋਕਾ ਦੇ ਕੇ ਜਗਾਉਣ ਆਇਆ ਹੈ। ਸਿਰਫ 5 ਦਿਨ ਦੀ ਯਾਤਰਾ ਦੌਰਾਨ ਉਹ ਡੇਰਾ ਬਾਬਾ ਨਾਨਕ ਤੋਂ ਚੰਡੀਗੜ੍ਹ ਤੀਕ ਆਪਣੇ ਕਾਫਲੇ ਸਮੇਤ ਜਾਵੇਗਾ ਅਤੇ ਮਗਰੋਂ ਕੁਝ ਦਿਨ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ \'ਚ ਨੌਜਵਾਨਾਂ ਨੂੰ ਸੰਬੋਧਨ ਕਰੇਗਾ। ਮਨੋਰਥ ਇਹੀ ਹੈ ਕਿ ਪੰਜਾਬ ਨਸ਼ਿਆਂ ਦੀ ਮਾਰ ਤੋਂ ਬਚ ਜਾਵੇ। ਇੱਥੋਂ ਦੀ ਜਵਾਨੀ ਸਾਰਥਿਕ ਕੰਮਾਂ \'ਚ ਲੱਗੇ। ਇਸ ਕੰਮ ਲਈ ਉਸ ਨੇ ਜਿੱਥੇ ਪੰਜਾਬੀ ਖਿਡਾਰੀਆਂ, ਲਿਖਾਰੀਆਂ ਅਤੇ ਪੱਤਰਕਾਰਾਂ ਦੀ ਮਦਦ ਮੰਗੀ ਹੈ, ਉੱਥੇ ਧਾਰਮਿਕ ਸ਼ਖਸੀਅਤਾਂ, ਖੇਡ ਕਲੱਬਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸ਼ੁੱਭ ਕਾਰਜ \'ਚ ਸ਼ਾਮਲ ਹੋਣ।
ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਆਸ਼ੀਰਵਾਦ ਤੋਂ ਇਲਾਵਾ ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ, ਸੰਤ ਸੁਖਦੀਪ ਸਿੰਘ ਬੇਦੀ ਡੇਰਾ ਬਾਬਾ ਨਾਨਕ ਅਤੇ ਸੰਤ ਸੁਖਜੀਤ ਸਿੰਘ ਸੀਚੇਵਾਲ, ਪੰਥ ਪ੍ਰਸਿੱਧ ਰਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਇਸ ਮੌਕੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਬਲਵਿੰਦਰ ਸਿੰਘ ਕਾਹਲੋਂ ਦੇ ਕਾਫਲੇ ਨੂੰ ਸਰਵਪੱਖੀ ਸ਼ਕਤੀ ਪ੍ਰਦਾਨ ਕਰਨਗੇ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾ ਵਾਚਕ ਅੱਗੋਂ ਰਲਣਗੇ। ਕਾਫ਼ਲਾ ਚੰਡੀਗੜ੍ਹ ਪਹੁੰਚ ਕੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਜਵਾਨੀਆਂ ਬਚਾਉਣ ਦੀ ਦੁਹਾਈ ਦੇਵੇਗਾ। ਦਿੱਲੀ ਵਿੱਚ ਵੀ ਇੱਕ ਮੰਗ ਪੱਤਰ ਭਾਰਤ ਸਰਕਾਰ ਨੂੰ ਸੋਂਪਿਆ ਜਾਵੇਗਾ।
ਬਲਵਿੰਦਰ ਸਿੰਘ ਕਾਹਲੋਂ ਨੂੰ ਹੁੰਗਾਰਾ ਭਰਨ ਵਾਲਿਆਂ \'ਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ, ਬਾਬਾ ਫਰੀਦ ਫਾਊਂਡੇਸ਼ਨ, ਪੰਜਾਬੀ ਕਲਚਰਲ ਸੁਸਾਇਟੀ, ਮਾਤਾ ਸਾਹਿਬ ਕੌਰ ਸਪੋਰਟਸ ਐਸੋਸੀਏਸ਼ਨ ਜਰਖੜ, ਰੋਜ਼ਾਨਾ ਪਹਿਰੇਦਾਰ ਅਤੇ ਹੋਰ ਅਨੇਕਾਂ ਸੰਸਥਾਵਾਂ ਪ੍ਰਮੁੱਖ ਹਨ। ਬਲਵਿੰਦਰ ਸਿੰਘ ਕਾਹਲੋਂ ਪੰਜ ਸਾਥੀ ਕੈਨੇਡਾ ਤੋਂ ਦੋ ਸਾਥੀ ਅਮਰੀਕਾ ਅਤੇ ਕੁਝ ਸਾਥੀ ਸ੍ਰ: ਨਰਪਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੰਗਲੈਂਡ ਤੋਂ ਸ਼ਾਮਲ ਹੋ ਰਹੇ ਹਨ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ 11 ਫਰਵਰੀ ਸਵੇਰੇ 10 ਵਜੇ ਤੋਂ 11 ਵਜੇ ਤੀਕ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਕੀਰਤਨ ਕਰਨਗੇ। ਕਾਫਲਾ ਅੰਮ੍ਰਿਤਸਰ ਦਰਬਾਰ ਸਾਹਿਬ ਲਈ ਰਵਾਨਾ ਹੋਵੇਗਾ ਤਾਂ ਜੋ ਆਤਮਿਕ ਸ਼ਕਤੀ ਦੇ ਨਾਲ-ਨਾਲ ਸ਼ੁੱਭ ਕਾਰਜ ਲਈ ਬਲ ਵੀ ਮਿਲੇ।
ਹੁਣ ਤੁਸੀਂ ਪੁੱਛੋਗੇ ਇਹ ਬਲਵਿੰਦਰ ਸਿੰਘ ਕਾਹਲੋਂ ਕੌਣ ਹੈ। ਕਾਹਲੋਂ ਚੜ੍ਹਦੀ ਜਵਾਨੀ ਵੇਲੇ ਭੰਗੜੇ ਦਾ ਅਲਬੇਲਾ ਕਲਾਕਾਰ ਸੀ, ਸਰੂ ਕੱਦ ਵਾਲਾ ਬਲਵਿੰਦਰ ਕਾਹਲੋਂ ਹੁਣ ਦੁਨੀਆਂ ਭਰ \'ਚ ਕੈਨੇਡਾ ਵਿੱਚ ਨਸ਼ਿਆਂ ਦੇ ਖਿਲਾਫ ਮਹਾਂ ਸੰਗਰਾਮ ਛੇੜੇਗਾ ਅਤੇ ਨਸ਼ਿਆਂ ਦੇ ਖਾਤਮੇ ਲਈ ਕੈਨੇਡਾ ਵਿੱਚ ਮਹਾਂ ਯਾਤਰਾ ਆਰੰਭੇਗਾ, ਇਸ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਚਿਤਵਿਆ। 1971 ਵਿੱਚ ਮੈਂ ਲੁਧਿਆਣੇ ਪੜ੍ਹਨ ਲਈ ਆਏ ਤਾਂ ਬਲਵਿੰਦਰ ਦੀਆਂ ਧੁੰਮਾਂ ਇਕ ਲੜਾਕੇ ਗੱਭਰੂ ਦੇ ਤੌਰ ਤੇ ਪੂਰੇ ਸ਼ਹਿਰ ਵਿੱਚ ਮਸ਼ਹੂਰ ਸਨ। ਹੱਕ, ਸੱਚ ਇਨਸਾਫ ਦੀ ਲੜਾਈ ਵਿੱਚ ਮੋਹਰੀ ਮੁੰਡਾ । ਆਪਣੇ ਮਿੱਤਰਾਂ ਨੱਥਾ ਸਿੰਘ ਬੋਪਾਰਾਏ, ਗੁਰਜੀਤ, ਦਰਸ਼ਨ ਵਿਰਕ, ਸ਼ਮਸ਼ੇਰ ਸਿੰਘ ਸੰਧੂ ਅਤੇ ਹੋਰ ਅਨੇਕ ਸਾਥੀਆਂ ਦੇ ਕਾਫਲੇ ਨਾਲ ਵਿਚਰਦਾ ਉਹ ਭੰਗੜਾ ਕਲਾਕਾਰ ਦੇ ਤੌਰ ਤੇ ਵਿਚੇ ਵਿਚ 26 ਜਨਵਰੀ ਪਰੇਡ ਤੇ ਵੀ ਆਪਣੀ ਹਾਜ਼ਰੀ ਭਰ ਆਉਂਦਾ। ਆਪਣੇ ਮਾਮੇ ਹਰਭਜਨ ਜੁਗਨੀ ਵਾਂਗ ਪੂਰੇ ਪੰਜਾਬ ਵਿੱਚ ਉਸ ਦੇ ਭੰਗੜੇ ਦੀ ਨਿਵੇਕਲੀ ਪਛਾਣ ਸੀ। ਉਸ ਦੇ ਸਾਥੀਆਂ ਵਿਚੋਂ ਹਰਜੀਤ ਸਿੰਘ ਬੇਦੀ, ਗਿੱਲ ਸੁਰਜੀਤ, ਫਰੀਦਕੋਟ ਵਾਲਾ ਬਿੰਦੀ, ਜਸਵੀਰ ਅਤੇ ਅਨੇਕਾਂ ਹੋਰ ਚਿਹਰੇ ਅੱਖਾਂ ਅੱਗੇ ਅੱਜ ਵੀ ਆ ਜਾਂਦੇ ਹਨ। ਜੀ ਜੀ ਐਨ ਖਾਲਸਾ ਕਾਲਜ ਛੱਡ ਕੇ ਉਹ ਰਾਮਗੜ੍ਹੀਆ ਕਾਲਜ ਫਗਵਾੜੇ ਪੜ੍ਹਨ ਜਾ ਲੱਗਾ। ਇਥੇ ਫਿਰ ਉਹੀ ਮਾਹੌਲ, ਵਿਦਿਆਰਥੀ ਹੱਕਾਂ ਲਈ ਅੜ ਖਲੋਂਦਾ, ਇਥੋਂ ਬੀ ਏ ਕਰਕੇ ਉਹ ਡੀ ਏ ਵੀ ਕਾਲਜ ਦੇਹਰਾਦੂਨ ਵਿੱਚ ਲਾਅ ਕਰਨ ਲੱਗ ਪਿਆ। ਪੰਜਾਬੀ ਦਸਤਾਰ ਦੀ ਬੇਹੁਰਮਤੀ ਨਾ ਸਹਾਰਦਾ ਹੋਇਆ ਉਹ ਪੂਰੇ ਦੇਹਰਾਦੂਨ ਵਿੱਚ ਸਿੱਖਾਂ ਦਾ ਪ੍ਰਤੀਨਿਧ ਗਿਣਿਆ ਜਾਣ ਲੱਗਾ। ਲਾਅ ਕਰਕੇ ਲੁਧਿਆਣੇ ਪਰਤਿਆ ਤਾਂ ਉੱਘੇ ਵਕੀਲ ਸ: ਮੇਵਾ ਸਿੰਘ ਗਿੱਲ ਦਾ ਸਹਿਯੋਗੀ ਬਣ ਗਿਆ। ਵੱਖ ਵੱਖ ਕਾਲਜਾਂ ਦੇ ਗੱਭਰੂਆਂ ਨੂੰ ਭੰਗੜਾ ਸਿਖਾਉਂਦਾ 1982 ਦੀਆਂ ਏਸ਼ੀਆਈ ਖੇਡਾਂ ਵਿੱਚ ਉਹ ਭੰਗੜੇ ਦੇ ਕੋਚ ਵਜੋਂ ਸ਼ਾਮਿਲ ਸੀ। ਉਹ ਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੰਡਿਆਂ ਨੂੰ ਭੰਗੜਾ ਸਿਖਾਉਂਦਾ ਕਦੇ ਆਰੀਆ ਕਾਲਜ ਲੁਧਿਆਣਾ ਅਤੇ ਕਦੇ ਖਾਲਸਾ ਕਾਲਜ ਵਿੱਚ। ਅਚਾਨਕ ਇਕ ਦਿਨ ਕੈਨੇਡਾ ਤੁਰ ਗਿਆ। ਫਿਰ ਲੰਬੀ ਚੁੱਭੀ। ਕੋਈ ਅਤਾ ਪਤਾ ਨਹੀਂ, ਖਤ ਨਹੀਂ, ਪੱਤਰ ਨਹੀਂ, ਟੈਲੀਫੂਨ ਨਹੀਂ। ਮਿੱਤਰਾਂ ਦੀ ਦਾਸਤਾਨ ਵਿੱਚ ਉਹ ਅਕਸਰ ਹਾਜ਼ਰ ਹੁੰਦਾ ਪਰ ਸੰਪਰਕ ਕਿਸੇ ਨਾਲ ਨਹੀਂ।
2006 ਵਿੱਚ ਜਦ ਮੈਂ ਦੂਸਰੀ ਕੈਨੇਡਾ ਫੇਰੀ ਵੇਲੇ ਕੈਲਗਰੀ ਪਹੁੰਚਿਆ ਤਾਂ ਇਥੋਂ ਦੇ ਸੁਰਸੰਗਮ ਰੇਡੀਓ ਸਟੇਸ਼ਨ ਤੋਂ ਪਤਾ ਲੱਗਾ ਕਿ ਬਲਵਿੰਦਰ ਪਿਛਲੇ ਦਿਨੀਂ ਪਾਰਲੀਮੈਂਟ ਦੀ ਚੋਣ ਕੁਝ ਵੋਟਾਂ ਤੇ ਹੀ ਹਾਰਿਆ ਹੈ। ਮੇਰੀ ਉਤਸੁਕਤਾ ਹੋਰ ਵਧੀ। ਬਲਵਿੰਦਰ ਤਾਂ ਮੇਰਾ ਸੱਜਣ ਵੀ ਹੈ ਅਤੇ ਰਿਸ਼ਤੇਦਾਰ ਵੀ। ਉਸ ਨੂੰ ਮਿਲਣਾ ਮੈਨੂੰ ਹਮੇਸ਼ਾਂ ਚੰਗਾ ਚੰਗਾ ਲੱਗਦਾ ਹੈ। ਕੈਲਗਰੀ ਵਿੱਚ ਮੁਲਾਕਾਤ ਹੋਈ ਤਾਂ ਉਹ ਤਬਦੀਲ ਹੋਇਆ ਬਲਵਿੰਦਰ ਸੀ। ਕਲੀਨ ਸ਼ੇਵਨ ਬਲਵਿੰਦਰ। ਸੋਹਣੀ ਦਸਤਾਰ ਵਾਲਾ ਬਲਵਿੰਦਰ ਕਿਥੇ ਗਿਆ, ਮੇਰਾ ਸੁਆਲ ਸੀ? ਆਪੇ ਪਰਤ ਆਵੇਗਾ, ਉਸ ਦਾ ਜਵਾਬ ਸੀ। ਉਦੋਂ ਉਹ ਆਪਣੇ ਸਾਥੀਆਂ ਸੁਰਿੰਦਰ ਦਿਆਲ, ਤਰਸੇਮ ਪਰਮਾਰ ਅਤੇ ਗੁਰਿੰਦਰ ਹੀਰ ਨਾਲ ਮਿਲ ਕੇ ਨਸ਼ਿਆਂ ਦੇ ਖਿਲਾਫ ਚੇਤਨਾ ਲਹਿਰ ਅਧੀਨ ਸੁਰ ਸੰਗਮ ਰੇਡੀਓ ਤੋਂ ਹਰ ਹਫ਼ਤੇ ਦੋ ਘੰਟੇ ਪ੍ਰੋਗਰਾਮ ਬਰਾਡ ਕਾਸਟ ਕਰਦਾ ਸੀ। ਉਨ੍ਹਾਂ ਦੀ ਇਸ ਹਿੰਮਤ ਨੇ ਕਈ ਭਾਈਚਾਰਿਆਂ ਦੇ ਨਸ਼ਾ ਵਣਜਾਰੇ ਇਨ੍ਹਾਂ ਦੇ ਦੁਸ਼ਮਣ ਬਣਾ ਦਿੱਤੇ ਸਨ। ਪਰ ਬਲਵਿੰਦਰ ਅਤੇ ਸਾਥੀਆਂ ਦੀ ਸਾਂਝੀ ਸ਼ਕਤੀ ਕਿਸੇ ਅੱਗੇ ਨਾ ਝੁਕੀ। ਇਕ ਸਾਲ ਚਾਰ ਮਹੀਨੇ ਉਨ੍ਹਾਂ ਨੇ ਇਸ ਰੇਡੀਓ ਤੋਂ ਸਿਲਸਿਲੇਵਾਰ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ। ਬਾਅਦ ਵਿੱਚ ਕੈਲਗਰੀ ਦੇ ਹੀ ਰੇਡੀਓ ਐਫ ਐਮ 94.7 ਤੋਂ ਹਰ ਐਤਵਾਰ ਇਹ ਪ੍ਰਸਾਰਨ ਜਾਰੀ ਰੱਖਿਆ। ਮੈਂ 2008 ਵਿੱਚ ਜਦ ਫਿਰ ਕੈਲਗਰੀ ਗਿਆ ਤਾਂ ਮੈਨੂੰ ਵੀ ਇਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਪਹਿਲੀ ਵਾਰ ਵੀ ਇਨ੍ਹਾਂ ਨੇ ਮੈਨੂੰ ਆਪਣੀ ਪੰਜਾਲੀ ਵਿੱਚ ਜੋੜ ਲਿਆ ਸੀ।
ਹੁਣ ਬਲਵਿੰਦਰ ਵੱਡੇ ਸੁਪਨੇ ਲਈ ਵੱਡੇ ਅੰਬਰ ਦੀ ਭਾਲ ਵਿੱਚ ਸੀ। ਮੈਨੂੰ ਮੇਰੇ ਮਿੱਤਰਾਂ ਵਿੱਚੋਂ ਗੁਰਿੰਦਰ ਹੀਰ, ਰਣਜੀਤ ਸਿੱਧੂ ਅਤੇ ਤਰਸੇਮ ਪਰਮਾਰ ਨੇ ਇਕ ਪਾਸੇ ਹੋ ਕੇ ਆਖਿਆ ਕਿ ਕਾਹਲੋਂ ਸਾਹਿਬ ਨੂੰ ਸਮਝਾਓ, ਇਨ੍ਹਾਂ ਦੀ ਸਿਹਤ ਠੀਕ ਨਹੀਂ, ਦਿਲ ਦਾ ਮਾਮਲਾ ਵਿਗੜਿਆ ਹੋਇਆ ਹੈ ਪਰ ਇਹ ਨਸ਼ਿਆਂ ਖਿਲਾਫ ਪੂਰੇ ਕੈਨੇਡਾ ਵਿੱਚ ਮਹਾਂ ਯਾਤਰਾ ਦੀ ਯੋਜਨਾਕਾਰੀ ਕਰ ਰਹੇ ਹਨ। ਪਰ ਦੂਸਰੇ ਪਾਸੇ ਬਲਵਿੰਦਰ ਨੂੰ ਜਦ ਮੈਂ ਇਸ ਸੰਬੰਧੀ ਠਕੋਰਿਆ ਤਾਂ ਉਹ ਪੂਰੇ ਉਤਸ਼ਾਹ ਨਾਲ ਬੋਲਿਆ, ਜੇ ਕੋਈ ਵੀ ਨਾ ਤੁਰਿਆ ਤਾਂ ਮੈਂ ਕੱਲਾ ਤੁਰਾਂਗਾ। ਮੇਰੀ ਜੀਵਨ ਸਾਥਣ ਮਨਧੀਰ ਅਤੇ ਮੇਰੇ ਬੱਚੇ ਮੇਰੇ ਨਾਲ ਤੁਰਨਗੇ। ਮਨਧੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਵੇਲੇ ਐਮ ਐਸ ਸੀ ਕਰਦੀ ਹੁੰਦੀ ਸੀ। ਮੇਰੇ ਵਿਦਿਆਰਥੀਆਂ ਵਰਗੀ ਨਿੱਕੀ ਭੈਣ। ਸਰੀਰੋਂ ਤੰਦਰੁਸਤ ਨਾ ਹੋਣ ਦੇ ਬਾਵਜੂਦ ਵੀ ਉਹ ਬਲਵਿੰਦਰ ਨਾਲ ਤੁਰਨ ਨੂੰ ਤਿਆਰ ਸੀ।
ਅਚਾਨਕ ਪਿਛਲੇ ਦਿਨੀਂ ਟੈਲੀਫੂਨ ਦੀ ਘੰਟੀ ਵੱਜੀ । ਬਲਵਿੰਦਰ ਬੋਲਿਆ, ਮੈਂ ਪਹਿਲੀ ਅਪ੍ਰੈਲ ਨੂੰ ਸੇਂਟਜੌਹਨ ਤੋਂ ਤੁਰ ਪਿਆ ਸਾਂ। ਨਸ਼ਿਆਂ ਦੇ ਖਿਲਾਫ ਮਹਾਂ ਯਾਤਰਾ ਤੇ। ਹੁਣ 2500 ਮੀਲ ਤੁਰ ਚੁੱਕਾ ਹਾਂ, ਤੁਰਨ ਵੇਲੇ ਮੇਰੇ ਨਾਲ ਮੇਰੇ ਮਿੱਤਰ ਅਵਤਾਰ, ਸੁਖਦਰਸ਼ਨ ਤੇ ਮਨਧੀਰ ਕੌਰ ਤੋਂ ਇਲਾਵਾ ਇਕ ਗੋਰੀ ਬੀਬੀ ਸੈਂਡਰਾਂ ਮੌਰਿਸ ਵੀ ਸੀ। ਕੁਝ ਤੁਰ ਕੇ ਅੱਗੋਂ ਨਵੇਂ ਸਾਥੀ ਮਿਲ ਪਏ। ਲਗਾਤਰ ਤੁਰ ਰਿਹਾ ਹਾਂ ਅਤੇ ਇਸ ਵੇਲੇ ਮੇਰੇ ਨਾਲ ਮਾਝੇ ਦੇ ਪਿੰਡ ਸਠਿਆਲਾ ਲਾਗਲੇ ਪਿੰਡ ਸੇਰੋਂ ਬਾਘਾ ਦਾ ਰਤਨਪ੍ਰੀਤ ਸਿੰਘ ਤੁਰ ਰਿਹਾ ਹੈ। ਇਹ ਪੀ ਪੀ ਐਸ ਨਾਭਾ ਦਾ ਪੜਿਆ ਹੋਇਆ ਨੌਜਵਾਨ ਹੈ ਜੋ ਅੱਜਕਲ੍ਹ ਟੋਰਾਂਟੋ ਰਹਿੰਦਾ ਹੈ। ਰਤਨਪ੍ਰੀਤ ਨੇ ਦੱਸਿਆ ਕਿ ਉਹ ਅਖ਼ਬਾਰ ਪੜ੍ਹ ਕੇ ਕਾਫਲੇ ਵਿੱਚ ਰਲਿਆ ਹੈ।
ਬਲਵਿੰਦਰ ਨੇ ਦੱਸਿਆ ਕਿ ਪੈਦਲ ਤੁਰ ਕੇ ਕੈਨੇਡਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੀਕ ਪਹੁੰਚਦਿਆਂ ਉਸ ਨੂੰ ਸਾਢੇ 6 ਮਹੀਨੇ ਲੱਗੇ। ਅਕਤੂਬਰ ਦੇ ਅੱਧ ਵਿੱਚ ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਪਹੁੰਚ ਕੇ ਆਪਣੀ ਯਾਤਰਾ ਖਤਮ ਕੀਤੀ। ਹੁਣ ਤੀਕ ਨੋਵਾਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰਨਸਵਿਕ, ਕਿਊਬੈਕ ਦੀ ਰਾਜਧਾਨੀ ਮੌਟਰੀਅਲ, ਔਟਵਾ ਤੋਂ ਬਾਅਦ ਟੋਰਾਂਟੋ ਤੇ ਅੱਗੋਂ ਮੈਨੀਟੋਬਾ, ਵਿਨੀਪੈਗ, ਸਸਕੈਚਵਨ, ਰੇਜ਼ੀਨਾ, ਕੈਲਗਰੀ, ਐਲਵਰਟਾ ਦੇ ਸ਼ਹਿਰਾਂ ਤੋਂ ਘੁੰਮਦਾ ਹੋਇਆ ਉਹ ਬ੍ਰਿਟਿਸ਼ ਕੋਲੰਬੀਆ ਪਹੁੰਚਿਆ। ਉਸ ਕੋਲ ਨਸ਼ਿਆਂ ਦੇ ਖਿਲਾਫ ਸਾਹਿਤ ਸੀ। ਜਿਸ ਨੂੰ ਉਹ ਨਾਲੋਂ ਨਾਲ ਵੰਡੀ ਜਾਂਦਾ, ਉਸ ਦੀ ਇਸ ਹਿੰਮਤ ਨੂੰ ਸਨਮਾਨਣ ਲਈ ਔਟਵਾ ਵਿਖੇ ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਉਚੇਚਾ ਪਹੁੰਚ ਕੀਤੀ ਅਤੇ ਨਸ਼ਿਆਂ ਦੀ ਜਕੜ ਤੋਂ ਕੈਨੇਡਾ ਨੂੰ ਬਚਾਉਣ ਲਈ ਆਰੰਭੇ ਯਤਨ ਦੀ ਸ਼ਲਾਘਾ ਕੀਤੀ। ਬਲਵਿੰਦਰ ਨੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਨੂੰ ਇਹੀ ਸੁਨੇਹਾ ਦਿੱਤਾ ਕਿ ਮੇਰੇ ਦਸ਼ਮੇਸ਼ ਪਿਤਾ ਨੇ ਇਕ ਰਾਤ ਮੈਨੂੰ ਇਸ ਕਾਰਜ ਲਈ ਆਦੇਸ਼ ਦਿੱਤਾ ਕਿ ਇਸ ਕੋਹੜ ਤੋਂ ਮੁਕਤੀ ਲਈ ਤੂੰ ਕਿਉਂ ਨਹੀਂ ਜਾਗਦਾ। ਮਗਰੋਂ ਨਸ਼ਾਬੰਦੀ ਇਲਾਜ ਕੈਂਪ ਕਰਨ ਦੀ ਥਾਂ ਇਸ ਕੋਹੜ ਦੀ ਪੇਸ਼ਬੰਦੀ ਕਿਉਂ ਨਾ ਕੀਤੀ ਜਾਵੇ। ਵਿਸ਼ਵ ਵਿੱਚ ਨਸ਼ਿਆਂ ਦੇ ਖਿਲਾਫ ਹੋ ਰਹੀ ਇਹ ਪਹਿਲੀ ਮਹਾਂ ਯਾਤਰਾ ਸੀ। ਜਿਸ ਨੂੰ ਗੁਰੂ ਦੇ ਅੰਮ੍ਰਿਤਧਾਰੀ ਸਿੰਘ ਬਲਵਿੰਦਰ ਸਿੰਘ ਕਾਹਲੋਂ ਨੇ ਨੇਪਰੇ ਚਾੜ੍ਹਿਆ। ਬਲਵਿੰਦਰ ਦੀ ਨਸ਼ਿਆਂ ਖਿਲਾਫ ਮਹਾਂ ਯਾਤਰਾ ਪੂਰੇ ਵਿਸ਼ਵ ਵਿੱਚ ਇਕ ਸਿੱਖ ਵੱਲੋਂ ਕੀਤਾ ਜਾ ਰਿਹਾ ਪਹਿਲਾ ਅਜਿਹਾ ਕਾਰਨਾਮਾ ਸੀ, ਜਿਸ ਦੀ ਮਿਸਾਲ ਇਤਿਹਾਸ ਵਿੱਚ ਅੰਕਿਤ ਹੋਈ ਹੈ। ਇਸ ਨਾਲ ਸਿਰਫ ਪੰਜਾਬ ਨੂੰ ਹੀ, ਸਿੱਖੀ ਨੂੰ ਹੀ, ਇਨਸਾਨੀਅਤ ਨੂੰ ਵੀ ਮਾਣ ਮਿਲਿਆ ਹੈ।
ਬਲਵਿੰਦਰ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੀਆਂ ਖੁਸ਼ੀਆਂ ਗਮੀਆਂ ਮਨਾਉਂਦੇ ਹੋਏ ਨਸ਼ਿਆਂ ਨੂੰ ਲਾਂਭੇ ਰੱਖਣ, ਕਿਉਂਕਿ ਨਸ਼ਿਆਂ ਦੀ ਸਰਦਾਰੀ ਵਾਲੇ ਵਿਹਾਰ ਕਾਰਨ ਜਵਾਨੀ ਗਰਕ ਰਹੀ ਹੈ। ਜੇਕਰ ਇੱਕ ਇੱਕ ਵਾਰ ਗੱਡੀ ਲੀਹ ਤੋਂ ਲੱਥ ਗਈ ਤਾਂ ਮੁੜ ਉੱਪਰ ਚਾੜ੍ਹਨੀ ਔਖੀ ਹੋ ਜਾਵੇਗੀ। ਬਲਵਿੰਦਰ ਸਿੰਘ ਕਾਹਲੋਂ ਦਾ ਭਾਰਤ \'ਚ ਨੰਬਰ +91-80540-66032 ਹੈ।
-
ਗੁਰਭਜਨ ਸਿੰਘ ਗਿੱਲ, ਪ੍ਰਧਾਨ Ą,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.